Share on Facebook

Main News Page

ਵਿਵਾਦਮਈ ਸਰੂਪਾਂ ਦੇ ਮਾਮਲੇ ’ਚ ਮੱਕੜ ਸੰਗਤ ਨੂੰ ਜਵਾਬ ਦੇਣ: ਭਾਈ ਤਰਸੇਮ ਸਿੰਘ

ਨਵੀਂ ਦਿੱਲੀ, 4 ਜੁਲਾਈ (ਅਮਨਦੀਪ ਸਿੰਘ): ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ’ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ’ਚ ਬਦਲਾਅ ਵਾਲੇ ਸਰੂਪਾਂ ਦਾ ਮੌਜੂਦ ਹੋਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੰਗਤ ਦੀ ਕਚਹਿਰੀ ’ਚ ਜਵਾਬ ਦੇਣ। ਇਸ ਮਸਲੇ ’ਤੇ ਇਕ ਰੇਡੀਉ ’ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਭਾਈ ਤਰਸੇਮ ਸਿੰਘ ਨੇ ਕਿਹਾ ਕਿ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪਾਰਾ ਇੰਨਾ ਚੜ੍ਹ ਗਿਆ ਕਿ ਉਨ੍ਹਾਂ ਵਕਾਰੀ ਅਹੁਦੇ ਦੀ ਮਰਿਆਦਾ ਨੂੰ ਵੀ ਛਿੱਕੇ ਟੰਗ ਦਿਤਾ ਪਰ ਸੰਗਤ ਉਨ੍ਹਾਂ ਤੋਂ ਅਸਲੀਅਤ ਜਾਣਨਾ ਚਾਹੁੰਦੀ ਹੈ।

ਅੱਜ ਇਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਰੂਪਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਬੰਧਤ ਸਥਾਨਾਂ ’ਤੇ ਅਪਣੀ ਧਰਮ ਪ੍ਰਚਾਰ ਕਮੇਟੀ ਦੀ ਗੱਡੀ ਰਾਹੀਂ ਭੇਜਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਅਕਾਲ ਤਖਤ ਸਾਹਿਬ ਵਲੋਂ ਸਾਫ਼ ਹਦਾਇਤਾਂ ਹੋਣ ਅਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਵਲੋਂ ਇਹ ਮਤਾ ਪਾਸ ਕੀਤਾ ਹੋਣਾ ਕਿ ਕਿਸੇ ਵੀ ਨਿੱਜੀ ਪ੍ਰਕਾਸ਼ਕ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪਣ ਦਾ ਕੋਈ ਹੱਕ ਨਹੀਂ ਫਿਰ ਇਹ ਬੀੜਾਂ ਕਿਥੋਂ ਪ੍ਰਕਾਸ਼ਤ ਕਰਵਾਈਆ ਗਈਆਂ ਹਨ? ਸ਼੍ਰੋਮਣੀ ਕਮੇਟੀ ਵਲੋਂ ਅਪਣੇ ਪ੍ਰਬੰਧ ਹੇਠਲ਼ੇ ਗੁਰਦਵਾਰਿਆਂ ’ਚ ਅਜਿਹੀਆਂ ਵਿਵਾਦਮਈ ਬੀੜਾਂ ਦਾ ਪ੍ਰਕਾਸ਼ ਕਿਉਂ ਕੀਤਾ ਗਿਆ ? ਉਨ੍ਹਾਂ ਕਿਹਾ ਕਿ ਜੇ ਬੀੜਾਂ ਨੂੰ ਸ਼੍ਰੋਮਣੀ ਕਮੇਟੀ ਨੇ ਨਹੀਂ ਛਾਪਿਆ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਇਸ ਸਬੰਧੀ ਪੁਲਿਸ ਕੋਲ ਪਰਚਾ ਦਰਜ ਕਰਵਾ ਕੇ ਪੂਰੇ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਤੋਂ ਕਿਉਂ ਭੱਜ ਰਹੇ ਹਨ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top