Share on Facebook

Main News Page

ਪੰਥਕ ਖਬਰ-ਤਰਾਸ਼ੀ

(1) ਖਬਰ:- ਭੁੱਲਰ ਦੀ ਫਾਂਸੀ ਵਿਰੁਧ ਮੁਹਿੰਮ ਵਿਚ ਸ਼੍ਰੋਮਣੀ ਕਮੇਟੀ ਨੇ ਹੋਰ ਜਥੇਬੰਦਕ ਧਿਰਾਂ ਨੂੰ ਅਣਗੌਲਿਆਂ ਕੀਤਾ

ਟਿੱਪਣੀ:- ਪੰਥਕ ਜਥੇਬੰਦੀਆਂ ਵੀ ਮੂਰਖ ਜਾਪਦੀਆਂ ਹਨ, ਜਿਨ੍ਹਾਂ ਨੇ ਇਕ ਵਾਰ ਫੇਰ ਬਾਦਲੀ ਸ਼੍ਰੋਮਣੀ ਕਮੇਟੀ ’ਤੇ ਭਰੋਸਾ ਕਰ ਕੇ, ਉਸ ਦੀ ਅਗਵਾਈ ਕਬੂਲ ਲਈ। ਅੱਜ ਤੱਕ ਬਾਦਲ ਦਲ ਨੇ ਪੰਥਕ ਹਿਤਾਂ ਦਾ ਕੋਈ ਕਾਰਜ ਕੀਤਾ ਹੈ? ਜੋ ਉਹ ਹੁਣ ਕਰਨਗੇ? ਮੌਜੂਦਾ ਸ਼੍ਰੋਮਣੀ ਕਮੇਟੀ ਦਾ ਹੈ ਹੀ ਬਾਦਲ ਦੀ ਦੁੰਮਛਲਾ, ਉਸ ਤੋਂ ਪੰਥ ਦੇ ਹਿੱਤ ਦੀ ਆਸ ਕਰਨਾ ਕਮ-ਅਕਲੀ ਹੀ ਹੈ। ਉਸ ਨੇ ਤਾਂ ਇਸ ਮਸਲੇ ’ਤੇ ਇਸ ਲਈ ਹੱਥ ਪਾਇਆ ਹੈ ਤਾਂ ਕਿ ਅਗਲੇ ਸਾਲ ਆਉਣ ਵਾਲੀਆਂ ਚੌਣਾਂ ਲਈ ਕੋਈ ਮੁੱਦਾ ਮਿਲ ਸਕੇ। ਜਦੋਂ ਤੱਕ ਪੰਥਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਕਾਬਜ਼ ਪੁਜਾਰੀਆਂ ਦੀ ਜਕੜ ਤੋਂ ਬਾਹਰ ਨਿਕਲ ਕੇ ਕਦਮ ਪੁੱਟਣਾ ਨਹੀਂ ਸਿੱਖਦੇ, ਤਦੋਂ ਤੱਕ ਕਿਸੇ ਪੰਥਕ ਮਸਲੇ ਦੇ ਹੱਲ ਦੀ ਕੋਈ ਆਸ ਨਹੀਂ ਹੈ।

(2) ਖਬਰ:- ਰਕਾਬ ਗੰਜ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ

ਟਿੱਪਣੀ:- ਦਿੱਲੀ ਕਮੇਟੀ ਵਲੋਂ ਰੱਖੇ ਇਸ ‘ਨੀਂਹ ਪੱਥਰ’ ਦੀ ਤਸਵੀਰ ਵੇਖ ਕੇ ਸਪਸ਼ਟ ਹੋ ਗਿਆ ਕਿ ਕੌਮ ਵਿਚਲਾ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਇਕ ਵਾਰ ਫੇਰ ਕੌਮੀ ਧਨ ਨੂੰ ਬਰਬਾਦ ਕਰਨ ਦਾ ਮਨ ਬਣਾ ਚੂਕਾ ਹੈ। ਵੱਖ-ਵੱਖ ਸੁਚੇਤ ਜਥੇਬੰਦੀਆਂ ਵਲੋਂ ਦਿੱਲੀ ਕਮੇਟੀ ਨੂੰ ਇਸ ਬਾਰੇ ਸਮਝਾਉਣ ਦੇ ਬਾਵਜੂਦ ਸਰਨਾ ਕਮੇਟੀ ਦਾ ਇਸ ਪ੍ਰਾਜੈਕਟ ’ਤੇ ਅੜੇ ਰਹਿਣਾ ਸਾਬਿਤ ਕਰਦਾ ਹੈ ਕਿ ਲਗਭਗ ਸਾਰੇ ਪ੍ਰਬੰਧਕ ਇਕੋ ਜਿਹੇ ਹੀ ਹਨ। ਦਿੱਲੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਕਮੇਟੀ, ਕਰਨੀ ਸਭ ਨੇ ਕੌਮੀ ਧਨ ਦੀ ਬਰਬਾਦੀ ਹੀ ਹੈ। ਪੰਥ ਦੇ ਭਲੇ ਵਾਲੇ ਹਾਂ-ਪੱਖੀ ਕੰਮਾਂ ਦੀ ਇਨ੍ਹਾਂ ਤੋਂ ਆਸ ਕਰਨਾ ਫਿਜ਼ੂਲ ਹੈ।

(3) ਖਬਰ:- ਦਸਮ ਗ੍ਰੰਥ ਇਸ ਕਰਕੇ ਪ੍ਰਮਾਣਿਕ, ਕਿਉਂਕਿ ਜਰਨੈਲ ਸਿੰਘ ਭਿੰਡਰਾਵਾਲੇ ਇਸ ਦੀ ਕਥਾ ਕਰਦੇ ਸਨ: ਪਿੰਦਰਪਾਲ ਸਿੰਘ

ਟਿੱਪਣੀ:- ਪਿੰਦਰਪਾਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੁਰਮਤਿ ਵਿਰੋਧੀ ਗੱਲਾਂ ਕਰਦਾ ਆ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਪਿੰਦਰਪਾਲ ਸਿੰਘ ਇਕ ਮਿਸ਼ਨਰੀ ਕਾਲਜ ਦਾ ਪੜ੍ਹਿਆ ਪ੍ਰਚਾਰਕ ਹੈ। ਪਰ ਉਸ ਦਾ ਪ੍ਰਚਾਰ ਸੁਣ ਕੇ ਤਾਂ ਉਹ ਮਿਸ਼ਨਰੀ ਕਾਲਜ ਵੀ ਸ਼ਰਮਸਾਰ ਹੁੰਦਾ ਹੋਵੇਗਾ। ਦਸਮ ਗ੍ਰੰਥ ਦੇ ਹੱਕ ਵਿਚ ਇਤਨੀ ਕੱਚੀ ਦਲੀਲ ਦੇ ਕੇ ਉਸ ਨੇ ਆਪਣੇ ਵਿਦਵਾਨ (ਤਾਂ ਉਹ ਹੈ ਹੀ ਨਹੀਂ) ਪ੍ਰਚਾਰਕ ਹੋਣ ’ਤੇ ਹੀ ਪ੍ਰਸ਼ਨ ਚਿੰਨ੍ਹ ਲਵਾ ਲਿਆ ਹੈ।

(4) ਖਬਰ:- ਚੀਫ ਖਾਲਸਾ ਦੀਵਾਨ ਦੇ ਵਕਾਰ ਨੂੰ ਬਚਾਉਣ ਲਈ ਅਕਾਲ ਤਖਤ ’ਤੇ ਪਹੁੰਚ

ਟਿੱਪਣੀ :- ਪਤਾ ਨਹੀਂ ਵਾਰ-ਵਾਰ ਮੁੰਹ ਦੀ ਖਾਉਣ ਤੋਂ ਬਾਅਦ ਵੀ ਇਹ ਲੋਕ ਇਨ੍ਹਾਂ ਪੁਜਾਰੀਆਂ ਕੌਲੋਂ ਕਿਸੇ ਚੰਗੇ ਕੰਮ ਦੀ ਆਸ ਕਿਵੇਂ ਲਾਈ ਬੈਠੇ ਹਨ ? ਅਸਲ ਵਿਚ ਭ੍ਰਿਸ਼ਟ ਹਾਕਮਾਂ ਦੇ ਗੁਲਾਮ ਇਨ੍ਹਾਂ ਪੁਜਾਰੀਆਂ ਕੌਲੋਂ ਕਿਸੇ ਚੰਗੇ ਕੰਮ ਦੀ ਮੰਗ ਕਰਨ ਵਾਲੇ ਲੋਕ ਵੀ ਸਿਰਫ ਬਿਆਨ ਲਵਾਉਣ ਲਈ ਹੀ ਸ਼ਾਇਦ ਐਸਾ ਕਰਦੇ ਹਨ। ਜੇ ਕਿਸੇ ਚੰਗੇ ਕੰਮ ਨੂੰ ਰੁਕਵਾਉਣਾ ਹੋਵੇ ਤਾਂ ਇਨ੍ਹਾਂ ਪੁਜਾਰੀਆਂ ਨੂੰ ਬੇਨਤੀ ਕਰੋ ਇਹ ਝੱਟ ਮੰਨ ਲੈਣਗੇ। ਕਿਸੇ ਸੁਚੇਤ ਪ੍ਰਚਾਰਕ ਦਾ ਪ੍ਰਚਾਰ ਰੁਕਵਾਉਣ ਲਈ ਤਾਂ ਇਨ੍ਹਾਂ ਨੂੰ ਅਪੀਲ ਕਰਨ ਦੀ ਵੀ ਲੋੜ ਨਹੀਂ। ਇਹ ਆਪੇ ਹੀ ਐਸੀਆਂ ਅਪੀਲਾਂ ਤਿਆਰ ਕਰਵਾ ਲੈਂਦੇ ਹਨ।

(5) ਖਬਰ:- ਮੱਕੜ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ: ਭਾਈ ਰਣਜੀਤ ਸਿੰਘ

ਟਿੱਪਣੀ:- ਰਣਜੀਤ ਸਿੰਘ ਜੀ! ਮੱਕੜ ਜੀ ਦੀ ਕਾਰਗੁਜ਼ਾਰੀ ਬੇਸ਼ਕ ਪੰਥਕ ਹਿਤਾਂ ਦੇ ਖੇਤਰ ਵਿਚ ਤਸੱਲੀਬਖਸ਼ ਨਹੀਂ ਹੈ, ਪਰ ਪੰਥ ਵਿਰੋਧੀਆਂ ਦੀ ਸੇਧ ਤੇ ਅਪਣੇ ਆਕਾਵਾਂ (ਅਕਾਲੀ ਦਲ ਬਾਦਲ) ਦੇ ਹੁਕਮਾਂ ਨੂੰ ਲਾਗੂ ਕਰਵਾਉਣ ਪ੍ਰਤੀ ਇਨ੍ਹਾਂ ਦੀ ਕਾਰਗੁਜ਼ਾਰੀ ਲਾਜਵਾਬ ਹੈ। ਇਹ ਸਿੱਧ ਕਰਦਾ ਹੈ ਕਿ ਮੱਕੜ ਜੀ ਕੰਮ ਤਾਂ ਕਰ ਰਹੇ ਹਨ ਪਰ ਪੰਥਕ ਹਿਤਾਂ ਦੇ ਵਿਰੋਧ ਵਿਚ। ਇਸੇ ਲਈ ਤਾਂ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਉਹ ਆਪਣੀ ਡਿਉਟੀ ਖੂਬ ਨਿਭਾ ਰਹੇ ਹਨ। ਵੈਸੇ ਸੁਚੇਤ ਸਿੱਖ ਜਾਣਦੇ ਹਨ ਕਿ ਤੁਹਾਡੀ ਵੀ ਕਾਰਗੁਜ਼ਾਰੀ ‘ਜਥੇਦਾਰ’ ਵਜੋਂ ਤਸੱਲੀਬਖਸ਼ ਨਹੀਂ ਰਹੀ ਸੀ।

(6) ਖਬਰ:- ਪ੍ਰੋ. ਭੁੱਲਰ ਦੇ ਮਾਮਲੇ ਵਿਚ ਡੇਰੇਦਾਰਾਂ ਦੀ ਚੁੱਪ ਪੰਥ ਨਾਲ ਗੱਦਾਰੀ: ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਟਿੱਪਣੀ:- ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਸੁਚੇਤ ਵੀਰੋ! ਡੇਰੇਦਾਰ ਕਿਸੇ ਨਾਲ ਵਫਾਦਾਰੀ ਨਿਭਾ ਹੀ ਨਹੀਂ ਸਕਦੇ, ਕਿਉਂਕਿ ਉਨ੍ਹਾਂ ਦਾ ਮੁੱਢ ਹੀ ਲੋਕਾਈ ਨੂੰ ਗੁੰਮਰਾਹ ਕਰਕੇ ਲੁੱਟਣ ਦੀ ਫਿਲਾਸਫੀ ਵਿਚ ਹੈ। ਉਹ ਨਾ ਤਾਂ ਪੰਥ ਦੇ ਵਫਾਦਾਰ ਹੋ ਸਕਦੇ ਹਨ, ਨਾ ਹੀ ਮਨੁੱਖਤਾ ਦੇ। ਸਿੱਖ ਸਮਾਜ ਵਿਚਲੇ ਸਾਰੇ ਡੇਰੇਦਾਰਾਂ ਦਾ ਏਜੰਡਾ ਸਿੱਖ ਨੂੰ ‘ਕੇਸਾਧਾਰੀ ਹਿੰਦੂ’ ਬਣਾਉਣਾ ਅਤੇ ਸਹੀ ਗੁਰਮਤਿ ਗਿਆਨ ਤੋਂ ਦੂਰ ਰੱਖ ਕੇ ਕਰਮਕਾਂਡਾਂ ਦੇ ਪਸਾਰੇ ਰਾਹੀਂ ਆਪ ਬੁੱਲ੍ਹੇ ਲੁੱਟਣਾ ਹੈ। ਪਤਾ ਨਹੀਂ ਕਦੋਂ ਤੱਕ ਸਿੱਖ ਸਮਾਜ ਇਨ੍ਹਾਂ ਡੇਰੇਦਾਰਾਂ, ਪੁਜਾਰੀਆਂ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ) ਤੋਂ ਬੇਫਕੂਫੀ ਭਰਪੂਰ ਆਸਾਂ ਲਾਈ ਬੈਠਾ ਰਹੇਗਾ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top