Share on Facebook

Main News Page

ਗਿਆਨੀ ਜਗਤਾਰ ਸਿੰਘ ਜਾਚਕ ਨੂੰ ਤਲਬ ਕਰਨ ਦੀ ਤਿਆਰੀ

ਅੰਮ੍ਰਿਤਸਰ, 27 ਜੂਨ (ਚਰਨਜੀਤ ਸਿੰਘ) : ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਤਿਆਰੀ ਮੁਕੰਮਲ ਹੋ ਚੁਕੀ ਹੈ। ਯਾਦ ਰਹੇ ਕਿ ਇਹਨੀਂ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਗੁਰਦਵਾਰਾ ਹੇਮਕੁੰਡ ਸਾਹਿਬ ਦੀ ਯਾਤਰਾ ਉਤੇ ਗਏ ਹੋਏ ਹੋਣ ਕਾਰਨ ਇਹ ਐਲਾਨ ਕਰਨ ਵਿਚ ਦੇਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪ੍ਰਸਿੱਧ ਪੰਥਕ ਵਿਦਵਾਨ ਡਾਕਟਰ ਹਰਨਾਮ ਸਿੰਘ ਸ਼ਾਨ ਦੀ ਅੰਤਮ ਅਰਦਾਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਤੇ ਗਿਆਨੀ ਜਗਤਾਰ ਸਿੰਘ ਜਾਚਕ ਵਿਚਾਲੇ ਗੁਰੂ ਗ੍ਰੰਥ ਸਾਹਿਬ ਉਤੇ ਬੇਲੋੜੇ ਰੁਮਾਲੇ ਚੜ੍ਹਾਉਣ ਬਾਰੇ ਕੁੱਝ ਤਕਰਾਰ ਹੋ ਗਈ ਸੀ ਜਿਸ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਧਾਨ ਨੇ ਗਿਆਨੀ ਜਾਚਕ ਨੂੰ ਮਜ਼ਾ ਚਖਾਉਣ ਦਾ ਇਰਾਦਾ ਕਰ ਲਿਆ ਸੀ।

ਤਲਬ ਕਰਨ ਦੀ ਕਾਰਵਾਈ ਪਿੱਛੇ ਗਿਆਨੀ ਜਾਚਕ ਵਲੋਂ 2008 ਵਿਚ ਲਿਖੀ ਕਿਤਾਬ "ੴ ਦਰਪਨ" ਨੂੰ ਆਧਾਰ ਬਣਾਇਆ ਗਿਆ ਹੈ। ਸੂਤਰ ਦਾਅਵਾ ਕਰਦੇ ਹਨ ਕਿ ਗਿਆਨੀ ਜਾਚਕ ਨੂੰ ਤਲਬ ਕਰਨ ਲਈ ਮੁਢਲੀ ਪ੍ਰਕਿਰਿਆ ਵਜੋਂ ਇਕ ਚਿੱਠੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਭੇਜੀ ਜਾ ਚੁਕੀ ਹੈ ਜਿਸ ਨੂੰ ਆਧਾਰ ਬਣਾ ਕੇ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਤਲਬ ਕੀਤਾ ਜਾ ਸਕਦਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ‘ਜਥੇਦਾਰਾਂ’ ਦੀ ਮੀਟਿੰਗ 22 ਜੁਲਾਈ ਨੂੰ ਹੋ ਰਹੀ ਹੈ। ਇਸ ਸਬੰਧੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਜਿਸ ਕਿਤਾਬ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਕੋਈ ਅਜਿਹਾ ਸ਼ਬਦ ਨਹੀਂ ਵਰਤਿਆ ਗਿਆ ਜਿਸ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁਧ ਕੋਈ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਤਾਬ ਬਹਾਨੇ ਹੀ ਸਹੀ ‘ਜਥੇਦਾਰ’ ਗੁਰਮਤਿ ਦੇ ਸੱਚ ਤੋਂ ਜਾਣੂ ਤਾਂ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top