Share on Facebook

Main News Page

ਸਰਕਾਰ ਨਾਲ ਮਿਲ ਕੇ ਚੱਲਣ ਵਾਲੇ ਸੰਤ ਅਖਵਾਉਣ ਦੇ ਹੱਕਦਾਰ ਨਹੀਂ ਹਨ: ਗਿਆਨੀ ਨੰਦਗੜ੍ਹ

* ਜਿਸ ਆਰਐਂਸਐਂਸ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵਿਚ ਅੜਚਨਾ ਪਾਈਆਂ ਸਨ ਉਸ ਦੇ ਏਜੰਟਾਂ ਨੇ ਹੀ ਹੁਣ ਇਸ ਕੈਲੰਡਰ ਦਾ ਕਤਲ ਕਰਵਾਇਆ
* ਜਿਨ੍ਹਾਂ ਟਕਸਾਲਾਂ 'ਤੇ ਪੰਥ ਮਾਣ ਕਰਦਾ ਰਿਹਾ ਹੈ, ਉਹ ਹੀ ਪੰਥ ਨੂੰ ਧੋਖਾ ਦੇ ਕੇ ਇਸ ਦੀਆਂ ਜੜਾਂ ਕੱਟਣ ਵਿੱਚ ਲੱਗੇ ਹੋਏ ਹਨ
* ਜੇ ਇਬਰਾਹਮ ਦੇ ਦੋ ਪੁੱਤਰ ਆਪਣੇ ਦੋ ਵੱਖ ਵੱਖ ਧਰਮ ਯਹੂਦੀ ਤੇ ਈਸਾਈ ਮੱਤ ਚਲਾ ਸਕਦੇ ਹਨ, ਤਾਂ ਹਿੰਦੂਆਂ ਵਿੱਚੋਂ ਨਿਕਲਿਆ ਸਿੱਖ ਧਰਮ ਵੱਖਰਾ ਧਰਮ ਕਿਉਂ ਨਹੀਂ ਹੋ ਸਕਦਾ?
* ਗੁਰੂ ਸਾਹਿਬ ਜੀ ਨੇ ਵੱਖ ਵੱਖ ਧਰਮ ਤੇ ਜਾਤ ਪਾਤ 'ਚ ਵਿਸ਼ਵਾਸ਼ ਰੱਖਣ ਵਾਲਿਆਂ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ' ਦੀ ਸਿਖਿਆ ਦੇ ਕੇ ਇੱਕ ਸਾਂਝਾ ਖ਼ਾਲਸਾ ਪੰਥ ਬਣਾਇਆ ਸੀ ਨਾ ਕਿ ਪੰਥ ਵਿਚੋਂ ਪੰਥ ਵਿੱਚੋਂ ਵੱਖਰਾ ਸੰਤ ਸਮਾਜ: ਗਿਆਨੀ ਨੰਦਗੜ੍ਹ
* ਜਿਹੜੇ ਵੀਰ ਕਹਿੰਦੇ ਹਨ ਕਿ ਗੁਰਬਾਣੀ ਵਿਆਕਰਣਿਕ ਨਿਯਮਾਂ ਤੋਂ ਸੁਤੰਤਰ ਹੈ ਉਹ ਠੀਕ ਨਹੀਂ ਹਨ: ਭਾਈ ਭਰਪੂਰ ਸਿੰਘ
* ਸ਼ਹੀਦ ਭਾਈ ਬਲਦੇਵ ਸਿੰਘ ਖੋਖਰ ਐਡਵੋਕੇਟ ਅਤੇ ਕਾਕਾ ਭਵਦੀਪ ਸਿੰਘ ਗੁਰਮਤਿ ਵਿਦਿਆਲਾ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ ਨੇ ਜਥੇਦਾਰ ਨੰਦਗੜ੍ਹ ਵਲੋਂ ਧਰਮ ਪ੍ਰਚਾਰ ਵਿੱਚ ਵਿਖਾਈ ਜਾ ਰਹੀ ਵਿਸ਼ੇਸ਼ ਰੁਚੀ ਤੋਂ ਪ੍ਰਭਾਵਤ ਹੋ ਕੇ ਟ੍ਰਸਟ ਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਕੀਤਾ ਐਲਾਨ

ਬਠਿੰਡਾ, 7 ਜੁਲਾਈ (ਕਿਰਪਾਲ ਸਿੰਘ): ਜਿਨ੍ਹਾਂ ਟਕਸਾਲਾਂ 'ਤੇ ਪੰਥ ਮਾਣ ਕਰਦਾ ਰਿਹਾ ਹੈ ਕਿ ਇਹ ਸਿੱਖੀ ਦੇ ਭਰੋਸੇਯੋਗ ਪ੍ਰਚਾਰਕ ਤਿਆਰ ਕਰਦੀਆਂ ਹਨ ਉਹ ਹੀ ਪੰਥ ਨੂੰ ਧੋਖਾ ਦੇ ਕੇ ਇਸ ਦੀਆਂ ਜੜਾਂ ਕੱਟਣ ਵਿੱਚ ਲੱਗੇ ਹੋਏ ਹਨ। ਸਰਕਾਰ ਨਾਲ ਮਿਲ ਕੇ ਚੱਲਣ ਵਾਲੇ ਸੰਤ ਅਖਵਾਉਣ ਦੇ ਹੱਕਦਾਰ ਨਹੀਂ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਸ਼ਹੀਦ ਭਾਈ ਬਲਦੇਵ ਸਿੰਘ ਖੋਖਰ ਐਡਵੋਕੇਟ ਅਤੇ ਕਾਕਾ ਭਵਦੀਪ ਸਿੰਘ ਗੁਰਮਤਿ ਵਿਦਿਆਲਾ, ਨੇੜੇ ਗਿੱਲਪੱਤੀ (ਬਠਿੰਡਾ) ਵਿਖੇ ਟ੍ਰਸਟ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ ਖੋਖਰ ਵਲੋਂ ਧਰਮ ਪ੍ਰਚਾਰ ਕਮੇਟੀ (ਮਾਲਵਾ ਜ਼ੋਨ) ਦੇ ਇੰਚਾਰਜ਼ ਭਾਈ ਭਰਪੂਰ ਸਿੰਘ ਦੇ ਭਰਵੇਂ ਸਹਿਯੋਗ ਨਾਲ ਇੱਥੇ ਕਰਵਾਏ ਗਏ ਦੋ ਰੋਜ਼ਾ ਗੁਰਮਤਿ ਵਿਚਾਰ ਤੇ ਕਥਾ ਸਮਾਗਮ ਦੇ ਅਖੀਰਲੇ ਦਿਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅੱਜ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੇ ਕਹੇ। ਉਨ੍ਹਾਂ ਕਿਹਾ ਕਿ ਟਕਸਾਲਾਂ ਤੇ ਡੇਰਿਆਂ ਵਾਲੇ ਨਾਮ ਤਾਂ ਕਰਨੀਵਾਲੇ ਪੁਰਾਤਨ ਮਹਾਂਪੁਰਸ਼ਾਂ ਦਾ ਲੈ ਰਹੇ ਹਨ ਪਰ ਉਨ੍ਹਾਂ ਦਾ ਆਪਣਾ ਕਿਰਦਾਰ ਉਨ੍ਹਾਂ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਸੰਤ ਅਤਰ ਸਿੰਘ ਦੀ ਮਿਸਾਲ ਦਿੱਤੀ ਕਿ ਜਿਸ ਸਮੇਂ ਅੰਗਰੇਜਾਂ ਅਧੀਨ 72 ਦੇਸ਼ਾਂ ਜਿਨਾਂ ਨੂੰ ਕਾਮਨ ਵੈਲਥ ਕੰਟ੍ਰੀਜ਼ ਕਿਹਾ ਜਾਂਦਾ ਹੈ ਦੇ ਮੁਖੀ ਇੰਗਲੈਂਡ ਦੇ ਬਾਦਸ਼ਾਹ ਜਾਰਜ਼ ਪੰਜਵਾਂ ਦੇ ਸਤਿਕਾਰ ਵਿੱਚ ਦਿੱਲੀ ਵਿਖੇ ਜਲੂਸ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਝੁਕ ਝੁਕ ਸਲਾਮਾਂ ਕਰ ਰਹੇ ਸਨ ਉਸ ਸਮੇਂ ਉਸ ਦੇ ਸਾਹਮਣੇ ਸੰਤ ਅਤਰ ਸਿੰਘ ਨੇ ਗੁਰਬਾਣੀ ਦਾ ਸ਼ਬਦ ਪੜ੍ਹਿਆ ‘ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥1॥ ਰਹਾਉ ॥' (ਪੰਨਾ 856)

ਜਾਰਜ਼ ਪੰਜਵਾਂ ਦੇ ਪੁੱਛਣ 'ਤੇ ਜਦ ਮਹਾਰਾਜਾ ਨਾਭਾ ਨੇ ਦੱਸਿਆ ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਭਗਤ ਕਬੀਰ ਜੀ ਦਾ ਉਚਾਰਣ ਕੀਤਾ ਹੋਇਆ ਹੈ ਜਿਸ ਦੇ ਅਰਥ ਹਨ ਕਿ ਜਗਤ ਵਿਚ ਕੋਈ ਜੀਵ ਪ੍ਰਮਾਤਮਾ ਦੇ ਬਰਾਬਰ ਦਾ ਰਾਜਾ ਨਹੀˆ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾˆ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ। ਇਹ ਸੁਣ ਕੇ ਜਾਰਜ਼ ਪੰਜਵੇਂ ਨੇ ਉਸ ਸੱਚ ਬੋਲਣ ਵਾਲੇ ਸੰਤ ਅਤਰ ਸਿੰਘ ਨੂੰ ਆਪਣਾ ਟੋਪ ਲਾਹ ਕੇ ਸਲੂਟ ਕੀਤਾ। ਪਰ ਅੱਜ ਦੇ ਕਿਸੇ ਸੰਤ ਵਿੱਚ ਮੌਕੇ ਦੇ ਰਾਜਿਆਂ ਅੱਗੇ ਇਹ ਸੱਚ ਬੋਲਣ ਦੀ ਜੁਰਅਤ ਨਹੀਂ ਹੈ ਤੇ ਉਹ ਉਨ੍ਹਾਂ ਦੀ ਖੁਸ਼ਾਮਦੀ ਕਰਦੇ ਨਹੀਂ ਥਕਦੇ, ਤਾਂ ਇਹ ਸੰਤ ਕਹਾਉਣ ਦੇ ਕਾਬਲ ਕਿਵੇਂ ਹੋ ਸਕਦੇ ਹਨ?

ਗਿਆਨੀ ਨੰਦਗੜ੍ਹ ਨੇ ਕਿਹਾ ਕੁਝ ਬੰਦੇ ਬਹੁਗਿਣਤੀ ਦੀ ਖੁਸ਼ਮਦੀ ਕਰਦੇ ਹੋਏ ਕਹਿੰਦੇ ਹਨ ਕਿ ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ ਇਸ ਲਈ ਹਿੰਦੂ ਧਰਮ ਦਾ ਹੀ ਇੱਕ ਅੰਗ ਹਨ। ਉਨ੍ਹਾਂ ਕਿਹਾ ਜੇ ਇਬਰਾਹਮ ਦੇ ਦੋ ਪੁੱਤਰ ਆਪਣੇ ਦੋ ਵੱਖ ਵੱਖ ਧਰਮ ਯਹੂਦੀ ਤੇ ਈਸਾਈ ਮੱਤ ਚਲਾ ਸਕਦੇ ਹਨ ਤਾਂ ਹਿੰਦੂਆਂ ਵਿੱਚੋਂ ਨਿਕਲਿਆ ਸਿੱਖ ਧਰਮ ਵੱਖਰਾ ਧਰਮ ਕਿਉਂ ਨਹੀਂ ਹੋ ਸਕਦਾ? ਗਿਆਨੀ ਨੰਦਗੜ੍ਹ ਨੇ ਕਿਹਾ ਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਾ ਬਰਦਾਸ਼ਤ ਕਰਨ ਵਾਲੀ ਆਰਐਂਸਐਂਸ ਨੇ ਸਿੱਖ ਧਰਮ ਦੀ ਪਛਾਣ ਨਾਨਕਸ਼ਾਹੀ ਕੈਲੰਡਰ ਨੂੰ 2003 ਵਿੱਚ ਲਾਗੂ ਕਰਨ ਸਮੇਂ ਵਿਰੋਧ ਕੀਤਾ ਪਰ ਅਸੀਂ ਉਸ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਲਾਗੂ ਕੀਤਾ ਤੇ ਸਾਰੀ ਕੌਮ ਨੇ ਇਸ ਨੂੰ ਪ੍ਰਵਾਨ ਕਰ ਲਿਆ, ਸਵਾਏ ਉਨ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਇਨ੍ਹਾਂ ਪੰਥ ਵਿਰੋਧੀਆਂ ਨੂੰ ਹੀ ਖੁਸ਼ ਕਰਨ ਲਈ ਸਾਡੇ ਆਗੂਆਂ ਨੇ ਸੋਧ ਦੇ ਨਾਮ ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਹੈ।

ਗਿਆਨੀ ਨੰਦਗੜ੍ਹ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਵਿਗਾੜੇ ਗਏ ਕੈਲੰਰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਤਾਂ 5 ਜੂਨ ਨੂੰ ਮਨਾਇਆ ਗਿਆ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਤਾਂ ਇਹ ਦੱਸਣ ਕਿ ਸ਼ਹੀਦੀ ਤੋਂ 6 ਦਿਨ ਪਿੱਛੋਂ ਗੁਰਗੱਦੀ ਕਿਸ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖੋਤੇ 'ਤੇ ਸ਼ੇਰ ਦੀ ਖੱਲ ਪਾਉਣ ਨਾਲ ਉਹ ਸ਼ੇਰ ਨਹੀਂ ਬਣ ਜਾਂਦਾ ਉਸੇ ਤਰ੍ਹਾਂ ਜਿਸ ਕੈਲੰਡਰ ਦੀਆਂ ਤਰੀਖਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਹਨ ਉਸ ਦਾ ਨਾਮ ਨਾਨਕਸ਼ਾਹੀ ਰੱਖਣ ਨਾਲ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਬਣ ਸਕਦਾ। ਉਨ੍ਹਾਂ ਸਪੱਸ਼ਟ ਰੂਪ 'ਚ ਡਾ: ਅਨੁਰਾਗ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਜਿਸ ਆਰਐਂਸਐਂਸ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਸਮੇਂ ਵਿਰੋਧ ਕੀਤਾ, ਹੁਣ ਇਸ ਨੂੰ ਰੱਦ ਕਰਵਾਉਣ ਵਾਲੇ ਉਸੇ ਆਰਐਂਸਐਂਸ ਦੇ ਏਜੰਟ ਹਨ। ਸੰਤ ਸਮਾਜ 'ਤੇ ਕਰਾਰੀ ਚੋਟ ਕਰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਵੱਖ ਵੱਖ ਧਰਮ ਤੇ ਜਾਤ ਪਾਤ 'ਚ ਵਿਸ਼ਵਾਸ਼ ਰੱਖਣ ਵਾਲਿਆਂ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ' ਦੀ ਸਿਖਿਆ ਦੇ ਕੇ ਇੱਕ ਸਾਂਝਾ ਖ਼ਾਲਸਾ ਪੰਥ ਬਣਾਇਆ ਸੀ ਨਾ ਕਿ ਪੰਥ ਵਿਚੋਂ ਵੱਖਰਾ ਸੰਤ ਸਮਾਜ। ਉਨ੍ਹਾਂ ਕਿਹਾ ਇਹ ਆਪਣੀ ਹੋਂਦ ਵਿਖਾਉਣ ਲਈ ਦੂਜੀਆਂ ਜਥੇਬੰਦੀਆਂ ਵਲੋਂ ਉਲੀਕੇ ਪ੍ਰਗਰਾਮਾਂ ਵਿੱਚ ਤਾਂ ਸ਼ਾਮਲ ਹੋ ਜਾਂਦੇ ਹਨ, ਪਰ ਪਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਸ ਸੰਤ ਸਮਾਜ ਨੇ ਆਪਣੇ ਤੌਰ 'ਤੇ ਕੋਈ ਪ੍ਰੋਗਰਾਮ ਨਹੀ ਉਲੀਕਿਆ।

ਇਸ ਦੋ ਰੋਜ਼ਾ ਸਮਾਗਮ ਵਿਚ ਸ਼ੀ ਦਰਬਾਰ ਸਾਹਿਬ ਜੀ ਦੇ ਅਰਦਾਸੀਆ ਸਿੰਘ ਭਾਈ ਭਰਪੂਰ ਸਿੰਘ ਨੇ ਗੁਰਬਾਣੀ ਵਿੱਚ ਵਿਆਕਰਣ ਅਨੁਸਾਰ ਵਰਤੀਆਂ ਗਈਆਂ ਲਗਾਂ ਮਾਤਰਾਂ ਦੇ ਗੁੱਝੇ ਭੇਦਾਂ 'ਤੇ ਵਿਸਤਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਹੜੇ ਵੀਰ ਕਹਿੰਦੇ ਹਨ ਕਿ ਗੁਰਬਾਣੀ ਵਿਆਕਰਣਿਕ ਨਿਯਮਾਂ ਤੋਂ ਸੁਤੰਤਰ ਹੈ ਉਹ ਠੀਕ ਨਹੀਂ ਹਨ। ਜੇ ਗੁਰਬਾਣੀ ਧੁਰ ਕੀ ਬਾਣੀ ਹੈ ਤਾਂ ਇਸ ਨਾਲ ਲਗ ਮਾਤਰਾਵਾਂ ਵੀ ਧੁਰ ਤੋਂ ਹੀ ਲੱਗੀਆਂ ਹੋਈਆਂ ਹਨ ਭਾਵ ਗੁਰੂ ਸਾਹਿਬ ਨੇ ਖ਼ੁਦ ਆਪ ਹੀ ਲਾਈਆਂ ਹਨ, ਇਹ ਕਿਸੇ ਵਿਦਵਾਨ ਨੇ ਆਪਣੀ ਬਣਾਈ ਵਿਆਕਰਣ ਅਨੁਸਾਰ ਆਪ ਨਹੀਂ ਲਾਈਆਂ, ਸਗੋਂ ਗਰੂ ਸਾਹਿਬ ਵਲੋਂ ਲਾਈਆਂ ਗਈਆਂ ਲਗ ਮਾਤ੍ਰਾ ਦੇ ਨਿਯਮ ਇਸ ਦੇ ਵਿਚੋਂ ਖੋਜੇ ਹਨ। ਉਨ੍ਹਾਂ ਦੱਸਿਆ ਕਿ ਵਿਆਕਰਣਕ ਨਿਯਮਾਂ ਅਨੁਸਾਰ ਬਿੰਦੀ ਦਾ ਉਚਾਰਣ ਕਰਨਾ ਜਰੂਰੀ ਹੈ, ਪਰ ਬੇਲੋੜੀ ਤੇ ਬੇਨਿਯਮੀ ਬਿੰਦੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿਹਾ ਕਿ ਮੁਕਤਾ, ਔਕੜ ( ੁ) ਅਤੇ ਦੁਲੈਂਕੜ ( ੂ) ਨਾਲ ਬਿੰਦੀ ਦਾ ਉਚਾਰਣ ਨਹੀਂ ਹੁੰਦਾ।

ਬਿਸ੍ਰਾਮ ਦੇ ਨਿਯਮ ਦੱਸਦਿਆਂ ਉਨ੍ਹਾਂ ਕਿਹਾ ‘ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ, ਆਖਾ ਨਾਹੀ; ਕਹਣਾ ਕਥਨੁ ਨ ਜਾਈ ॥' ਵਿੱਚ ‘ਈਸਰੁ' ਤੋਂ ਬਾਅਦ ਲਘੂ ਬਿਸ੍ਰਾਮ ਅਤੇ ‘ਬਰਮਾ' ਤੋਂ ਬਾਅਦ ਅਰਧ ਬਿਸ੍ਰਾਮ ਲਾਉਣ ਨਾਲ ਅਰਥਾਂ ਅਤੇ ਕਾਵਿਕ ਨਿਯਮਾਂ ਅਨੁਸਾਰ ਸ਼ੁੱਧ ਉਚਾਰਣ ਬਣਦਾ ਹੈ। ਉਨ੍ਹਾਂ ਦੱਸਿਆ ਕਿ ਮੁਕਤਾ, ਔਂਕੜ ਅਤੇ ਸਿਹਾਰੀ ਲਘੂ ਮਾਤਰਾ ਹਨ ਜਿਹੜੀਆਂ ਕਿ ਕਾਵਿਕ ਨਿਯਮਾਂ ਅਨੁਸਾਰ ਗਿਣੀਆਂ ਨਹੀਂ ਜਾਂਦੀਆਂ ਜਦੋਂ ਕਿ ਬਾਕੀ ਦੀਆਂ ਸਾਰੀਆਂ ਮਾਤਰਾਂ ਦੀਰਘ ਮਾਤਰਾਵਾਂ ਹਨ। ਅੱਖਰ ਤੇ ਦੀਰਘ ਮਾਤਰਾ ਦੀ ਗਿਣਤੀ 1 ਗਿਣੀ ਜਾਂਦੀ ਹੈ। ਉਕਤ ਤੁਕ ਵਿੱਚ ‘ਬਰਮਾ' ਤੱਕ 16 ਮਾਤਰਾ ਅਤੇ ਉਸ ਤੋਂ ਅੱਗੇ ‘ਮਾਈ' ਤੱਕ 12 ਮਾਤਰਾ ਬਣਦੀਆਂ ਹਨ। ਇਸ ਤੋਂ ਅਗਲੀ ਤੁਕ ਵਿੱਚ ‘ਨਾਹੀ' ਤੱਕ 16 ਅਤੇ ਇਸ ਤੋਂ ਅੱਗੇ ‘ਜਾਈ' ਤੱਕ 12। ਇਸ ਤੋਂ ਸਿੱਧ ਹੋਇਆ ਕਿ ਕਾਵਿਕ ਤੋਲ ‘ਗੁਰ' ਨੂੰ ਬਰਮਾ ਨਾਲ ਨਹੀਂ ਬਲਕਿ ‘ਪਾਰਬਤੀ ਨਾਲ ਜੋੜ ਕੇ ਪੜ੍ਹਨ ਨਾਲ ਪੂਰਾ ਹੁੰਦਾ ਹੈ। ਇਨ੍ਹਾਂ ਤੁੱਕਾਂ ਵਿੱਚ ਸਹੀ ਅਰਧ ਬਿਸ੍ਰਾਮ ‘ਬਰਮਾ' ਅਤੇ ‘ਨਾਹੀ' ਤੋਂ ਬਾਅਦ ਹੀ ਸਹੀ ਹਨ। ਜਿਸ ਦੇ ਅਰਥ ਹਨ: ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਪਾਰਬਤੀ ਤੇ ਲਛਮੀ ਆਦਿ ਦੇਵੀਆਂ ਹਨ ਹੈ। ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ (ਭੀ) ਲਵਾਂ; (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਤੋਂ ਇਲਾਵਾ ਭਾਈ ਭਰਪੂਰ ਸਿੰਘ ਖ਼ਾਲਸਾ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਹਰਪ੍ਰੀਤ ਸਿੰਘ ਹੈਂਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੁਕਤਸਰ, ਭਾਈ ਭਰਪੂਰ ਸਿੰਘ ਇੰਚਾਰਜ਼ (ਮਾਲਵਾ ਜ਼ੋਨ) ਧਰਮ ਪ੍ਰਚਾਰ ਕਮੇਟੀ, ਭਾਈ ਗੁਰਚਰਨ ਸਿੰਘ ਕਥਾਵਾਚਕ ਗੁਰਦਆਰਾ ਹਾਜ਼ੀਰਤਨ ਬਠਿੰਡਾ, ਆਦਿ ਨੇ ਵੀ ਸਬੋਧਨ ਕੀਤਾ। ਟ੍ਰਸਟ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਤੇ ਬੀਬੀ ਦਵਿੰਦਰ ਕੌਰ, ਤਖ਼ਤ ਦਮਦਮਾ ਸਾਹਬ ਦੇ ਪੰਜ ਪਿਆਰੇ ਭਾਈ ਮੇਜਰ ਸਿੰਘ ਭਾਈ ਦਿਲਬਾਗ ਸਿੰਘ ਭਾਈ ਗੁਰਵਿੰਦਰ ਸਿੰਘ ਭਾਈ ਹਰਜੀਤ ਸਿੰਘ ਭਾਈ ਕਿਹਰ ਸਿੰਘ; ਕੇਸਰੀ ਕਲਾਥ ਹਾਊਸ ਦੇ ਮਾਲਕ ਬਾਬਾ ਰਤਨ ਸਿੰਘ, ਭਾਈ ਹਰਿਮੰਦਰ ਸਿੰਘ ਸੇਵਕ ਦਲ ਬਠਿੰਡਾ; ਭਾਈ ਕਿੱਕਰ ਸਿੰਘ, ਭਾਈ ਮੱਖਨ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਮਹਿੰਦਰ ਸਿੰਘ, ਬਾਬਾ ਆਤਮਾ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਬਲਵੰਤ ਸਿੰਘ ਪੰਛੀ, ਸੁਖਦੇਵ ਸਿੰਘ ਐਂਸਐਂਮ ਬੈਟਰੀਜ਼, ਆਦਿ ਸਮਾਗਮ 'ਚ ਹਾਜ਼ਰ ਸਨ ਜਿਨ੍ਹਾਂ ਦੀਆਂ ਸੇਵਾਵਾਂ ਕਾਰਣ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੇ ਸਿਰਪਾਉ ਦੀ ਬਖ਼ਸ਼ਿਸ਼ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ।

ਬੀਬੀ ਤਰਲੋਚਨ ਕੌਰ ਦੀ ਅਗਵਾਈ ਵਿੱਚ ਸੰਗਤ ਵਲੋਂ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਨੂੰ ਦਸਤਾਰ ਦੇ ਕੇ ਸਨਮਾਨਤ ਕੀਤਾ ਅਤੇ ਜਥੇਦਾਰ ਸਾਹਿਬ ਵਲੋਂ ਭਾਈ ਭਰਪੂਰ ਸਿੰਘ ਅਰਦਾਸੀਆ, ਭਾਈ ਭਰਪੂਰ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਬੀਬੀ ਤਰਲੋਚਨ ਕੌਰ, ਬਾਬਾ ਰਤਨ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਦਰਬਾਰ 'ਚ ਏਸੀ ਲਵਾਉਣ ਦੀ ਸੇਵਾ ਕਰਨ ਵਾਲੇ ਪਲਵਿੰਦਰ ਸਿੰਘ ਰੰਧਾਵਾ ਅਤੇ ਲੇਖਕ ਪਟਵਾਰੀ ਜਸਕਰਨ ਸਿੰਘ ਸਿਵੀਆਂ ਨੂੰ ਲੋਈ ਤੇ ਸਿਰੋਪੇ ਦੀ ਬਖ਼ਸ਼ਿਸ਼ ਕਰਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅਖੀਰ 'ਤੇ ਟ੍ਰਸਟ ਦੀ ਪ੍ਰਧਾਨ ਬੀਬੀ ਤਰਲੋਚਨ ਕੌਰ ਨੇ ਜਥੇਦਾਰ ਨੰਦਗੜ੍ਹ ਵਲੋਂ ਧਰਮ ਪ੍ਰਚਾਰ ਵਿੱਚ ਵਿਖਾਈ ਜਾ ਰਹੀ ਵਿਸ਼ੇਸ਼ ਰੁਚੀ ਤੋਂ ਪ੍ਰਭਾਵਤ ਹੋ ਕੇ ਟ੍ਰਸਟ ਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਗੁਰਮਤਿ ਵਿਦਿਆਲਾ ਉਨ੍ਹਾਂ ਆਪਣੇ ਪਤੀ ਸ਼ਹੀਦ ਬਲਦੇਵ ਸਿੰਘ ਖੋਖਰ ਅਤੇ ਆਪਣੇ ਪੁੱਤਰ ਕਾਕਾ ਭਵਦੀਪ ਸਿੰਘ ਦੀ ਯਾਦ ਵਿੱਚ ਗੁਰਮਤਿ ਦੇ ਪ੍ਰਚਾਰ ਹਿੱਤ ਬਣਾਇਆ ਸੀ। ਹੁਣ ਉਹ ਸਮਝਦੀ ਹੈ ਕਿ ਸਿੰਘ ਸਾਹਿਬ ਗਿਆਨੀ ਨੰਦਗੜ੍ਹ ਦੀ ਅਗਵਾਈ ਵਿੱਚ ਹੀ ਉਹ ਆਪਣੇ ਇਸ ਆਸ਼ੇ ਦੀ ਬਿਹਤਰ ਢੰਗ ਨਾਲ ਪ੍ਰਾਪਤੀ ਕਰ ਸਕਦੀ ਹੈ, ਇਸ ਲਈ ਇਸ ਟ੍ਰਸਟ ਦੀ ਸਾਰੀ ਜਾਇਦਾਦ ਉਨ੍ਹਾਂ ਦੇ ਹਵਾਲੇ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ। ਇਹ ਹੁਣ ਜਥੇਦਾਰ ਸਾਹਿਬ ਦੀ ਮਰਜੀ ਹੈ ਕਿ ਉਹ ਇਸ ਦੀ ਗੁਰਮਤਿ ਪ੍ਰਚਾਰ ਹਿਤ ਖੁਦ ਵਰਤੋਂ ਕਰਦੇ ਹਨ, ਜਾਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦੇ ਹਨ, ਜਾਂ ਕਿਸੇ ਹੋਰ ਯੋਗ ਸੰਸਥਾ ਦੇ ਹਵਾਲੇ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top