Share on Facebook

Main News Page

ਜਥੇਦਾਰਾਂ ਨੂੰ ਕਿਤੇ ਪੰਜਾਬ ’ਚ ਵੀ ਸਿੱਖ ਸੰਗਤਾਂ ਦੇ ਸਵਾਲਾਂ ਤੋਂ ਭੱਜਣਾ ਨਾ ਪੈ ’ਜੇ

‘‘ਭਾਈ! ਸੁਣਿਐ ਬਈ ਹੁਣ ਸ਼੍ਰੋਮਣੀ ਕਮੇਟੀ ਦੀ ਨਾਲਾਇਲਕੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ’ਚ ਈ ਬਹੁਤ ਗਲਤੀਆਂ ਹੋ ਗਈਆਂ ਨੇ, ਬੜਾ ਰੌਲਾ ਪਈ ਜਾਂਦੈ’’ ਬਾਬਾ ਲਾਭ ਸਿੰਘ ਨੇ ਮੋਢੇ ’ਤੇ ਰੱਖੇ ਪਰਨੇ ਨਾਲ ਤਖਤਪੋਸ਼ ਝਾੜਿਆ। ‘‘ਬਾਬਾ ਜੀ! ਸ਼੍ਰੋਮਣੀ ਕਮੇਟੀ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਪੂ ਕਿਸੇ ਨਿੱਜੀ ਪ੍ਰਕਾਸ਼ਕ ਕੋਲੋਂ ਛਪਵਾਏ ਗਏ ਨੇ ਤੇ ਕਹਿੰਦੇ ਨੇ ਇਹਨਾਂ ਸੁਨਹਿਰੀ ਅੱਖਰਾਂ ਵਾਲੇ ਸਰੂਪਾਂ ਦੀ ਛਪਾਈ ’ਚ ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਨੇ, ਇਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਜ਼ੋਰਦਾਰ ਢੰਗ ਨਾਲ ਮੁੱਦਾ ਉਠਾਇਆ ਗਿਐ’’ ਸ਼ਿੰਦੇ ਦੀ ਗੱਲ ਨੂੰ ਵਿਚਾਲਿਓ ਕਟਦਿਆਂ ਬਿੱਕਰ ਨੇ ਕਿਹਾ ‘‘ਆਹੋ! ਇਹ ਦਿੱਲੀ ਵਾਲੇ ਸ਼ਰਨੇ ਤਾਂ ਲਈ ਕੋਈ ਮੌਕਾ ਖੁੰਝਣ ਦਿੰਦੇ, ਝੱਟ ਸ਼ੁਰੂ ਕਰ ਦਿੰਦੇ ਨੇ ਬਿਆਨਬਾਜੀ, ਆਹ ਪਰਮੀ ਨੇ ਕੱਲ ਪੜ ਕੇ ਸੁਣਾਇਆ ਜੀ, ਉਹਨਾਂ ਨੇ ਤਾਂ ਇਹਨਾਂ ਸਰੂਪਾਂ ’ਚ ਰਹੀਆਂ ਕੁਛ ਗਲਤੀਆਂ ਨੂੰ ਅਖ਼ਬਾਰਾਂ ’ਚ ਛਾਪਵਾ ਕੇ ਸਾਰਿਆਂ ਤੋਂ ਏਹਦੇ ਲਈ ਜਵਾਬ ਮੰਗਿਐ’।

‘‘ਇਕ ਤਾਂ ਅਮਲੀਆ! ਤੂੰ ਕਿਸੇ ਨੂੰ ਚੱਜ ਨਾਲ ਗੱਲ ਨਈਂ ਕਰਨ ਦਿੰਦਾ, ਝੱਟ ਵਿਚਾਲਿਓ ਟਿਆਂ-ਟਿਆਂ ਕਰਨ ਲੱਗ ਜਾਨੈ, ਪਹਿਲਾਂ ਸ਼ਿੰਦੇ ਨੂੰ ਤਾਂ ਗੱਲ ਪੂਰੀ ਕਰ ਲੈਣ ਦੇ’’ ਬਿੱਦਰ ਨੂੰ ਮਾਸਟਰ ਦਰਸ਼ਨ ਸਿੰਘ ਦਬਕਾ ਮਾਰਕੇ ਚੁੱਪ ਕਰਵਾਉਣਾ ਚਾਹਿਆ ‘‘ਮਾਸਟਰਾ! ਐਂ ਮੈਂ ਤੈਥੋਂ ਡਰਦਾ ਡੂਰਦਾ ਨਈਂ ਬਹੁਤੀਆਂ ਅੱਖਾਂ ਜਿਹੀਆਂ ਨਾ ਕੱਢ’’ ਦੋਵਾਂ ਦੀ ਨੋਕ-ਝੋਕ ਸੁਣਕੇ ਸ਼ਿੰਦਾ ਹੱਸ ਕੇ ਕਹਿਣ ਲੱਗਿਆ ‘‘ਅਸਲ ਗੱਲ ਤਾਂ ਇਹ ਐ, ਬਈ ਹੁਣ ਦਿੱਲੀ ਕਮੇਟੀ ਵਾਲੇ ਪੁਛਦੇ ਨੇ ਬਈ ਸਾਰੇ ਕਾਇਦੇ ਕਾਨੂੰਨ ਤੋੜ ਕੇ ਇਹ ਸਰੂਪ ਕਿਸੇ ਨਿੱਜੀ ਪ੍ਰਕਾਸਕ ਤੋਂ ਛਪਵਾਏ ਈ ਕਿਉਂ ਗਏ, ਜਦੋਂ ਕਿ ਨਿੱਜੀ ਪ੍ਰਕਾਸ਼ਕਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰੋਂ ਛਪਵਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਐ, ਹੁਣ ਸ਼੍ਰੋਮਣੀ ਕਮੇਟੀ ਵੀ ਦੱਸੇ ਬਈ ਇਹ ਸਰੂਪ ਕਿਹੜੇ ਪ੍ਰਕਾਸ਼ਕ ਕੋਲੋਂ ਅਤੇ ਕਿਸ ਮਜਬੂਰੀ ਕਰਕੇ ਛਪਵਾਏ ਗਏ ਨੇ’’ ਬੋਲਦੇ-ਬੋਲਦੇ ਸ਼ਿੰਦੇ ਦਾ ਚਿਹਰਾ ਗੰਭੀਰ ਹੋਗਿਆ। ‘‘ਕਾਮਰੇਡਾ! ਇਹ ਸ਼੍ਰੋਮਣੀ ਕਮੇਟੀ ਤਾਂ ਬੱਸ ਗੁਰੂਘਰਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਤੇ ਕਬਜੇ ਛਡਵਾਉਣ ਦੇ ਕੰਮਾਂ ’ਚ ਈ ਫਸੀ ਪਈ ਹੈ, ਨਾ ਤਾਂ ਇਹਨਾਂ ਕੋਲੋਂ ਚੱਜ ਨਾਲ ¦ਗਰ ਈ ਚਲਦੈ, ਤੇ ਨਾ ਈ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਹੁੰਦੇ ਨੇ’’ ਬਿੱਕਰ ਨੇ ਫੇਰ ਧੱਕੇ ਨਾਲ ਹੀ ਬਹਿਸ ਵਿਚ ਯੋਗਦਾਨ ਪਾਇਆ।

‘‘ਭਾਈ! ਗੱਲ ਤਾਂ ਤੇਰੀ ਠੀਕ ਐ, ਸ਼੍ਰੋਮਣੀ ਕਮੇਟੀ ਤਾਂ ਹੁਣ ਬਾਦਲ ਦੀ ਪਾਰਟੀ ਲਈ ¦ਗਰਾਂ ਤੇ ਪੈਸੇ ਦਾ ਪ੍ਰਬੰਧ ਕਰਨ ’ਚ ਉਲਝ ਕੇ ਰਹਿਗੀ, ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਲਤੀ ਕਰਨ ਵਾਲਿਆਂ ਨੂੰ ਕੁਛ ਕਹਿਣ ਦੀ ਥਾਂ ਗਲਤੀ ਦੱਸਣ ਵਾਲਿਆਂ ਨੂੰ ਈ ਘੂਰੀ ਜਾਂਦੇ ਨੇ’’ ਬਾਬਾ ਲਾਭ ਸਿੰਘ ਨੇ ਬਿੱਕਰ ਦੀ ਗੱਲ ਅੱਗੇ ਵਧਾਈ। ‘‘ਬਾਬਾ ਜੀ! ਹੁਣ ਸਿੱਖ ਸੰਗਤਾਂ ਬਹੁਤ ਜਾਗਰੂਕ ਹੋ ਚੁੱਕੀਆਂ ਨੇ, ਪਹਿਲਾਂ ਵਿਦੇਸ਼ਾਂ ’ਚ ਸੰਗਤਾਂ ਦੇ ਜਵਾਬ ਦੇਣ ਵੀ ਭੱਜ ਕੇ ਆਏ ਨੇ ਸਾਡੇ ਇਹ ਜਥੇਦਾਰ ਸਾਹਿਬ, ਹੁਣ ਗੁਰੂ ਮਹਾਰਾਜ ਦੇ ਸਰੂਪਾਂ ’ਚ ਗਲਤੀਆਂ ਵਾਲੇ ਮੁੱਦੇ ’ਤੇ ਜਥੇਦਾਰ ਸਾਹਿਬ ਸਹੀ ਫੈਸਲਾ ਕਰਨ ਤੇ ਮੱਕੜ ਨੂੰ ਬਚਾਉਣ ਦੀ ਥਾਂ ਸਿੱਖੀ ਮਰਿਯਾਦਾ ਨੂੰ ਬਚਾਉਣ, ਜੇ ਹੁਣ ਸਵਾਲ ਹੋਣ ਲੱਗ ’ਗੇ, ਤਾਂ ਜਥੇਦਾਰਾਂ ਨੂੰ ਕਿਤੇ ਪੰਜਾਬ ’ਚ ਵੀ ਸਿੱਖ ਸੰਗਤਾਂ ਦੇ ਸਵਾਲਾਂ ਤੋਂ ਭੱਜਣਾ ਨਾ ਪੈ ’ਜੇ’’ ਸ਼ਿੰਦੇ ਦੀ ਇਸ ਅੰਤਲੀ ਗੱਲ ਨੇ ਸਾਰੇ ਸੋਚੀਂ ਪਾ ਦਿੱਤੇ।

ਘੁਣਤਰੀ 98764-16009

Source: http://www.punjabinewsonline.com/main-news.php


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top