Share on Facebook

Main News Page

ਲੀਡਰਾਂ, ਸਾਧਾਂ ਤੇ ਅਫਸਰਾਂ ਦੀ ਜੁੰਡਲੀ- ਲੋਕਾਂ ਦਾ ਜੀਉਣਾ ਦੁੱਭਰ

ਉਂਜ ਤਾਂ ਸਾਰੇ ਹਿੰਦੁਸਤਾਨ ਵਿਚ ਲੀਡਰਾਂ, ਸਾਧਾਂ ਤੇ ਅਫਸਰਾਂ ਦੀ ਜੁੰਡਲੀ ਦੀ ਯਾਰੀ ਐਨੀ ਪੀਡੀ ਹੋ ਚੁੱਕੀ ਹੈ ਕਿ ਇਸਨੂੰ ਨੇੜ ਭਵਿੱਖ ਵਿਚ ਤੋੜਨਾ ਬੜਾ ਔਖਾ ਕੰਮ ਹੋ ਗਿਆ ਹੈ। ਇਸ ਤਿੱਖੜੀ ਨੇ ਮਿਲਕੇ ਅਜਿਹਾ ਤੰਦੂਆ ਜਾਲ ਫੈਲਾਇਆ ਹੋਇਆ ਹੈ ਕਿ ਇਨ੍ਹਾਂ ਨੇ ਆਮ ਲੋਕਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ। ਰੋਜ਼ਾਨਾ ਲੋਕ ਆਰਥਿਕ ਤੰਗੀਆਂ ਕਾਰਨ ਬੱਚਿਆਂ ਸਮੇਤ ਖੁਦਕਸ਼ੀਆਂ ਕਰ ਰਹੇ ਹਨ,ਜਿਸਦੇ ਇਹ ਲੋਕ ਜਿੰਮੇਂਵਾਰ ਹਨ। ਇਹ ਬੜੇ ਸ਼ਾਤਰ ਦਿਮਾਗ ਲੋਕ ਹਨ ਅਤੇ ਇਨ੍ਹਾਂ ਦੇ ਅੰਦਰਲੀ ਗੱਲ ਨੂੰ ਸਮਝਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਇਨ੍ਹਾਂ ਤਿੰਨਾ ਨੇ ਮਿਲਕੇ ਆਮ ਲੋਕਾਂ ਨੂੰ ਐਨਾ ਕੁ ਲੁੱਟਿਆ ਹੈ ਕਿ ਕਿਸੇ ਭਲੇ ਆਦਮੀ ਨੂੰ ਹਿੰਦੁਸਤਾਨ ਦੀ ਤਾਕਤ ਮਿਲ ਜਾਵੇ ਤੇ ਇਨ੍ਹਾਂ ਦੇ ਘੋਟੇ ਲਾਕੇ ਇਨ੍ਹਾਂ ਦਾ ਲੁਕੋਇਆ ਧਨ ਸਵਿਸ ਬੈਂਕਾਂ ਤੋ ਬਿਨਾ ਹੀ ਜੋ ਅੱਜ ਇਹ ਇੱਥੇ ਦੱਬੀ ਬੈਠੇ ਹਨ ਕਢਾਇਆ ਜਾਵੇ ਤਾਂ ਪੰਜਾਬ ਚ ਐਨੀ ਤੂੜੀ ਦੇ ਢੇਰ ਨਹੀਂ ਜਿੰਨੇ ਇਨ੍ਹਾਂ ਤੋਂ ਪ੍ਰਾਪਤ ਕਾਲੇ ਨੋਟਾਂ ਦੇ ਢੇਰ ਲੱਗ ਜਾਣਗੇ। ਇਨ੍ਹਾਂ ਨੇ ਤਾਂ ਆਜ਼ਾਦੀ ਮਿਲਣ ਸਮੇਂ ਤੋਂ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਪਰ ਲੋਕਾਂ ਨੂੰ ਇਨ੍ਹਾਂ ਦੇ ਗੋਰਖਧੰਦੇ ਦੀ ਸਮਝ ਹੁਣ ਪਈ ਹੈ। ਲੀਡਰ ਤੇ ਅਫਸਰਾਂ ਵੱਲੋਂ ਲੁੱਟਿਆ ਧਨ ਸਾਧਾਂ ਕੋਲ ਜਮਾਂ ਹੁੰਦਾ ਹੈ ਤੇ ਇਸ ਧਨ ਨਾਲ ਸਾਧ ਇਨ੍ਹਾਂ ਲਈ ਵੋਟ ਬੈਂਕ ਅਤੇ ਨੋਟ ਬੈਂਕ ਦਾ ਕੰਮ ਕਰਦੇ ਹਨ।

ਲੀਡਰਾਂ ਵਿਚ ਅੱਜ ਅਜਿਹਾ ਕੋਈ ਨੇਤਾ ਨਹੀਂ ਜਿਸ ਵਿਚ ਦੇਸ਼ ਭਗਤੀ ਦਾ ਕੋਈ ਅੰਸ਼ ਹੋਵੇ ਆਪਣੀ ਜੰਤਾ ਪ੍ਰਤੀ ਕੋਈ ਹਮਦਰਦੀ ਹੋਵੇ, ਸਾਰੇ ਹੀ ਵੱਡੇ ਚੋਰ ਹਨ। ਦੇਸ਼ ਵਿਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ। ਜਦੋਂ ਚੋਣਾ ਨੇੜੇ ਹੁੰਦੀਆਂ ਹਨ ਤਾਂ ਚਾਰ ਦਿਨ ਲੋਕਾਂ ਨੂੰ ਸਬਜ਼ਬਾਗ ਵਿਖਾਕੇ ਪਿਛਲੇ ਚਾਰ ਸਾਲ ਘੁੱਟੇ ਗਲੇ ਨੂੰ ਭੁਲਾਉਣ ਦਾ ਯਤਨ ਕੀਤਾ ਜਾਂਦਾ ਹੈ ਅਤੇ ਸੱਤਾ ਪ੍ਰਾਪਤ ਕਰਕੇ ਫੇਰ ਉਹੀ ਲੁੱਟ ਖਸੁੱਟ,ਅਨਿਆਂ,ਧੱਕੇਸ਼ਾਹੀ,ਪਰੀਵਾਰਵਾਦ ਵਾਲਾ ਕੁਹਾੜਾ ਜੰਤਾ ਤੇ ਚਲਾਉਣ ਲੱਗ ਪੈਂਦੇ ਹਨ। ਅਫਸਰਸ਼ਾਹੀ ਖੁਦ ਮੁਖਤਿਆਰ ਹੈ,ਕਿਸੇ ਦਾ ਡਰ ਨਹੀਂ,ਹੋਵੇ ਵੀ ਕਿਉਂ ਇਹ ਲੀਡਰਾਂ ਦੇ ਕਮਾਊ ਪੁੱਤ ਨੇ,ਕਦੇ ਕਮਾਊ ਪੁੱਤ ਨੂੰ ਕਿਸੇ ਨੇ ਫਿਟ ਲਾਹਨਤ ਪਾਈ ਏ। ਦੇਸ਼ ਅੰਦਰ ਵੱਡੇ ਵੱਡੇ ਘੁਟਾਲੇ ਅਰਬਾਂ ਖਰਬਾਂ ਦੇ ਜੱਗ ਜਾਹਿਰ ਹੋ ਚੁੱਕੇ ਹਨ ਪਰ ਅੱਜ ਤੱਕ ਕਦੇ ਇਨ੍ਹਾਂ ਘਪਲਿਆਂ ਦੇ ਜਿੰਮੇਂਵਾਰ ਲੋਕਾਂ ਨੂੰ ਕੋਈ ਸਜ਼ਾ ਮਿਲੀ ਏ, ਨਹੀਂ। ਸਜ਼ਾ ਦੇਣੀ ਕੀਹਨੇ, ‘ਆਪੇ ਅੰਮਾਂ ਮੱਥਾ ਟੇਕੇ ਆਪੇ ਬੁੱਢ ਸੁਹਾਗਣ'। ਇਨ੍ਹਾਂ ਦੀਆਂ ਲੂੰਬੜਚਾਲਾਂ ਦਾ ਹੁਣ ਹਰ ਨਾਗਰਿਕ ਨੂੰ ਪਤਾ ਲੱਗ ਚੁੱਕਿਆ ਹੈ ਪਰ ਲੋੜ ਹੈ ਲਾਮਬੰਦ ਹੋਣ ਦੀ। ਭਾਵੇਂ ਅੰਨਾ ਹਜ਼ਾਰੇ ਵਰਗੇ ਜਨਤਕ ਆਗੂਆਂ ਨੇ ਇਸ ਤਿੱਖੜੀ ਦੀ ਲੁੱਟ ਖਿਲਾਫ ਚਿਣਗ ਜਗਾ ਦਿੱਤੀ ਹੈ ਪਰ ਇਕੱਲਾ ਅੰਨਾ ਕੁੱਝ ਨਹੀਂ ਕਰ ਸਕਦਾ, ਇਕ ਇਕ ਭਾਰਤੀ ਦਾ ਸਾਥ ਚਾਹੀਦਾ ਹੈ। ਇਹ ਚੋਰ ਤੁਹਾਨੂੰ ਸ਼ਾਂਤਮਈ ਅੰਦੋਲਨ ਵੀ ਨਹੀਂ ਕਰਨ ਦਿੰਦੇ ਤੁਹਾਡੇ ਤੇ ਡਾਂਗਾਂ ਵਰਾਉਂਦੇ ਹਨ ਪਰ ਤੁਸੀਂ ਕਿਉਂ ਢਿੱਲ ਵਿਖਾਉਂਦੇ ਓ, ਥੋੜਾ ਸਮਾਂ ਰਹਿ ਗਿਆ, ਇਨ੍ਹਾਂ ਨੇ ਤੁਹਾਡੇ ਕੋਲ ਪਿੰਡ ਪਿੰਡ ਬਗਲੇ ਭਗਤ ਬਣਕੇ ਵੋਟਾਂ ਮੰਗਣ ਆਉਣਾ ਹੈ।

ਹੁਣ ਤੱਕ ਤੁਸੀਂ ਇਨ੍ਹਾਂ ਦਾ ਫੁੱਲਾਂ ਦੇ ਹਾਰ ਅਤੇ ਨੋਟਾਂ ਦੇ ਹਾਰ ਪਾਕੇ ਸਵਾਗਤ ਕਰਦੇ ਰਹੇ ਹੋ। ਹੁਣ ਇਕ ਕੰਮ ਹੋਰ ਕਰ ਲਉ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਇਸ ਵਾਰੀ ਮਿੱਟੀ ਦੇ ਕੱਚੇ ਡਲੇ ਇਕੱਠੇ ਕਰਕੇ ਰੱਖੋ ,ਜਦੋਂ ਇਹ ਤੁਹਾਡੇ ਪਿੰਡ ਮੀਸਣੇ ਬਣਕੇ ਵੋਟਾਂ ਮੰਗਣ ਆਉਣਗੇ ਤਾਂ ਫੁੱਲਾਂ ਤੇ ਨੋਟਾਂ ਦੇ ਹਾਰਾਂ ਦੀ ਬਜਾਏ ਇਨ੍ਹਾਂ ਨੂੰ ਕੱਚੀਆਂ ਢੀਮਾਂ ਮਾਰਕੇ ਭਜਾਉ ਤੇ ਨਾਹਰੇ ਲਗਾਉ ਕਿ ਸਾਨੂੰ ਅਜਿਹੇ ਲੋਟੂ ਲੋਕ ਨਹੀਂ ਚਾਹੀਦੇ। ਜੇ ਕੱਚੇ ਡਲੇ ਖਾਕੇ ਨਾ ਸਮਝੇ ਤੇ ਫੇਰ ਅਗਲੀ ਵਾਰੀ ਪੱਕੇ ਡਲਿਆਂ ਨਾਲ ਸਵਾਗਤ ਕਰਿਉ। ਇੱਥੇ ਮੈਂ ਪੰਜਾਬ ਦੀ ਪ੍ਰਸਿੱਧ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀਆਂ ਦੋ ਸਤਰਾਂ ਤੁਹਾਡੀ ਨਜ਼ਰ ਕਰਨਾ ਚਾਹਾਂਗਾ,‘ਕਿੱਕਰੇ ਨੀ ਕੰਡਿਆਲੀਏ ਉੱਤੋਂ ਚੜਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ। ਹੱਕ ਲੈਣੇ ਪੈਂਦੇ ਨੇ ਕੋਈ ਥਾਲੀ ਵਿਚ ਪਰੋਸਕੇ ਨਹੀਂ ਦਿੰਦਾ। ਇਥੇ ਮੈਨੂੰ ਇਕ ਹੋਰ ਗੱਲ ਯਾਦ ਆਈ ਪਿਛਲੇ ਦਿਨੀ ਪੰਜਾਬ ਚ ਅਕਾਲੀ ਦਲ ਬਾਦਲ ਨੇ ਅਤੇ ਭਾਜਪਾ ਨੇ ਮਿਲਕੇ ਕਾਲਾ ਧਨ ਵਿਦੇਸ਼ਾਂ ਤੋਂ ਮੰਗਵਾਉਣ ਲਈ ਧਰਨੇ ਦਿੱਤੇ। ਮੈਨੂੰ ਵੇਖਕੇ ਮੁਹਾਵਰਾ ਯਾਦ ਆਇਆ ਕਿ ਕੀੜੀਆਂ ਵੀ ਮੱਕੇ ਨੂੰ ਚੱਲੀਆਂ ਨੇ। ਤੁਸੀਂ ਕਿਸੇ ਦੀ ਨੂੰਹ ਧੀ ਤੋਂ ਘੱਟ ਹੋ,ਸਾਰਾ ਲੁੱਟਕੇ ਪੰਜਾਬ ਖਾ ਲਿਆ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ। ਜਿੰਨਾ ਧਨ ਕਾਂਗਰਸੀਆਂ ਦਾ ਸਵਿੱਸ ਬੈਂਕਾਂ ਚ ਪਿਆ। ਪੰਜਾਬ ਦੇ ਲੀਡਰਾਂ,ਅਫਸਰਾਂ ਤੇ ਸਾਧਾਂ ਨੂੰ ਪੁੱਠੇ ਕਰਕੇ ਝਾੜ ਲਉ, ਉਸਤੋਂ ਵੱਡੇ ਢੇਰ ਲੱਗ ਜਾਣਗੇ।

ਗੁਰਭੇਜ ਸਿੰਘ ਚੌਹਾਨ, 98143 06545

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top