Share on Facebook

Main News Page

ਧਰਮ ਦੀ ਰੱਖਿਆ ਖਾਤਰ ਕੁਰਬਾਨੀ ਕਰਨ ਵਾਲੇ ਧਰਮੀ ਫੌਜੀਆਂ ਦਾ ਸਨਮਾਨ

ਕੋਟਕਪੂਰਾ, 3 ਜੁਲਾਈ ( ) :- ‘ਏਕਸ ਕੇ ਬਾਰਕ’ ਜ਼ਿਲਾ ਇਕਾਈ ਫਰੀਦਕੋਟ ਵੱਲੋਂ ਧਰਮ ਦੀ ਰੱਖਿਆ ਖਾਤਰ ਬੈਰਕਾਂ ਛੱਡਣ ਵਾਲੇ ਧਰਮੀ ਫੌਜ਼ੀਆਂ ਦਾ ਸਨਮਾਨ ਸਮਾਰੋਹ ਸਥਾਨਕ ਗੁਰਦਵਾਰਾ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਕੀਤਾ ਗਿਆ। ਜਿਸ ’ਚ ਸਿੱਖ ਧਰਮੀ ਫੌਜ਼ੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਅਤੇ ਜ਼ਿਲਾ ਫਰੀਦਕੋਟ ਦੇ ਪ੍ਰਧਾਨ ਜਸਵੀਰ ਸਿੰਘ ਖਾਲਸਾ ਸਮੇਤ 15 ਧਰਮੀ ਫੌਜ਼ੀਆਂ ਅਤੇ ਸ਼ਹੀਦ ਫੌਜ਼ੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਉਹ ਇਕ ਤੋਂ ਵੱਧ ਵਾਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਤਖਤਾਂ ਦੇ ਜੱਥੇਦਾਰਾਂ ਕੋਲ ਮਿਨਤ ਕਰ ਚੁੱਕੇ ਹਨ ਕਿ ਧਰਮੀ ਫੌਜ਼ੀਆਂ ਨੂੰ ਆਰਥਿਕ ਸਹਾਇਤਾ ਦੀ ਕੋਈ ਜਰੂਰਤ ਨਹੀਂ, ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਧਰਮੀ ਫੌਜ਼ੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂ ਕਿ ਨਵੀਂ ਪੀੜੀ ’ਚ ਕੁਰਬਾਨੀ ਦਾ ਜਜਬਾ ਬਣਿਆ ਰਹੇ ਪਰ ਸਾਡੇ ਅਖੌਤੀ ਆਗੂਆਂ ਨੇ ਧਰਮੀ ਫੌਜ਼ੀਆਂ ਨੂੰ ਹਮੇਸ਼ਾ ਲਾਰਾ ਹੀ ਲਾਇਆ। ਬਾਬਾ ਕੁਲਵੰਤ ਸਿੰਘ ਅਚਾਣਕ ਮੁਖ ਸੇਵਾਦਾਰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਕੋਟਕਪੂਰਾ, ਬਲਵਿੰਦਰ ਸਿੰਘ ਮਿਸ਼ਨਰੀ, ਤਰਸੇਮ ਸਿੰਘ ਘੋਲੀਆ, ਅਮਰਜੀਤ ਸਿੰਘ, ਈਸ਼ਰ ਸਿੰਘ ਲੰਭਵਾਲੀ, ਮਾ.ਜਗਤਾਰ ਸਿੰਘ, ਭਗਵਾਨ ਸਿੰਘ ਦਬੜੀਖਾਨਾ, ਬਿੱਕਰ ਸਿੰਘ ਕੜਾਕਾ, ਵੈਦ ਬਗੀਚਾ ਸਿੰਘ, ਮਾ.ਅਜੀਤ ਸਿੰਘ ਸੇਖੋਂ, ਗੁਰਮੀਤ ਸਿੰਘ ਮੀਤਾ, ਗੁਰਿੰਦਰ ਸਿੰਘ ਕੋਟਕਪੂਰਾ ਆਦਿ ਵੱਲੋਂ ਧਰਮੀ ਫੌਜ਼ੀਆਂ ਨੂੰ ਸਿਰੋਪਾਓ ਸਮੇਤ ਵੱਖ-ਵੱਖ ਸਨਮਾਨ ਚਿੰਨਾਂ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜ਼ਿਲਾ ਫਰੀਦਕੋਟ ਨਾਲ ਸਬੰਧਤ ਜਿਸ ਵੀ ਧਰਮੀ ਫੌਜ਼ੀ ਦੀ ਬੇਟੀ ਦਾ ਵਿਆਹ ਹੋਵੇਗਾ, ਏਕਸ ਕੇ ਬਾਰਕ ਵੱਲੋਂ ਸ਼ਗਨ ਦੇ ਤੌਰ ’ਤੇ ਨਗਦ ਰਾਸ਼ੀ ਉਸ ਪਰਿਵਾਰ ਕੋਲ ਪਹੁੰਚਾਈ ਜਾਵੇਗੀ।

ਬਲਵਿੰਦਰ ਸਿੰਘ ਮਿਸ਼ਨਰੀ ਤੇ ਈਸ਼ਰ ਸਿੰਘ ਲੰਭਵਾਲੀ ਨੇ ਕਿਹਾ ਕਿ ਧਰਮੀ ਫੌਜ਼ੀਆਂ ਦੀ ਧਰਮ ਦੀ ਰੱਖਿਆ ਖਾਤਰ ਕੀਤੀ ਕੁਰਬਾਨੀ, ਹੁਣ ਤੱਕ ਦੀਆਂ ਹੋਰ ਕੁਰਬਾਨੀਆਂ ਦਾ ਸਿਖਰ ਹੈ। ਉਨਾਂ ਕਿਹਾ ਕਿ ਜੇਕਰ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਜ਼ਿਲਾ ਪੱਧਰ ’ਤੇ ਸੈਮੀਨਾਰ ਕਰਕੇ ਧਰਮੀ ਫੌਜ਼ੀਆਂ ਦੀਆਂ ਕੁਰਬਾਨੀਆਂ ਸਬੰਧੀ ਵਿਚਾਰ-ਵਟਾਂਦਰਾ ਕਰੇ ਤਾਂ ਨਵੀਂ ਪੀੜੀ ’ਚ ਕੁਰਬਾਨੀ ਦਾ ਜਜਬਾ ਬਰਕਰਾਰ ਰਹੇਗਾ, ਨਹੀਂ ਤਾਂ ਸਮਾਂ ਪਾ ਕੇ ਲੋਕ ਇਸ ਅਦੁੱਤੀ ਕੁਰਬਾਨੀ ਨੂੰ ਵੀ ਭੁਲਾ ਦੇਣਗੇ। ਉਨਾਂ ਕਿਹਾ ਕਿ ਸ਼ਹਿਰਾਂ, ਕਸਬਿਆਂ, ਪਿੰਡਾਂ, ਗਲੀਆਂ ਤੇ ਮੁਹੱਲਿਆਂ ’ਚ ਇਕ-ਇਕ ਵਿਅਕਤੀ ਨੂੰ ਇਨਾਂ ਸੂਰਮਿਆਂ ਦੀ ਧਰਮ ਦੀ ਰੱਖਿਆ ਖਾਤਰ ਕੀਤੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਪਰਿਵਾਰਾਂ ਦਾ ਹਸ਼ਰ ਦੇਖ ਕੇ ਆਪਣੇ ਦੇਸ਼ ਨੂੰ ਵਤਨ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਧਰਮੀ ਫੌਜ਼ੀ ਮੇਘ ਸਿੰਘ ਸੰਗਾਲੀ ਨੇ ਆਪਣੇ ਸੰਬੋਧਨ ਦੌਰਾਨ ਰੋਸ ਪ੍ਰਗਟਾਇਆ ਕਿ ਜਿਨਾਂ ਫੌਜ਼ੀਆਂ ਨੇ ਕੈਪਟਨ ਬਣ ਕੇ ਪੈਨਸ਼ਨ ਆਉਣਾ ਸੀ ਪਰ ਉਨਾਂ ਆਪਣੀ ਜਵਾਨੀ, ਸੁੱਖ-ਚੈਨ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਨੂੰ ਠੋਕਰ ਮਾਰ ਕੇ ਆਪਣੇ ਧਰਮ ਦੀ ਰੱਖਿਆ ਲਈ ਬੈਰਕਾਂ ਛੱਡੀਆਂ ਪਰ ਅਫਸੋਸ ਅੱਜ ਕੁਰਬਾਨੀਆਂ ਕਰਨ ਵਾਲੇ ਫੌਜ਼ੀਆਂ ਦੇ ਪਰਿਵਾਰ ਦਿਹਾੜੀ ਅਤੇ ਮਜਦੂਰੀ ਕਰਨ ਲਈ ਮਜਬੂਰ ਹਨ। ਉਨਾਂ ਬਲਿਊ ਸਟਾਰ ਦੀ ਕਾਰਵਾਈ ਅਰਥਾਤ 4 ਜੂਨ 1984 ਤੋਂ ਬਾਅਦ ਬੈਰਕਾਂ ਛੱਡਣ ਵਾਲੇ ਫੌਜ਼ੀਆਂ ’ਤੇ ਹੋਏ ਅਣਮਨੁੱਖੀ ਤਸ਼ੱਦਦ ਬਿਆਨ ਕਰਦਿਆਂ ਹਾਜ਼ਰ ਸੰਗਤ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ।

ਉਨਾਂ ਅੱਗੇ ਦੱਸਿਆ ਕਿ ਟੀ.ਵੀ.ਅਤੇ ਰੇਡੀਓ ਰਾਹੀਂ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਫੌਜ਼ੀਆਂ ਨੂੰ ਧਰਮ ਦੀ ਰੱਖਿਆ ਖਾਤਰ ਬੈਰਕਾਂ ਛੱਡਣ ਦੀਆਂ ਵਾਰ-ਵਾਰ ਅਪੀਲਾਂ ਕੀਤੀਆਂ ਪਰ ਹੁਣ ਉਹੀ ਬਾਦਲ ਕਿਸੇ ਦੀ ਸਾਰ ਲੈਣ ਨੂੰ ਤਿਆਰ ਨਹੀਂ। ਉਨਾਂ ਦੱਸਿਆ ਕਿ ਸਿੱਖ ਕੌਮ ਦੇ ਅਖੌਤੀ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਉਸਦੇ ਸੈਕਟਰੀ ਆਰ.ਕੇ.ਧਵਨ ਨੂੰ ਗੁਰਦਵਾਰਿਆਂ ’ਤੇ ਫੌਜ਼ੀ ਐਕਸ਼ਨ ਕਰਨ ਸਬੰਧੀ ਚਿੱਠੀਆਂ ਲਿਖੀਆਂ। ਕੁਲਵੰਤ ਸਿੰਘ ਫਰੀਦਕੋਟ ਨੇ ਇਕ-ਇਕ ਸਬੂਤ ਸੰਗਤਾਂ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਧਰਮੀ ਫੌਜ਼ੀਆਂ ਦੀ ਧਰਮ ਖਾਤਰ ਕੀਤੀ ਕੁਰਬਾਨੀ ਦੀ ਮਹੱਤਤਾ ਇਸ ਲਈ ਅਹਿਮ ਹੈ, ਕਿਉਂਕਿ ਦੁਨੀਆਂ ਭਰ ’ਚ ਧਰਮ ਖਾਤਰ ਐਨੀ ਵੱਡੀ ਬਗਾਵਤ ਕਿਸੇ ਪਾਸੇ ਵੀ ਨਹੀਂ ਵਾਪਰੀ। ਸਨਮਾਨ ਸਮਾਰੋਹ ਦੌਰਾਨ ਗੁਰਪ੍ਰੀਤ ਸਿੰਘ ਘੋਲੀਆ, ਰਣਜੀਤ ਸਿੰਘ ਸਾਰੰਗੀ ਵਾਦਕ, ਹਰਪ੍ਰੀਤ ਸਿੰਘ ਹੈਪੀ, ਗੁਰਮੀਤ ਸਿੰਘ ਖਾਲਸਾ, ਮਿੱਠੂ ਸਿੰਘ ਖਾਲਸਾ, ਗਿਆਨੀ ਦਰਸ਼ਨ ਸਿੰਘ, ਬਲਵਿੰਦਰ ਸਿੰਘ ਚਾਨੀ ਆਦਿ ਦਾ ਭਰਪੂਰ ਸਹਿਯੋਗ ਰਿਹਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top