Share on Facebook

Main News Page

ਪ੍ਰੋ. ਭੁੱਲਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਉਣ ਦੀ ਮੰਗ ਜੋਰ ਫੜਨ ਲੱਗੀ

ਬਰਨਾਲਾ, ਜੂਨ 25 (ਜਗਸੀਰ ਸਿੰਘ ਸੰਧੂ): ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਰੱਦ/ਮਾਫ਼ ਕਰਵਾਉਣ ਲਈ ਪੰਥਪ੍ਰਸਤ ਧਿਰਾਂ ਵੱਲੋਂ ਵਿੱਢੀ ਗਈ ਮੁਹਿੰਮ ਹੁਣ ਇਕ ਲਹਿਰ ਦਾ ਰੂਪ ਧਾਰਦੀ ਜਾ ਰਹੀ ਹੈ। ਇਸ ਦੌਰਾਨ ਪ੍ਰੋਫੈਸਰ ਭੁੱਲਰ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉਣ ਅਤੇ ਭੁੱਲਰ ਦੀ ਸਜ਼ਾ ਮੁਆਫ਼ੀ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਉਣ ਦੀ ਮੰਗ ਵੀ ਜੋਰ ਫੜਨ ਲੱਗੀ ਹੈ।

ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਵਾਉਣ ਲਈ ਕੀਤੀ ਗਈ ਅਪੀਲ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਰੱਦ ਕਰਨ ਤੋਂ ਬਾਅਦ ਪੂਰੇ ਸਿੱਖ ਜਗਤ ਵਿਚ ਇਸ ਫ਼ੈਸਲੇ ਦੇ ਖ਼ਿਲਾਫ਼ ਰੋਸ ਦੀ ਇਕ ਲਹਿਰ ਸ਼ੁਰੂ ਹੋ ਗਈ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਇਸ ਫੈਸਲੇ ਨੂੰ ਰਾਸ਼ਟਰਪਤੀ ਵੱਲੋਂ ਪੂਰੀ ਸਿੱਖ ਕੌਮ ਦੇ ਖ਼ਿਲਾਫ ਕੀਤਾ ਗਿਆ ਫੈਸਲਾ ਦੱਸਣ ਨਾਲ, ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਪ੍ਰੋ: ਭੁੱਲਰ ਦੇ ਮਾਮਲੇ ਵਿਚ ਬੋਲਣਾ ਪਿਆ ਹੈ, ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਪ੍ਰੋ: ਭੁੱਲਰ ਦੀ ਸਜਾ ਮੁਆਫ਼ੀ ਵਾਲੀ ਮੁਹਿੰਮ ਵਿਚ ਸ਼ਾਮਲ ਹੋਣਾ ਇਕ ਮਜ਼ਬੂਰੀ ਬਣ ਗਿਆ ਹੈ।

ਇਸ ਮਸਲੇ 'ਤੇ ਭਾਵੇਂ ਬਾਦਲ ਵਿਰੋਧੀ ਪੰਥਕ ਧਿਰਾਂ ਪਹਿਲੇ ਦਿਨ ਤੋਂ ਹੀ ਪੂਰੀ ਸੁਹਿਰਦਤਾ ਨਾਲ ਜੁਟੀਆਂ ਹਨ ਅਤੇ ਦਸਤਖ਼ਤੀ ਮੁਹਿੰਮ ਸਮੇਤ ਪੂਰੀ ਦੁਨੀਆਂ 'ਚ ਪ੍ਰੋ: ਭੁੱਲਰ ਦੇ ਹੱਕ ਵਿਚ ਆਵਾਜ਼ ਉਠਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇੰਟਰਨੈਟ 'ਤੇ ਫੇਸਬੁੱਕ, ਟਵਿੱਟਰ ਅਤੇ ਹੋਰ ਜਨਤਕ ਵੈਬਸਾਈਟਾਂ ਰਾਹੀਂ ਪ੍ਰੋ: ਭੁੱਲਰ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਹਜ਼ਾਰਾਂ ਪੰਥ ਦਰਦੀਆਂ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰਵਾਉਣ ਦੀ ਮੁਹਿੰਮ ਵਿਚ ਹਰ ਸਿੱਖ ਆਪੋ-ਆਪਣੇ ਢੰਗ ਨਾਲ ਹਿੱਸਾ ਪਾਉਣ ਲਈ ਤੱਤਪਰ ਦਿਸ ਰਿਹਾ ਹੈ। ਪ੍ਰੋ: ਭੁੱਲਰ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ, ਬੈਨਰ, ਸਟਿੱਕਰ ਮੋਬਾਇਲ ਸੁਨੇਹਿਆਂ ਰਾਹੀਂ ਇਸ ਮੁਹਿੰਮ ਨੂੰ ਇਕ ਲਹਿਰ ਦਾ ਰੂਪ ਦਿੱਤਾ ਜਾਣਾ ਸਾਬਤ ਕਰਦਾ ਹੈ ਕਿ ਪੂਰਾ ਸਿੱਖ ਪੰਥ ਪ੍ਰੋ: ਭੁੱਲਰ ਦੇ ਮਾਮਲੇ 'ਤੇ ਇਕਜੁੱਟ ਹੋ ਕੇ ਆਵਾਜ਼ ਬੁ¦ਦ ਕਰ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ ਅਤੇ ਪ੍ਰਸਿੱਧ ਕਥਾਵਾਚਕ ਹਰਜਿੰਦਰ ਸਿੰਘ ਮਾਝੀ ਸਮੇਤ ਸਿੱਖ ਪੰਥ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦੀ ਮੰਗ ਵੀ ਉਠਾਈ ਹੈ। ਇਹਨਾਂ ਪੰਥਕ ਆਗੂਆਂ ਦਾ ਮੰਨਣਾ ਹੈ ਕਿ ਜਿਵੇਂ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਨੂੰ ਦੇਖਦਿਆਂ ਉਹਨਾਂ ਨੂੰ ਸਿੱਖ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ, ਉਸੇ ਤਰਾਂ ਪ੍ਰੋ: ਭੁੱਲਰ ਨੂੰ ਵੀ ਜਥੇਦਾਰ ਨਿਯੁਕਤ ਕਰ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਪ੍ਰੋ: ਭੁੱਲਰ ਦੀ ਸਜ਼ਾ ਮੁਆਫ਼ੀ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਮੰਗ ਵੀ ਜੋਰ ਫੜਨ ਲੱਗੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਪਾਲਿਸੀ ਤੋਂ ਉਪਰ ਉਠ ਕੇ ਇਕ ਨਹੀਂ, ਸਗੋਂ ਕਈ ਵਾਰ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਆਵਾਜ਼ ਉਠਾਈ ਗਈ ਹੈ। ਪੂਰੇ ਪੰਥਕ ਆਵਾਜ ਬਣ ਚੁੱਕੇ ਇਸ ਮਾਮਲੇ ਵਿਚ ਸਿਆਸੀ ਪਾਰਟੀਆਂ ਵੋਟ ਮਜ਼ਬੂਰੀ ਕਰਕੇ ਹੀ ਪ੍ਰੋ: ਭੁੱਲਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੀਆਂ ਹਨ, ਪਰ ਸਿੱਖ ਮੁੱਦਿਆਂ ਵੱਲ ਮੁੜ ਰਹੇ ਅਕਾਲੀ ਦਲ (ਬਾਦਲ) ਉਪਰ ਪ੍ਰੋ: ਭੁੱਲਰ ਦੇ ਮਾਮਲੇ 'ਤੇ ਉਠ ਰਹੀਆਂ ਦੋਵਾਂ ਮੰਗਾਂ ਨੂੰ ਸਿਰੇ ਚੜਾਉਣ ਦੀ ਜਿੰਮੇਵਾਰੀ ਆ ਪਈ ਹੈ, ਕਿਉਂਕਿ ਪ੍ਰੋ: ਭੁੱਲਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਮੁੱਖ ਰੋਲ ਨਿਭਾ ਸਕਦੀ ਹੈ, ਜੋ ਅਕਾਲੀ ਦਲ ਬਾਦਲ ਦੇ ਹੀ ਕਬਜ਼ੇ ਹੇਠ ਹੈ। ਪੰਜਾਬ ਵਿਚ ਰਾਜ ਸੱਤਾ 'ਤੇ ਵੀ ਅਕਾਲੀ ਬਾਦਲ ਹੀ ਕਾਬਜ਼ ਹੈ, ਇਸ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਵੀ ਉਹੀ ਪੇਸ਼ ਕਰ ਸਕਦਾ ਹੈ। ਇਸ ਲਈ ਪ੍ਰੋ: ਭੁੱਲਰ ਦੇ ਮਾਮਲੇ 'ਤੇ ਇਕਜੁਟ ਹੋਏ ਪੂਰੇ ਪੰਥ ਦੀਆਂ ਨਜ਼ਰਾਂ ਹੁਣ ਅਕਾਲੀ ਦਲ ਬਾਦਲ 'ਤੇ ਲੱਗੀਆਂ ਹੋਈਆਂ ਹਨ ਅਤੇ ਅਕਾਲੀ ਦਲ ਬਾਦਲ ਦੀ ਸਥਿਤੀ ਪ੍ਰੋ: ਭੁੱਲਰ ਦੇ ਮਾਮਲੇ 'ਤੇ ਗੁੰਝਲਦਾਰ ਬਣੀ ਹੋਈ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top