Share on Facebook

Main News Page

ਪ੍ਰੋ. ਭੁਲਰ ਲਈ ਫਾਂਸੀ ਦੀ ਮੁਆਫੀ ਮੰਗ ਕੇ ਬਹਾਦੁਰ ਸਿੱਖ ਕੌਮ ਨੁੰ ਬੇਆਬਰੂ ਨਾ ਕੀਤਾ ਜਾਵੇ: ਭਾਈ ਬਲਵੰਤ ਸਿੰਘ ਰਾਜੋਆਣਾ

ਪਟਿਆਲਾ, (12 ਜੁਲਾਈ, ਪੀ.ਐਸ.ਐਨ) - ਬੇਕਸੂਰ ਸਿੱਖਾਂ ਦੇ ਕਾਤਿਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਹੁੰ ਦੇ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਦ ਕਚਿਹਿਰੀਆਂ ਵਿਚ ਪੇਸ਼ੀ ਭੁਗਤਣ ਆਏ ਤਾਂ ਸੈਕੜਿਆਂ ਦੀ ਗਿਣਤੀ ਵਿਚ ਸਿੱਖਾਂ ਨੇ ਜੈਕਾਰੇ ਲਗਾ ਕੇ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਅਦਾਲਤ ਨੇ ਜਿਸ ਕੇਸ ਵਿਚ ਅੱਜ ਉਹ ਪੇਸ਼ੀ ਭੁਗਤਣ ਆਏ ਸਨ ਉਸ ਕੇਸ ਵਿਚ ਉਨ੍ਹਾਂ ਦੀ ਅਗਲੀ ਪੇਸ਼ੀ 26 ਜੁਲਾਈ 'ਤੇ ਪਾ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਾਜੋਆਣਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਚੜ੍ਹਦੀਕਲਾ ਵਿਚ ਹੈ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਬਾਗੋਬਾਗ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਸਿੱਖ ਸੰਘਰਸ਼ ਅੱਜ  ਦਿੱਲੀ ਦੇ ਪੈਰਾਂ ਵਿਚ ਗਿੜਗਿੜਾਉਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿ ਹਿੰਦੁਸਤਾਨੀ ਕਾਨੂੰਨ ਤੋਂ ਪ੍ਰੋ ਭੁੱਲਰ ਲਈ ਮਾਫੀ ਮੰਗਣਾ ਬਹਾਦਰ ਸਿੱਖ ਕੌਮ ਦੀ ਬੇਅਦਬੀ ਦੇ ਬਰਾਬਰ ਹੈ।

ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਦੀ ਫਾਂਸੀ ਦੀ ਸਜਾ ਮਾਫੀ ਲਈ ਕਿਸੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕੋਲ ਅਪੀਲ ਨਾ ਕੀਤੀ ਜਾਵੇ ਕਿਉਂਕਿ ਖ਼ਾਲਸਾ ਕਦੇ ਵੀ ਕਿਸੇ ਤੋਂ ਕੋਈ ਭੀਖ ਨਹੀਂ ਮੰਗਦਾ, ਸਗੋਂ ਹਮੇਸ਼ਾ ਸਿੱਖ ਪੰਥ ਦੀ ਝੋਲੀ ਵਿਚ ਸ਼ਹਾਦਤਾਂ ਪਾਉਣ ਲਈ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਸ ਲਈ ਉਸ ਨੂੰ ਇੰਤਜ਼ਾਰ ਉਸ ਦਿਨ ਦਾ ਰਹੇਗਾ, ਜਦੋਂ ਉਸ ਨੂੰ ਫਾਂਸੀ ਦੇਣ ਵਾਲਾ ਦਿਨ ਦਿਨ ਮੁਕਰਰ ਹੋਵੇਗਾ। ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਉਸ ਦੇ ਦੋਵੇਂ ਪਿੰਡ ਰਾਜੋਆਣਾ ਕਲਾਂ ਤੇ ਰਾਜੋਆਣਾ ਖੁਰਦ ਅਤੇ ਤੁਗਲ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਮਿਲਣ ਆਏ। ਪੁਲਿਸ ਨੇ ਭਾਰੀ ਪ੍ਰਬੰਧ ਕੀਤੇ ਹੋਏ ਸਨ ਪ੍ਰਬੰਧਾਂ ਦੀ ਨਿਗਰਾਨੀ ਡੀ.ਐਸ.ਪੀ. ਨਾਹਰ ਸਿੰਘ ਇੰਸ: ਹਰਪਾਲ ਸਿੰਘ ਤੇ ਐਸ.ਆਈ. ਧਰਮਦੇਵ ਦੀ ਪੁਲਿਸ ਪਾਰਟੀ ਕਰ ਰਹੀ ਸੀ।

ਆਪਣੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਰਾਜੋਆਣਾ ਨੇ ਕਿਹਾ ਕਿ ਉਹ ਆਪਣੇ ਪਿੰਡ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਲਿਖ ਕੇ ਜਾਵੇਗਾ। ਉਹ ਹੇਮਸ਼ਾ ਹੀ ਚੜ੍ਹਦੀਕਲਾ 'ਚ ਰਿਹਾ ਹੈ। ਉਨ੍ਹਾਂ ਇੱਕ ਪੱਤਰ ਵੀ ਪੱਤਰਕਾਰਾਂ ਨੂੰ ਵੰਡਿਆ ਜਿਸ ਦਾ ਸਾਰ ਅੰਸ਼ ਇਹ ਹੈ ਕਿ ਕਾਂਗਰਸ ਸਰਕਾਰ ਨੇ ਹਰਿਮੰਦਰ ਸਾਹਿਬ 'ਤੇ ਤੋਪਾਂ ਚਲਾਈਆਂ। ਉਨ੍ਹਾਂ ਹੋਰ ਕਿਹਾ ਕਿ ਮੁਆਫੀ ਉਹ ਮੰਗਦਾ ਹੈ ਜਿਸ ਨੇ ਗਲਤੀ ਕੀਤੀ ਹੋਵੇ ਕਾਂਗਰਸੀ ਸਰਕਾਰ ਨੇ 1984 'ਚ ਸਾਜਿਸ਼ ਤਹਿਤ ਸਿੱਖ ਕਤਲੇਆਮ ਕਰਾਇਆ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਪੱਤਰ 'ਚ ਕਿਹਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ ਸਿੱਖ ਸੰਘਰਸ਼ ਦਾ ਦੌਰ ਪ੍ਰੋ: ਭੁੱਲਰ ਦੇ ਰੂਪ 'ਚ ਦਿੱਲੀ ਦੇ ਪੈਰਾਂ 'ਚ ਰੁਲਦਾ ਤੇ ਤਰਲੇ ਕੱਢਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਸਿੱਖ ਕੌਮ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੌਮ ਨੂੰ ਇਸ ਹਾਸੋਹੀਣੀ ਸਥਿਤੀ 'ਚੋਂ ਕੱਢਣ। ਉਨ੍ਹਾਂ ਸਪਸ਼ਟ ਕਿਹਾ ਕਿ ਮੇਰੀ ਫਾਂਸੀ ਦੀ ਮੁਆਫੀ ਲਈ ਕਿਸੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੋਈ ਰਹਿਮ ਦੀ ਅਪੀਲ ਨਾ ਕੀਤੀ ਜਾਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top