Share on Facebook

Main News Page

ਸੁਨਿਹਰੇ ਅੱਖਰਾਂ ਵਾਲੇ ਸਰੂਪਾਂ ਦੇ ਵਿਵਾਦ ਦੀ ਪੜਚੋਲ: ਭਵਿੱਖ ਲਈ ਗੰਭੀਰ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ

(ਕੁੱਝ ਜ਼ਰੂਰੀ ਸੁਝਾਅ)

ਸਿੱਖ ਕੌਮ ਨੂੰ ਪੰਥ ਦੇ ਕੇਂਦਰੀ ਸਥਾਨਾਂ ’ਤੇ ਕਾਬਿਜ਼ ਹੋ ਚੁੱਕੇ ਗਲਤ ਤਬਕੇ ਕਾਰਨ ਨਿੱਤ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਇਕ ਵਿਵਾਦ ਸੁਰਖੀਆਂ ਵਿਚ ਰਹਿੰਦਾ ਹੈ, ਫੇਰ ਕੋਈ ਨਵਾਂ ਵਿਵਾਦ ਸਾਹਮਣੇ ਆ ਜਾਂਦਾ ਹੈ ਤੇ ਆਮ ਸਿੱਖ ਪੁਰਾਣਾ ਵਿਵਾਦ ਭੁੱਲ ਜਾਂਦਾ ਹੈ। ਹੱਲ ਤਾਂ ਕਿਸੇ ਵਿਵਾਦ ਦਾ ਹੁੰਦਾ ਨਹੀਂ ਕਿਉਂਕਿ ਇੱਛਾ ਸ਼ਕਤੀ ਦੀ ਉਨ੍ਹਾਂ ਕੌਲ ਪੂਰੀ ਘਾਟ ਹੈ। ਉਲਟਾ ਉਹ ਕਾਬਜ਼ ਲੋਕ ਤਾਂ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ ’ਤੇ ਆਪ ਹੀ ਨਵੇਂ ਵਿਵਾਦ ਖੜੇ ਕਰਵਾਉਣ ਦਾ ਕਾਰਨ ਬਣ ਰਹੇ ਹਨ।

ਤਾਜ਼ਾ ਵਿਵਾਦ ਸੁਨਿਹਰੇ ਅੱਖਰਾਂ ਵਾਲੇ ਪ੍ਰਕਾਸ਼ਿਤ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਬਾਰੇ ਹੈ। ਇਹ ਸਰੂਪ ਸ਼੍ਰੋਮਣੀ ਕਮੇਟੀ ਦੀ ਰਜ਼ਾਮੰਦੀ ਨਾਲ ਕਿਸੇ ਐਨ. ਆਰ. ਆਈ. ਨੇ ਇਕ ਪ੍ਰਾਈਵੇਟ ਪਬਲੀਸ਼ਰ ਕੋਲੋਂ ਛਪਵਾਏ ਹਨ। ਵੈਸੇ ਤਾਂ ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਰਾਜਨੀਤਕਾਂ ਦੇ ਪ੍ਰਭਾਵ ਹੇਠ ਰਹੀ ਹੈ, ਪਰ ਟੋਹੜਾ ਦੌਰ ਸ਼ੁਰੂ ਹੋਣ ਨਾਲ ਇਹ ਤੇਜ਼ੀ ਨਾਲ ਨਿਵਾਣ ਵੱਲ ਜਾਣ ਲਗ ਪਈ। ਬਾਦਲ ਦੇ ਕਬਜ਼ੇ ਹੇਠ ਆਉਣ ਤੋਂ ਬਾਅਦ ਤਾਂ ਇਹ ਆਰ. ਐਸ. ਐਸ. ਦੇ ਇਕ ਵਿੰਗ ਵਾਂਗੂ ਹੀ ਵਿਚਰ ਰਹੀ ਹੈ। ਆਰ. ਐਸ. ਐਸ. ਦਾ ਇਕ ਮਕਸਦ ਸਿੱਖਾਂ ਨੂੰ ਉਸ ਦੇ ਮੂਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੇ ਗਿਆਨ ਤੋਂ ਤੋੜ ਕੇ ਬ੍ਰਾਹਮਣਵਾਦੀ ਪਹੁੰਚ ਵੱਲ ਲੈ ਜਾਣਾ ਰਿਹਾ ਹੈ। ਇਸ ਲਈ ਉਸ ਦੇ ਕਈਂ ਹਥਿਆਰ ਹਨ। ਇਕ ਹਥਿਆਰ ਹੈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ ਹੋਰ ਲਿਖਤਾਂ (ਗ੍ਰੰਥਾਂ) ਦੀ ਮਾਨਤਾ ਵਧਾਉਣਾ। ਦਸਮ ਗ੍ਰੰਥ ਦੇ ਪੈਰੋਕਾਰਾਂ ਨੂੰ ਬੜ੍ਹਾਵਾ ਦੇਣਾ ਅਤੇ ਉਸ ਵਿਚਲੇ ਕੂੜ ਦਾ ਪਰਦਾਫਾਸ਼ ਕਰਕੇ ਜਾਗ੍ਰਿਤੀ ਲਿਆ ਰਹੇ ਪ੍ਰਚਾਰਕਾਂ ਦਾ ਸਖਤ ਵਿਰੋਧ ਕਰਕੇ, ਮੌਜੂਦਾ ਸ਼੍ਰੋਮਣੀ ਕਮੇਟੀ (ਅਤੇ ਉਸ ਦੇ ਬਿਠਾਏ ਪੁਜਾਰੀ) ਪੰਥ ਵਿਰੋਧੀ ਤਾਕਤਾਂ ਦੇ ਹੁਕਮਾਂ ਦੀ ਹੀ ਤਾਮੀਲ ਕਰ ਰਹੇ ਹਨ। ‘ਗੁਰਬਿਲਾਸ ਪਾ: 6’ ਦੀ ਪੁਨਰ ਸੰਪਾਦਨਾ ਕਰਵਾ ਕੇ, ਗੁਰਦਵਾਰਿਆਂ ਵਿਚ ਉਸ ਦੀ ਕਥਾ ਸ਼ੁਰੂ ਕਰਵਾਉਣ ਦੀ ਇੱਛਾ ਵੀ ਉਨ੍ਹਾਂ ਹੁਕਮਾਂ ਦੀ ਤਾਮੀਲ ਦਾ ਇਕ ਹੋਰ ਕਦਮ ਸੀ। ਐਸਾ ਹੀ ਇਕ ਹੋਰ ਕਦਮ ਹਿੰਦੀ ਵਿਚ ਛਪਵਾ ਕੇ ਵੰਡੀ ਪੁਸਤਕ ‘ਸਿੱਖ ਇਤਿਹਾਸ’ ਸੀ, ਜਿਸ ਵਿਚ ਨਾਨਕ ਸਰੂਪਾਂ ਦੇ ਜੀਵਨ ਬਾਰੇ ਕੁਫਰ ਤੋਲਿਆ ਗਿਆ। ਤਾਜ਼ਾ ਕਦਮ ਸੁਨਿਹਰੇ ਅੱਖਰਾਂ ਵਿਚ ਛਪੇ ਸਰੂਪਾਂ ਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਜੀ ਵਲੋਂ ਦਿਤੀਆਂ ਸਫਾਈਆਂ ਨੇ ਉਲਟਾ ਪਰਦਾਫਾਸ਼ ਹੀ ਕੀਤਾ ਹੈ। ਉਨ੍ਹਾਂ ਵਲੋਂ ਸੱਚ ਸਾਹਮਣੇ ਲਿਆਉਣ ਵਾਲਿਆਂ ਪ੍ਰਤੀ ਦਿਖਲਾਈ ਜਾ ਰਹੀ ਬੌਖਲਾਹਟ ਅਤੇ ਕੜਵਾਹਟ ਸਪਸ਼ਟ ਕਰਦੀ ਹੈ ਕਿ ਦਾਲ ਹੀ ਕਾਲੀ ਕਰ ਦਿੱਤੀ ਗਈ ਹੈ। ਮੀਡੀਆ ਦੇ ਅਜੌਕੇ ਜੁਗ ਵਿਚ ਚੋਰੀ ਛੁਪੇ ਕੁਝ ਕਰ ਪਾਣਾ ਲਗਭਗ ਅਸੰਭਵ ਹੋ ਗਿਆ ਹੈ। ਵੈਸੇ ਹਰ ਗੁਨਾਹ ਕਰਨ ਵਾਲਾ ਇਹ ਸੋਚ ਕੇ ਹੀ ਤੁਰਦਾ ਹੈ ਕਿ ਉਸ ਦਾ ਗੁਨਾਹ ਛੁਪਿਆ ਰਹਿਣਾ ਹੈ। ਇਨ੍ਹਾਂ ਸਰੂਪਾਂ ਨੂੰ ਛਾਪ ਕੇ ਗੁਰਦੁਆਰਿਆਂ ਦੇ ਵਿਚ ‘ਪ੍ਰਕਾਸ਼’ ਕਰਨ ਪਿੱਛੇ ਬਹੁਤ ਡੂੰਘੇ ਟੀਚੇ ਹਨ, ਜਿਨ੍ਹਾਂ ਦੀ ਪਛਾਣ ਬਹੁਤੀ ਮੁਸ਼ਕਿਲ ਨਹੀਂ।

ਇਨ੍ਹਾਂ ਸਰੂਪਾਂ ਵਿਚਲੀ ਸ਼ਬਦਜੋੜ ਦੀਆਂ ਗਲਤੀਆਂ ਨੂੰ ਟਾਈਪਿੰਗ ਅਤੇ ਪਰੂਫ ਰੀਡਿੰਗ ਦੀ ਗਲਤੀਆਂ ਦੱਸਿਆ ਜਾ ਰਿਹਾ ਹੈ ਪਰ ਸੱਚਾਈ ਇਹ ਨਹੀਂ ਹੈ। ਇਨ੍ਹਾਂ ਸਰੂਪਾਂ ਵਿਚ ਕੁਝ ਥਾਂ ਪੱਤਰੇ ਖਾਲੀ ਛੱਡ ਦੇਣੇ ਇਸ ਝੂਠ ਨੂੰ ਨੰਗਾ ਕਰਦਾ ਹੈ ਕਿ ਇਹ ਸਿਰਫ ਅਣਜਾਨੇ ਅਤੇ ਅਣਗਹਿਲੀ ਵਿਚ ਹੋਈਆਂ ਗਲਤੀਆਂ ਹਨ। ਇਹ ਵੀ ਤੱਥ ਸਾਹਮਣੇ ਆਏੇ ਹਨ ਕਿ ਇਹ ਸਰੂਪ ਸ਼੍ਰੋਮਣੀ ਕਮੇਟੀ ਦੀ ਗੱਡੀ ਵਿਚ ਹੀ ਕੁਝ ਗੁਰਦਵਾਰਿਆਂ ਵਿਚ ‘ਪ੍ਰਕਾਸ਼’ ਕਰਨ ਲਈ ਭੇਜੇ ਗਏ। ਇਹ ਵੀ ਇਸ ਸਾਜ਼ਿਸ਼ ਵਿਚ ਸ਼੍ਰੋਮਣੀ ਕਮੇਟੀ ਦੀ ਭਾਈਵਾਲੀ ਦਾ ਇਕ ਪੁਖਤਾ ਸਬੂਤ ਹੈ। ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਦੇ ਮਕਸਦ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਦੀ ਜਾਂਚ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਕਮੇਟੀ ਦੀ ਬਣਤਰ ਵੇਖ ਕੇ ਹੀ ਸਭ ਕੁਝ ਸਪਸ਼ਟ ਹੋ ਜਾਂਦਾ ਹੈ। ਇਸ ਕਮੇਟੀ ਵਿਚ ਦੋ ਗ੍ਰੰਥੀਆਂ ਅਤੇ ਇਕ ਅਰਦਾਸੀਏ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸ਼੍ਰੋਮਣੀ ਕਮੇਟੀ ਤਾਂ (ਅਖੌਤੀ) ਜਥੇਦਾਰਾਂ ਕੌਲੋਂ ਪਹਿਲਾਂ ਲਿਖੇ ‘ਹੁਕਮਨਾਮਿਆਂ’ ਤੇ ਅੰਗੂਠੇ ਲਵਾਉਂਦੀ ਰਹੀ ਹੈ, ਇਸ ਦੀ ਸਰਪ੍ਰਸਤੀ ਹੇਠ ਬਣੀਆਂ ਵਿਦਵਾਨਾਂ ਦੀਆਂ ਕਮੇਟੀਆਂ ਵੀ ਪਹਿਲਾਂ ਤੋਂ ਤਿਆਰ ਮਨਮਰਜ਼ੀ ਦੀ ਰਿਪੋਰਟਾਂ ’ਤੇ ਸਹੀ ਪਾਉਂਦੀਆਂ ਰਹੀਆਂ ਹਨ, ਫੇਰ ਹੁਣ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗ੍ਰੰਥੀਆਂ ਅਤੇ ਅਰਦਾਸੀਏ ਦੀ ਕੀ ਹਿੰਮਤ ਹੈ ਕਿ ਉਹ ਸੱਚ ਸਾਹਮਣੇ ਲਿਆ ਸਕਣ। ਉਨ੍ਹਾਂ ਨੇ ਵੀ ਪਹਿਲਾਂ ਤੋਂ ਨਿਸ਼ਚਿਤ ਰਿਪੋਰਟ ਤੇ ਹੀ ਸਹੀ ਪਾਉਣੀ ਹੈ। ਵੈਸੇ ਤਾਂ ਸ਼੍ਰੋਮਣੀ ਕਮੇਟੀ ਵਲੋਂ ਬਣਾਈਆਂ ਅਨੇਕਾਂ ਕਮੇਟੀਆਂ ਗੁੰਮਨਾਮ ਵੀ ਹੋ ਜਾਂਦੀਆਂ ਰਹੀਆਂ ਹਨ। ਕਮੇਟੀ ਪ੍ਰਧਾਨ ਅਤੇ ਅਖੌਤੀ ਜਥੇਦਾਰ ਵਲੋਂ ਤਰਸੇਮ ਸਿੰਘ ਜੀ ਦਿਲੀ ਕਮੇਟੀ ਨੂੰ ਮਾਰੇ ਜਾ ਰਹੇ ਫੁੰਕਾਰੇ (ਡਰਾਵੇ) ਆਪੇ ਹੀ ਸਭ ਕੁਝ ਸਪਸ਼ਟ ਕਰ ਰਹੇ ਹਨ।

ਪਿਛਲੇ ਢਾਈ-ਤਿੰਨ ਸਦੀਆਂ ਤੋਂ ਪੰਥ ਵਿਰੋਧੀ ਪੁਜਾਰੀਵਾਦੀ ਤਾਕਤਾਂ ਦੇ ਅਸਰ ਹੇਠ ਆਉਣ ਕਰਕੇ ਆਮ ਸਿੱਖ ਗੁਰਮਤਿ ਸਿਧਾਂਤਾਂ ਪੱਖੋਂ ਅਗਿਆਨੀ ਹੋ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਅਗਿਆਨਤਾ ਦਾ ਸ਼ਿਕਾਰ ਹੋਣ ਕਾਰਨ ਉਸ ਵਿਚ ਪੰਥ ਪ੍ਰਤੀ ਅਵੇਸਲਾਪਨ ਵੀ ਆ ਗਿਆ ਹੈ, ਖਾਸਕਰ ਬੌਧਿਕ ਹਮਲਿਆਂ ਪ੍ਰਤੀ। ਉਹ ਐਸੇ ਮੁੱਦਿਆਂ ਵਿਚ ‘ਮੈਂ ਕੀ ਲੈਣਾ?’ ਦੀ ਪਹੁੰਚ ਅਪਣਾਈ ਜਾਂਦਾ ਹੈ। ਉਹ ਰਸਮੀ ਤੌਰ ’ਤੇ ਗੁਰਦੁਆਰੇ ਚਲੇ ਜਾਣ ਜਾਂ ਕੁਝ ਖਾਸ ਮੌਕਿਆਂ ’ਤੇ ਪੁਜਾਰੀਆਂ ਕੋਲੋਂ ਧਰਮ ਦੇ ਨਾਂ ’ਤੇ ਕੁਝ ਰਸਮਾਂ ਕਰਵਾਉਣ ਮਾਤਰ ਨੂੰ ਹੀ ‘ਸਿੱਖੀ’ ਮੰਨੀ ਬੈਠਾ ਹੈ। ‘ਗਿਆਨ ਗੁਰੂ’ ਦੀ ਸੇਧ ਤੋਂ ਟੁੱਟ ਕੇ ਉਹ ਪੁਜਾਰੀਆਂ ਵਲੋਂ ਪ੍ਰਚਾਰੇ ਗਏ ‘ਕਰਮਕਾਂਡਾਂ’ ਨੂੰ ਹੀ ਸਿੱਖੀ ਸਮਝ ਕੇ ਮੰਨ ਰਿਹਾ ਹੈ। ਗੁਰਬਾਣੀ ਨੂੰ ਵਿਚਾਰਨ ਦੀ ਥਾਂ ‘ਰਟਨ’ ਦੀ ਵਸਤੂ ਬਣਾ ਦਿੱਤਾ ਗਿਆ ਹੈ। ਬੇਲੋੜੀ ਸ਼ਰਧਾ ਕਾਰਨ ਉਹ ਥਾਂ ਥਾਂ ’ਤੇ, ਜਣੇ-ਖਣੇ ਅੱਗੇ ਮੱਥੇ ਘਸਾਈ ਜਾਂਦਾ ਹੈ। ਤਾਂ ਹੀ ਕੋਈ ਉਸ ਨੂੰ ਤੀਰਥ ਬਣਾ ਕੇ ਹੇਮਕੁੰਟ ਦੇ ਪਹਾੜ ’ਤੇ ਚੜਾਈ ਜਾ ਰਿਹਾ ਹੈ, ਕੋਈ ਉਸ ਨੂੰ ਘੋੜੇ ਦੀ ਲਿੱਦ ‘ਪ੍ਰਸ਼ਾਦ’ ਆਖ ਕੇ ਵੰਡੀ ਜਾਂਦਾ ਹੈ ਪਰ ਉਸ ਦੀ ‘ਅੰਨੀ ਸ਼ਰਧਾ’ ਕਾਰਨ ਉਸ ਦਾ ਜ਼ਮੀਰ ਕਿੰਤੂ ਕਰਨ ਤੋਂ ਤ੍ਰਬਕਦਾ ਹੈ। ਗੁਰਬਾਣੀ ਅਤੇ ਇਤਿਹਾਸ ਗਵਾਹ ਹੈ ਕਿ ਨਾਨਕ ਸਰੂਪਾਂ ਨੇ ਵਿਖਾਵੇ ਦੀ ਥਾਂ ਸਾਦੇਪਨ ’ਤੇ ਜ਼ੋਰ ਦਿਤਾ। ਪਰ ‘ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥ (ਪੰਨਾ 327)’ ਜਿਹੇ ਜ਼ਹੀਨ ਗੁਰਵਾਕ ਨੂੰ ਮਨੋਂ ਵਿਸਾਰ ਕੇ ਕੌਮ ਸੋਨਾ ਅਤੇ ਸੰਗਮਰਮਰ ਲਾਉਣ ਨੂੰ ਹੀ ਵੱਡੀ ‘ਸਿੱਖੀ ਅਤੇ ਸੇਵਾ’ ਮੰਨੀ ਬੈਠੀ ਹੈ। ‘ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥ (ਪੰਨਾ 1368)’, ‘ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ਲੋਗਨ ਰਾਮੁ ਖਿਲਉਨਾ ਜਾਨਾਂ॥ (ਪੰਨਾ 1158)’ ਜਿਹੇ ਲਾਸਾਨੀ ਸਿਧਾਂਤਾਂ ਨੂੰ ਵਿਸਾਰ ਕੇ ਮਾਲਾ ਫੇਰਨ ਜਿਹੇ ਕਰਮਕਾਂਡ ਨੂੰ ਹੀ ‘ਸਿਮਰਨ’ ਮੰਨਿਆ ਜਾ ਰਿਹਾ ਹੈ। ਹੋਰ ਤਾਂ ਹੋਰ ਇਨ੍ਹਾਂ ਨੇ ਇਸ ਮਾਲਾ ਦਾ ਨਾਮਕਰਨ ਵੀ ‘ਸਿਮਰਨਾ’ ਕਰ ਦਿੱਤਾ ਹੈ। ਐਸੇ ਹਾਲਾਤ ਵਿਚ ਆਮ ਸਿੱਖ ਕੋਲੋਂ ਬੌਧਿਕ ਹਮਲਿਆਂ ਪ੍ਰਤੀ ਕਿਸੇ ਵਿਰੋਧ ਦੀ ਆਸ ਕਰਨੀ ਵਿਅਰਥ ਹੈ।

ਇਸ ਦੁਸ਼ਕਰਮ ਦਾ ਖੁੱਲ ਕੇ ਵਿਰੋਧ ਵੀ ਕਈਂ ਜਥੇਬੰਦੀਆਂ ਕਰ ਰਹੀਆਂ ਹਨ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਸੰਜੀਦਾ ਨਹੀਂ ਹਨ ਬਲਕਿ ਸਿਰਫ ਬਿਆਨ ਲਵਾਉਣ ਤੱਕ ਹੀ ਸੀਮਤ ਹਨ। ਇਸ ਦੀ ਮਿਸਾਲ ਇਹ ਹੈ ਕਿ ਉਹ ਜਥੇਬੰਦੀਆਂ, ਸ਼ਖਸੀਅਤਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬੇਨਤੀਆਂ ਮੁੜ ਥੁੜ ਕੇ ਉਨ੍ਹਾਂ ‘ਜਥੇਦਾਰਾਂ’ (ਅਸਲ ਵਿਚ ਪੁਜਾਰੀ) ਅੱਗੇ ਹੀ ਕਰ ਰਹੀਆਂ ਹਨ, ਜੋ ਪਹਿਲਾਂ ਹਰ ਮੌਕੇ ’ਤੇ ਹਾਕਮਾਂ ਦੇ ਜ਼ਰਖਰੀਦ ਗੁਲਾਮ ਸਾਬਿਤ ਹੋ ਚੁੱਕੇ ਹਨ। ਉਹ ਜਾਣ ਬੁਝ ਕੇ ਇਸ ਸੱਚਾਈ ਤੋਂ ਘੇਸਲ ਵੱਟ ਰਹੀਆਂ ਹਨ ਕਿ ਗੁਰਬਚਨ ਸਿੰਘ ਜਿਹੇ ਪੁਜਾਰੀਆਂ ਦੀ ਕੀ ਮਜਾਲ ਕਿ ਉਹ ਹਾਕਮਾਂ ਅੱਗੇ ਕੁਸਕ ਸਕਣ। ਉਨ੍ਹਾਂ ਦੀ ਤਾਂ ‘ਪਦਵੀ’ ਹੈ ਹੀ ਇਨ੍ਹਾਂ ਹਾਕਮਾਂ ਦੇ ਰਹਿਮੋ-ਕਰਮ ’ਤੇ। ਅਸਲ ਵਿਚ ਤਾਂ ਇਨ੍ਹਾਂ ਜਥੇਬੰਦੀਆਂ ਨੂੰ ਵੀ ਨਹੀਂ ਪਤਾ ਕਿ ਕਰਨਾ ਕੀ ਚਾਹੀਦਾ ਹੈ, ਬਸ ਬਿਆਨ ਦੇ ਕੇ ਬੁੱਤਾ ਸਾਰਨ ਵਾਲਾ ਕੰਮ ਹੀ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਸ਼ਖਸੀਅਤਾਂ 2008 ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਪ੍ਰਕਾਸ਼ਨ ਸੰਬੰਧੀ ਲਾਗੂ ਕੀਤੇ ਕਾਨੂੰਨ ਦਾ ਵਾਸਤਾ ਪਾ ਰਹੇ ਹਨ। ਇਹ ਗੱਲ ਠੀਕ ਹੈ ਕਿ ਸਰੂਪ ਦੇ ਪ੍ਰਕਾਸ਼ਨ ਵਿਚ ਇਕਰੂਪਤਾ ਅਤੇ ਅਨੁਸ਼ਾਸ਼ਨ ਲਾਗੂ ਕਰਨ ਲਈ ਇਸ ਦੀ ਛਪਾਈ ਕੇਂਦਰੀ ਤੌਰ ਤੇ ਇਕ ਥਾਂ ਤੋਂ ਹੀ ਕੀਤੀ ਜਾਣੀ ਠੀਕ ਹੈ। ਪਰ ਇਸ ਕਾਨੂੰਨ ਅਨੁਸਾਰ ਸਰੂਪ ਦੀ ਛਪਾਈ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੈ। ਪਰ ਕੀ ਮੌਜੂਦਾ ਸ਼੍ਰੋਮਣੀ ਕਮੇਟੀ ’ਤੇ ਭਰੋਸਾ ਕੀਤਾ ਜਾ ਸਕਦਾ ਹੈ ? ਜਿਹੜੀ ਕਮੇਟੀ ‘ਸਿੱਖ ਇਤਿਹਾਸ’ ਜੈਸੀਆਂ ਪੁਸਤਕਾਂ ਛਾਪਣ ਦੀ ਕਰਤੂਤਾਂ ਕਰ ਰਹੀ ਹੈ, ਕੀ ਗਰੰਟੀ ਹੈ ਕਿ ਉਹ ਪੰਥ ਵਿਰੋਧੀ ਤਾਕਤਾਂ ਦੇ ਹੁਕਮਾਂ ਅਨੁਸਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਪ੍ਰਕਾਸ਼ਨ ਵਿਚ ਛੇੜਛਾੜ ਨਹੀਂ ਕਰੇਗੀ ? ਇਸ ਪੱਖ ਤੋਂ ਵੀ ਵਿਚਾਰਨ ਦੀ ਲੋੜ ਹੈ।

ਖੈਰ ਇਤਨਾ ਤਾਂ ਹੈ ਕਿ ਮੀਡੀਆ ਵਿਚ ਆਉਣ ਕਰਕੇ ਇਸ ਦੁਸ਼ਕਰਮ ਦਾ ਪਰਦਾ ਫਾਸ਼ ਹੋ ਗਿਆ। 100-150 ਸਾਲ ਬਾਅਦ ਐਸੇ ਛੇੜਖਾਨੀ ਕੀਤੇ ਸਰੂਪ ‘ਪੁਰਾਤਨ ਅਤੇ ਇਤਿਹਾਸਿਕ’ ਬਣ ਜਾਣੇ ਹਨ ਅਤੇ ਪੁਜਾਰੀਵਾਦੀ ਤਾਕਤਾਂ ਦੇ ਵੰਸ਼ਜ਼ਾਂ ਨੇ ਇਨ੍ਹਾਂ ਨੂੰ ਪ੍ਰਮਾਣਿਕ ਐਲਾਨਣਾ ਹੈ। ਉਸ ਸਮੇਂ ਤੱਕ ਜ਼ਿਆਦਾਤਰ ਹੱਥ ਲਿਖਤ ਸਰੂਪਾਂ ਨੂੰ (ਖਾਸਕਰ ਰਾਗਮਾਲਾ ਤੋਂ ਬਗੈਰ ਵਾਲੇ) ਨੂੰ ਨਸ਼ਟ ਕਰਨ ਦੀ ‘ਸੇਵਾ’ ਤਾਂ ਅਖੌਤੀ ਸੰਤ ਬਾਬੇ ਕਰ ਹੀ ਚੁੱਕੇ ਹੋਣਗੇ।

ਜਾਗਰੂਕ ਪੰਥ ਦੀ ਜਿੰਮੇਵਾਰੀ

ਐਸੇ ਹਾਲਾਤਾਂ ਵਿਚ ਜਾਗਰੂਕ ਪੰਥ ਦੀ ਬਹੁਤ ਜਿੰਮੇਵਾਰੀ ਬਣਦੀ ਹੈ। ਪਰ ਅਫਸੋਸ! ਜਾਗਰੂਕ ਤਾਂ ਅਨੇਕਾਂ ਸਿੱਖ ਹਨ ਪਰ ਅਸਲ ਮਾਇਨੇ ਵਿਚ ਜਾਗਰੂਕ ਪੰਥ (ਏਕਾ) ਕੋਈ ਨਹੀਂ ਹੈ। ਇਸ ਏਕਤਾ ਵਿਚ ਦੋ ਵੱਡੀਆਂ ਰੁਕਾਵਟਾਂ ਹਉਮੈ ਅਤੇ ਸ਼ਰਤਾਂ ਹਨ। ਕਈਂ ਧਿਰਾਂ ਸੱਚ ਨੂੰ ਪੂਰਨ ਤੌਰ ’ਤੇ ਅਪਨਾ ਕੇ ਤੁਰਨਾ ਚਾਹੁੰਦੀਆਂ ਹਨ ਤੇ ਕੁਝ ਧਿਰਾਂ ਪਹਿਲਾਂ ਸ਼ਰਤ ਲਾਉਂਦੀਆਂ ਹਨ ਕਿ ਫਲਾਨੀ ਪ੍ਰਚਲਿਤ ਗਲਤ ਗੱਲਾਂ ਦਾ ਵਿਰੋਧ ਤਿਆਗ ਕੇ, ਉਨ੍ਹਾਂ ਨੂੰ ਮਾਨਤਾ ਦੇ ਕੇ ਚਲਣ ’ਤੇ ਹੀ ਅਸੀਂ ਏਕਤਾ ਕਰਾਂਗੇ। ਐਸੀ ਹਾਲਤ ਵਿਚ ਏਕਾ ਹੋਣਾ ਮੁਸ਼ਕਿਲ ਹੋਇਆ ਪਿਆ ਹੈ।

ਜਾਗਰੂਕ ਸਿੱਖਾਂ ਨੂੰ ਇਹ ਅਹਿਮ ਨੁਕਤਾ ਧਿਆਨ ਵਿਚ ਰੱਖ ਕੇ ਤੁਰਨਾ ਚਾਹੀਦਾ ਹੈ ਕਿ ਅੱਜ ਅਸਲ ਮੁੱਦਾ ਸਿਰਫ ਅਪਣੀ ਗਿਣਤੀ ਵਧਾਉਣ ਦਾ ਹੀ ਨਹੀਂ ਹੈ, ਬਲਕਿ ਅਹਿਮ ਮੁੱਦਾ ਸਹੀ ਨਾਨਕ ਫਲਸਫੇ ਨੂੰ ਸਾਹਮਣੇ ਲਿਆਉਣਾ, ਉਸ ਨੂੰ ਅਮਲ ਵਿਚ ਲਿਆਉਣਾ ਅਤੇ ਅੱਗੇ ਪ੍ਰਚਾਰਨਾ ਵੀ ਹੈ। ਪਰ ਇਹ ਤਾਂ ਹੀ ਸੰਭਵ ਹੈ ਜਦ ਪ੍ਰਵਾਣਿਤ ਹੋ ਚੁੱਕੀਆਂ ਗਲਤ ਮਾਨਤਾਵਾਂ ਪ੍ਰਤੀ ਸਮਝੌਤੇ ਦੀ ਭਾਵਨਾ ਨੂੰ ਤਿਆਗ ਕੇ ਸਿਧਾਂਤ ’ਤੇ ਪਹਿਰਾ ਦੇਣ ਦੀ ਪਹੁੰਚ ਅਪਨਾਈ ਜਾਵੇ। ਏਕਤਾ ਫੌਰੀ ਜ਼ਰੂਰੀ ਹੈ ਪਰ ਉਸ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਰਹਿਨੁਮਾਈ ਮੰਨਣ ਤੋਂ ਸਿਵਾ ਹੋਰ ਕੋਈ ਅਗਾਉਂ ਸ਼ਰਤ ਨਹੀਂ ਹੋਣੀ ਚਾਹੀਦੀ। ਸਿਰਫ ਤੇ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਰਹਿਨੁਮਾਈ ਵਿਚ ਤੁਰਨ ਦੀਆਂ ਚਾਹਵਾਨ ਧਿਰਾਂ ਦੇ ਨੁਮਾਇੰਦਿਆਂ, ਸ਼ਖਸੀਅਤਾਂ ਦੀ ਇਕ ਬੈਠਕ ਬੁਲਾਈ ਜਾਵੇ। ਉਥੇ ਨਿਰੋਲ ਗੁਰਮਤਿ ਦੀ ਸੇਧ ਵਿਚ ਆਪਸੀ ਵਿਚਾਰਾਂ ਰਾਹੀਂ ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਹਮੇਸ਼ਾਂ ਸੇਧ ਗੁਰਮਤਿ ਦੀ ਰੋਸ਼ਨੀ ਵਿਚ ਆਪਣੇ ਬਿਬੇਕ ਤੋਂ ਲਈ ਜਾਵੇ। ਕਿਸੇ ਵੀ ਸ਼ਖਸੀਅਤ ਵਿਚ ਅੰਨ੍ਹਾ ਭਰੋਸਾ ਜਾਂ ਕਿਸੇ ਸ਼ਖਸੀਅਤ ਦਾ ਅੰਨ੍ਹਾ ਵਿਰੋਧ ਨਾ ਹੋਵੇ। ਕੁਝ ਨੁਕਤਿਆਂ ’ਤੇ ਵਿਚਾਰਕ ਅਸਹਿਮਤੀ ਕਾਰਨ ਇਕ ਦੂਜੇ ਨੂੰ ਆਰ. ਐਸ. ਐਸ. ਦੇ ਏਜੰਟ ਸਮਝਣ ਦੀ ਪਹੁੰਚ ਵੀ ਏਕਤਾ ਲਈ ਨੁਕਸਾਨਦਾਇਕ ਹੈ।

ਪੰਥ ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੀਆਂ ਏਜੰਟ ਬਣ ਚੁਕੀਆਂ ‘ਪੰਥਕ’ ਧਿਰਾਂ ਅਪਣਾ ਕੰਮ ਬਾਖੂਬੀ ਨਿਭਾ ਰਹੀਆਂ ਹਨ ਪਰ ਜਾਗਰੂਕ ਸਿੱਖ ਹੁਣ ਤੱਕ ਪੂਰੀ ਤਰਾਂ ਫੈਸਲਾ ਹੀ ਨਹੀਂ ਕਰ ਪਾ ਰਹੇ ਕਿ ਕਰਨਾ ਕੀ ਹੈ ? ਸਿਧਾਂਤ ਆਧਾਰਿਤ ਏਕਤਾ ਲਈ ਕਿਸੇ ਜਾਗਰੂਕ ਧਿਰ ਨੂੰ ਫੌਰਨ ਪਹਿਲ ਕਰਨੀ ਚਾਹੀਦੀ ਹੈ। ਬਾਕੀ ਸਾਰੇ ਜਾਗਰੂਕ ਸਿੱਖਾਂ, ਧਿਰਾਂ ਵਲੋਂ ਉਸ ਏਕਤਾ ਪਹਿਲ ਦਾ ਸੁਆਗਤ, ਸਹਿਯੋਗ ਅਤੇ ਸਮਰਥਨ ਤਹਿ ਦਿਲੋਂ ਕਰਨਾ ਚਾਹੀਦਾ ਹੈ। ਆਸ ਹੈ ਇਹ ਪਹਿਲ ਜ਼ਮੀਨੀ ਪੱਧਰ ’ਤੇ ਜਲਦ ਹੋਵੇਗੀ।

ਜਿਥੋਂ ਤੱਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਚਲਿਤ ਸਰੂਪ ਦੀ ਗੱਲ ਹੈ ਹਰ ਜਾਗਰੂਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਜੋ ਵੀ ਹੱਥ ਲਿਖਤ ਸਰੂਪ ਨਜ਼ਰ ਪੈਂਦਾ ਹੈ, ਉਸ ਦੀ ਸੰਭਾਲ ਲਈ ਉਚੇਚੇ ਯਤਨ ਕਰੇ। ਉਸ ਦੇ ਪੰਨਿਆਂ ਦੀਆਂ ਮਾਈਕਰੋਸਕੋਪਿਕ ਤਸਵੀਰਾਂ ਤਾਂ ਘੱਟੋ-ਘੱਟ ਜ਼ਰੂਰ ਸਾਂਭੀਆਂ ਜਾਣ। ਇਸ ਕੰਮ ਲਈ ਇਕ ਕਮੇਟੀ ਵੀ ਬਣਾਈ ਜਾ ਸਕਦੀ ਹੈ। ਸਿੱਖਾਂ ਨੂੰ ਸਾਦਗੀ ਵਾਲੀ ਸੇਧ ਅਪਨਾਉਂਦੇ ਹੋਏ ਸੋਨੇ ਆਦਿ ਲਗਾਉੁਣ ਨੂੰ ਮਾਨਤਾ ਦੇਣ ਦਾ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਧਾਰਮਿਕ ਨਿਸ਼ਾਨੀਆਂ ਪ੍ਰਤੀ ‘ਅੰਨ੍ਹੀ ਸ਼ਰਧਾ’ ਵਾਲੀ ਪਹੁੰਚ ਵੀ ਖਤਮ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਸ਼ਰਾਰਤੀ ਧਿਰਾਂ ਇਨ੍ਹਾਂ ਨੂੰ ਭਟਕਾਉਣ ਅਤੇ ਠੱਗਣ ਉਠਾਉਂਦੇ ਰਹੇ ਹਨ। ਜਿਥੋਂ ਤੱਕ ਇਨ੍ਹਾਂ ਸੁਨਹਰੇ ਅੱਖਰਾਂ ਵਾਲੇ ਸਰੂਪਾਂ ਦੀ ਗੱਲ ਹੈ, ਇਸ ਵਿਚ ਛੱਡੇ ਖਾਲੀ ਪੱਤਰੇ ਭਵਿੱਖ ਵਿਚ ਮਾਰੂ ਸਾਬਿਤ ਹੋ ਸਕਦੇ ਹਨ, ਕਿਉਂਕਿ ਉਸ ਵੇਲੇ ਵੀ ਅੰਨ੍ਹੀ ਸ਼ਰਧਾ ਇਨ੍ਹਾਂ ਨੂੰ ਮਾਨਤਾ ਦੇਣ ਲਗ ਪਵੇਗੀ। ਉਸ ਸਮੇਂ ਤੱਕ ਇਸ ਦੇ ਖਾਲੀ ਪੱਤਰੇ ਨਵੀਂ ‘ਬਾਣੀ’ ਨਾਲ ਵੀ ਭਰੇ ਜਾ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਸਰੂਪਾਂ ਦੀ ਮਾਨਤਾ ਪੂਰੀ ਤਰ੍ਹਾਂ ਰੱਦ ਕੀਤੀ ਜਾਵੇ। ਸਮੂਹ ਸੁਚੇਤ ਸਿੱਖਾਂ ਨੂੰ ਇਨ੍ਹਾਂ ਸਰੂਪਾਂ ਦੇ ‘ਸਸਕਾਰ’ ਦੀ ਮੰਗ ਨੂੰ ਜਬਰਦਸਤ ਢੰਗ ਨਾਲ ਉਠਾਉਣਾ ਚਾਹੀਦਾ ਹੈ।

ਆਸ ਹੈ ਸਾਰੀਆਂ ਜਾਗਰੂਕ ਧਿਰਾਂ ਗੁਰਮਤਿ ਦੀ ਰਹਿਨੁਮਾਈ ਹੇਠ ਏਕਤਾ ਦੇ ਫੌਰੀ ਲੋੜ ਨੂੰ ਮਹਿਸੂਸ ਕਰਦੇ ਹੋਏ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਗੀਆਂ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top