Share on Facebook

Main News Page

ਮੱਕੜ ਵਲੋਂ ਕੀਤੀ ਟਿੱਪਣੀਆਂ, ਉਸ ਚੋਰ ਦੀਆਂ ਜੱਬਲੀਆਂ ਹਨ ਜੋ ਚੋਰੀ ਕਰਦਾ ਫੜਿਆ ਗਿਆ ਹੋਵੇ: ਤਰਸੇਮ ਸਿੰਘ

ਬਠਿੰਡਾ, 1 ਜੁਲਾਈ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਇਜਾਜਤ ਦੇਕੇ ਛਪਵਾਏ ਗਏ ਸ਼ਬਦ ਜੋੜ ਦੀਆਂ ਗਲਤੀਆਂ ਵਾਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਸਾਹਮਣੇ ਲਿਆਂਦੇ ਜਾਣ ’ਤੇ ਸ੍ਰ. ਅਵਤਾਰ ਸਿੰਘ ਮੱਕੜ ਵਲੋਂ ਕੀਤੀ ਟਿਪਣੀਆਂ, ਉਸ ਚੋਰ ਦੀਆਂ ਜੱਬਲੀਆਂ ਹਨ ਜੋ ਚੋਰੀ ਕਰਦਾ ਫੜਿਆ ਗਿਆ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ: ਤਰਸੇਮ ਸਿੰਘ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਕਿਹਾ ਸ੍ਰ: ਮੱਕੜ ਕੌਮ ਨੂੰ ਹੋਰ ਗੁਮਰਾਹ ਕਰਨ ਦੀ ਬਜਾਏ ਇਸ ਮਾਮਲੇ ’ਤੇ ਨੈਤਿਕ ਜਿੰਮੇਵਾਰੀ ਕਬੂਲਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸੰਗਤ ਤੋਂ ਖਿਮਾ ਯਾਚਨਾ ਕਰਨ। ਉਨ੍ਹਾ ਕਿਹਾ ਕਿ ਸ਼ਬਦ ਜੋੜ ਦੀਆਂ ਬੱਜਰ ਗਲਤੀਆਂ ਵਾਲੇ ਇਹ ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਸ਼ਸ਼ੋਭਿਤ ਸਨ ਅਤੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਗੱਡੀ ਨੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ।

ਸ੍ਰ: ਤਰਸੇਮ ਸਿੰਘ ਨੇ ਦੱਸਿਆ ਕਿ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਸ਼ਿਫਾਰਸ਼ਾਂ ’ਤੇ ਪੰਜਾਬ ਸਰਕਾਰ ਇਕ ਕਾਨੂੰਨ ਬਣਾ ਕੇ ਨਿਜੀ ਪ੍ਰਕਾਸ਼ਕਾਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਣ ਤੇ ਪਾਬੰਧੀ ਲਗਾਉਂਦੀ ਹੈ ਲੇਕਿਨ ਦੂਸਰੇ ਪਾਸੇ ਇਕ ਐਨ .ਆਰ.ਆਈ ਦੇ ਡਾਲਰਾਂ ਦੀ ਚਮਕ ਵੇਖ ਕੇ ਉਸ ਨੂੰ ਇਹ ਸਰੂਪ ਨਿਜੀ ਪ੍ਰਕਾਸ਼ਕ ਪਾਸੋਂ ਛਪਵਾਣ ਦੀ ਇਜਾਜਤ ਦਿੰਦੀ ਹੈ, ਜੋ ਸਰਾਸਰ ਸੂਬੇ ਦੇ ਕਾਨੂੰਨ ਅਤੇ ਸੰਗਤ ਦੇ ਵਿਸ਼ਵਾਸ਼ ਨਾਲ ਧੋਖਾ ਹੈ। ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਉਪਰੋਕਤ ਮਾਮਲੇ ਵਿਚ ਗਲਤੀ ਫੜੇ ਜਾਣ ਤੇ ਸ੍ਰ: ਮੱਕੜ ਦੀਆਂ ਟਿਪਣੀਆ ਬਾਰੇ ਉਨ੍ਹਾਂ ਨੂੰ ਕੁਝ ਨਵਾਂ ਨਹੀ ਲੱਗਾ ਕਿਉਂਕਿ ਮੱਕੜ ਅਕਸਰ ਮੁੱਦੇ ਤੋਂ ਹੱਟ ਕੇ ਨਿਜੀ ਟਿਪਣੀਆਂ ਕਰਨ ਦੇ ਆਦੀ ਹਨ। ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ ਦਿਲੀ ਦੇ ਯਮੁਨਾਪਾਰ ਇਲਾਕੇ ਵਿਚ ਬਾਰਿਸ਼ ਦੇ ਪਾਣੀ ਕਾਰਣ ਨੁਕਸਾਨੇ ਗਏ ਸਰੂਪਾਂ ਦੀ ਸਚਾਈ ਸਾਹਮਣੇ ਲਿਆਉਣ ਤੋਂ ਸ਼੍ਰੌਮਣੀ ਕਮੇਟੀ ਹੀ ਭੱਜੀ ਹੈ ਕਿਉਂਕਿ ਕਮੇਟੀ ਨੇ ਇਸ ਸਬੰਧ ਵਿਚ ਦਾਦਾ ਲਛਮਣ ਚੇਲਾ ਰਾਮ ਨੂੰ ਲਿਖੇ ਪੱਤਰ ਤੇ ਮਿਲੇ ਜਵਾਬ ਬਾਰੇ ਕੋਈ ਲਿਆ ਫੈਸਲਾ ਸਿਖ ਪੰਥ ਸਾਹਮਣੇ ਨਹੀ ਰੱਖਿਆ।

ਉਨ੍ਹਾਂ ਦੁਹਰਾਇਆ ਕਿ ਉਪਰੋਕਤ ਸਥਾਨ ਤੋਂ ਮਿਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਤੇ ਹੋਰ ਧਾਰਮਿਕ ਗ੍ਰੰਥ ਸ਼੍ਰੋਮਣੀ ਕਮੇਟੀ ਵਲੋਂ ਛਪੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੱਕੜ ਨੇ ਆਪਣੇ ਰਾਜਸੀ ਆਕਾ ਦੇ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਹੀ ਸਾਰਾ ਦੋਸ਼ ਦਿੱਲੀ ਕਮੇਟੀ ਸਿਰ ਮੜਨ ਦੀ ਸਾਜਿਸ਼ ਕੀਤੀ, ਸਰੂਪ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਅਗਨ ਭੇਟ ਕਰਨ ਦੀ ਬਜਾਏ ਗੋਇੰਦਵਾਲ ਲਿਆਂਦੇ, ਲੇਕਿਨ ਚਿੱਠੀ ਦੇ ਜਵਾਬ ਦਾ ਸੱਚ ਸੰਗਤ ਤੋਂ ਛੁਪਾ ਲਿਆ। ਸ੍ਰ: ਤਰਸੇਮ ਸਿੰਘ ਨੇ ਕਿਹਾ ਕਿ ਸ੍ਰ: ਮੱਕੜ ਪਾਸ ਜੇਕਰ ਉਨ੍ਹਾ ਵਲੋਂ ਨਿਜੀ ਵਰਤੋਂ ਲਈ ਮੰਗੇ ਦੋ ਕਰੋੜ ਰੁਪਏ ਦਾ ਦਸਤਾਵੇਜ ਹੈ ਤਾਂ ਸੰਗਤ ਸਾਹਮਣੇ ਕਿਉਂ ਨਹੀ ਰੱਖਿਆ। ਸ੍ਰ ਤਰਸੇਮ ਸਿੰਘ ਨੇ ਕਿਹਾ ਕਿ ਕੱਲ੍ਹ ਤੀਕ ਕਰਜਾਈ ਰਿਹਾ ਮੱਕੜ ਅੱਜ ਕਰੋੜਪਤੀ ਤੇ ਵਿਆਜੜੀਆ ਕਿਵੇਂ ਬਣ ਗਿਆ, ਇਹ ਸਚਾਈ ਵੀ ਸੰਗਤ ਸਾਹਮਣੇ ਛੇਤੀ ਹੀ ਰੱਖੀ ਜਾਵੇਗੀ। ਉਨ੍ਹਾ ਕਿਹਾ ਕਿ ਦੂਸਰਿਆਂ ਨੂੰ ਨੈਤਕਿਤਕਾ ਦਾ ਪਾਠ ਪੜ੍ਹਾਉਣ ਵਾਲੇ ਮੱਕੜ ਵਿਚ ਥੋੜੀ ਬਹੁਤ ਵੀ ਨੈਤਕਿਤਕਾ ਬਚੀ ਹੈ ਤਾਂ ਉਪਰੋਕਤ ਮਾਮਲੇ ਵਿਚ ਤੁਰੰਤ ਮੁਆਫੀ ਮੰਗਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top