Share on Facebook

Main News Page

’84 ਬਾਰੇ ਚਿਦੰਬਰਮ ਦੇ ਬਿਆਨ ਨੇ ਸਿੱਖਾਂ ਦੇ ਜ਼ਖ਼ਮ ਉਚੇੜੇ

ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਨਵੰਬਰ 1984 ਦੀਆਂ ਯਾਦਾਂ ਨੂੰ ਭੁਲਾ ਕੇ ਬਖਸ਼ ਦੇਣ ਅਤੇ ਇਕ ਨਵੇਂ ਭਾਰਤ ਦੇ ਨਿਰਮਾਣ ਦਾ ਸੱਦਾ ਦਿੱਤੇ ਜਾਣ ਦਾ ਸਿੱਖ ਹਲਕਿਆਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ। ਚਿਦੰਬਰਮ ਨੇ ਕਿਹਾ ਹੈ ਕਿ 1984 ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਦੇਸ਼ ਅੱਗੇ ਵਧਿਆ ਹੈ ਅਤੇ ਹੁਣ ਇਹ ਸਮਾਂ ਮੁਆਫ਼ ਕਰਨ ਤੇ ਇਕ ਨਵੇਂ ਭਾਰਤ ਦੀ ਉਸਾਰੀ ਵੱਲ ਅੱਗੇ ਵਧਣ ਦਾ ਹੈ, ਜਿਥੇ ਸਾਰੇ ਭਾਰਤੀ ਸ਼ਹਿਰੀ ਚਾਹੇ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ, ਇਕ ਸਮਾਨ ਹੋਣ। ਪਰਵਾਸੀ ਪੰਜਾਬੀਆਂ ਦੀ ਕਾਲੀ ਸੂਚੀ ਵਿਚੋਂ 142 ਸਿੱਖਾਂ ਦੇ ਨਾਂਅ ਹਟਾਉਣ ਵਿਚ ਨਿਭਾਈ ਗਈ ਭੂਮਿਕਾ ਲਈ ਕੇਂਦਰੀ ਗੁਰੂ ਸਿੰਘ ਸਭਾ ਦਿੱਲੀ ਵਲੋਂ ਸ੍ਰੀ ਚਿਦੰਬਰਮ ਦੇ ਰੱਖੇ ਸਨਮਾਨ ਸਮਾਰੋਹ ਮੌਕੇ ਉਹ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸਮਾਰੋਹ ਵਿਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੀ ਹਾਜ਼ਰ ਸਨ।

ਚਿਦੰਬਰਮ ਨੇ ਕਿਹਾ ਕਿ ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਂਅ ਹਟਾਉਣ ਬਾਰੇ ਇਕ ਛੋਟਾ ਜਿਹਾ ਕਦਮ ਚੁੱਕਿਆ ਜਾਣਾ ਬਾਕੀ ਸੀ, ਸਰਕਾਰ ਨੇ ਇਹ ਮੁੱਦਾ ਹੱਲ ਕਰ ਦਿੱਤਾ ਹੈ। ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ 2005 ਵਿਚ ਸੰਸਦ ਵਿਚ ਦਿੱਤੇ ਗਏ ਭਾਸ਼ਣ ਦਾ ਹਵਾਲਾ ਵੀ ਦਿੱਤਾ ਜਦੋਂ ਉਨ੍ਹਾਂ ਨੇ ’84 ਕਤਲੇਆਮ ਲਈ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗੀ ਸੀ। ਨਾਲ ਹੀ ਚਿਦੰਬਰਮ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਮੈਂ ਕਾਲੀ ਸੂਚੀ ਵਿਚੋਂ 142 ਨਾਂਅ ਹਟਾਉਣ ਲਈ ਇਕ ਛੋਟੀ ਤੇ ਨਿਮਾਣੀ ਜਿਹੀ ਭੂਮਿਕਾ ਨਿਭਾਈ ਹੈ।

ਸਿੱਖ ਜਗਤ ਵਿਚ ਭਾਰਤ ਦੇ ਗ੍ਰਹਿ ਮੰਤਰੀ ਦੇ ਮਸ਼ਵਰੇ ਦੇ ਪ੍ਰਤੀਕਰਮ ਵਿਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ’84 ਦੀ ਸਿੱਖ ਨਸਲਕੁਸ਼ੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸ੍ਰੀ ਚਿਦੰਬਰਮ ਉਕਤ ਸਮਾਗਮ ਵਿਚ ਸਰਕਾਰ ਵਲੋਂ ਹੁਣ ਤੱਕ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੇ ਗਏ ਯਤਨਾਂ ਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੰਦੇ ਪਰ ਉਨ੍ਹਾਂ ਅਜਿਹਾ ਕਰਨ ਦੀ ਬਜਾਏ ਸਿੱਖਾਂ ਨੂੰ ਇਹ ਸਲਾਹ ਦੇਣਾ ਕਿ ਉਹ ਉਕਤ ਕਤਲੇਆਮ ਨੂੰ ਹੀ ਭੁੱਲ ਜਾਣ, ਸਿੱਖਾਂ ਤੇ ਘੱਟ ਗਿਣਤੀਆਂ ਨਾਲ ਬਿਗਾਨਗੀ ਦੀ ਭਾਵਨਾ ਦਾ ਪ੍ਰਗਟਾਵਾ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਸ੍ਰੀ ਪੀ. ਚਿਦੰਬਰਮ ਦੇ ਬਿਆਨ ਨੂੰ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਤੁਲ ਦੱਸਦੇ ਹੋਏ ਕਿਹਾ ਕਿ ਸਿੱਖ ਕੌਮ ਇਹ ਕਿਸ ਤਰ੍ਹਾਂ ਭੁੱਲ ਸਕਦੀ ਹੈ, ਦਿੱਲੀ ਵਿਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਜਿਉਂਦੇ ਸਾੜਿਆ ਗਿਆ, ਧੀਆਂ-ਭੈਣਾਂ ਨੂੰ ਬੇਪੱਤ ਕੀਤਾ ਗਿਆ ਤੇ ਘਰ-ਬਾਰ ਲੁੱਟੇ ਗਏ। ਉਨ੍ਹਾਂ ਕਿਹਾ ਕਿ ਸਿੱਖ ਜਗਤ ਇਸ ਕਤਲੇਆਮ ਨੂੰ ਨਹੀਂ ਭੁੱਲ ਸਕਦਾ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਗ੍ਰਹਿ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਹੋਂਦ ਚਿੱਲੜ ਤੋਂ ਲੈ ਕੇ ਹਰਿਆਣਾ ਵਿਚ ਪਟੌਦੀ, ਗੁੜਗਾਉਂ, ਨਾਂਗਲੋਈ, ਪੱਛਮੀਂ ਬੰਗਾਲ ਤੇ ਜੰਮੂ ਕਸ਼ਮੀਰ ਵਿਚ ਰਿਆਸੀ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣ, ਗੁਰਦੁਆਰਿਆਂ ਨੂੰ ਸਾੜ ਦੇਣ ਦੇ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਚਿਦੰਬਰਮ ਵਲੋਂ ਦਿੱਤਾ ਗਿਆ ਬਿਆਨ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਖਤਮ ਕਰ ਦੇਣ ਦਾ ਸਪੱਸ਼ਟ ਤੌਰ ‘ਤੇ ਖੁੱਲ੍ਹਾ ਲਾਇਸੈਂਸ ਹੈ। ਸ. ਪੀਰਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ’84 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਪੀੜਤਾਂ ਨੂੰ ਇਨਸਾਫ ਤੋਂ ਇਨਕਾਰ ਕੀਤੇ ਜਾਣ ਕਾਰਨ ਹੀ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਘੱਟ ਗਿਣਤੀਆਂ ਉਤੇ ਹਮਲੇ ਕਰਨ ਦੇ ਹੌਂਸਲੇ ਵਧੇ ਹਨ।

ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਜਦ ਜਪਾਨੀ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਘਟਨਾ ਅਤੇ ਅਮਰੀਕੀ 9/11 ਨੂੰ ਨਹੀਂ ਭੁਲ ਸਕੇ ਤਾਂ ਸਿੱਖ ਕੌਮ ’84 ਦੇ ਸਿੱਖ ਕਤਲੇਆਮ ਨੂੰ ਕਿਸ ਤਰ੍ਹਾਂ ਭੁੱਲ ਸਕਦੀ ਹੈ। ਉਨ੍ਹਾਂ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਅਕਾਲੀ ਆਗੂਆਂ ਵਲੋਂ ਇਸ ਮਾਮਲੇ ਵਿਚ ਚੁੱਪ ਵੱਟੀ ਜਾ ਰਹੀ ਹੈ, ਜਦਕਿ ਗੁਜਰਾਤ ਵਿਚ ਭਾਜਪਾ ਸਰਕਾਰ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਉਥੇ 11 ਸਾਲ ਪਹਿਲਾਂ ਵਾਪਰੇ ਗੋਧਰਾ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸਿੱਖ ਕਤਲੇਆਮ ਦੀ ਪੀੜਤਾਂ ਨੂੰ ਅਜੇ ਤੱਕ ਇਨਸਾਫ ਹੀ ਨਹੀਂ ਮਿਲ ਸਕਿਆ। ਸ. ਤਰਲੋਚਨ ਸਿੰਘ ਨੇ ਕਿਹਾ ਕਿ ਕਾਲੀ ਸੂਚੀ ਖਤਮ ਕਰਨ ਲਈ ਸ੍ਰੀ ਚਿਦੰਬਰਮ ਵਲੋਂ ਨਿਭਾਈ ਭੂਮਿਕਾ ਲਈ ਉਹ ਵੀ ਉਨ੍ਹਾਂ ਦਾ ਸ਼ਲਾਘਾ ਕਰਦੇ ਹਨ ਪਰ ਉਨ੍ਹਾਂ ਵਲੋਂ ਅਜਿਹੇ ਮੌਕੇ ਸਿੱਖਾਂ ਨੂੰ ਅਜਿਹੀ ਸਲਾਹ ਦੇਣ ਦੀ ਕੋਈ ਤੁੱਕ ਨਜ਼ਰ ਨਹੀਂ ਆਉਂਦੀ, ਜਦਕਿ ਚਾਹੀਦਾ ਤਾਂ ਇਹ ਸੀ ਕਿ ਉਹ ਸਿੱਖਾਂ ਦੇ ਕਾਤਲਾਂ ਵਿਰੁਧ ਕਾਰਵਾਈ ਕਰਨ ਦੀ ਗੱਲ ਆਖਦੇ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਖਿਲਾਫ ਜੋ ਵੀ ਹੁਣ ਤੱਕ ਕਾਰਵਾਈ ਹੋਈ ਹੈ, ਉਹ ਵੀ ਉਨ੍ਹਾਂ ਵਲੋਂ ਰਾਜ ਸਭਾ ਵਿਚ ਉਠਾਏ ਗਏ ਮੁੱਦੇ ਕਾਰਨ ਹੀ ਹੋਈ ਹੈ।

ਭਾਰਤੀ ਜਨਤਾ ਪਾਰਟੀ ਨੇ ਅਪਣੇ ਪ੍ਰਤੀਕਰਮ ਵਿਚ ਕਿਹਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਵੇਗੀ। ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਚਿਦੰਬਰਮ ਭ੍ਰਿਸ਼ਟਾਚਾਰ, 2 ਜੀ ਸਪੈਕਟਰਮ ਤੇ ਹੁਣ 84 ਦੇ ਦੰਗਿਆਂ ਨੂੰ ਭੁੱਲ ਜਾਣ ਦੀਆਂ ਗੱਲਾਂ ਕਰਦੇ ਹਨ ਪਰ ਇਹ ਸੰਭਵ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top