Share on Facebook

Main News Page

ਗੁਰਦੇਵ ਸਿੰਘ ਬਾਦਲ ਵਲੋਂ ਡੇਰੇਦਾਰਾਂ ਦੇ ਹੱਕ ਵਿਚ ਦਿਤਾ ਬਿਆਨ ਮਗਰੋਂ ਜਥੇਦਾਰਾਂ ਦੀ ਚੁੱਪ ਬਣੀ ਚਰਚਾ ਦਾ ਵਿਸ਼ਾ

* ਮੈਂ ਤਾਂ ਅਖਬਾਰ ਹੀ ਨਹੀਂ ਪੜ - ਗਿ: ਗੁਰਬਚਨ ਸਿੰਘ
* ਮੈਨੂੰ ਤਾਂ ਇਸ ਬਾਰੇ ਕੁੱਝ ਪਤਾ ਹੀ ਨਹੀਂ - ਗਿ: ਤਰਲੋਚਨ ਸਿੰਘ
* ਮਰੇ ਮੁਕਰੇ ਦਾ ਕੋਈ ਇਲਾਜ ਨਹੀਂ - ਗਿ: ਨੰਦਗੜ੍ਹ
* ਜਥੇਦਾਰ ਆਪਣੇ ਫਰਜਾਂ ਦੀ ਪੂਰਤੀ ਕਰਨ - ਗਿ: ਕੇਵਲ ਸਿੰਘ

ਅਨੰਦਪੁਰ ਸਾਹਿਬ (8 ਜੁਲਾਈ, ਸੁਰਿੰਦਰ ਸਿੰਘ ਸੋਨੀ): ਖਾਲਸੇ ਦੀ ਪਾਵਨ ਧਰਤੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦੱਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਵਲੋਂ ਡੇਰੇਦਾਰਾਂ ਦੇ ਹੱਕ ਵਿਚ ਦਿਤਾ ਬਿਆਨ ਜਿਥੇ ਚਰਚਾ ਦਾ ਵਿਸ਼ਾ ਬਣ ਗਿਆ ਹੈ,  ਉਥੇ ਇਸ ਮਾਮਲੇ ਵਿਚ ਤਖਤਾਂ ਦੇ ‘ਜਥੇਦਾਰਾਂ'ਵਲੋ ਧਾਰੀ ਚੁੱਪ ਵੀ ਸਿੱਖ ਹਲਕਿਆਂ ਵਿਚ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਹਿਲਾਂ ਹੀ ਜਥੇਦਾਰਾਂ ਤੇ ਬਾਦਲ ਦਾ ਪੱਖ ਪੂਰਨ ਦੇ ਸੰਗੀਨ ਦੋਸ਼ ਲਗਦੇ ਰਹੇ ਹਨ, ਤੇ ਗੁਰਦੇਵ ਬਾਦਲ ਦੇ ਬਿਆਨ ਨੇ ਹੁਣ ‘ਜਥੇਦਾਰਾਂ' ਨੂੰ ਕਸੂਤੀ ਸਥਿਤੀ ਵਿਚ ਫਸਾ ਦਿਤਾ ਹੈ।

ਹੁਣ ਜਥੇਦਾਰਾਂ ਨੇ ਪੱਤਰਕਾਰਾਂ ਕੋਲ਼ੋਂ ਆਪਣਾ ਖਹਿੜਾ ਛੁਡਾਉਣ ਲਈ ਤਰਾਂ ਤਰਾਂ ਦੇ ਬਹਾਨੇ ਬਨਾਉਣੇ ਵੀ ਸ਼ੁਰੂ ਕਰ ਦਿਤੇ ਹਨ। ਇਸ ਬਾਰੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗੁਰਬਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਕਿਹਾ ਕਿ ਮੈਂ ਇਥੇ ਨਹੀਂ ਸੀ, ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਗੁਰਦੇਵ ਸਿੰਘ ਬਾਦਲ ਨੇ ਸਿੱਖ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਭਨਿਆਰੀਏ ਤੇ ਝੂਠੇ ਸੋਦੇ ਦੇ ਡੇਰੇ ਜਾਣਾ ਵੀ ਜਾਇਜ ਦੱਸਿਆ ਹੈ, ਤਾਂ ਗੁਰਬਚਨ ਸਿੰਘ ਨੇ ਕਿਹਾ, ਕਿ ਮੈਂ ਤਾਂ ਅਖਬਾਰ ਹੀ ਨਹੀਂ ਪੜੀ ਅਤੇ ਮੈਂਨੂੰ ਇਸ ਬਾਰੇ ਕੋਈ ਪਤਾ ਨਹੀਂ। ਉਨ੍ਹਾਂ ਕਿਹਾ ਮੈਂ ਤੁਹਾਡੇ ਸੁਆਲ ਦਾ ਜੁਆਬ ਨਹੀਂ ਦੇ ਸਕਦਾ।

ਜਦੋਂ ਇਸ ਬਾਰੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਵੀ ਇਸੀ ਰਾਹ ਤੇ ਤੁਰਦਿਆਂ ਕਿਹਾ ਕਿ ਮੈਂਨੂੰ ਇਸ ਬਾਰੇ ਕੁੱਝ ਪਤਾ ਹੀ ਨਹੀਂ, ਮੈਂ ਸਾਰੀ ਗੱਲ ਪਤਾ ਕਰਕੇ ਫਿਰ ਹੀ ਕੁੱਝ ਕਹਾਗਾਂ। ਜਦੋਂ ਇਸ ਅਹਿਮ ਮਸਲੇ ਬਾਰੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਲਵੰਤ ਸਿੰਘ ਨੰਦਗੜ੍ਹ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਗੁਰਦੇਵ ਸਿੰਘ ਬਾਦਲ ਇਸ ਗੱਲ ਤੋ ਮੁਕੱਰ ਗਿਆ ਹੈ, ਤੇ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ। ਉਨ੍ਹਾਂ ਕਿਹਾ ਜੇਕਰ ਫੇਰ ਵੀ ਬਾਦਲ ਜਾਂ ਕੋਈ ਹੋਰ ਇਨਾਂ ਡੇਰਿਆਂ ਵਿਚ ਗਿਆ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਸਾਬਕਾ ਮੁੱਖ ਸੇਵਾਦਾਰ ਗਿ: ਕੇਵਲ ਸਿੰਘ ਨੇ ਕਿਹਾ, ਕਿ ਜਥੇਦਾਰਾਂ ਨੂੰ ਚਾਹੀਦਾ ਹੈ, ਕਿ ਉਹ ਆਪਣੇ ਫਰਜਾਂ ਦੀ ਪੂਰਤੀ ਕਰਨ। ਉਨ੍ਹਾਂ ਕਿਹਾ ਇਹ ਸਾਰੀਆਂ ਗੱਲਾਂ ਇਤਹਾਸ ਦਾ ਹਿੱਸਾ ਬਣ ਰਹੀਆਂ ਹਨ, ਤੇ ਜਥੇਦਾਰਾਂ ਦੀ ਕਾਰਗੁਜਾਰੀ ਵੀ ਇਤਹਾਸ ਵਿਚ ਲਿਖੀ ਜਾਵੇਗੀ। ਇਸ ਲਈ ਜਰੂਰੀ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰ ਆਪਣਾ ਬਣਦਾ ਫਰਜ ਨਿਭਾਉਣ ਤਾਂ ਕਿ ਮਹਾਨ ਤਖਤ ਦੀ ਮਾਣ ਮਰਯਾਦਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਡੇਰਿਆਂ ਵਿਚ ਆਮ ਸਿੱਖ ਨੂੰ ਵੀ ਨਹੀਂ ਜਾਣਾ ਚਾਹੀਦਾ, ਤੇ ਸਿੱਖ ਆਗੂਆਂ ਨੂੰ ਇਨਾਂ ਡੇਰਿਆਂ ਵਿਚ ਜਾਣ ਦੀ ਇਜਾਜਤ ਕਿਸੇ ਵੀ ਹਾਲਤ ਵਿਚ ਨਹੀਂ ਦਿਤੀ ਜਾ ਸਕਦੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top