Share on Facebook

Main News Page

ਮਾਮਲਾ ਗੁਰਬਾਣੀ ਵਿਚ ਗਲਤੀਆਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ

ਅੰਮ੍ਰਿਤਸਰ- (6 ਜੁਲਾਈ, ਪੀ.ਐਸ.ਐਨ):- "ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008" ਦੀ ਉਲੰਘਣਾ ਕਰਕੇ, ਕਿਸੇ ਗੁੰਮਨਾਮ ਪ੍ਰਕਾਸ਼ਕ ਵਲੋਂ ਛਾਪੇ ਗੁਰਬਾਣੀ ਵਿਚ ਗਲਤੀਆਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਸਾਹਮਣੇ ਆਏ ਸੰਵੇਦਨਸ਼ੀਲ ਮਾਮਲੇ ਬਾਰੇ, ਦਲ ਖਾਲਸਾ ਨੇ ਇੱਕ ਖਤ ਲਿਖਕੇ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਕੋਲੋਂ ਸਮਾ-ਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਦਲ ਖਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਖਤ ਵਿਚ ਆਖਿਆ ਹੈ ਕਿ ਸੁਨਹਿਰੀ ਅੱਖਰਾਂ ਵਿੱਚ ਛਪੇ ਇਹਨਾਂ ਪੰਜ ਸਰੂਪਾਂ ਵਿਚੋਂ ਇੱਕ-ਇੱਕ ਬੀੜ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਤੇ ਗੁਰਦੁਆਰਾ ਸੰਗ-ਢੇਸੀਆਂ ਬੰਗਾ ਵਿਚ ਸ਼ੁਸ਼ੋਭਿਤ ਸੀ ਜਿਥੋਂ ਸ਼ਰੋਮਣੀ ਗੁ. ਪ੍ਰ. ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਬੀੜਾਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਹੈ।ਉਨਾਂ ਜਾਣਕਾਰੀ ਦਿਤੀ ਕਿ ਇਨਾਂ ਸਰੂਪਾਂ ਵਿਚ ਅੱਗੇ-ਪਿਛੇ ਕਈ-ਕਈ ਸਫੇ ਖਾਲੀ ਛੱਡੇ ਹੋਏ ਹਨ ਜੋ ਕਿਸੇ ਡੂੰਘੀ ਸ਼ਾਜਿਸ ਦਾ ਸੰਕੇਤ ਦੇ ਰਹੇ ਹਨ ਅਤੇ ਇਨਾਂ ਸਰੂਪਾਂ ਵਿਚ ਛਪੀ ਗੁਰਬਾਣੀ ਵਿਚ ਬੱਜਰ ਗਲਤੀਆਂ ਹਨ ਜੋ ਕਿ ਹਰ ਸਿੱਖ ਲਈ ਅਸਿਹ ਹਨ ਅਤੇ ਇਹ ਨਾ-ਬਖਸ਼ਣਯੋਗ ਗੁਨਾਹ ਹੈ।

ਵਰਨਣਯੋਗ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਤੇ ਸੇਵਾ-ਸੰਭਾਲ਼ ਬਾਰੇ ਉਠਦੇ ਰਹੇ ਵਾਦ-ਵਿਵਾਦਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ "ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008" ਪਾਸ ਕੀਤਾ ਗਿਆ ਸੀ। ਇਸ ਐਕਟ ਤਹਿਤ ਸਿਰਫ ਸ਼ਰੋਮਣੀ ਕਮੇਟੀ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਸਕਦੀ ਹੈ।

ਖਤ ਵਿਚ ਸ. ਧਾਮੀ ਨੇ ਲਿਖਿਆ ਹੈ ਕਿ ਇਨ੍ਹਾਂ ਸਰੂਪਾਂ ਉਤੇ ਛਾਪਕ ਵਜੋਂ ਸ਼ਰੋਮਣੀ ਕਮੇਟੀ ਦਾ ਨਾਂ ਨਹੀ ਹੈ । ਐਕਟ ਦਾ ਹਵਾਲਾ ਦਿੰਦਿਆਂ ਦਲ ਖਾਲਸਾ ਆਗੂ ਨੇ ਵਿਵਾਦਾਂ ਵਿਚ ਆਏ ਇਨ੍ਹਾਂ ਪੰਜ ਸਰੂਪਾਂ ਦੇ ਕਿਸੇ ਹੋਰ ਵੱਲੋਂ ਛਾਪੇ ਜਾਣ ਬਾਰੇ ਕਿਹਾ ਹੈ ਕਿ ਇਹ ਮਾਮਲਾ ਉਪਰੋਕਤ ਐਕਟ ਦੀ ਘੋਰ ਉਲੰਘਣਾ ਦਾ ਤਾਂ ਹੈ ਹੀ ਪਰ ਨਾਲ਼ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਵੀ ਹੈ।

ਉਨ੍ਹਾਂ ਮੰਗ ਕੀਤੀ ਕਿ ਇਹ ਸਰੂਪ ਕਿਸਨੇ, ਕਿਥੇ ਤੇ ਕਿਉਂ ਛਪਵਾਏ? ਕਿਸਨੇ ਇਹ ਸਰੂਪ ਗੁਰੂ-ਘਰਾਂ ਵਿਚ ਪਹੁੰਚਾਏ? ਆਦਿਕ ਤੱਥਾਂ ਦੀ ਜਾਂਚ ਕਰਵਾਈ ਜਾਵੇ । ਉਨਾਂ ਮੰਗ ਕੀਤੀ ਕਿ ਇਸ ਸਾਜਿਸ਼ ਦੇ ਅਸਲ ਮੁਜ਼ਰਿਮ ਤੇ ਉਨਾਂ ਦਾ ਮੰਤਵ ਸਾਹਮਣੇ ਲਿਆਂਦੇ ਜਾਣ ਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਈਆਂ ਜਾਣ।

ਦਲ ਖਾਲਸਾ ਦੇ ਧਾਰਮਿਕ ਵਿੰਗ ਦੇ ਸਕੱਤਰ ਬਲਦੇਵ ਸਿੰਘ ਗ੍ਰੰਥਗੜ ਨੇ ਦਸਿਆ ਕਿ ਖਤ ਦੇ ਨਾਲ਼ ਸਬੂਤ ਦੇ ਤੌਰ ‘ਤੇ ਸਰੂਪ ਵਿਚ ਛਪੀਆਂ ਗਲਤੀਆਂ ਅਤੇ ਖਾਲੀ ਸਫਿਆਂ ਦੀਆਂ ਫੋਟੋਆਂ ਵੀ ਮੁੱਖਮੰਤਰੀ, ਉਨਾਂ ਦੇ ਮੀਡੀਆ ਸਲਾਹਕਾਰ, ਮੁੱਖ ਸਕੱਤਰ ਤੇ ਡਾਇਰੈਕਟਰ ਸੂਚਨਾ ਵਿਭਾਗ ਨੂੰ ਭੇਜੇ ਹਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top