Share on Facebook

Main News Page

ਜੋਗੀ ਰਾਮ ਦੇਵ ਦੀਆਂ ਅੱਖਾਂ ਦਾ ਇਲਾਜ

ਭ੍ਰਸ਼ਿਟਾਚਾਰੀ ਪਾਰਟੀ ਦੇ ਮੋਢਿਆਂ ‘ਤੇ ਬੈਠੇ ਹੋਣ ਕਰਕੇ ਰਾਮ ਦੇਵ ਜੀ ਤੁਹਾਨੂੰ ਤੁਹਾਡਾ ਇੱਕ ਸਿਆਸੀ ਅਖਾੜਾ ਪੁੱਟੇ ਜਾਣ ਦਾ ਅਤਿਆਚਾਰ ਹੀ ਕੇਵਲ ਦਿਸਦਾ ਹੈ, ਹੋਰ ਕੋਈ ਅਤਿਆਚਾਰ ਨਹੀਂ ਦਿਸਿਆ?

ਜੋਗੀ ਰਾਮ ਦੇਵ ਦਾ ਆਰ.ਐਸ.ਐਸ ਅਤੇ ਬੀ.ਜੇ.ਪੀ ਦੀ ਬੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਅਤੇ ਸੱਚਾਈ ਤੋਂ ਕੋਹਾਂ ਦੂਰ, ਇਹ ਬਿਆਨ ਪੜ੍ਹਿਆ ਕਿ ਸਰਕਾਰ ਪਹਿਲੇ ਭ੍ਰਿਸ਼ਟਾਚਾਰੀ ਸੀ ਹੁਣ ਅਤਿਆਚਾਰੀ ਭੀ ਹੋ ਗਈ ਹੈ।

ਮੈਂ ਸੁਣਿਆ ਸੀ, ਰਾਮ ਦੇਵ ਦੀਆਂ ਅੱਖਾਂ ਵਿੱਚ ਕੋਈ ਨੁਕਸ ਹੈ, ਉਹ ਟੇਢਾ ਦੇਖਦਾ ਹੈ, ਪਰ ਇਸ ਬਿਆਨ ਤੋਂ ਤਾਂ ਇਓਂ ਜਾਪਦਾ ਹੈ, ਜਿਵੇਂ ਰਾਮ ਦੇਵ ਦੀਆਂ ਅੰਤਰਆਤਮਾ ਦੀਆਂ ਅੱਖਾਂ ਨੂੰ ਤਾਂ ਬੀ.ਜੇ.ਪੀ ਦੀ ਤਰਾਂ ਸੱਚ ਬਿਲਕੁਲ ਦਿਸਦਾ ਹੀ ਨਹੀਂ।

ਰਾਮ ਦੇਵ ਜੀ ਤੁਸੀ ਕਹਿੰਦੇ ਹੋ, ਸਰਕਾਰ ਪਹਿਲੇ ਭ੍ਰਿਸ਼ਟਾਚਾਰੀ ਸੀ ਹੁਣ ਅਤਿਆਚਾਰੀ ਭੀ ਬਣ ਗਈ ਹੈ। ਸੁਆਮੀ ਜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਵੱਖ ਵੱਖ, ਬਦਲਵੇ ਢੰਗਾਂ ਨਾਲ ਅਤਿਆਚਾਰ ਦੀ ਹੀ ਸ਼ੁਰੂਆਤ ਕੀਤੀ ਅਤੇ ਇਸੇ ਡੰਡੇ ਨਾਲ ਰਾਜ ਕਰਨ ਦੀ ਪ੍ਰੈਕਟਿਸ ਕੀਤੀ, ਖਾਸਕਰ ਹਿੰਦੁਸਤਾਨ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਮਿਨੌਰਟੀ ਕੌਮਾਂ ਲਈ ਇਹ ਅਤਿਆਚਾਰ ਲਗਾਤਾਰ ਜਾਰੀ ਹੈ, ਮਨੁੱਖੀ ਹੱਕਾਂ ਲਈ ਉਠੀ ਸੱਚ ਦੀ ਹਰ ਆਵਾਜ਼ ਨੂੰ ਹਮੇਸ਼ਾਂ ਅਤਿਆਚਾਰ ਨਾਲ ਕੁਚਲਿਆ ਗਿਆ, ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਕੁਚਲਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਨੂੰ ਜੇਲਾਂ ਵਿੱਚ ਸੁੱਟਿਆ ਗਿਆ, ਗੋਲੀਆਂ ਚਲਾਈਆਂ, ਸ਼ਹੀਦੀਆਂ ਹੋਈਆਂ। ਆਖਰ ਪੰਜਾਬੀ ਸੂਬੇ ਦੀਆਂ ਹੀ ਲੱਤਾਂ ਬਾਹਾਂ ਵੱਢ ਕੇ ਅਪਾਹਜ਼ ਕਰਕੇ ਰੱਖ ਦਿਤਾ।

ਰਾਮ ਦੇਵ ਜੀ, ਸਰਕਾਰਾਂ ਦੀ ਅਤਿਆਚਾਰ ਦੀ ਬੜੀ ਲੰਮੀ ਕਹਾਣੀ ਹੈ। ਮੈਂ ਤਾਂ ਨੇੜੇ ਤੇੜੇ ਦੀ ਹੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਕੀ ਤੁਹਾਨੂੰ ਬਾਬਰੀ ਮਸਜ਼ਿਦ ਢਹਿੰਦੀ ਨਹੀਂ ਆਈ, ਕਈ ਮਹੀਨੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਹੁੰਦਾ ਕਤਲੇਆਮ ਨਹੀਂ ਦਿਸਿਆ, ਪਰ ਦਿਸੇ ਭੀ ਕਿਵੇਂ ਕਿਉਂਕੇ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਸ਼ਕਤੀਸ਼ਾਲੀ ਦੁਨੀਆਂ ਦੇ ਸਬਜ਼ਬਾਗ ਦਿਖਾਉਣ ਵਾਲੀ ਪਾਰਟੀ ਬੀ.ਜੇ.ਪੀ, ਆਰ.ਐਸ.ਐਸ ਜੁ ਇਸ ਅਤਿਆਚਾਰ ਦੀ ਮੁਖ ਪਾਤਰ ਸੀ।

ਤੁਹਾਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਇਮਾਰਤ ‘ਤੇ ਵਰਦੀਆਂ ਗੋਲ਼ੀਆਂ ਅਤੇ ਤੋਪਾਂ ਦੇ ਗੋਲੇ ਨਹੀਂ ਦਿਸਦੇ, 1984 ਜੂਨ ਦੇ ਪਹਿਲੇ ਹਫਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਹਜ਼ਾਰਾਂ ਸਿੱਖਾਂ ਸਮੇਤ ਸੰਤ ਜਰਨੈਲ ਸਿੰਘ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਆਦਿ ਅਨੇਕਾਂ ਸਿੰਘ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਸ਼ਹੀਦ ਹੋਏ, ਕਈ ਕਤਲ ਕੀਤੇ ਗਏ, ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ, ਸੈਂਕੜੇ ਗੁਰਦੁਆਰੇ ਢਾਏ ਗਏ। 1984 ਨਵੰਬਰ ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਗਲ਼ਾਂ ਵਿੱਚ ਬਲ਼ਦੇ ਟਾਇਰ ਪਾਕੇ ਜਾਂ ਜੀਉਂਦੇ ਭੱਠੀਆਂ ਵਿੱਚ ਸੁੱਟ ਸੁੱਟ ਮਾਰੇ ਗਏ, ਦੇਸ਼ ਦੀਆਂ ਧੀਆਂ ਦੀ ਇਜ਼ਤ ਬਚਾਉਣ ਵਾਲੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਰੋਲੀ ਗਈ ਅਤੇ ਉਸ ਸਾਰੇ ਅਤਿਆਚਾਰ ਵਿੱਚ ਭੀ ਤੇਰੀ ਪਾਰਟੀ ਦੀ ਮੁੱਖ ਭੂਮਿਕਾ ਰਹੀ, ਜੋ ਆਖਰ ਤੇਰੇ ਮੁੱਖੀ ਲੀਡਰ ਅਡਵਾਨੀ ਨੇ ਲਿਖਤੀ ਰੂਪ ਵਿੱਚ ਮੰਨ ਲਈ ਹੈ।

ਇਸ ਸਰਕਾਰੀ ਅਤਿਆਚਾਰ ਦੇ ਹਮਾਮ ਵਿੱਚ ਦੇਸ਼ ਦੀ ਹਰ ਸਿਆਸੀ ਪਾਰਟੀ ਨਗਨ ਹੈ, ਇਸ ਦੇਸ਼ ਵਿੱਚ ਅਤਿਆਚਾਰ ਦੀ ਸ਼ਕਤੀ ਨਾਲ ਹੀ ਭ੍ਰਿਸ਼ਟਾਚਾਰ ਤੇ ਪੜਦੇ ਪਾਏ ਜਾਂਦੇ ਹਨ, ਇਉਂ ਅਤਿਆਚਾਰ ਦੀ ਗੋਦੀ ਵਿਚ ਭ੍ਰਸ਼ਿਟਾਚਾਰ ਪਲ ਕੇ ਵੱਡਾ ਹੋ ਰਿਹਾ ਹੈ। ਅੱਜ ਇਸ ਦੇਸ਼ ਵਿੱਚ ਧਾਰਮਿਕ, ਰਾਜਨੀਤਕ ਗੱਲ ਕੀ ਸਮਾਜ ਦੇ ਹਰ ਖੇਤਰ ਵਿਚ ਅਤਿਆਚਾਰ ਅਤੇ ਭ੍ਰਸ਼ਿਟਾਚਾਰ ਦਾ ਬੋਲ ਬਾਲਾ ਹੈ। ਸਮਾਜ ਦਾ ਹਰ ਬਸ਼ਰ ਜਾਂ ਅਤਿਆਚਾਰ ਕਰ ਰਿਹਾ ਹੈ, ਜਾਂ ਖਾਮੋਸ਼ ਹੋਕੇ ਸਹਾਰ ਰਿਹਾ ਦਿਸਦਾ ਹੈ, ਪਰ ਇਕ ਅਤਿਆਚਾਰੀ ਅਤੇ ਭ੍ਰਸ਼ਿਟਾਚਾਰੀ ਪਾਰਟੀ ਦੇ ਮੋਢਿਆਂ ‘ਤੇ ਬੈਠੇ ਹੋਣ ਕਰਕੇ ਤੁਹਾਨੂੰ ਤੁਹਾਡਾ ਇੱਕ ਸਿਆਸੀ ਅਖਾੜਾ ਪੁੱਟੇ ਜਾਣ ਦਾ ਅਤਿਆਚਾਰ ਹੀ ਕੇਵਲ ਦਿਸਦਾ ਹੈ, ਹੋਰ ਕੋਈ ਅਤਿਆਚਾਰ ਨਹੀਂ ਦਿਸਿਆ। ਇਸ ਲਈ ਆਪਣੀਆਂ ਅੱਖਾਂ ਦਾ ਇਲਾਜ ਜ਼ਰੂਰ ਕਰਾਓ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top