Share on Facebook

Main News Page

ਮੁਆਫ਼ ਕਰਨ ਦੀਆਂ ਸਲਾਹਾਂ ਸਿਰਫ ਸਿੱਖਾਂ ਲਈ ਹਨ, ਜਾਂ ਇਹ ਸਲਾਹਾਂ ਦੇਣ ਵਾਲੇ ਖ਼ੁਦ ਵੀ ਆਪਣੀਆਂ ਸਲਾਹਾਂ ’ਤੇ ਕਦੀ ਅਮਲ ਕਰਨਗੇ: ਭਾਈ ਸਿਰਸਾ

ਸਿੱਖ ਤਾਂ ਬੜੇ ਵਿਸ਼ਾਲ ਹਿਰਦੇ ਦੇ ਮਾਲਕ ਹਨ ਜੋ ਹਰ ਉਸ ਦੋਸ਼ੀ ਨੂੰ ਮੁਆਫ਼ ਕਰਨ ਦਾ ਜਿਗਰਾ ਰੱਖਦੇ ਹਨ, ਜਿਹੜਾ ਕਪਟ ਨੂੰ ਪਾਸੇ ਰੱਖ ਕੇ ਸੱਚੇ ਦਿਲੋਂ ਮੁਆਫ਼ੀ ਦੀ ਮੰਗ ਕਰੇ
ਮੁਆਫੀ ਦੀ ਗੱਲ ਕੇਵਲ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਤੱਕ ਸੀਮਤ ਹੈ
ਜੇ ਕੇਂਦਰੀ ਗ੍ਰਹਿ ਮੰਤਰੀ ਪਿਛਲਾ ਸਭ ਕੁਝ ਭੁੱਲਣ ਅਤੇ ਮੁਆਫ਼ ਕਰਨ ਦੇ ਹੱਕ ਵਿੱਚ ਹਨ ਤਾਂ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ
ਦੋ ਨੰਬਰ ਦਾ ਵਰਤਾਓ ਕਰਦੇ ਹੋਏ ਵੀ ਜੇ ਕੋਈ ਮੰਤਰੀ ਭੁੱਲ ਜਾਓ ਤੇ ਮੁਆਫ਼ ਕਰ ਦਿਓ ਦੀਆਂ ਸਲਾਹਾਂ ਦੇਵੇ ਤਾਂ ਪੀੜਤ ਧਿਰ ਦੇ ਜਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ

ਬਠਿੰਡਾ, 26 ਜੂਨ (ਕਿਰਪਾਲ ਸਿੰਘ) : ਮੁਆਫ਼ ਕਰਨ ਦੀਆਂ ਸਲਾਹਾਂ ਸਿਰਫ ਸਿੱਖਾਂ ਲਈ ਹਨ ਜਾਂ ਇਹ ਸਲਾਹਾਂ ਦੇਣ ਵਾਲੇ ਖ਼ੁਦ ਵੀ ਆਪਣੀਆਂ ਸਲਾਹਾਂ ’ਤੇ ਕਦੀ ਅਮਲ ਕਰਨਗੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਇਹ ਦੱਸਣਯੋਗ ਹੈ ਕਿ 142 ਸਿੱਖਾਂ ਦਾ ਨਾਮ ਕਾਲੀ ਸੂਚੀ ਵਿੱਚੋਂ ਕੱਢ ਦਿੱਤੇ ਜਾਣ ਪਿੱਛੋਂ 25 ਜੂਨ ਨੂੰ ਦਿੱਲੀ ਵਿਖੇ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤੇ ਜੰਗਪੁਰਾ ਤੋਂ ਕਾਂਗਰਸ ਦੇ ਵਿਧਾਇਕ ਤਰਵਿੰਦਰ ਸਿੰਘ ਮਰਵਾਹਾ ਦੀ ਅਗਵਾਈ ’ਚ ਕਰਵਾਏ ਸਮਾਗਮ ਵਿੱਚ ਬੋਲਦਿਆਂ ਗ੍ਰਹਿ ਮੰਤਰੀ ਨੇ ਸਾਲ 1984 ਦੇ ਸਿੱਖ ਕਤਲੇਆਮ ਦੇ ਜ਼ਖ਼ਮਾਂ ਨੂੰ ਭੁੱਲਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਹੁਣ ਸਮਾਂ ਮੁਆਫ਼ ਕਰਨ ਤੇ ਅਜਿਹਾ ਨਵਾਂ ਭਾਰਤ ਉਸਾਰਨ ਦਾ ਹੈ, ਜਿੱਥੇ ਹਰ ਕਿਸੇ ਨੂੰ ਬਰਾਬਰ ਦਾ ਸਨਮਾਨ ਮਿਲੇ।

ਭਾਈ ਸਿਰਸਾ ਨੇ ਕਿਹਾ ਕਿ ਸਿੱਖ ਤਾਂ ਬੜੇ ਵਿਸ਼ਾਲ ਹਿਰਦੇ ਦੇ ਮਾਲਕ ਹਨ ਜੋ ਹਰ ਉਸ ਦੋਸ਼ੀ ਨੂੰ ਮੁਆਫ਼ ਕਰਨ ਦਾ ਜਿਗਰਾ ਰੱਖਦੇ ਹਨ ਜਿਹੜਾ ਕਪਟ ਨੂੰ ਪਾਸੇ ਰੱਖ ਕੇ ਸੱਚੇ ਦਿਲੋਂ ਮੁਆਫ਼ੀ ਦੀ ਮੰਗ ਕਰੇ। ਪਰ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ, ਕਾਂਗਰਸ ਪਾਰਟੀ ਅਤੇ ਕੇਂਦਰ ਸਰਕਾਰ ਵਲੋਂ ਮੁਆਫ਼ੀ ਦੀ ਵਾਰ ਵਾਰ ਕੀਤੀ ਗੱਲ ਵਿੱਚ ਸੱਚੇ ਦਿੱਲ ਭਾਵਨਾ ਦੀ ਨਹੀਂ ਬਲਕਿ ਕਪਟ ਦੀ ਝਲਕ ਵਿਖਾਈ ਦਿੰਦੀ ਹ,ੈ ਕਿਉਂਕਿ ਉਨ੍ਹਾਂ ਵੱਲੋਂ ਮੁਆਫੀ ਦੀ ਗੱਲ ਕੇਵਲ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਤੱਕ ਸੀਮਤ ਹੈ। ਮੁਆਫ਼ੀ ਕਦੇ ਵੀ ਇੱਕ ਪਾਸੜ ਨਹੀਂ ਹੁੰਦੀ ਬਲਕਿ ਸੁਹਿਰਦ ਭਾਵਨਾ ਨਾਲ ਦੋਵੇਂ ਪਾਸਿਆਂ ਤੋਂ ਹੋਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਕੀਤੀ ਗਈ ਗਲਤ ਕਾਰਵਾਈ ਦਾ ਮਨੁੱਖੀ ਸੁਭਾਉ ਅਨੁਸਾਰ ਪ੍ਰਤੀ ਕਰਮ ਲਜ਼ਮੀ ਹੁੰਦਾ ਹੈ। ਜੇ ਕੇਂਦਰੀ ਗ੍ਰਹਿ ਮੰਤਰੀ ਇਹ ਮੰਨਦੇ ਹਨ ਕਿ 1984 ਵਿੱਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਸਮੂਹ ’ਤੇ ਤੋਪਾਂ ਟੈਂਕਾਂ ਨਾਲ ਕੀਤਾ ਗਿਆ ਹਮਲਾ ਗਲਤ ਸੀ ਤੇ ਉਸ ਲਈ 2005 ਵਿੱਚ ਪ੍ਰਧਾਨ ਮੰਤਰੀ ਮੁਆਫੀ ਮੰਗ ਚੁੱਕੇ ਹਨ ਤਾਂ ਉਸ ਨੂੰ ਇਹ ਵੀ ਸਮਝਣਾ ਪਏਗਾ ਕਿ ਉਸ ਸਮੇਂ ਸਿੱਖ ਫੌਜੀਆਂ ਵਲੋਂ ਬੈਰਕਾਂ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਉਣੇ ਤੇ ਇੰਦਰਾ ਗਾਂਧੀ ਦਾ ਕਤਲ ਉਸ ਦੇ ਪ੍ਰਤੀਕਰਮ ਵਜੋਂ ਹੀ ਸਨ। ਜੇ ਕੇਂਦਰ ਸਰਕਾਰ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੁੰਦਾ ਤਾਂ ਬੈਰਕਾਂ ਛੱਡਣ ਵਾਲੇ ਸਾਰੇ ਫੌਜੀਆਂ ਨੂੰ ਆਮ ਮੁਆਫੀ ਦੇ ਕੇ ਬਹਾਲ ਕਰ ਦੇਣਾ ਚਾਹੀਦਾ ਸੀ।

ਇੰਦਰਾ ਗਾਂਧੀ ਦੇ ਕਾਤਲਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਸੀ ਪਰ ਅਜੇਹਾ ਨਹੀਂ ਕੀਤਾ ਗਿਆ। ਇੰਦਰਾ ਗਾਂਧੀ ਦਾ ਇੱਕ ਕਾਤਲ ਬੇਅੰਤ ਸਿੰਘ ਨੂੰ ਤਾਂ ਮੌਕੇ ’ਤੇ ਹੀ ਫੜ ਕੇ ਮਾਰ ਮੁਕਾਇਆ ਸੀ, ਦੂਜੇ ਭਾਈ ਸਤਵੰਤ ਸਿੰਘ ਸਮੇਤ ਇੱਕ ਹੋਰ ਬਿਲਕੁਲ ਨਿਰਦੋਸ਼ ਸਿੱਖ ਭਾਈ ਕੇਹਰ ਸਿੰਘ ਨੂੰ ਵੀ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ, ਜਦੋਂ ਕਿ ਉਸੇ ਮੌਕੇ ’ਤੇ ਹਜਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਿਸੇ ਇੱਕ ਵੀ ਦੋਸ਼ੀ ਨੂੰ ਸਜਾ ਨਹੀਂ ਦਿੱਤੀ ਗਈ। ਜਦੋਂ ਵੀ ਵੀ ਸਿੱਖ ਕੌਮ ਇਨ੍ਹਾਂ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰਦੀ ਹੈ ਤਾਂ ਉਨ੍ਹਾਂ ਨੂੰ ਭੁੱਲ ਜਾਣ ਤੇ ਮੁਆਫ਼ ਕਰਨ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਸਿੱਖਾਂ ਨਾਲ ਹੋ ਰਹੇ ਇਸ ਅਨਿਆਂ ਦਾ ਹੀ ਸਿੱਟਾ ਸੀ ਕਿ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਸਿੱਖਾਂ ਲਈ ਬਣੇ ਨਵੇਂ ਮੀਰ ਮੰਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨਾ ਪਿਆ ਤੇ ਦਵਿੰਦਰਪਾਲ ਸਿੰਘ ਭੁੱਲਰ ਆਦਿ ਨੂੰ ਦੇਸ਼ ਛੱਡ ਕੇ ਰੂੁਪੋਸ਼ ਹੋਣਾ ਪਿਆ ਜਿਸ ਨੂੰ ਫੜ ਕੇ ਬਾਅਦ ਵਿੱਚ ਮਨਿੰਦਰਜੀਤ ਸਿੰਘ ਬਿੱਟਾ ਨੂੰ ਖ਼ਤਮ ਕਰਨ ਲਈ ਕੀਤੇ ਬੰਬ ਧਮਾਕੇ ਦੇ ਦੋਸ਼ ਅਧੀਨ ਇਨਸਾਫ਼ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਫਾਂਸੀ ’ਤੇ ਲਟਕਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਹਾਲਾਂ ਕਿ ਪੜਤਾਲੀਆ ਏਜੰਸੀ ਵੱਲੋਂ ਪੇਸ਼ ਕੀਤੀ 133 ਗਵਾਹਾਂ ਦੀ ਸੂਚੀ ਵਿੱਚੋਂ ਇੱਕ ਵੀ ਗਵਾਹ ਉਸ ਵਿਰੁੱਧ ਨਹੀਂ ਭੁਗਤਿਆ।

ਬੇਅੰਤ ਸਿੰਘ ਦਾ ਕਾਤਲ ਭਾਈ ਦਿਲਾਵਰ ਸਿੰਘ ਤਾਂ ਮੌਕੇ ’ਤੇ ਹੀ ਸ਼ਹੀਦ ਹੋ ਗਿਆ ਸੀ ਪਰ ਉਸ ਕਤਲ ਦੀ ਸਾਜਿਸ ਰਚਣ ਦੇ ਦੋਸ਼ ਅਧੀਨ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ’ਤੇ ਲਟਕਾਉਣ ਦੀਆਂ ਤਿਅਰੀਆਂ ਚੱਲ ਰਹੀਆਂ ਹਨ। ਭਾਈ ਸਿਰਸਾ ਨੇ ਕਿਹਾ ਕਿ ਭਾਈ ਜਗਤਾਰ ਹਵਾਰਾ ਦੀ ਫਾਂਸੀ ਦੀ ਸਜਾ ਨੂੰ ਜੀਵਨ ਜੇਲ੍ਹ ਵਿੱਚ ਬਿਤਾਉਣ ਲਈ ਉਮਰ ਕੈਦ ਵਿੱਚ ਤਬਦੀਲ ਕਰਨਾ ਵੀ ਭਾਰਤੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਕਿਉਂਕਿ ਅੱਜ ਤੱਕ ਕਿਸੇ ਨੂੰ ਵੀ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜਾ ਨਹੀਂ ਦਿੱਤੀ ਗਈ। ਉਮਰ ਕੈਦ ਦਾ ਭਾਵ ਹੁੰਦਾ ਹੈ 20 ਸਾਲ ਦੀ ਸਜਾ ਜਿਹੜੀ ਕਿ ਜੇਲ੍ਹ ਨਿਯਮਾਂ ਅਨੁਸਾਰ 13 ਕੁ ਸਾਲ ਕੱਟ ਕੇ ਰਿਹਾ ਹੋ ਜਾਂਦਾ ਹੈ। ਕੀ ਇਹ ਸਿੱਖਾਂ ਨੂੰ ਬਰਾਬਰ ਦਾ ਸਨਮਾਨ ਮਿਲ ਰਿਹਾ ਹੈ? ਜੇ ਕੇਂਦਰੀ ਗ੍ਰਹਿ ਮੰਤਰੀ ਪਿਛਲਾ ਸਭ ਕੁਝ ਭੁੱਲਣ ਅਤੇ ਮੁਆਫ਼ ਕਰਨ ਦੇ ਹੱਕ ਵਿੱਚ ਹਨ ਤਾਂ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਸਿੱਖਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ। ਬੈਰਕਾਂ ਛੱਡਣ ਵਾਲੇ ਧਰਮੀ ਫੋਜੀਆਂ ਨੂੰ ਬਹਾਲ ਕਰਕੇ ਸੇਵਾ ਦੇ ਸਾਰੇ ਲਾਭ ਦਿੰਦੇ ਹੋਏ ਉਨ੍ਹਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਬਣਦੇ ਬਕਾਏ ਅਤੇ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ।

ਭਾਈ ਸਿਰਸਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਸੇ ਬੱਸ ਦੁਰਘਟਨਾ ਵਿੱਚ ਮਾਰੇ ਗਏ ਨੂੰ ਤਾਂ 10-10 ਲੱਖ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਪਰ ਜਿਨ੍ਹਾਂ ਬੇਕਸੂਰ ਸਿੱਖਾਂ ਦੇ ਘਰ ਘਾਟ ਸਰਕਾਰੀ ਛਤਰਛਾਇਆ ਹੇਠ ਗੁੰਡਿਆਂ ਦੀ ਭੀੜ ਵਲੋ ਸਾੜ ਦਿੱਤੇ ਗਏ, ਜਿਉਂਦੇ ਸਿੱਖਾਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ ਉਨ੍ਹਾਂ ਦੇ ਵਾਰਸਾਂ ਨੂੰ 25 ਸਾਲ ਪਿੱਛੋਂ 2-2 ਲੱਖ ਰੁਪਏ ਦੇ ਕੇ ਹੀ ਸਰਕਾਰ ਵਲੋਂ ਸਦਭਾਨਾ ਵਿਖਾਈ ਗਈ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਸਭ ਕੁਝ ਦਰਸਾ ਰਿਹਾ ਹੈ ਕਿ ਸਿੱਖਾਂ ਨਾਲ ਹੁਣ ਵੀ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ। ਦੋ ਨੰਬਰ ਦਾ ਵਰਤਾਓ ਕਰਦੇ ਹੋਏ ਵੀ ਜੇ ਕੋਈ ਮੰਤਰੀ ਭੁੱਲ ਜਾਓ ਤੇ ਮੁਆਫ਼ ਕਰ ਦਿਓ ਦੀਆਂ ਸਲਾਹਾਂ ਦੇਵੇ ਤਾਂ ਪੀੜਤ ਧਿਰ ਦੇ ਜਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top