Share on Facebook

Main News Page

ਸਰੀ ਗੁਰਦੁਆਰੇ ਦੇ ਨਵੇਂ ਤੇ ਪੁਰਾਣੇ ਪ੍ਰਬੰਧਕਾਂ ਦਰਮਿਆਨ ਟਕਰਾਉ ਦੀ ਸਥਿਤੀ ਬਣੀ

ਸਰੀ: (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ): ਕੈਨੇਡਾ 'ਚ ਸਭ ਤੋਂ ਸੰਘਣੀ ਸਿੱਖ ਵਸੋਂ ਵਾਲੇ ਸ਼ਹਿਰ ਸਰੀ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ ਨੂੰ ਲੈ ਕੇ ਹਾਲਾਤ ਤਣਾਓ-ਪੂਰਨ ਹੋਣ ਦੇ ਆਸਾਰ ਦੱਸੇ ਜਾ ਰਹੇ ਹਨ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਸਿੱਖ ਨੌਜਵਾਨਾਂ ਦੀ ਪਹਿਲੀ ਵਾਰ ਹੋਂਦ 'ਚ ਆਈ ਪ੍ਰਬੰਧਕੀ ਕਮੇਟੀ ਵੱਲੋਂ ਲਿਆਂਦੇ ਜਾ ਰਹੇ ਪੰਜ ਮਤਿਆਂ ਵਿਚੋਂ ਇਕ ਦਸ ਪ੍ਰਮੁੱਖ ਅਹੁਦੇਦਾਰਾਂ ਦੇ ਅੰਮ੍ਰਿਤਧਾਰੀ ਹੋਣ ਦੀ ਸ਼ਰਤ 'ਤੇ ਪੁਰਾਣੀ ਕਮੇਟੀ ਦੇ ਆਗੂਆਂ 'ਤੇ ਤਿੱਖਾ ਇਤਰਾਜ਼ ਉਠਾਇਆ ਹੈ। ਲਗਾਤਾਰ 12 ਵਰ੍ਹੇ ਉਕਤ ਗੁਰਦੁਆਰੇ ਦੇ ਪ੍ਰਧਾਨ ਰਹੇ ਬਲਵੰਤ ਸਿੰਘ ਗਿੱਲ ਨੇ ਦੋਸ਼ ਲਾਇਆ ਹੈ ਕਿ ਅਜਿਹਾ ਮਤਾ 'ਮੋਨੇ-ਸਿੱਖਾਂ' ਨਾਲ ਘੋਰ ਵਿਤਕਰਾ ਹੈ ਤੇ ਗੁਰਦੁਆਰੇ ਦੇ ਮੁੱਖ ਪ੍ਰਬੰਧਕ 'ਅੰਮ੍ਰਿਤਧਾਰੀ ਸਿੱਖ' ਹੋਣ ਦੇ ਮਤੇ ਦਾ, ਉਨ੍ਹਾਂ ਦਾ 'ਮਾਡਰੇਟ' ਧੜਾ ਡਟ ਕੇ ਵਿਰੋਧ ਕਰੇਗਾ। ਦੂਜੇ ਪਾਸੇ ਮੌਜੂਦਾ ਪ੍ਰਧਾਨ ਬਿਕਰਮਜੀਤ ਸਿੰਘ ਸੰਧਰ ਨੇ ਕਿਹਾ ਕਿ 18 ਮੈਂਬਰ ਐਗਜ਼ੈਕਟਿਵ 'ਚੋਂ 10 ਅਹੁਦੇਦਾਰ ਜਿਨ੍ਹਾਂ 'ਚ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਖਜ਼ਾਨਚੀ ਤੇ ਉਪ-ਖਜ਼ਾਨਚੀ ਆਦਿ ਸ਼ਾਮਿਲ ਹਨ। ਕੇਵਲ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ਲਈ ਮਤਾ, ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਲਿਆਂਦਾ ਜਾ ਰਿਹਾ ਹੈ, ਜਦ ਕਿ ਬਾਕੀ ਅਹੁਦੇਦਾਰਾਂ ਤੇ ਜਨਰਲ ਮੈਂਬਰਾਂ 'ਤੇ ਅਜਿਹੀ ਸ਼ਰਤ ਨਹੀਂ ਲਾਈ ਜਾ ਰਹੀ।

ਕਮੇਟੀ ਦੇ ਉਪ-ਪ੍ਰਧਾਨ ਕਰਨੈਲ ਸਿੰਘ ਰਾਏ ਨੇ ਕਿਹਾ ਕਿ ਹੋਰਨਾਂ ਮਤਿਆਂ 'ਚ ਐਗਜ਼ੈਕਟਿਵ 'ਚ ਮੁੱਖ ਅਹੁਦੇਦਾਰ ਦੇ ਲਗਾਤਾਰ ਤੀਜੀ ਵਾਰ ਖੜ੍ਹਾ ਨਾ ਹੋਣ ਅਤੇ ਪ੍ਰਬੰਧਕ 'ਤੇ ਕਾਬਜ਼ ਨਾ ਬਣੇ ਰਹਿਣ ਦੀ ਸ਼ਰਤ ਵੀ ਸ਼ਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵੀਂ ਉਸਾਰੀ ਲਈ 39 ਲੱਖ ਡਾਲਰ ਦਾ ਕਰਜ਼ਾ ਲੈਣ, ਇਮਾਰਤ 'ਚ ਪ੍ਰਸਤਾਵਿਤ ਵਾਧਾ ਕਰਨ, ਸੰਸਥਾ 'ਚ ਮਾਇਆ ਦੇ ਗਬਨ, ਦੁਰਵਰਤੋਂ ਜਾਂ ਸੰਪਤੀ ਆਦਿ ਦੇ ਨੁਕਸਾਨ ਦੇ ਰੂਪ 'ਚ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੂੰ ਮੁਅੱਤਲ ਕਰਨ ਜਾਂ ਕੱਢਣ ਆਦਿ ਦੇ ਮਤੇ ਵੀ ਅੱਜ ਦੀ ਮੀਟਿੰਗ 'ਚ ਵਿਚਾਰੇ ਜਾਣਗੇ। ਉੱਧਰ 'ਨਵੀਨਵਾਦੀ ਧੜੇ' ਵੱਲੋਂ ਬੀਤੇ ਦਿਨੀਂ ਹੋਈ ਇਕੱਤਰਤਾ 'ਚ ਨਵੀਂ ਕਮੇਟੀ ਦੇ ਮਤੇ ਰੱਦ ਕਰਵਾਉਣ ਦਾ ਸੱਦਾ ਦਿੰਦੇ ਹੋਏ, ਸਾਬਕਾ ਉਪ ਪ੍ਰਧਾਨ ਸਾਧੂ ਸਿੰਘ ਸਮਰਾ ਨੇ ਕਿਹਾ ਕਿ ਲੋੜ ਪਈ ਤਾਂ 'ਮੋਨੇ-ਸਿੱਖਾਂ' ਨੂੰ ਪ੍ਰਬੰਧਕੀ ਕਮੇਟੀ 'ਚੋਂ ਬਾਹਰ ਕਰਨ ਦੇ ਫ਼ੈਸਲੇ ਨੂੰ ਅਦਾਲਤ ਵਿਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਅੱਜ ਦੀ ਮੀਟਿੰਗ 'ਚ ਕਿਸੇ ਵੀ ਤਣਾਓ ਨੂੰ ਰੋਕਣ ਸਬੰਧੀ ਜਾਣਕਾਰੀ ਦਿੰਦੇ ਜਨਰਲ ਸਕੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਰੀ ਆਰ. ਸੀ. ਐਮ. ਪੀ. ਨੂੰ ਸੁਰੱਖਿਆ ਪ੍ਰਬੰਧ ਲਈ ਜਾਣਕਾਰੀ ਦਿੱਤੀ ਜਾ ਚੁੱਕੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top