Share on Facebook

Main News Page

‘ਜੇ ਕਾਂਗਰਸ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਨਹੀਂ ਭੁਲਾ ਸਕੀ ਤਾਂ ਸਿੱਖ ਕਤਲੇਆਮ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਕਾਂਗਰਸ ਨੇ ਕੀ ਕੀਤਾ: ਬੀਬੀ ਦਰਸ਼ਨ ਕੌਰ

ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ 84 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਨੂੰ ਭੁਲ ਜਾਣ ਦੇ ਦਿਤੇ ਬਿਆਨ ਨਾਲ ਸਿੱਖ ਕਤਲੇਆਮ ਪੀੜਤਾਂ ਦੇ ਜ਼ਖ਼ਮ ਮੁੜ ਹਰੇ ਹੋ ਗਏ ਹਨ। ਗ੍ਰਹਿ ਮੰਤਰੀ ਨੂੰ ਸਵਾਲ ਕਰਦਿਆਂ ਸਿੱਖ ਕਤਲੇਆਮ ਦੀ ਪੀੜਤ ਬੀਬੀ ਦਰਸ਼ਨ ਕੌਰ ਨੇ ਕਿਹਾ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਅਪਣੇ ਕਿਸੇ ਦੋਸ਼ੀ ਮੰਤਰੀ ਨੂੰ ਅੱਜ ਤੱਕ ਸਜ਼ਾ ਤਕ ਨਹੀਂ ਦੇ ਸਕੀ ਤਾਂ ਅਸੀਂ ਕਿਸ ਤਰ੍ਹਾਂ ਕਤਲੇਆਮ ਨੂੰ ਭੁਲਾ ਸਕਦੇ ਹਾਂ ? ਅਸੀਂ ਕਿਵੇਂ ਭੁੱਲ ਜਾਈਏ ਉਸ ਮਨਹੂਸ ਦਿਨ ਨੂੰ ਜਦ ਸਾਡੇ ਸਿਰ ਦੇ ਸਾਈਆਂ ਨੂੰ ਗਲਾਂ 'ਚ ਸੜਦੇ ਟਾਇਰ ਪਾ ਕੇ ਜਿਊਂਦਿਆਂ ਸਾੜ ਦਿਤਾ ਗਿਆ। ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਸਰੂਪਾਂ ਨੂੰ ਸੜਕਾਂ ਤੇ ਸੁਟਿਆ ਗਿਆ ਤੇ ਅੱਗਾਂ ਲਾਈਆਂ ਗਈਆਂ। ਚਿੱਟੇ ਦਿਨ ਬੀਬੀਆਂ ਦੀ ਅਜ਼ਮਤ ਲੁੱਟੀ ਗਈ। ਹੋਰ ਤਾਂ ਹੋਰ ਸਾਡੇ ਬੱਚਿਆਂ ਨੂੰ ਨਰਕ ਦੀ ਜੂਨ ਭੋਗਣ ਲਈ ਯਤੀਮ ਬਣਾ ਦਿਤਾ ਗਿਆ ਪਰ ਦੋਸ਼ੀਆਂ ਨੂੰ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜ ਕੇ ਮੁੜ ਸਾਡੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਗਿਆ।

ਐਚ. ਕੇ. ਐਲ. ਭਗਤ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਨ ਵਾਲੀ ਬੁਲੰਦ ਹੌਸਲੇ ਵਾਲੀ ਬੀਬੀ ਦਰਸ਼ਨ ਕੌਰ ਨੇ ਕਾਂਗਰਸ ਪ੍ਰਧਾਨ ਬੀਬੀ ਸੋਨੀਆ ਗਾਂਧੀ ਨੂੰ ਪੁਛਿਆ ਕਿ ਆਖ਼ਰ ਤੁਸੀਂ ਕਿਉਂ ਹਰ ਸਾਲ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਯਾਦ ਕਰਦੇ ਹੋ ? ਕਿਉਂ ਅਪਣੇ ਮਰਹੂਮ ਪਤੀ ਰਾਜੀਵ ਗਾਂਧੀ ਨੂੰ ਯਾਦ ਕਰਦੇ ਹੋ? ਜੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਭੁਲਾਇਆ ਨਹੀਂ ਜਾ ਸਕਦਾ ਤਾਂ ਸਿੱਖ ਕਤਲੇਆਮ ਨੂੰ ਸਿੱਖ ਕੌਮ ਕਿਉਂ ਭੁਲਾ ਦੇਵੇ? ਕਾਂਗਰਸ ਜਵਾਬ ਦੇਵੇ ਕਿ ਹੁਣ ਤਕ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸਜ਼ਾਵਾਂ ਦੁਆਉਣ ਲਈ ਕਾਂਗਰਸ ਨੇ ਕੀ ਕੀਤਾ ਹੈ ? ਚੋਣਾਂ ਸਮੇਂ ਉਨ੍ਹਾਂ ਤੋਂ ਅਸਤੀਫੇ ਲੈ ਕੇ ਮੁੜ ਉਨ੍ਹਾਂ ਨੂੰ ਅਹੁਦਿਆਂ ਨਾਲ ਨਿਵਾਜ ਕੇ ਪੀੜਤਾਂ ਨੂੰ ਮੂਰਖ ਨਹੀਂ ਬਣਾਇਆ ਗਿਆ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top