Share on Facebook

Main News Page

ਗੁਰਦੁਆਰਿਆਂ ’ਚ ਹਰ ਰੋਜ਼ ਇੰਦਰ ਦੀ ਆਰਤੀ ਤੇ ਦੁਰਗਾ ਪਾਠ ਕੀਤਾ ਜਾ ਰਿਹੈ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ
(13 ਜੁਲਾਈ 2011; ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਅਫਸੋਸ ਜਤਾਉਂਦਿਆ ਕਿਹਾ ਕਿ ਗੁਰਦੁਆਰਿਆਂ ਵਿਚ ਅੱਜ ਤਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹੀ ਟੇਕਿਆ ਜਾ ਰਿਹਾ ਹੈ। ਉਥੇ ਕੀ ਪੜਿਆ ਜਾ ਰਿਹਾ ਹੈ ਉਸ ਨਾਲ ਸਾਡਾ ਕੋਈ ਮਤਲਬ ਨਹੀਂ।

ਉਨ੍ਹਾਂ ਕਿਹਾ ਕਿ ਜਿਸ ਵਾਰ ਸ਼੍ਰੀ ਭਗੌਤੀ ਨੂੰ ਸਮੁੱਚਾ ਸਿੱਖ ਜਗਤ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਤਿਕਾਰ ਸਹਿਤ ਪੜਦਾ ਹੈ ਅਸਲ ਵਿਚ ਉਹ ਤਾਂ ਦੁਰਗਾ ਪਾਠ ਹੈ। ਉਨ੍ਹਾਂ ਦਸਿਆ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕਵੀ ਸਿਆਮ ਬੜੀ ਚਲਾਕੀ ਨਾਲ ਸਿੱਖਾਂ ਨੂੰ ਭਰਮਾਉਣ ਲਈ ਵਾਰ ਭਗੌਤੀ ਕੀ ਵਿਚ ਪਹਿਲੇ ਨੌਂ ਗੁਰੁ ਸਾਹਿਬਾਨਾਂ ਦੇ ਨਾਂ ਦਰਜ਼ ਕਰ ਕੇ ਉਨ੍ਹਾਂ ਨੂੰ ਹਿੰਦੂ ਦੇਵਤਿਆਂ ਵਾਂਗ ਵੱਖ ਵੱਖ ਦਾਤਾਂ ਦੇਣ ਵਾਲਾ ਦਰਸਾ ਕੇ ਸ਼ਬਦ ਗੁਰੂ ਦੀ ਘੋਰ ਤੌਹੀਨ ਕਰਦਾ ਹੈ, ਜਦ ਕਿ ਗੁਰੁ ਸਾਹਿਬਾਨ ਦੇਵਨ ਕਉ ਏਕੈ ਭਗਵਾਨ ਅਤੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਿਧਾਂਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਵਾਰ ਭਗੌਤੀ ਕੀ ਵਿਚ ਗੁਰੁ ਸਾਹਿਬਾਨਾਂ ਦੇ ਨਾਂ ’ਤੇ ਅਜਿਹਾ ਕੁਫ਼ਰ ਤੋਲ ਕੇ ਗੁਰੁ ਸਾਹਿਬਾਨਾਂ ਨੂੰ ਸਿਧਾਂਤ ਵਿਹੂਣਾ ਸਾਬਤ ਕਰਦਾ ਹੈ।

ਉਨ੍ਹਾਂ ਦਸਿਆ ਕਿ ਭਗੌਤੀ ਦੀ ਵਾਰ ਦੀ ਸਮੁੱਚੀ ਰਚਨਾ ਵਿਚ ਦੈਤਾਂ ਨਾਲ ਚੰਡੀ ਦੇ ਯੁੱਧ ਦਾ ਜ਼ਿਕਰ ਹੈ ਉਹ ਯੁੱਧ ਜੋ ਧਰਮ ਅਤੇ ਸੱਚ ਖਾਤਰ ਨਹੀਂ ਸਗੋਂ ਇਕ ਅਯਾਸ਼ ਰਾਜੇ ਇੰਦਰ ਦਾ ਦੈਤਾਂ ਵਲੋਂ ਖੋਹਿਆ ਰਾਜ ਭਾਗ ਦਿਵਾਉਣ ਲਈ ਚਲ ਰਿਹਾ ਹੈ। ਜਿਸ ਵਿਚ ਦੁਰਗਸ਼ਾਹ ਜਗਮਾਈ ਨੂੰ ਚੌਦਾਂ ਲੋਕਾਂ ਦਾ ਜਸ ਮਿਲਦਾ ਹੈ। ਬਚਿੱਤਰ ਨਾਟਕ ਦਾ ਲਿਖਾਰੀ ਇਸੇ ਵਾਰ ਦੀ ਅੰਤਲੀ ਪਉੜੀ ਵਿਚ ਸਪਸ਼ਟ ਵੀ ਲਿਖਦਾ ਹੈ ਕਿ ਇਹ ਸਭ ਪਉੜੀਆ ਦੁਰਗਾ ਪਾਠ ਦੀਆਂ ਹਨ ਪਰ ਇੰਨ੍ਹਾਂ ਸਭ ਸਪਸ਼ਟ ਹੋਣ ਦੇ ਬਾਵਜੂਦ ਵੀ ਸਮੁੱਚਾ ਸਿੱਖ ਜਗਤ ਇਹ ਦੁਰਗਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਿਆ ਵਿਚ ਹੋ ਰਹੀ ਇੰਦਰ ਦੇਵਤੇ ਦੀ ਆਰਤੀ ਵੀ ਇਸੇ ਪ੍ਰਕਰਣ ਨਾਲ ਸਬੰਧਤ ਹੈ ਜਿਸ ਦਾ ਜ਼ਿਕਰ ਸਿਆਮ ਕਵੀ ਉਕਤਿ ਬਿਲਾਸ ਚੰਡੀ ਚਰਿਤ੍ਰ ਵਿਚ ਕਰ ਰਿਹਾ ਹੈ ਜਿਸ ਵਿਚ ਦੋ ਸਵਈਏ ਯਾਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਅਤੇ ਸੰਖਨ ਕੀ ਧੁਨਿ ਘੰਟਨ ਕੀ ਨੂੰ ਬਾਬੇ ਨਾਨਕ ਦੇ ਉਸ ਸ਼ਬਦ ਨਾਲ ਰਲਵਾਂ ਕਰ ਦਿੱਤਾ ਗਿਆ ਹੈ ਜਿਸ ਵਿਚ ਬਾਬਾ ਨਾਨਕ ਦੁਨਿਆਵੀ ਆਰਤੀ ਦਾ ਖੰਡਨ ਕਰ ਕੇ ਲੋਕਾਂ ਨੂੰ ਸੱਚੀ ਆਰਤੀ ਦਾ ਉਪਦੇਸ਼ ਦਿੰਦੇ ਹਨ।

ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਚੰਡੀ ਕੀ ਵਾਰ ਉਕਤਿ ਬਿਲਾਸ ਵਿਚ ਦਰਜ਼ ਕਵੀ ਸਿਆਮ ਦੀ ਇਸ ਰਚਨਾ ਨੂੰ ਸਾਡੇ ਗੁਰਦੁਆਰਿਆਂ ਵਿਚ ਨਿਤ ਸੋਦਰ ਦੀ ਬਾਣੀ ਤੋਂ ਬਾਦ ਹੇਕਾਂ ਲਾ ਲਾ ਕੇ ਪੜਿਆ ਜਾਂਦਾ ਹੈ। ਇਸ ਚੰਡੀ ਕੀ ਵਾਰ ਵਿਚ ਦੋ ਸਵੈਯਾ - ਯਾਤੇ ਪ੍ਰਸੰਨ.. , ਸੰਖਨ ਕੀ… ਅਤੇ ਦੋਹਰਾ - ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਉ ਪ੍ਰਤਾਪ... ਪੜਿਆ ਜਾ ਰਿਹਾ ਹੈ ਜਿਸ ਵਿਚ ਅਯਾਸ਼ ਰਾਜੇ ਇੰਦਰ ਦਾ ਦੇਵੀ ਵੱਲੋਂ ਦਿਵਾਇਆ ਰਾਜ ਭਾਗ ਮਿਲਣ ’ਤੇ ਯੱਗ ਹਵਨ ਹੋ ਰਹੇ ਹਨ, ਅਪਸਰਾਵਾਂ ਨ੍ਰਿਤ ਵਿਖਾ ਰਹੀਆਂ ਹਨ, ਫੁਲਾਂ ਦੀ ਵਰਖਾ ਹੋ ਰਹੀ ਹੈ ਮੱਥੇ ’ਤੇ ਚਾਵਲ ਦਾ ਟੀਕਾ ਕੀਤਾ ਜਾ ਰਿਹਾ ਹੈ (ਭਾਲ ਮੈਂ ਕੁੰਕਮ ਅਛਤ ਲਾਵੈ) ਕਵੀ ਸਿਆਮ ਕਹਿੰਦਾ ਹੈ ਹੇ ਜਗਮਾਇ ! ਕਿਰਪਾ ਕਰ ਕੇ ਮੈਨੂੰ ਵੀ ਵਰ ਦੇ। ਉਨ੍ਹਾਂ ਹੈਰਾਨੀ ਜਤਾਉਂਦਿਆ ਕਿਹਾ ਕਿ ਇੰਨੇ ਲੰਮੇ ਸਮੇਂ ਤੋਂ ਗੁਰਦੁਆਰਿਆਂ ਵਿਚ ਇਸ ਰਚਨਾ ਦਾ ਨਿਤ ਗਾਇਨ ਹੋ ਰਿਹਾ ਹੈ ਪਰ ਕਦੇ ਵੀ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੀ ਕਸੌਟੀ ’ਤੇ ਪਰਖ ਕੇ ਨਹੀਂ ਵੇਖਿਆ ਗਿਆ।

ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੁੱਖ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਇਸ ਰਚਨਾ ਦਾ ਸਿੱਧਾ ਪ੍ਰਸਾਰਣ ਰੋਜ਼ ਵਿਖਾਇਆ ਜਾ ਰਿਹਾ ਹੈ ਪਰ ਨਾ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਦਿੱਲੀ ਕਮੇਟੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੀ ਕਸੌਟੀ ’ਤੇ ਪਰਖਣ ਦਾ ਜਤਨ ਕੀਤਾ ਗਿਆ ਹੈ। ਇਸ ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਜੱਥੇਬੰਦੀ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਤੋਂ ਜਾਣੂ ਕਰਵਾਉਂਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਗਿਆ। ਇਸ ਵੇਲੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਯੰਗ ਸਿੱਖ ਐਸੋਸਿਏਸ਼ਨ ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top