Share on Facebook

Main News Page

ਅਖੌਤੀ ਜਥੇਦਾਰਾਂ ਵਲੋਂ ਢਾਹੁਣ ਦੇ ਆਦੇਸ਼ਾਂ ਦੇ ਬਾਵਜੂਦ ਜਿਉਂ ਦਾ ਤਿਉਂ ਖੜਾ ਨਕਲੀ ਹਰਿਮੰਦਰ ਸਾਹਿਬ (ਮਸਤੂਆਣਾ)

ਸਿਹੋੜੇ ਵਾਲਾ ਸਾਧ

ਅੰਮ੍ਰਿਤਸਰ (11 ਜੁਲਾਈ,ਪੀ.ਐਸ.ਐਨ):- ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸ੍ਰੀ ਅਕਾਲ ਤਖਤ ਤੇ ਸਿੱਖ ਮਸਲਿਆ ਨੂੰ ਉਲਝਾਉਣ ਦਾ ਦੋਸ਼ ਲਾਉਦਿਆ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦੇ ਆਧਾਰ 'ਤੇ ਬਣੇ ਗੁਰਦੁਆਰਾ ਮਸਤੂਆਣਾ ਦੀ ਇਮਾਰਤ ਨੂੰ ਨਾ ਤਾਂ ਅੱਜ ਤੱਕ ਗਿਰਾਇਆ ਗਿਆ ਹੈ ਅਤੇ ਨਾ ਹੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਾਂ ਨੂੰ ਸ਼੍ਰੋਮਣੀ ਕਮੇਟੀ ਅੱਜ ਤੱਕ ਲਾਗੂ ਕਰ ਸਕੀ ਹੈ ਜਦ ਕਿ ਇਹ ਮਾਮਲਾ 2009 ਵਿੱਚ ਸ੍ਰੀ ਅਕਾਲ ਤਖਤ 'ਤੇ ਆਇਆ ਸੀ। ਇਸ ਸਬੰਧੀ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਅਕਾਲ ਤਖਤ ਤੋਂ ਫੈਸਲੇ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਇਆ ਜਾਵੇਗਾ।

ਇਸ ਪੱਤਰਕਾਰ ਨਾਲ ਗੱਲਾਬਾਤ ਕਰਦਿਆ ਸ੍ਰੀ ਸਿਰਸਾ ਨੇ ਦੱਸਿਆ ਬਰਨਾਲਾ-ਸੰਗਰੂਰ ਸੜਕ 'ਤੇ ਬਣੇ ਇਸ ਗੁਰਦੁਆਰੇ ਦੀ ਆਮਦਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਰਾਬਰ ਹੈ ਅਤੇ ਲੋਕ ਇਥੇ ਮਾਇਆ ਦੇ ਗੱਫੇ ਕੋਈ 100-50 ਦੇ ਨੋਟ ਨਹੀ ਸਗੋਂ ਨੋਟਾਂ ਦੀਆ ਗੁਠੀਆ ਗੋਲਕ ਵਿੱਚ ਪਾਉਦੇ ਹਨ। ਉਹਨਾਂ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਇਸ ਗੁਰਦੁਆਰੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਮੂਨੇ 'ਤੇ ਬਣਾਏ ਜਾਣ ਦਾ ਮਾਮਲਾ ਕੁਝ ਪੰਥਕ ਜਥੇਬੰਦੀਆ ਸ੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਆਈਆ ਸਨ ਪਰ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਅਨੁਸਾਰ ਇਸ ਨੂੰ ਢਾਹੁਣ ਦੇ ਆਦੇਸ਼ ਦੇਣ ਦੇ ਬਾਵਜੂਦ ਵੀ ਅੱਜ ਤੱਕ ਇਹ ਜਿਉ ਦਾ ਤਿਉ ਨਕਲਚੀ ਗੁਰਦੁਆਰਾ ਖੜਾ ਹੈ ਕਿਉਕਿ ਇਸ ਗੁਰਦੁਆਰੇ ਦੀ ਦੇਖ ਰੇਖ ਲਈ ਬਣਾਏ ਟਰੱਸਟ ਦੇ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰੀ ਸੁਖਦੇਵ ਸਿੰਘ ਢੀਂਡਸਾ ਹਨ ਜਿਹਨਾਂ ਦੀ ਮਰਜੀ ਬਗੈਰ ਇਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।

ਉਹਨਾਂ ਦੱਸਿਆ ਕਿ ਇਸ ਗੁਰਦੁਆਰੇ ਦੇ ਖਿਲਾਫ ਕਾਰਵਾਈ ਕਰਨ ਲਈ ਜਥੇਦਾਰ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਵੀ ਬਣਾਈ ਸੀ ਪਰ ਅੱਜ ਤੱਕ ਇਸ ਕਮੇਟੀ ਦੀ ਰੀਪੋਰਟ ਕਿਹੜੇ ਖੂੰਜੇ ਵਿੱਚ ਪਈ ਹੈ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਇਸ ਗੁਰਦੁਆਰੇ ਨੂੰ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਬਣਾਉਣ ਲਈ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਸੀ ਅਤੇ ਪੰਜਾਬ ਐਡ ਹਰਿਆਣਾ ਹਾਈਕੋਰਟ ਨੇ ਕੇਸ ਦਾ ਫੈਸਲਾ ਵੀ ਸ੍ਰੋਮਣੀ ਕਮੇਟੀ ਦੇ ਹੱਕ ਵਿੱਚ ਦਿੱਤਾ ਹੈ ਪਰ ਕਬਜਾ ਇਸ ਕਰਕੇ ਨਹੀ ਲਿਆ ਗਿਆ ਕਿਉਕਿ ਗੁਰਦੁਆਰਾ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਢੀਂਡਸਾ ਹਨ ਜਿਹੜੇ ਬਾਦਲ ਅਕਾਲੀ ਦਲ ਦੇ ਥੰਮ ਗਿਣੇ ਜਾਂਦੇ ਹਨ। ਉਹਨਾਂ ਕਿਹਾ ਕਿ ਦੋ-ਦੋ ਏਕੜ ਵਾਲੇ ਗਰੀਬ ਕਿਸਾਨਾਂ ਦੇ ਕਤਲ ਕਰਕੇ ਤਾਂ ਸ਼੍ਰੋਮਣੀ ਕਮੇਟੀ ਜ਼ਮੀਨਾਂ ਦੇ ਕਬਜੇ ਲੈਂਦੀ ਹੈ ਪਰ ਇਸ ਗੁਰਦੁਆਰੇ ਦੀ ਆਪਣੀ ਮਲਕੀਅਤ ਸੈਂਕੜੇ ਏਕੜ ਜ਼ਮੀਨ ਹੈ ਇਸ ਦਾ ਕਬਜਾ ਕਿਉਂ ਨਹੀਂ ਲਿਆ ਜਾ ਰਿਹਾ? ਉਹਨਾਂ ਦੱਸਿਆ ਕਿ ਇਸ ਗੁਰਦੁਆਰੇ ਵਿੱਚ ਇੱਕ ਦੋ ਵਾਰ ਚੋਰੀ ਵੀ ਹੋਈ ਹੈ ਪਰ ਚੋਰਾਂ ਨੇ ਖੁੱਲੇ ਨੋਟਾਂ ਨੂੰ ਨਹੀਂ ਚੁੱਕਿਆ ਸਗੋਂ ਨੋਟਾਂ ਦੀਆ ਗੁਠੀਆ ਹੀ ਚੋਰੀ ਕੀਤੀਆ ਜਿਸ ਤੋਂ ਸਪੱਸ਼ਟ ਹੈ ਮਾਲ ਮੋਟਾ ਆ ਰਿਹਾ ਹੈ ਅਤੇ ਛੱਡਣ ਨੂੰ ਜੀਅ ਨਹੀਂ ਕਰਦਾ।

ਉਹਨਾਂ ਪੰਥਕ ਜਥੰਬੰਦੀਆ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੇ ਹੱਲ ਲਈ ਇੱਕ ਝੰਡੇ ਥੱਲੇ ਇਕੱਠੀਆ ਹੋਣ ਤਾਂ ਕਿ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ 'ਤੇ ਇਸ ਦੀ ਬਣਤਰ ਵਿੱਚ ਤਬਦੀਲੀ ਕੀਤੀ ਜਾਵੇ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਬਜਾ ਲਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਅਜਿਹਾ ਨਾ ਕੀਤਾ ਤਾਂ ਕੱਲ ਨੂੰ ਲੋਕ ਸੱਚਖੰਡ ਉਸ ਗੁਰਦੁਆਰੇ ਨੂੰ ਹੀ ਸਮਝਣ ਲੱਗ ਪੈਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਆਸਥਾ ਨੂੰ ਠੇਸ ਵੀ ਜ਼ਰੂਰ ਪੁੱਜੇਗੀ। ਉਹਨਾਂ ਦੱਸਿਆ ਕਿ ਇਹ ਕੋਈ ਰਾਤੋ ਰਾਤ ਗੁਰਦੁਆਰਾ ਨਹੀ ਉਸਾਰਿਆ ਸਗੋ ਇਸ ਨੂੰ ਉਸਾਰਨ ਲਈ ਕਈ ਦਹਾਕੇ ਲੱਗੇ ਸਨ ਅਤੇ ਇਸ ਦੀ ਉਸਾਰੀ ਬਾਬਾ ਬਲਦੇਵ ਸਿੰਘ ਸੰਘੇੜਾ ਨੇ ਕਰਵਾਈ ਸੀ। ਇਸ ਦਾ ਮੁੱਢਲਾ ਨਾਮ ਗੁਰਦੁਆਰਾ ਸੱਚਖੰਡ, ਅੰਗੀਠਾ ਸਾਹਿਬ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਇਸ ਦੇ ਇੱਕ ਗੁੰਬਦ ਨੂੰ ਛੱਡ ਕੇ ਬਾਕੀ ਗੁੰਬਦਾ ਨੂੰ ਢਾਹੁਣ ਹਰਿ ਕੀ ਪੌੜੀ ਨੂੰ ਖਤਮ ਕਰਨ ਅਤੇ ਸਰੋਵਰ ਨੂੰ ਪੂਰਣ ਲਈ ਕਿਹਾ ਗਿਆ ਸੀ ਪਰ ਅੱਜ ਤੱਕ ਕੁਝ ਨਹੀ ਹੋ ਸਕਿਆ ਸਗੋਂ ਸੰਗਤਾਂ ਦੀਆ ਅੱਖਾਂ ਵਿੱਚ ਮਿੱਟੀ ਪਾਉਣ ਲਈ ਹਰਿ ਕੀ ਪਾਉੜੀ ਅੱਗੇ ਇੱਕ ਦੀਵਾਰ ਜਰੂਰ ਬਣਾਈ ਹੈ ਜਿਸ ਨੂੰ ਜਦੋਂ ਮਰਜੀ ਹਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਾਲਵੇ ਵਿੱਚ ਸ੍ਰੀ ਬਾਦਲ ਦਾ ਵੀ ਹੈਡ ਕੁਆਟਰ ਹੈ ਅਤੇ ਹੋਰ ਵੀ ਕਈ ਅਕਾਲੀ ਲੀਡਰਾਂ ਦੀ ਨੱਕ ਥੱਲੇ ਇਹ ਗੁਰਦੁਆਰਾ ਬਣਦਾ ਰਿਹਾ ਪਰ ਕਿਸੇ ਨੇ ਵੀ ਵੋਟਾਂ ਦੀ ਖਾਤਰ ਆਪਣੀ ਅਵਾਜ ਬੁਲੰਦ ਨਹੀ ਕੀਤੀ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਤੇ ਹੋਰ ਸਿੰਘ ਸਾਹਿਬਾਨ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਕੀ ਉਹਨਾਂ ਨੇ ਇਹ ਮੁੱਦਾ ਤਿਆਗ ਦਿੱਤਾ ਹੈ?

ਇਸ ਸਬੰਧੀ ਜਦੋਂ ਪੜਤਾਲੀਆ ਕਮੇਟੀ ਦੇ ਕਨਵੀਨਰ ਸ੍ਰੀ ਸੁਖਦੇਵ ਸਿੰਘ ਭੌਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਕਮੇਟੀ ਦੀ ਰੀਪੋਰਟ ਸੋਂਪ ਦਿੱਤੀ ਹੈ ਅਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕਰਨ ਦਾ ਉਹਨਾਂ ਨੂੰ ਕੋਈ ਹੁਕਮ ਨਹੀ ਆਇਆ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਕਲ ਦਾ ਹੋਰ ਕੋਈ ਵੀ ਗੁਰਦੁਆਰਾ ਨਹੀ ਉਸਾਰਿਆ ਜਾ ਸਕਦਾ। ਇਸੇ ਤਰ੍ਹਾ ਸ੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਤਸਲੀਮ ਕੀਤਾ ਕਿ ਤਿੰਨ ਮੈਂਬਰੀ ਬਣਾਈ ਗਈ ਕਮੇਟੀ ਦੀ ਰੀਪੋਰਟ ਉਹਨਾਂ ਦੇ ਕੋਲ ਪਈ ਹੈ ਅਤੇ ਹਾਲੇ ਤੱਕ ਗੁਰੂਦੁਆਰਾ ਮਸਤੂਆਣਾ ਵਿੱਚ ਕੋਈ ਤਬਦੀਲੀ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਜਲਦੀ ਹੀ ਇਸ ਬਾਰੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਦੋ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਪ੍ਰਬੰਧਕੀ ਕਮੇਟੀ ਵੱਲੋਂ ਗੁਰੂਦੁਆਰੇ ਵਿੱਚ ਤਬਦੀਲੀ ਕਰਨ ਦੀ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ ਅਤੇ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਤੇ ਹੀ ਬਣਾਇਆ ਗਿਆ ਹੈ ਜਿਸ ਨਾਲ ਸਿੱਖਾਂ ਦੀਆ ਭਾਵਨਾਵਾਂ ਨੂੰ ਭਾਰੀ ਠੇਸ ਪੁੱਜ ਰਹੀ ਹੈ। ਉਹਨਾਂ ਕਿਹਾ ਕਿ ਮਾਮਲਾ ਬਹੁਤ ਸੰਗੀਨ ਹੈ ਅਤੇ ਕਿਸੇ ਵੇਲੇ ਵੀ ਤੁਲ ਪਕੜ ਸਕਦਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਜਾਰੀ ਆਦੇਸ਼ਾਂ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਇਆ ਜਾਵੇਗਾ ਅਤੇ ਜੇਕਰ ਪ੍ਰਬੰਧਕਾਂ ਨੇ ਹਾਲੇ ਤੱਕ ਕੋਈ ਤਬਦੀਲੀ ਨਹੀ ਕੀਤੀ ਤਾਂ ਉਹ ਖੁਦ ਜਾ ਕੇ ਮੌਕਾ ਵੇਖਣਗੇ। 22 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਮਾਮਲਾ ਵਿਚਾਰੇ ਜਾਣ ਬਾਰੇ ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਜ਼ਰੂਰ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਜਾਵੇਗਾ ਸਗੋਂ ਅਕਾਲ ਤਖਤ ਤੋ ਜਾਰੀ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਇਆ ਜਾਵੇਗਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top