Share on Facebook

Main News Page

ਸ਼ਾਹਿਬਜ਼ਾਦਾ ਫ਼ਤਹਿ ਸਿੰਘ ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕੇ: ਨਛੱਤਰ ਸਿੰਘ

* ਵਿਆਹ ਵਾਲੇ ਦਿਨ ਮੁੰਡੇ ਨੂੰ ਸਭ ਤੋਂ ਵੱਡਾ ਫਿਕਰ ਪੱਗ ਬਨ੍ਹਾਉਣ ਦਾ
* ਗੋਲ ਪੱਗਾਂ ਵਾਲੇ ਗੱਲਾਂ ਵੀ ਗੋਲ ਮੋਲ ਕਰਨ ਦੇ ਰਾਹ ਪਏ
* ਜਿਸ ਤਰ੍ਹਾਂ ਤੁਸੀਂ ਮੇਰਾ ਪਜ਼ਾਮਾ ਲੁਹਾਇਆ ਹੈ, ਉਸੇ ਤਰ੍ਹਾਂ ਇਹ ਵੀ ਦੱਸ ਦਿੰਦੇ ਕਿ ਕਿਹੜੇ ਸ਼ਬਦ ਨਹੀਂ ਪੜ੍ਹਨੇ ਅਤੇ ਕਿਹੜੇ ਪੜ੍ਹਨੇ ਹਨ

ਬਠਿੰਡਾ, 25 ਜੂਨ (ਕਿਰਪਾਲ ਸਿੰਘ): ਸ਼ਾਹਿਬਜ਼ਾਦਾ ਫ਼ਤਹਿ ਸਿੰਘ ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕ ਗਏ ਹਨ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਸਥਾਨਕ ਗੁਰਦੁਆਰਾ, ਟਿਕਾਣਾ ਭਾਈ ਜਗਤਾ ਜੀ ਵਿਖੇ ਲਗਾਏ ਗਏ ਕੈਂਪ ਦੇ ਸਮਾਪਤੀ ਸਮਾਰੋਹ ’ਤੇ ਇਨਾਮ ਵੰਡ ਸਮਾਗਮ ਦੌਰਾਨ ਕਹੇ। ਉਨ੍ਹਾਂ ਬੱਚਿਆਂ ਨੂੰ ਪੁੱਛਿਆ 5 ਦਿਨਾਂ ਕੈਂਪ ਦੌਰਾਨ ਤੁਸੀਂ ਸਿੱਖ ਇਤਿਹਾਸ ਅਤੇ ਗੁਰਮਤਿ ਸਬੰਧੀ ਕਾਫੀ ਕੁਝ ਸਿੱਖ ਲਿਆ ਹੋਣਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ਅਤੇ ਛੋਟੇ ਪੁੱਤਰਾਂ ਦੇ ਕੀ ਨਾਮ ਸਨ, ਤੇ ਸ਼ਹੀਦੀ ਸਮੇਂ ਉਨ੍ਹਾਂ ਦੀ ਕਿਤਨੀ ਉਮਰ ਸੀ? ਸਾਰੇ ਬੱਚਿਆਂ ਨੇ ਇੱਕ ਜ਼ਬਾਨ ਹੋ ਕੇ ਉੱਚੀ ਅਵਾਜ਼ ਵਿੱਚ ਕਿਹਾ- ਜੀ ਗੁਰੂ ਸਾਹਿਬ ਜੀ ਦੇ 4 ਸਾਹਿਬਜ਼ਾਦੇ ਸਨ। ਛੋਟੇ ਸਾਹਿਬਜ਼ਾਦਿਆਂ ਦੇ ਨਾਮ ਸ਼ਾਹਿਬਜ਼ਾਦਾ ਫ਼ਤਹਿ ਸਿੰਘ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਨ ਜਿੰਨ੍ਹਾਂ ਦੀ ਸ਼ਹੀਦੀ ਸਮੇਂ ਉਮਰ 7 ਤੇ 9 ਸਾਲ ਦੀ ਸੀ। ਕੈਂਪ ਇੰਚਾਰਜ਼ ਭਾਈ ਨਛੱਤਰ ਸਿੰਘ ਜੀ ਨੇ ਬੱਚਿਆਂ ਨੂੰ ਸਾਬਾਸ਼ ਦਿੰਦਿਆਂ ਕਿਹਾ ਬੱਚਿਓ ਤੁਹਾਨੂੰ ਇਹ ਵੀ ਯਾਦ ਹੋਣਾ ਹੈ, ਕਿ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪ੍ਰੰਤ ਇੱਥੋਂ ਨਜ਼ਦੀਕ ਹੀ ਤਖ਼ਤ ਸ਼੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਸਜੇ ਦੀਵਾਨ ਵਿੱਚ ਮਾਤਾ ਜੀ ਵਲੋਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ‘ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰਿਆਂ ਨੂੰ ਆਪਣੇ ਪੁੱਤਰਾਂ ਦਾ ਦਰਜ਼ਾ ਦਿੱਤਾ ਹੈ। ਤਾਂ ਦੱਸੋ ਕਿ ਸਾਹਿਬਜ਼ਾਦੇ ਤੁਹਾਡੇ ਕੀ ਲਗਦੇ ਹਨ? ਸਾਰੇ ਬੱਚਿਆਂ ਨੇ ਇਕ ਜ਼ਬਾਨ ਹੋ ਕੇ ਕਿਹਾ- ’ਸਾਡੇ ਵੀਰ ਲਗਦੇ ਹਨ’।

ਭਾਈ ਨਛੱਤਰ ਸਿੰਘ ਨੇ ਕਿਹਾ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ 5 ਕਕਾਰ ਕੇਸ, ਕੰਘਾ, ਕੜਾ, ਕਛਹਿਰਾ ਕ੍ਰਿਪਾਨ ਤੋਂ ਇਲਾਵਾ ਦਸਤਾਰ ਵੀ ਸਿੱਖ ਪਹਿਰਾਵੇ ਦੇ ਜਰੂਰੀ ਅੰਗ ਹਨ। ਤਕਰੀਬਨ ਤੁਹਾਡੀ ਸਾਰਿਆਂ ਦੀ ਉਮਰ 7 ਸਾਲ ਤੋਂ ਵੱਧ ਹੋਣੀ ਹੈ। 7 ਤੇ 9 ਸਾਲ ਦੇ ਬੱਚਿਆਂ ਦੀ ਸ਼ਹੀਦੀ ਸਮੇਂ ਦੀਆਂ ਤਸ਼ਵੀਰਾਂ ਵੀ ਤੁਸੀਂ ਸਾਰਿਆਂ ਨੇ ਹੀ ਵੇਖੀਆਂ ਹਨ। ਕੀ ਤੁਸੀਂ ਦੱਸ ਸਕਦੇ ਹੋ ਕੇ ਸਾਹਿਬਜ਼ਾਦਿਆਂ ਦੇ ਸਿਰ ’ਤੇ ਕੀ ਬੰਨ੍ਹਿਆ ਹੋਇਆ ਸੀ। ਬੱਚਿਆਂ ਨੇ ਇੱਕ ਜ਼ਬਾਨ ਹੋ ਕੇ ਕਿਹਾ ’ਦਸਤਾਰ’। ਭਾਈ ਨਛੱਤਰ ਸਿੰਘ ਨੇ ਕਿਹਾ ਤੁਸੀਂ ਆਪਣੇ ਵੱਲ ਨਜ਼ਰ ਮਾਰ ਕੇ ਵੇਖੋ ਕਿ ਕਿੰਨੇ ਬੱਚਿਆਂ ਦੇ ਸਿਰ ’ਤੇ ਦਸਤਾਰਾਂ ਸਜਾਈਆਂ ਹੋਈਆਂ ਹਨ। ਬਹੁਤਿਆਂ ਦੇ ਸਿਰ ’ਤੇ ਗੁਰੂ ਕੀ ਮੋਹਰ ਕੇਸ ਵੀ ਨਹੀਂ ਹਨ। ਸ਼ਹੀਦੀ ਸਮੇਂ ਛੋਟੇ ਸਾਹਿਬਜ਼ਾਦਿਆਂ ਵਲੋਂ ਸਿੱਖੀ ਸਿਧਾਂਤਾਂ ਤੋਂ ਡੋਲਣ ਦੀ ਥਾਂ ਸ਼ਹੀਦ ਹੋਣ ਨੂੰ ਤਰਜੀਹ ਦੇਣੀ ਦਸਦੀ ਹੈ ਕਿ ਉਹ ਇੰਨੀ ਛੋਟੀ ਉਮਰ ਵਿੱਚ ਹੀ ਸਿਧਾਂਤ ਪ੍ਰਤੀ ਕਿੰਨੇ ਦ੍ਰਿੜ ਹੋ ਚੁੱਕੇ ਸਨ। ਤਾਂ ਕੀ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਤੇ ਸ਼ਾਹਿਬਜ਼ਾਦਾ ਫ਼ਤਹਿ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਵੀਰ ਅਖਵਾਉਣ ਦੇ ਯੋਗ ਹੋ? ਸਾਰੇ ਬੱਚੇ ਇੱਕ ਦੂਸਰੇ ਦੇ ਮੂੰਹ ਵੱਲ ਵੇਖਦੇ ਹੋਏ ਚੁੱਪ ਕਰ ਗਏ।

ਭਾਈ ਨਛੱਤਰ ਸਿੰਘ ਨੇ ਕਿਹਾ ਕਿ ਅੱਜ ਹਾਲਤ ਇੱਥੋਂ ਤੱਕ ਨਿੱਘਰ ਗਏ ਹਨ ਕਿ 20-20 ਸਾਲ ਤੋਂ ਵੀ ਵੱਡੇ ਕਾਲਜਾਂ ਵਿੱਚ ਪੜ੍ਹਦੇ ਤੇ ਦੁਕਾਨਾਂ ’ਤੇ ਬੈਠੇ ਕੇਸ ਦਾਹੜੀ ਵਾਲੇ ਸਿੱਖ ਨੌਜਵਾਨ ਦਸਤਾਰ ਸਜਾਉਣ ਨੂੰ ਭਾਰ ਸਮਝਦੇ ਹਨ, ਤੇ ਪਟਕਾ ਬੰਨ੍ਹ ਕੇ ਬੈਠੇ ਹੁੰਦੇ ਹਨ। ਉਹ ਆਪਣੇ ਸਿਰ ’ਤੇ ਆਪ ਪੱਗ ਵੀ ਨਹੀਂ ਬੰਨ੍ਹ ਸਕਦੇ। ਵਿਆਹ ਵਾਲੇ ਦਿਨ ਮੁੰਡੇ ਨੂੰ ਸਭ ਤੋਂ ਵੱਡਾ ਫਿਕਰ ਪੱਗ ਬਨ੍ਹਾਉਣ ਦਾ ਹੁੰਦਾ ਹੈ। ਭਾਈ ਨਛੱਤਰ ਸਿੰਘ ਨੇ ਅਨੁਸਾਰ ਇੱਕ ਵੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪੱਗਾਂ ਬੰਨ੍ਹਣ ਦਾ ਬਿਜ਼ਨਸ ਕਰਦੇ ਹਨ। ਉਸ ਅਨੁਸਾਰ ਉਹ ਸੋਹਣੀਆਂ ਪੱਗਾਂ ਆਪਣੇ ਸਿਰ ’ਤੇ ਸਜਾਉਣ ਉਪ੍ਰੰਤੇ ਲਾਹ ਕੇ ਆਪਣੀ ਦੁਕਾਨ ’ਤੇ ਰੱਖ ਲੈਂਦਾ ਹੈ। ਸਿੱਖ ਨੌਜਵਾਨ ਆਉਂਦੇ ਹਨ ਤੇ 100 ਰੁਪਏ ਵਿੱਚ ਇੱਕ ਦਿਨ ਲਈ ਪੱਗ ਕਿਰਾਏ ’ਤੇ ਲੈ ਜਾਂਦੇ ਹਨ ਤੇ ਸ਼ਾਮ ਨੂੰ ਉਹ ਪੱਗ ਵਾਪਸ ਕਰ ਦਿੰਦੇ ਹਨ। ਇਸ ਤਰ੍ਹਾਂ ਸੀਜਨ ਵਿੱਚ ਤਾਂ 2000 ਰੁਪਏ ਰੋਜ਼ਾਨਾ ਅਤੇ ਆਮ ਦਿਨਾਂ ਵਿਚ ਵੀ 1000 ਰੁਪਏ ਰੋਜ਼ਾਨਾ ਕਮਾ ਲੈਂਦਾ ਹੈ। ਉਨ੍ਹਾਂ ਕਿਹਾ ਇਹ ਹਾਲਤ ਦੱਸ ਰਹੇ ਹਨ ਕਿ ਸ਼ਾਹਿਬਜ਼ਾਦਾ ਫ਼ਤਹਿ ਸਿੰਘ, ਜੋਰਾਵਰ ਸਿੰਘ ਨੂੰ ਆਪਣਾ ਵੀਰ ਕਹਿਣ ਵਾਲੇ ਸਿਧਾਂਤ ਤੋਂ ਭਟਕ ਗਏ ਹਨ। ਜਿਹੜੇ ਆਪਣੇ ਸਿਰ ’ਤੇ ਪੱਗ ਵੀ ਆਪ ਨਹੀਂ ਬੰਨ ਸਕਦੇ ਤੇ ਇਸ ਤੋਂ ਬਚਣ ਲਈ ਸਿਰ ਤੋਂ ਕੇਸ ਹੀ ਕਟਾ ਲੈਂਦੇ ਹਨ, ਉਹ ਸਿੱਖ ਸਿਧਾਂਤ ’ਤੇ ਕਿੰਨਾ ਕੁ ਪਹਿਰਾ ਦੇ ਸਕਦੇ। ਭਾਈ ਨਛੱਤਰ ਸਿੰਘ ਦੀਆਂ ਇਹ ਭਾਵਪੂਰਵਕ ਗੱਲਾਂ ਸੁਣ ਕੇ ਬਹੁਤ ਸਾਰੇ ਬੱਚਿਆਂ ਨੇ ਕੇਸ ਰੱਖਣ ਅਤੇ ਸਿਰ ’ਤੇ ਦਸਤਾਰ ਆਪ ਬੰਨ੍ਹ ਕੇ ਰੱਖਣ ਦਾ ਪ੍ਰਣ ਕੀਤਾ।

ਭਾਈ ਨਛੱਤਰ ਸਿੰਘ ਨੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਬੱਚਿਓ ਜਿਆਦਾ ਦੋਸ਼ ਤੁਹਾਡਾ ਵੀ ਨਹੀਂ ਹੈ। ਇਸ ਵਿੱਚ ਤੁਹਾਡੇ ਮਾਤਾ ਪਿਤਾ ਦਾਦਾ ਦਾਦੀ ਤੇ ਸਕੂਲ ਅਧਿਆਪਕ ਵੀ ਹਨ ਜਿਨ੍ਹਾਂ ਨੇ ਇਹ ਗੱਲਾਂ ਤੁਹਾਨੂੰ ਦੱਸੀਆਂ ਹੀ ਨਹੀਂ ਹਨ। ਉਨ੍ਹਾਂ ਕਿਹਾ ਬਹੁਤੇ ਦੋਸ਼ੀ ਸਾਡੇ ਉਹ ਪ੍ਰਚਾਰਕ ਵੀ ਹਨ ਜਿਨ੍ਹਾਂ ਵਲੋਂ ਸਿੱਖੀ ਸਿਧਾਂਤਾਂ ਨਾਲੋਂ ਵਿਖਾਵੇ ਦੇ ਭੇਖ ਨੂੰ ਹੀ ਸਿੱਖੀ ਦੱਸ ਕੇ ਇਸ ਨੂੰ ਖੰਡੇ ਦੀ ਧਾਰ ’ਤੇ ਤੁਰਨ ਵਾਂਗ ਅਤਿ ਕਠਿਨ ਰਸਤਾ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਇੱਕ ਵਾਰ ਉਹ ਕਿਸੇ ਸਥਾਨ ’ਤੇ ਕਥਾ ਕਰਨ ਗਏ ਤਾਂ ਅੱਗੋਂ ਪ੍ਰਬੰਧਕਾਂ ਨੇ ਕਿਹਾ ਕਿ ਸਾਡੀ ਮਰਿਆਦਾ ਹੈ ਕਿ ਜੇ ਤੁਸੀਂ ਇੱਥੇ ਕਥਾ ਕਰਨੀ ਹੈ ਤਾਂ ਗੋਲ ਪੱਗ ਬੰਨ੍ਹ ਕੇ ਆਓ। ਉਨ੍ਹਾਂ ਦੇ ਕਹਿਣ ’ਤੇ ਗੋਲ ਪੱਗ ਬੰਨ੍ਹ ਲਈ ਤਾਂ ਕਹਿਣ ਲੱਗੇ ਤੁਹਾਨੂੰ ਪਜਾਮਾਂ ਵੀ ਉਤਾਰਨਾ ਪਏਗਾ। ਉਨ੍ਹਾਂ ਪਜ਼ਾਮਾਂ ਵੀ ੳਤਾਰ ਦਿੱਤਾ। ਕਥਾ ਦੌਰਾਨ ਇਸ ਵਿਖਾਵੇ ਦੇ ਭੇਸ ਦਾ ਖੰਡਨ ਕਰਦੇ ਗੁਰਬਾਣੀ ਦੇ ਪ੍ਰਮਾਣ ਦਿੱਤੇ:-

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ ॥2॥’ (ਪੰਨਾ 476)

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥1॥’ (ਪੰਨਾ 598)

ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥’ (ਪੰਨਾ 1099)

ਕਥਾ ਉਪ੍ਰੰਤ ਕਹਿਣ ਲੱਗੇ ਤੁਸੀਂ ਕਥਾ ਬਹੁਤ ਗਲਤ ਕੀਤੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਦੱਸੋ ਇਸ ਵਿੱਚ ਕੀ ਗਲਤ ਹੈ। ਕੀ ਇਹ ਪ੍ਰਮਾਣ ਗੁਰਬਾਣੀ ਦੇ ਨਹੀਂ ਹਨ? ਕੀ ਮੈਂ ਇਨ੍ਹਾਂ ਦੇ ਅਰਥ ਗਲਤ ਕੀਤੇ ਹਨ? ਜੇ ਗਲਤ ਹਨ ਤਾਂ ਤੁਸੀਂ ਆਪਣੇ ਮਹਾਂਪੁਰਖ, ਜਿਸ ਨੇ ਤੁਹਾਨੂੰ ਇਹ ਮਰਿਆਦਾ ਦੱਸੀ ਹੈ, ਉਨ੍ਹਾਂ ਤੋਂ ਪੁੱਛ ਲਓ ਕਿ ਇਸ ਦੇ ਠੀਕ ਅਰਥ ਕੀ ਹਨ। ਕਹਿਣ ਲੱਗੇ ਨਹੀਂ ਤੁਹਾਨੂੰ ਇਹ ਸ਼ਬਦ ਇੱਥੇ ਨਹੀਂ ਸੀ ਪੜ੍ਹਨੇ ਚਾਹੀਦੇ। ਭਾਈ ਨਛੱਤਰ ਸਿੰਘ ਨੇ ਉਨ੍ਹਾਂ ਵੀਰਾਂ ਨੂੰ ਕਿਹਾ ਜੇ ਇਹ ਸ਼ਬਦ ਨਹੀਂ ਸੀ ਪੜ੍ਹਨੇ ਚਾਹੀਦੇ, ਤਾਂ ਜਿਸ ਤਰ੍ਹਾਂ ਤੁਸੀਂ ਮੇਰਾ ਪਜ਼ਾਮਾ ਲੁਹਾਇਆ ਹੈ ਉਸੇ ਤਰ੍ਹਾਂ ਇਹ ਵੀ ਦੱਸ ਦਿੰਦੇ ਕਿ ਕਿਹੜੇ ਸ਼ਬਦ ਨਹੀਂ ਪੜ੍ਹਨੇ ਅਤੇ ਕਿਹੜੇ ਪੜ੍ਹਨੇ ਹਨ। ਉਨ੍ਹਾਂ ਕਿਹਾ ਜਿਹੜੇ ਬੰਦੇ ਗੁਰਬਾਣੀ ਨੂੰ ਗੁਰੂ ਮੰਨਦੇ ਹੋਏ ਵੀ ਇਸ ਨਾਲ ਵਿਤਕਰਾ ਕਰਦੇ ਕਹਿੰਦੇ ਹਨ ਕਿ ਆਹ ਸ਼ਬਦ ਨਹੀਂ ਸੀ ਪੜ੍ਹਨੇ ਚਾਹੀਦੇ ਪਰ ਗੋਲ ਪੱਗਾਂ ਲੰਬੇ ਚੋਲੇ ਪਾ ਕੇ ਹੱਥਾਂ ਵਿੱਚ ਸਿਮਰਨੇ ਫੜ ਕੇ ਜਾਤ ਪਾਤ ਦਾ ਵਿਤਕਰਾ ਤੇ ਸੁੱਚ ਭਿੱਟ ਤੇ ਇੰਨਾਂ ਜੋਰ ਦੇਣਾ ਕਿ ਆਮ ਗ੍ਰਿਸਤੀ ਬੰਦਿਆਂ ਨੂੰ ਸਿੱਖੀ ਕਮਾਉਣੀ ਬਹੁਤ ਔਖੀ ਵਿਖਾ ਰਹੇ ਹਨ, ਉਹ ਹੀ ਸਿੱਖ ਨੌਜਵਾਨਾਂ ਨੂੰ ਸਿੱਖੀ ਤੋਂ ਦੂਰ ਭਜਾਉਣ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਗੋਲ ਪੱਗਾਂ ਵਾਲੇ ਗੁਰਬਾਣੀ ਦੇ ਅਰਥ ਵੀ ਗੋਲ ਮੋਲ ਕਰਕੇ ਪ੍ਰਚਾਰਣ ਲੱਗੇ ਹੋਏ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top