Share on Facebook

Main News Page

ਗੁਰਦੁਆਰਿਆਂ ਵਿਚ 12 ਮਿੰਟ ਨਾ ਬੈਠਣ ਵਾਲੇ ਬੱਚਿਆਂ ਨੇ ਇਕ ਦਿਨ ਵਿਚ 12 ਘੰਟੇ ਲਗਾਤਾਰ ਗੁਰਮਤਿ ਟ੍ਰੇਨਿੰਗ ਕੈਂਪ ਵਿਚ ਹਾਜ਼ਰੀ ਭਰੀ

* ਗੁਰਬਾਣੀ ਦੇ ਸਹੀ ਮਾਇਨੇ ਨੂੰ ਨਾ ਸਮਝਦਿਆਂ ਕੁਝ ਕੁ ਬਾਣੀਆਂ ਦਾ ਰਟਨ ਕਰ ਕੇ, ਸਿੱਖ ਸੰਗਤਾਂ ਬਜ਼ੁਰਗ ਹੋਣ ਦੇ ਬਾਵਜੂਦ ਵੀ ਨਰਸਰੀ ਕਲਾਸ ਵਿਚ ਹੀ ਬੈਠੀਆਂ ਹਨ: ਸ. ਉਪਕਾਰ ਸਿੰਘ ਫ਼ਰੀਦਾਬਾਦ

(28 ਜੂਨ 2011 , ਬਸੰਤ ਕੌਰ, ਫਰੀਦਾਬਾਦ)

ਜਿਹੜੇ ਬੱਚੇ ਗੁਰਦੁਆਰਿਆਂ ਵਿਚ 12 ਮਿੰਟ ਵੀ ਬੈਠਣਾ ਪਸੰਦ ਨਹੀਂ ਕਰਦੇ ਉਨ੍ਹਾਂ ਨੇ ਇਕ ਦਿਨ ਵਿਚ 12 ਘੰਟੇ ਲਗਾਤਾਰ ਗੁਰਮਤਿ ਟ੍ਰੇਨਿੰਗ ਕੈਂਪ ਵਿਚ ਹਾਜ਼ਰੀ ਭਰ ਕੇ ਸਾਬਤ ਕੀਤਾ ਕਿ ਮੌਜੂਦਾ ਗੁਰਦੁਆਰਾ ਪ੍ਰਬੰਧ ਵਿਚ ਸਭ ਤੋਂ ਵੱਧ ਸੁਧਾਰ ਦੀ ਲੋੜ ਹੈ, ਅਜਿਹਾ ਨਜ਼ਾਰਾ ਫ਼ਰੀਦਾਬਾਦ ਵਿਖੇ 2 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦਾ ਸੀ। ਪਿਛਲੇ 15 ਸਾਲਾਂ ਤੋਂ ਪ੍ਰਚਾਰ ਵਿਚ ਜੁਟੀ ਸੰਸਥਾ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਐਤਕੀਂ ਮਿਯੂਨਿਸਪਲ ਆਡੀਟੋਰੀਅਮ ਫ਼ਰੀਦਾਬਾਦ ਵਿਖੇ 73ਵਾਂ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਗਿਆ ਜੋ ਕਿ ਸਵੇਰ 7 ਵਜੇ ਤੋਂ ਸ਼ਾਮ ਦੇ 7 ਵਜੇ ਤਕ ਚਲਿਆ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਬੱਚਿਆਂ ਨੂੰ ਜੀ ਆਇਆਂ ਆਖਿਆ।

ਇਸ ਦੋ ਰੋਜ਼ਾ ਕੈਂਪ ਵਿਚ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਜਿਸ ਵਿਚ ਬੱਚਿਆਂ ਨੂੰ ਆਧੁਨਿਕ ਸੁਖ ਸਹੂਲਤਾਂ ਦਿੰਦਿਆਂ ਉਨ੍ਹਾਂ ਦੀ ਪਸੰਦ ਮੁਤਾਬਕ ਮਲਟੀਮੀਡੀਆ ਤਕਨੀਕ ਰਾਹੀਂ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ। ਜਿਸ ਦੀ ਸੇਵਾ ਉਚੇਚੇ ਸੱਦੇ ’ਤੇ ਪੁੱਜੇ ਬੀਬੀ ਹਰਬੰਸ ਕੌਰ ਫ਼ਰੀਦਾਬਦ ਅਤੇ ਸ. ਗੁਰਸੇਵਕ ਸਿੰਘ ਮਦਰੱਸਾ ਦੀ ਜੋੜੀ ਨੇ ਨਿਭਾਈ।

ਕੈਂਪ ਵਿਚ ਵੱਡੇ ਪਰਦੇ ’ਤੇ ਜਿੱਥੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜੁਗਤਿ ਵਿਖਾਈ ਉਥੇ ਧਾਰਮਕ ਫਿਲਮਾਂ, ਗੁਰਮਤਿ ਕਿਉਜ਼, ਗੁਰਮੁਖੀ ਸਿਖਲਾਈ, ਸਿੱਖ ਵਿਰਸੇ ਨਾਲ ਸੰਬੰਧਤ ਵੀਡੀਉ ਕਲਿਪਜ਼, ਸਲਾਈਡ ਸ਼ੋ ਵਿਖਾਏ ਅਤੇ ਗੇਮਜ਼ ਵੀ ਖਿਡਾਏ ਗਏ।ਇਸ ਦੋ ਰੋਜ਼ਾ ਕੈਂਪ ਵਿਚ ਬੱਚਿਆਂ ਨੂੰ ਆਪਣੀ ਸ਼ਖਸੀਅਤ ਨੂੰ ਉਭਾਰਣ ਦਾ ਭਰਪੂਰ ਮੌਕਾ ਦਿੰਦਿਆ ਦੂਜੇ ਦਿਨ ਟੈਲੰਟ ਸ਼ੋ ਵੀ ਰੱਖਿਆ ਜਿਸ ਵਿਚ ਬੱਚਿਆਂ ਨੇ ਸਟੇਜ ’ਤੇ ਗੁਰਮਤਿ ਅਨੁਸਾਰ ਵੱਖ ਵੱਖ ਟੈਲੰਟ ਵਿਖਾ ਕੇ ਆਪਣੇ ਅੰਦਰ ਛਿੱਪੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਫਰੀਦਾਬਾਦ ਵੱਲੋਂ ਗਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਕੈਂਪ ਵਿਚ ਦਾ ਲਿਵਿੰਗ ਟਰੇਜ਼ਰ ਦਿੱਲੀ ਤੋਂ ਸ. ਜਸਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਸ਼ਬਦ ਵਿਚਾਰ ਰਾਹੀਂ ਹਾਜ਼ਰੀ ਭਰਦਿਆਂ ਸੌਖੇ ਤਰੀਕੇ ਨਾਲ ਸਮਝਾਇਆ ਕਿ ਅਸਲ ਵਿਚ ਗੁਰਬਾਣੀ ਨੂੰ ਜੀਵਨ ਵਿਚ ਨਾ ਅਪਨਾਉਣ ਕਰ ਕੇ ਹੀ ਸਾਡੇ ਜੀਵਨ ਵਿਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਸ. ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਕਾਂ ਬਿਰਤੀ ਛੱਡ ਕੇ ਮਧੁਮੱਖੀ ਵਾਂਗ ਗੁਣਾਂ ਰੂਪੀ ਸ਼ਹਿਦ ਇਕੱਠਾ ਕਰਨਾ ਚਾਹੀਦਾ ਹੈ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਤੋਂ ਬੀਬੀ ਸਰਬਜੀਤ ਕੌਰ ਨੇ ਸਿੱਖ ਧਰਮ ਵਿਚ ਇਸਤਰੀ ਦੇ ਸਥਾਨ ਬਾਰੇ ਜਾਨਕਾਰੀ ਦਿੱਤੀ ਅਤੇ ਬੀਬੀ ਪਰਮਜੀਤ ਕੌਰ ਨੇ ਸ਼ਬਦ ਵਿਚਾਰ ਕਰਦਿਆਂ ਕਿਹਾ ਕਿ ਸਾਡੀ ਲੋਕਾਂ ਨਾਲ ਚੰਗੀ ਸਾਂਝ ਤਾਂ ਹੀ ਪੈ ਸਕਦੀ ਹੈ ਜਦ ਸਾਡਾ ਜੀਵਨ ਸੱਚ’ਤੇ ਟਿਕਿਆ ਹੋਵੇਗਾ।

ਸ. ਸੁਰਿੰਦਰ ਸਿੰਘ ਜਿੰਨ੍ਹਾਂ ਨੇ ਸਮੁੱਚੇ ਕੈਂਪ ਵਿਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਦੀ ਬਿਲਡਿੰਗਾਂ ਨਾ ਬਨਾਈਆਂ ਜਾਣ ਸਗੋਂ ਗੁਰਦੁਆਰਾ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਅੱਜ ਗੁਰਦੁਆਰਿਆ ਵਿਚ ਬੱਚਿਆਂ ਅਤੇ ਨੌਜਵਾਨਾਂ ਦੇ ਨਾ ਜਾਣ ਦਾ ਸਭ ਤੋਂ ਵੱਡਾ ਕਾਰਣ ਹੀ ਇਹੀ ਹੈ ਕਿ ਪ੍ਰਬੰਧਕਾਂ ਵੱਲੋਂ ਸਭ ਤੋਂ ਵੱਧ ਧਿਆਨ ਬਿਲਡਿਗਾਂ ਤੋੜਨ ਅਤੇ ਬਨਾਉਣ ਵਿਚ ਲੱਗਿਆ ਹੈ ।ਸ. ਗੁਰਸੇਵਕ ਸਿੰਘ ਨੇ ਨਸ਼ੇ ਸਬੰਧੀ ਸਲਾਈਡ ਸ਼ੋ ਵਿਖਾ ਕੇ ਬੱਚਿਆ ਨੂੰ ਇਸ ਪੱਖੋਂ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਵਿਚ ਨਸ਼ਿਆਂ ਦੀ ਗੰਦਗੀ ਇੰਨੇ ਭਿਆਨਕ ਰੂਪ ਵਿਚ ਫੈਲ ਚੁੱਕੀ ਹੈ ਕਿ ਨਸ਼ਾ ਨਾ ਕਰਨ ਵਾਲੇ ਵੀ ਇਸ ਭਿਆਨਕ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੈਂਪ ਵਿਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸਹੀ ਮਾਇਨੇ ਨੂੰ ਨਾ ਸਮਝਦਿਆਂ ਕੁਝ ਕੁ ਬਾਣੀਆਂ ਦਾ ਰਟਨ ਕਰ ਕੇ ਸਿੱਖ ਸੰਗਤਾਂ ਬਜ਼ੁਰਗ ਹੋਣ ਦੇ ਬਾਵਜੂਦ ਵੀ ਨਰਸਰੀ ਕਲਾਸ ਵਿਚ ਹੀ ਬੈਠੀਆਂ ਹਨ। ਇਸ ਤੋਂ ਇਲਾਵਾ ਡਾ. ਹੋਸ਼ਿਆਰ ਸਿੰਘ ਨੇ ਗੁਰਬਾਣੀ ਦੀ ਰੋਸਨੀ ਵਿਚ ਬੱਚਿਆਂ ਨੂੰ ਸ਼ਰੀਰਕ ਤੌਰ’ਤੇ ਚੰਗੀ ਸਿਹਤ ਬਨਾਉਣ ਦੇ ਨੁਸਖੇ ਦੱਸੇ। ਪੁਰਾਣੇ ਕੈਂਪਰਜ਼ ਕਵਲਜੀਤ ਸਿੰਘ ਅਤੇ ਗਗਨਜੋਤ ਕੌਰ ਨੇ ਬੱਚਿਆਂ ਨੂੰ ਮਨੋਰੰਜਕ ਖੇਡਾਂ ਕਰਵਾਈਆਂ। ਕੈਂਪ ਦੇ ਅੰਤ ਵਿਚ ਹਰ ਬੱਚੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top