Share on Facebook

Main News Page

ਪੁਜਾਰੀ ਫੇਰ ਖੁੰਡਾ ਕੁਹਾੜਾ ਚਲਾਉਣ ਦੀ ਤਿਆਰੀ ਵਿਚ - "ਜਾਚਕ ਜੀ ਨੂੰ ਤਲਬ ਕਰਨ ਦੀ ਤਿਆਰੀ"

ਸਿੱਖ ਸਮਾਜ ਦੀ ਅਗਿਆਨਤਾ ਕਾਰਨ, ਭ੍ਰਿਸ਼ਟ ਹਾਕਮਾਂ ਦੀ ਸਰਪ੍ਰਸਤੀ ਹੇਠ, ਕੌਮ ਦੇ ਕੇਂਦਰੀ ਸਥਾਨਾਂ ’ਤੇ ਪੁਜਾਰੀ ਕਾਬਜ਼ ਹੋ ਗਏ ਹਨ। ਇਹ ਪੁਜਾਰੀ (ਅਖੌਤੀ ਜਥੇਦਾਰ, ਸਿੰਘ ਸਾਹਿਬ ਆਦਿ) ਉਨ੍ਹਾਂ ਹਾਕਮਾਂ ਦੀ ਤਾਂ ਚਾਕਰੀ ਕਰਦੇ ਹਨ ਪਰ ਜੇ ਕੋਈ ਮਨੁੱਖ ਵਿਦਵਾਨ ਗੁਰਮੁਖ ਸਿੱਖ ਸਮਾਜ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਉਹ ਇਨ੍ਹਾਂ ਪੁਜਾਰੀਆਂ ਨੂੰ ਨਹੀਂ ਸੁਹਾਂਦਾ। ਇਹ ਆਨੇ-ਬਹਾਨੇ ਉਸ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਇਹ ਵਰਤਾਰਾ ਲਗਭਗ ਪਿਛਲੇ 150 ਸਾਲ ਤੋਂ ਚਲ ਰਿਹਾ ਹੈ। ਕੌਮ ਨੇ ਅਗਿਆਨਤਾ ਅਤੇ ਅਣਗਹਿਲੀ ਹੇਠ ਇਨ੍ਹਾਂ ਪੁਜਾਰੀਆਂ ਨੂੰ ਸਿਰ ’ਤੇ ਚੜ੍ਹਾ ਲਿਆ। ਇਸ ਲਈ ਇਹ ‘ਜਥੇਦਾਰ’, ‘ਸਿੰਘ ਸਾਹਿਬ’ ਬਣ ਕੇ ਮਨਚਾਹੇ ‘ਹੁਕਮਨਾਮੇ’ ਜਾਰੀ ਕਰਨ ਲਗ ਪਏ। ਮੌਜੂਦਾ ਦੌਰ ਵਿਚ ਇਨ੍ਹਾਂ ਦਾ ਸ਼ਿਕਾਰ ਬਨਣ ਵਾਲੇ ਪਹਿਲੇ ਜਾਗਰੂਕ ਵਿਦਵਾਨ ਸਨ, ਗਿਆਨੀ ਭਾਗ ਸਿੰਘ ਜੀ ਅੰਬਾਲਾ। ਉਸ ਉਪਰੰਤ ਇਨ੍ਹਾਂ ਦਾ ਪੁਜਾਰੀਵਾਦੀ ਕੁਹਾੜਾ ਜਾਗਰੂਕ ਵਿਦਵਾਨਾਂ ਖਿਲਾਫ ਲਗਾਤਾਰ ਚਲਦਾ ਰਿਹਾ ਹੈ।

ਪਰ ਸਮੇਂ ਨਾਲ ਕੌਮ ਵਿਚ ਜਾਗ੍ਰਿਤੀ ਵੱਧ ਰਹੀ ਹੈ। ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਇਨ੍ਹਾਂ ਵਲੋਂ ਜਾਰੀ ਕੀਤੇ ‘ਕੂੜਨਾਮਿਆਂ’ ਦਾ ਹਸ਼ਰ ਵੇਖ ਕਿ ਅੰਦਰੋਂ ਤਾਂ ਇਹ ਸਮਝ ਚੁੱਕੇ ਹਨ ਕਿ ਇਨ੍ਹਾਂ ਦੇ ਦਿਨ ਹੁਣ ਪੁੱਗ ਗਏ ਹਨ। ਪਿੱਛਲੇ ਦਿਨ ‘ਮੁੱਖ ਪੁਜਾਰੀ’ ਨੇ ਡਾ. ਇਕਬਾਲ ਸਿੰਘ ਜੀ ‘ਚੰਡੀਗੜ’ ਵਿਰੁਧ ਵੀ ਪੁਜਾਰੀਵਾਦੀ ਬੜਕ ਮਾਰੀ ਸੀ, ਪਰ ਡਾ. ਇਕਬਾਲ ਸਿੰਘ ਦੇ ਤੇਵਰ ਅਤੇ ਜਾਗਰੂਕ ਪੰਥ ਦਾ ਵਿਰੋਧ ਦੇਖ ਕਿ ਉਹ ਪਿੱਛੇ ਹੱਟ ਗਿਆ ਲਗਦਾ ਹੈ। ਸਵਾਰਥੀ ਹਾਕਮ ਅਤੇ ਗੁਰਦੁਆਰਾ ਪ੍ਰਬੰਧਕ ਵਿਚ ਵਿਚ ਇਨ੍ਹਾਂ ਦੀਆਂ ਧਮਕੀਆਂ ਨੂੰ ਹੁੰਗਾਰਾ ਦੇ ਕੇ ਇਨ੍ਹਾਂ ਨੂੰ ਜਿੰਦੇ ਹੋਣ ਦਾ ਅਹਿਸਾਸ ਕਰਾ ਦੇਂਦੇ ਹਨ। ਉਹ ਹਾਕਮ ਵੀ ਜਾਣਦੇ ਹਨ ਕਿ ਇਨ੍ਹਾਂ ਦੇ ਕਮਰੇ ਵਿਚ ਜਾ ਕੇ ਸੌਧਾ ਤਾਂ ਹੋ ਹੀ ਜਾਣਾ ਹੈ। ਐਸੇ ਰਾਜਨੀਤਕ ਲੋਕ ਅਤੇ ਪ੍ਰਬੰਧਕ ਹੀ ਪੁਜਾਰੀਵਾਦ ਦੀ ਪੁਸ਼ਤਪਨਾਹੀ ਕਰਦੇ ਹਨ।

ਰੋਜ਼ਾਨਾ ਸਪੋਕਸਮੈਨ ਵਿਚ ਛਪੀ ਖਬਰ ਅਨੁਸਾਰ ਹੁਣ ਪੁਜਾਰੀ ਅਪਣਾ ਖੁੰਡਾ ਕੁਹਾੜਾ ਜਾਗਰੂਕ ਪੰਥ ਖਿਲਾਫ ਇਕ ਵਾਰ ਫਿਰ ਲਹਿਰਾਉਣ ਦੀ ਤਿਆਰੀ ਕਰ ਰਹੇ ਹਨ। ਖਬਰ ਅਨੁਸਾਰ ਇਸ ਵਾਰ ਉਨ੍ਹਾਂ ਦੀ ਨਜ਼ਰ ਗਿਆਨੀ ਜਗਤਾਰ ਸਿੰਘ ਜੀ ਜਾਚਕ ’ਤੇ ਹੈ। ਜਾਚਕ ਜੀ ਨਾਲ ਇਨ੍ਹਾਂ ਪੁਜਾਰੀਆਂ ਦਾ ਇਕ ਆਕਾ (ਅਵਤਾਰ ਸਿੰਘ ਮੱਕੜ) ਖਫਾ ਹੋ ਗਿਆ ਹੈ। ਪਰ ਇਹ ਵੀ ਸੱਚ ਹੈ ਕਿ ਜਾਗਰੂਕ ਪੰਥ ਖਿਲਾਫ ਚੁਕਿਆ ਇਕ-ਇਕ ਕਦਮ ‘ਪੁਜਾਰੀਵਾਦ’ ਦੇ ਤਾਬੂਤ ਵਿਚ ਕਿੱਲ ਸਾਬਿਤ ਹੋ ਰਿਹਾ ਹੈ। ਜਾਗਰੂਕ ਪੰਥ ਇਨ੍ਹਾਂ ਦੇ ‘ਕੁੜਨਾਮਿਆਂ’ ਨੂੰ ਟਿੱਚ ਜਾਣਦਾ ਹੈ।

ਗਿਆਨੀ ਜਾਚਕ ਜੀ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ। ਜੇ ਪੁਜਾਰੀ ਉਨ੍ਹਾਂ ਨੂੰ ਅਕਾਲ ਤਖਤ ਦਾ ਨਾਂ ਵਰਤ ਕੇ ਤਲਬ ਕਰਨ ਦੀ ਹਿਮਾਕਤ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਸੁਚੇਤ ਅਤੇ ਦ੍ਰਿੜ ਹੋ ਕੇ ਕਦਮ ਚੁੱਕਣਾ ਪਵੇਗਾ। ਜੇ ਉਹ ਪੁਜਾਰੀਆਂ ਦੇ ਐਸੇ ਬੁਲਾਵੇ ਨੂੰ ਟਿੱਚ ਜਾਣ ਕੇ ਉਨ੍ਹਾਂ ਸਾਹਮਣੇ ਪੇਸ਼ ਹੋਣ ਤੋਂ ਮੁਨਕਰ ਹੋ ਜਾਂਦੇ ਹਨ ਤਾਂ ਇਸ ਨਾਲ ਜਾਗਰੂਕਤਾ ਲਹਿਰ ਨੂੰ ਹੋਰ ਬਲ ਮਿਲੇਗਾ ਅਤੇ ਪੁਜਾਰੀਵਾਦ ਆਪਣੀ ਮੌਤ ਦੇ ਇਕ ਕਦਮ ਹੋਰ ਨੇੜੇ ਪਹੁੰਚ ਜਾਵੇਗਾ। ਪਰ ਜੇ ਜਾਚਕ ਜੀ ਨੇ ਕਿਸੇ ਕਿਸਮ ਦੀ ਕਮਜ਼ੋਰੀ ਵਿਖਾਈ ਤਾਂ ਸਹਿਕ ਰਹੇ ਪੁਜਾਰੀਵਾਦ ਨੂੰ ਬਲ ਮਿਲ ਸਕਦਾ ਹੈ।

‘ਤੱਤ ਗੁਰਮਤਿ ਪਰਿਵਾਰ’ ਜਿੱਥੇ ਪੁਜਾਰੀਆਂ ਦੀ ਐਸੀ ਕਿਸੇ ਵੀ ਹਿਮਾਕਤ ਦਾ ਪੁਰਜ਼ੋਰ ਵਿਰੋਧ ਕਰਦਾ ਹੈ, ਉੱਥੇ ਆਸ ਕਰਦਾ ਹੈ ਕਿ ਜਾਚਕ ਜੀ ਪੁਜਾਰੀਆਂ ਦੀ ਐਸੀ ਗੁਸਤਾਖੀ (ਜੇ ਉਹ ਕਰਦੇ ਹਨ) ਦਾ ਦ੍ਰਿੜਤਾ, ਦਲੇਰੀ ਅਤੇ ਚੇਤੰਨਤਾ ਰਾਹੀਂ ਜਵਾਬ ਦੇ ਕੇ ਇਕ ਵਾਰ ਮਜ਼ਬੂਤ ਅਹਿਸਾਸ ਕਰਵਾਉਣ ਕਿ ਜਾਗਰੂਕ ਪੰਥ ਪੁਜਾਰੀਆਂ ਦੀ ਹੋਂਦ ਨੂੰ ਹੀ ਮਾਨਤਾ ਨਹੀਂ ਦਿੰਦਾ। ਜਾਚਕ ਜੀ ਪੁਜਾਰੀਆਂ ਦੇ ਹਰ ਵਾਰ ਦਾ ਜਵਾਬ ਜਨਤਕ ਤੌਰ ’ਤੇ ਮੀਡੀਆ ਰਾਹੀਂ ਦੇਣ ਅਤੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਤੋਂ ਸਪਸ਼ਟ ਇਨਕਾਰ ਕਰ ਦੇਣ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top