Share on Facebook

Main News Page

ਪ੍ਰਬੰਧਕ, ਤੇਲੀ ਦੇ ਬਲਦ ਵਾਂਗ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ, ਗੁਰਮਤਿ ਵਿਰੋਧੀ ਕੰਮ ਕਰਦੇ ਹਨ: ਗਿਆਨੀ ਜਗਤਾਰ ਸਿੰਘ ਜਾਚਕ

* ਧਾਰਮਿਕ ਉੱਚ ਪਦਵੀਆਂ ’ਤੇ ਬੈਠੇ ਅਧਿਕਾਰੀਆਂ ਵਲੋਂ ਵੀ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾਉਣ ਲਈ ਪ੍ਰਬੰਧਕਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ
* ਜੇ ਕੋਈ ਜਾਗਰੂਕ ਸਿੱਖ ਪ੍ਰਬੰਧਕਾਂ ਦੀਆਂ ਘੋਰ ਗਲਤੀਆਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰੇ, ਤਾਂ ਸਿੱਖੇ ਹੋਏ ਬਲਦ ਵਾਂਗ ਉੱਥੇ ਖੜ੍ਹੇ ਹੀ ਸਿਰ ਹਿਲਾਈ ਜਾਂਦੇ ਹਨ
* ਜੇ ਕੋਈ ਪ੍ਰਚਾਰਕ ਫਿਰ ਵੀ ਜਾਗਰੂਕ ਕਰਨ ਦਾ ਆਪਣਾ ਫ਼ਰਜ਼ ਨਿਭਾਈ ਜਾਵੇ ਤਾਂ ਉਸ ਨੂੰ ਪੰਥ ’ਚੋਂ ਛੇਕ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ
* ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਤੇ ਗੁਰਦੁਆਰਿਆਂ ਵਿੱਚ ਪਹੁੰਚਾਉਣ ਦੀ ਕਾਰਵਾਈ ਬਿਲਕੁਲ ਗੁਰਬਿਲਾਸ ਪਾਤਸ਼ਾਹੀ 6 ਅਤੇ ਦਸਮ ਗ੍ਰੰਥ ਦੀ ਤਰ੍ਹਾਂ ਹੀ ਰਲਾਵਟ ਪਾਉਣ ਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਇੱਕ ਸਾਜਿਸ਼ ਅਧੀਨ ਕੀਤੀ ਗਈ ਕਾਰਵਾਈ ਹੈ: ਜਾਚਕ
* ਅਸੀਂ ਗਲਤੀਆਂ ਵਾਲੀ ਬੀੜ ਛਾਪਣ ਵਾਲੇ ਦੇ ਨਾਲ ਨਾਲ ਇਸ ਨੂੰ ਨਸ਼ਰ ਕਰਨ ਵਾਲੇ ਤਰਸੇਮ ਸਿੰਘ ਵਿਰੁੱਧ ਵੀ ਕਾਰਵਾਈ ਕਰਾਂਗੇ: ਮੱਕੜ

ਬਠਿੰਡਾ, 7 ਜੁਲਾਈ (ਕਿਰਪਾਲ ਸਿੰਘ): ਜਿਹੜੇ ਪ੍ਰਬੰਧਕ ਤੇਲੀ ਦੇ ਬਲਦ ਵਾਂਗ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹੋਏ ਗੁਰਮਤਿ ਵਿਰੋਧੀ ਕੰਮ ਕਰਦੇ ਹਨ ਉਹ ਕਦੀ ਨਹੀਂ ਚਾਹੁੰਦੇ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਸ਼ਬਦ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਪ੍ਰਚਲਤ ਸਾਖੀ ਸੁਣਾਈ ਕਿ ਇੱਕ ਵਿਅਕਤੀ ਤੇਲੀ ਕੋਲੋਂ ਖ਼ਲ਼ ਲੈਣ ਆਇਆ ਤਾਂ ਉਸ ਨੇ ਤੇਲੀ ਨੂੰ ਪੁੱਛਿਆ ਕਿ ਖ਼ਲ਼ ਤਾਂ ਮੈਂ ਬਾਅਦ ਵਿੱਚ ਲਵਾਂਗਾ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਤਾਂ ਪਾਸੇ ਮੂੰਹ ਕਰੀ ਬੈਠਾ ਖ਼ਲ਼, ਤੇਲ ਵੇਚ ਰਿਹਾ ਹੈਂ ਪਰ ਤੇਰਾ ਬਲਦ ਆਪਣੇ ਆਪ ਕਿਵੇਂ ਤੁਰੀ ਜਾ ਰਿਹਾ ਹੈ, ਇਹ ਖੜ੍ਹ ਕੇ ਅਰਾਮ ਕਿਉਂ ਨਹੀਂ ਕਰ ਲੈਂਦਾ? ਤੇਲੀ ਨੇ ਕਿਹਾ ਮੈਂ ਇਸ ਦੀਆਂ ਅੱਖਾਂ ’ਤੇ ਖੋਪੇ ਚੜ੍ਹਾ ਕੇ ਇੱਕ ਵਾਰ ਛਟੀ ਮਾਰ ਕੇ ਤੋਰ ਦਿਤਾ ਹੈ, ਜਦ ਇਹ ਖੜ੍ਹ੍ਹ ਜਾਂਦਾ ਹੈ ਤਾਂ ਇੱਕ ਲਲਕਰਾ ਮਾਰ ਦਿੱਤਾ ਜਾਂਦਾ ਹੈ। ਹੁਣ ਇਸ ਨੂੰ ਦਿਸਦਾ ਤਾਂ ਹੈ ਨਹੀਂ, ਇਹ ਸਮਝ ਰਿਹਾ ਹੈ ਕਿ ਮੇਰਾ ਮਾਲਕ ਮੇਰੇ ਮਗਰ ਹੀ ਆ ਰਿਹਾ ਹੈ ਇਸ ਲਈ ਇਹ ਤੁਰਿਆ ਜਾ ਰਿਹਾ ਹੈ। ਗਾਹਕ ਨੇ ਪੁੱਛਿਆ ਕਿ ਤੂੰ ਤਾਂ ਮੂੰਹ ਦੂਸਰੇ ਪਾਸੇ ਕਰੀ ਬੈਠਾ ਹੈਂ, ਤੈਨੂੰ ਕਿਸ ਤਰ੍ਹਾਂ ਪਤਾ ਲਗਦਾ ਹੈ ਕਿ ਬਲਦ ਖੜ੍ਹ ਗਿਆ ਹੈ। ਤੇਲੀ ਨੇ ਕਿਹਾ ਮੈਂ ਇਸ ਦੇ ਗਲ ਟੱਲੀ ਬੰਨ੍ਹ ਦਿੱਤੀ ਹੈ, ਜਦੋਂ ਟੱਲੀ ਬੱਜਣੋਂ ਬੰਦ ਹੋ ਜਾਵੇ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਬਲਦ ਖੜ੍ਹ ਗਿਆ ਹੈ, ਉਸ ਸਮੇਂ ਉਠ ਕੇ ਇੱਕ ਹੋਰ ਲਲਕਾਰਾ ਜਾਂ ਛਟੀ ਮਾਰ ਕੇ ਉਸ ਨੂੰ ਤੋਰ ਦਿੱਤਾ ਜਾਂਦਾ ਹੈ। ਗਾਹਕ ਨੇ ਪੁੱਛ ਲਿਆ ਕਿ ਜੇ ਬਲਦ ਸਿਆਣਾ ਹੋ ਗਿਆ ਤੇ ਖੜ੍ਹਾ ਹੀ ਸਿਰ ਹਿਲਾ ਕੇ ਟੱਲੀ ਖੜਕਾਈ ਜਾਵੇ, ਫਿਰ ਤੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ? ਤੇਲੀ ਨੇ ਉਸ ਗਾਹਕ ਨੂੰ ਗੁੱਸੇ ਵਿੱਚ ਆ ਕੇ ਕਿਹਾ ਕਿ ਮੈਨੂੰ ਤੇਰੇ ਵਰਗੇ ਸਿਆਣੇ ਗਾਹਕ ਦੀ ਲੋੜ ਨਹੀਂ ਹੈ, ਇੱਥੋਂ ਛੇਤੀਂ ਚਲਾ ਜਾਹ। ਜੇ ਬਲਦ ਨੇ ਤੇਰੀ ਗੱਲ ਸੁਣ ਲਈ ਤਾਂ ਉਸ ਨੂੰ ਸਮਝ ਆ ਜਾਵੇਗੀ ਤੇ ਮੈਨੂੰ ਕੰਮ ਦੇਣਾ ਬੰਦ ਕਰ ਦੇਵੇਗਾ। ਗਿਆਨੀ ਜਾਚਕ ਜੀ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਬੰਧਕ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾ ਕੇ ਮਨਭਾਉਂਦੀਆਂ ਗਲਤੀਆਂ ਕਰੀ ਜਾਂਦੇ ਹਨ ਤੇ ਜੇ ਕੋਈ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਗਿਆਨ ਦੀ ਗੱਲ ਦੱਸ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਉਸ ਤੇਲੀ ਵਾਂਗ ਭਜਾਉਣਾ ਚਾਹੁੰਦੇ ਹਨ। ਜੇ ਕੋਈ ਪ੍ਰਚਾਰਕ ਫਿਰ ਵੀ ਜਾਗਰੂਕ ਕਰਨ ਦਾ ਆਪਣਾ ਫ਼ਰਜ਼ ਨਿਭਾਈ ਜਾਵੇ ਤਾਂ ਉਸ ਨੂੰ ਪੰਥ ’ਚੋਂ ਛੇਕ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਧਾਰਮਕ ਉੱਚ ਪਦਵੀਆਂ ’ਤੇ ਬੈਠੇ ਅਧਿਕਾਰੀਆਂ ਵਲੋਂ ਵੀ ਸੰਗਤਾਂ ਦੇ ਅਗਿਆਨ ਦੇ ਖੋਪੇ ਚੜ੍ਹਾਉਣ ਲਈ ਤਾਂ ਪ੍ਰਬੰਧਕਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ, ਪਰ ਜੇ ਕੋਈ ਜਾਗਰੂਕ ਸਿੱਖ ਪ੍ਰਬੰਧਕਾਂ ਦੀਆਂ ਘੋਰ ਗਲਤੀਆਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰੇ ਤਾਂ ਸਿੱਖੇ ਹੋਏ ਬਲਦ ਵਾਂਗ ਉੱਥੇ ਖੜ੍ਹੇ ਹੀ ਸਿਰ ਹਿਲਾਈ ਜਾਂਦੇ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਕੁਝ ਗੁਰਦੁਆਰਿਆਂ ਵਿੱਚ ਪਹੁੰਚਾਈਆਂ ਸੁਨਹਿਰੀ ਅੱਖਰਾਂ ਵਾਲੀਆਂ ਬੀੜਾਂ ਵਿੱਚ ਛਪਾਈ ਦੀਆਂ ਦੀਆਂ ਗਲਤੀਆਂ ਦੀ ਸੂਚੀ, ਗਿਆਨੀ ਜਾਚਕ ਨੇ ਸੰਗਤਾਂ ਨੂੰ ਪੜ੍ਹ ਕੇ ਸੁਣਾਈ ਤੇ ਕਿਹਾ ਕਿ ਜੇ ਧਿਆਨ ਨਾਲ ਸਹਿਜ ਪਾਠ ਕਰਕੇ ਵੇਖਿਆ ਜਾਵੇ ਤਾਂ ਸੈਂਕੜੇ ਗਲਤੀਆਂ ਲੱਭ ਸਕਦੀਆਂ ਹਨ, ਪਰ ਇਸ ਲਈ ਲੰਬਾ ਸਮਾਂ ਲਗੇਗਾ, ਇਸ ਲਈ ਕੁਝ ਪੰਨਿਆਂ ’ਤੇ ਸਰਸਰੀ ਨਜ਼ਰ ਮਾਰ ਕੇ ਵੇਖਿਆ ਗਿਆ ਤਾਂ ਇਹ ਗਲਤੀਆਂ ਸਾਹਮਣੇ ਆਈਆਂ ਹਨ:

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥1॥ (ਪੰਨਾ 1) ਨੂੰ ਗਲਤ ਤੌਰ ’ਤੇ ਲਿਖਿਆ ਹੈ: ਸਹਸ ਸਿਆਣਪਾ ਲਖ ਹੋਹਿ ਤ ਇਕ ਨਚਲੈ ਨਾਲਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥2॥ (ਪੰਨਾ 1) ਨੂੰ ਗਲਤ ਤੌਰ ’ਤੇ ਲਿਖਿਆ ਹੈ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਕੋਇ ॥
ਅਸੰਖ ਸੂਰ ਮੁਹ ਭਖ ਸਾਰ ॥17॥ (ਪੰਨਾ 3) ਨੂੰ ਗਲਤ ਤੌਰ ’ਤੇ ਲਿਖਿਆ ਹੈ: ਅਸੰਖ ਸੂਰਮੁ ਹ ਭਖ ਸਾਰ ॥
ਅੰਤਰਗਤਿ ਤੀਰਥਿ ਮਲਿ ਨਾਉ ॥21॥ (ਪੰਨਾ 4) ਨੂੰ ਗਲਤ ਤੌਰ ’ਤੇ ਲਿਖਿਆ ਹੈ: ਅਮਤਰਗਤਿ ਤੀਰਥਿ ਮਲਿ ਨਾਉ ॥
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥29॥ (ਪੰਨਾ 6) ਨੂੰ ਗਲਤ ਤੌਰ ’ਤੇ ਲਿਖਿਆ ਹੈ: ਭੁਗਤਿ ਗਿਆਨੁ ਦਇਆ ਭਮਡਾਰਣਿ ਘਟਿ ਘਟਿ ਵਾਜਹਿ ਨਾਦ॥
ਭਵ ਖੰਡਨਾ ਤੇਰੀ ਆਰਤੀ ॥( ਰਾਗੁ ਧਨਾਸਰੀ ਮਹਲਾ 1 ॥ ਪੰਨਾ 13) ਨੂੰ ਗਲਤ ਤੌਰ ’ਤੇ ਲਿਖਿਆ ਹੈ: ਭਵ ਖਮਡਨਾ ਤੇਰੀ ਆਰਤੀ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥1॥ (ਪੰਨਾ 705) ਨੂੰ ਗਲਤ ਤੌਰ ’ਤੇ ਲਿਖਿਆ ਹੈ: ਆਦਿ ਪੂਰਨ ਮਧਿ ਪੂਰਨ ਅਮਿਤ ਪੂਰਨ ਪਰਮੇਸੁਰਹ ॥

ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਕਿ ਉਸ ਬੀੜ ਵਿੱਚ ਅੱਗੇ ਪਿੱਛੇ ਕਾਫੀ ਪੰਨੇ ਖਾਲ੍ਹੀ ਛੱਡੇ ਪਏ ਹਨ, ਜਿਹੜੇ ਭਵਿੱਖ ਵਿੱਚ ਕਈ ਪ੍ਰਸ਼ਨ ਖੜ੍ਹੇ ਕਰ ਸਕਦੇ ਹਨ। ਇਸ ਬੀੜ ਤੇ ਨਾਂਹ ਹੀ ਕਿਸੇ ਪ੍ਰਕਾਸ਼ਕ/ਪਬਲਿਸ਼ਰ ਦਾ ਨਾਮ ਲਿਖਿਆ ਹੈ, ਤੇ ਨਾ ਹੀ ਛਪਣ ਦਾ ਸਾਲ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਮਤਿ ਵਿੱਚ ਰਲਾਵਟ ਕਰਨ ਵਾਲੀਆਂ ਪੁਸਤਕਾਂ- ਗੁਰਬਿਲਾਸ ਪਾਤਸ਼ਾਹੀ 6 ਅਤੇ ਅਖੌਤੀ ਦਸਮ ਗ੍ਰੰਥ ’ਤੇ ਨਾ ਕਿਸੇ ਲੇਖਕ ਦਾ ਨਾਮ ਅਤੇ ਨਾ ਹੀ ਲਿਖਣ ਦੀ ਮਿਤੀ ਲਿਖੀ ਹੋਈ ਹੈ। ਇਸ ਤੋਂ ਜਾਪਦਾ ਹੈ ਕਿ ਇਹ ਸੁਨਹਿਰੀ ਅੱਖਰਾਂ ਵਾਲੀ ਬੀੜ ਦੀ ਛਪਵਾਈ ਤੇ ਗੁਰਦੁਆਰਿਆਂ ਵਿੱਚ ਪਹੁੰਚਾਉਣ ਦੀ ਕਾਰਵਾਈ ਬਿਲਕੁਲ ਉਸੇ ਤਰ੍ਹਾਂ ਹੀ ਰਲਾਵਟ ਪਾਉਣ ਤੇ ਸੰਗਤਾਂ ਵਿੱਚ ਦੁਬਿਧਾ ਪੈਦਾ ਕਰਨ ਲਈ, ਇੱਕ ਸਜਿਸ਼ ਅਧੀਨ ਕੀਤੀ ਗਈ ਕਾਰਵਾਈ ਹੈ। ਇਸ ਲਈ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਪੂਰੀ ਜਾਂਚ ਪੜਤਾਲ ਕਰਵਾ ਕੇ ਸੰਗਤਾਂ ਨੂੰ ਇਸ ਤੋਂ ਜਾਣੂ ਕਰਵਾਉਣ ਕਿ ਇਸ ਨਾਪਾਕ ਸਾਜਿਸ਼ ਪਿੱਛੇ ਕਿਹੜੀ ਏਜੰਸੀ ਕੰਮ ਕਰ ਰਹੀ ਹੈ? ਗਿਆਨੀ ਜਾਚਕ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਇਹ ਬੀੜਾਂ ਸ਼੍ਰੋਮਣੀ ਕਮੇਟੀ ਦੀ ਗੱਡੀ ਰਾਹੀਂ ਹੀ ਵੱਖ ਵੱਖ ਗੁਰਦੁਆਰਿਆਂ ਵਿੱਚ ਪਹੁੰਚਾਈਆਂ ਗਈਆਂ ਹਨ, ਇਸ ਲਈ ਇਸ ਨੂੰ ਤਾਂ ਸਭ ਪਤਾ ਹੀ ਹੋਣਾ ਹੈ ਕਿ ਇਹ ਬੀੜਾਂ ਕਿਸ ਨੇ ਛਪਵਾਈਆਂ ਤੇ ਕਿੱਥੇ ਛਪੀਆਂ ਹਨ, ਫਿਰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿੱਚ ਅੜਚਨ ਕੀ ਹੈ? ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾˆ ਦੀ ਛਪਾਈ ਤੇ ਸੇਵਾ-ਸੰਭਾਲ ਬਾਰੇ ਉਠਦੇ ਰਹੇ ਵਾਦ-ਵਿਵਾਦਾˆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ‘ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008’ ਪਾਸ ਕੀਤਾ ਗਿਆ ਸੀ। ਇਸ ਐਕਟ ਤਹਿਤ ਸਿਰਫ ਸ਼ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਸਕਦੀ ਹੈ। ਸੋ ਗਲਤੀਆਂ ਵਾਲੀ ਇਸ ਸੁਨਹਿਰੀ ਬੀੜ ਛਾਪਣ ਵਾਲਿਆਂ ਵਿਰੁਧ ਇਸ ਐਕਟ ਤਹਿਤ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ, ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਅੰਮ੍ਰਿਤਸਰ ਤੋਂ ਬਿਆਨ ਜਾਰੀ ਕਰ ਦਿੱਤਾ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਪਰ ਜਦ ਬੇਨਤੀ ਕੀਤੀ ਕਿ ਜੇ ਕਰ ਬਿਆਨ ਜਾਰੀ ਕਰ ਹੀ ਦਿੱਤਾ ਹੈ, ਤਾਂ ਮੈਨੂੰ ਦੱਸਣ ਵਿੱਚ ਕੀ ਹਰਜ਼ ਹੈ? ਇਹ ਸੁਣ ਕੇ ਉਨ੍ਹਾਂ ਤਫ਼ਸੀਲ ਵਿੱਚ ਦੱਸਣਾ ਸ਼ੁਰੂ ਕੀਤਾ ਕਿ ਇੱਕ ਵਿਅਕਤੀ ਉਨ੍ਹਾਂ ਪਾਸ ਆਇਆ ਸੀ ਤੇ ਕਹਿਣ ਲੱਗਾ ਕਿ ਉਸ ਨੇ ਸੁਨਹਿਰੀ ਅੱਖਰਾਂ ਵਾਲੀ ਹੱਥ ਲਿਖਤ ਬੀੜ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਲਈ ਭੇਟ ਕਰਨੀ ਹੈ। ਪ੍ਰਧਾਨ ਅਨੁਸਾਰ ਉਨ੍ਹਾਂ ਤੁਰੰਤ ਇਸ ਦੀ ਪੜਤਾਲ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ। ਉਸ ਕਮੇਟੀ ਨੇ ਰੀਪੋਰਟ ਦਿੱਤੀ ਕਿ ਇਹ ਬੀੜ ਪ੍ਰਕਾਸ਼ ਕਰਨਯੋਗ ਨਹੀਂ ਹੈ। ਇਸ ਦੇ ਅਧਾਰ ’ਤੇ ਉਨ੍ਹਾਂ ਨੂੰ ਨਾਂਹ ਕਰ ਦਿੱਤੀ। ਪਰ ਕੁਝ ਸਮੇਂ ਵਿੱਚ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਝ ਗੁਰਦੁਆਰਿਆਂ ਵਿੱਚ ਇਸ ਦਾ ਪ੍ਰਕਾਸ਼ ਹੋ ਗਿਆ ਹੈ।

ਉਨ੍ਹਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਗੱਡੀ ਵਿੱਚ ਇਹ ਬੀੜਾਂ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਕਿਹਾ ਜਿਸ ਵਿਅਕਤੀ ਨੇ ਇਹ ਬੀੜਾਂ ਛਪਵਾਈਆਂ ਤੇ ਪ੍ਰਕਾਸ਼ ਕਰਵਾਈਆਂ ਉਹ ਤਾਂ ਦੋਸ਼ੀ ਹੈ ਹੀ, ਇਸ ਨੂੰ ਨਸ਼ਰ ਕਰਨ ਵਾਲਾ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਵੀ ਉਤਨਾ ਹੀ ਦੋਸ਼ੀ ਹੈ। ਜਥੇਦਾਰ ਅਕਾਲ ਤਖ਼ਤ ਨੇ ਕਹਿ ਦਿੱਤਾ ਹੈ ਕਿ ਅਸੀਂ ਉਸ ਵਿਰੁਧ ਵੀ ਸਖਤ ਕਾਰਵਾਈ ਕਰਾਂਗੇ। ਪੁੱਛਿਆ ਗਿਆ ਕਿ ਗਲਤੀਆਂ ਭਰਪੂਰ ਬੀੜ ਛਪਵਾਉਣ ਵਾਲਾ ਤਾਂ ਦੋਸ਼ੀ ਹੈ, ਪਰ ਉਸ ਨੂੰ ਨਸ਼ਰ ਕਰਨ ਵਾਲਾ ਦੋਸ਼ੀ ਕਿਵੇਂ ਹੋਇਆ? ਜੇ ਕਿਸੇ ਦੀ ਗਲਤੀ ਨੂੰ ਨਸ਼ਰ ਕੀਤਾ ਜਾਵੇਗਾ ਤਾਂ ਹੀ ਉਸ ਵਿਰੁੱਧ ਕਾਰਵਾਈ ਕੀਤੀ ਤੇ ਗਲਤੀ ਰੋਕੀ ਜਾ ਸਕਦੀ ਹੈ। ਮੱਕੜ ਸਾਹਿਬ ਦਾ ਜਵਾਬ ਸੀ ਕਿ ਠੀਕ ਹੈ ਗਲਤੀਆਂ ਵਾਲੀ ਬੀੜ ਛਪ ਗਈ ਪਰ ਲੋਕਾਂ ਨੂੰ ਤਾ ਇਸ ਦਾ ਕੋਈ ਪਤਾ ਨਹੀਂ ਸੀ। ਉਸ ਵਿਰੁਧ ਕਾਰਵਾਈ ਕਰਵਾਉਣ ਲਈ ਤਰਸੇਮ ਸਿੰਘ ਨੂੰ ਚਾਹੀਦਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਦੇ ਜਥੇਦਾਰ ਪਾਸ ਆਉਂਦਾ, ਪਰ ਉਸ ਨੇ ਇਹ ਨਸ਼ਰ ਕਰਕੇ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਦੁਬਿਧਾ ਪੈਦਾ ਕਰ ਦਿੱਤੀ ਹੈ, ਇਸ ਲਈ ਉਸ ਵਿਰੁੱਧ ਕਾਰਵਾਈ ਜਰੂਰ ਕੀਤੀ ਜਾਵੇਗੀ।

ਪੁੱਛਿਆ ਗਿਆ ਕਿ ਧਰਮ ਸਿੰਘ ਨਿਹੰਗ ਵਿਰੁੱਧ ਕਾਰਵਾਈ ਕਰਨ ਲਈ ਤਾਂ ਜਥੇਦਾਰਾਂ ਕੋਲ ਪਹੁੰਚ ਕੀਤੀ ਗਈ ਸੀ, ਪਰ ਉਸ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਪ੍ਰਧਾਨ ਸਾਹਿਬ ਤੈਸ਼ ਵਿੱਚ ਆ ਕੇ ਕਹਿਣ ਲੱਗੇ, ਦਿੱਲੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚਿੱਕੜ ਵਿੱਚ ਪਏ ਸਨ, ਹੋਰ ਅਨੇਕਾਂ ਸ਼ਿਕਾਇਤਾਂ ਦਿੱਲੀ ਕਮੇਟੀ ਵਿਰੁੱਧ ਪਹੁੰਚੀਆਂ ਹਨ, ਉਨ੍ਹਾਂ ਵਿਰੁੱਧ ਜਥੇਦਾਰਾਂ ਨੇ ਕਿਹੜਾ ਕੋਈ ਕਾਰਵਾਈ ਕੀਤੀ ਹੈ? ਪੁੱਛਿਆ ਗਿਆ ਕਿ ਇਹੋ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ? ਇੱਕ ਪਾਸੇ ਤਾਂ ਤੁਸੀਂ ਖ਼ੁਦ ਹੀ ਮੰਨ ਰਹੇ ਹੋ, ਕਿ ਜਥੇਦਾਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ, ਤੇ ਦੂਸਰੇ ਪਾਸੇ ਤਰਸੇਮ ਸਿੰਘ ’ਤੇ ਗੁੱਸਾ ਕੱਢ ਰਹੇ ਹੋ, ਕਿ ਉਸ ਨੇ ਸੁਨਹਿਰੀ ਅੱਖਰਾਂ ਵਾਲੀ ਬੀੜ ਵਿੱਚ ਛਪਾਈ ਦੀਆਂ ਗਲਤੀਆਂ ਦੀ ਸ਼ਿਕਾਇਤ ਜਥੇਦਾਰਾਂ ਕੋਲ ਕਰਨ ਦੀ ਵਜ਼ਾਏ ਨਸ਼ਰ ਕਿਉਂ ਕੀਤੀਆਂ ਹਨ? ਜਵਾਬ ਵਿੱਚ ਪ੍ਰਧਾਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕਾਰਵਾਈ ਦੀ ਸ਼ੁਰੂਆਤ ਤਰਸੇਮ ਸਿੰਘ ਤੋਂ ਹੀ ਕੀਤੀ ਜਾਵੇਗੀ।

ਪ੍ਰਧਾਨ ਮੱਕੜ ਵਲੋਂ ਬਣਾਈ ਗਈ ਪੜਤਾਲੀਆ ਕਮੇਟੀ ਦੇ ਇੱਕ ਮੈਂਬਰ ਗਿਆਨੀ ਮੱਲ ਸਿੰਘ ਗ੍ਰੰਥੀ ਦਰਬਾਰ ਸਾਹਿਬ ਨਾਲ ਸੰਪਰਕ ਕਰਕੇ ਪੁੱਛਿਆ ਗਿਆ ਕਿ ਉਸ ਬੀੜ ਨੂੰ ਕਿਸ ਅਧਾਰ ’ਤੇ ਪ੍ਰਕਾਸ਼ ਕਰਨ ਦੇ ਯੋਗ ਨਹੀਂ ਸਮਝਿਆ ਗਿਆ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਬਾਕੀ ਬੀੜਾਂ ਦਾ ਸਾਨੂੰ ਨਹੀਂ ਪਤਾ। ਸਾਨੂੰ ਦੋ ਬੀੜਾਂ ਜੋ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ ਲਈ ਆਈਆਂ ਸਨ ਉਨ੍ਹਾਂ ਦੀ ਪੜਤਾਲ ਕਰਨ ਲਈ ਕਿਹਾ ਸੀ। ਉਹ ਬੀੜਾਂ ਇਤਨੀਆਂ ਭਾਰੀਆਂ ਸਨ ਕਿ ਉਸ ਨੂੰ ਗ੍ਰੰਥੀ ਲਈ ਪ੍ਰਕਾਸ਼ ਕਰਨਾ ਹੀ ਮੁਸ਼ਕਲ ਸੀ, ਇਸ ਲਈ ਕਮੇਟੀ ਨੇ ਆਪਣੀ ਰੀਪੋਰਟ ਦੇ ਦਿੱਤੀ ਕਿ ਇਹ ਬੀੜਾਂ ਪ੍ਰਕਾਸ਼ ਕਰਨ ਦੇ ਯੋਗ ਨਹੀਂ ਹਨ। ਪੁੱਛਿਆ ਗਿਆ ਕਿ ਲੋੜ ਤੋਂ ਬਹੁਤ ਜਿਆਦਾ ਭਾਰ ਹੋਣ ਇੱਕ ਨੁਕਸ ਹੈ, ਪਰ ਵੱਡਾ ਨੁਕਸ ਤਾਂ ਇਹ ਹੈ ਕਿ ਉਸ ਵਿੱਚ ਗਲਤੀਆਂ ਬਹੁਤ ਜਿਆਦਾ ਹਨ। ਤੁਸੀਂ ਉਸ ਦੀਆਂ ਗਲਤੀਆਂ ਨੋਟ ਕੀਤੀਆਂ ਹਨ ਜਾਂ ਨਹੀਂ। ਗਿਆਨੀ ਮੱਲ ਸਿੰਘ ਨੇ ਕਿਹਾ ਗਲਤੀਆਂ ਅਸੀਂ ਤਾਂ ਵੇਖਦੇ, ਜੇ ਉਹ ਪ੍ਰਕਾਸ ਕਰਨ ਦੇ ਯੋਗ ਹੁੰਦੀ।

ਪੜਤਾਲੀਆ ਕਮੇਟੀ ਦੇ ਇੱਕ ਹੋਰ ਅਹਿਮ ਮੈਂਬਰ ਬਲਵਿੰਦਰ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ, ਜਿਸ ਸਬੰਧੀ ਪਤਾ ਲੱਗਾ ਸੀ, ਕਿ ਉਹ ਖ਼ੁਦ ਨਾਲ ਜਾ ਕੇ ਇਹ ਗਲਤੀਆਂ ਵਾਲੀਆਂ ਸੁਨਹਿਰੀ ਬੀੜਾਂ ਵੱਖ ਵੱਖ ਗੁਰਦੁਆਰਿਆਂ ਵਿੱਚ ਪਹੁੰਚਾ ਕੇ ਆਇਆ ਸੀ, ਨੂੰ ਸੰਪਰਕ ਕਰਕੇ ਪੁੱਛਿਆ ਤਾਂ ਉਹ ਇਸ ਗੱਲ ਤੋਂ ਤਾਂ ਸਾਫ਼ ਮੁੱਕਰ ਗਏ ਕਿ ਉਹ ਬੀੜਾਂ ਨੂੰ ਖ਼ੁਦ ਗੁਰਦੁਆਰਿਆਂ ਵਿੱਚ ਪਹੁੰਚਾ ਕੇ ਆਏ ਹਨ। ਪਰ ਇਹ ਜਾਣਕਾਰੀ ਜਰੂਰ ਦਿੱਤੀ ਕਿ ਇਹ ਬੀੜਾਂ ਇੱਕ ਐੱਨ ਆਰ ਆਈ ਸੁਰਿੰਦਰ ਸਿੰਘ ਸੰਗ ਢੇਸੀਆਂ ਉਨ੍ਹਾਂ ਪਾਸ ਲੈ ਕੇ ਆਇਆ ਸੀ ਜੋ ਚਾਹੁੰਦਾ ਸੀ ਕਿ ਇਹ ਬੀੜਾਂ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤੀਆਂ ਜਾਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top