Share on Facebook

Main News Page

ਗਿਆਨੀ ਦਿੱਤ ਸਿੰਘ ਦਾ ਬਹੁ ਗਿਣਤੀ ਸਿੱਖ ਨਾਂ ਨਹੀਂ ਜਾਣਦੇ ਜਦ ਕਿ ਬਹਿਸ ਦੌਰਾਨ ਉਸ ਤੋਂ ਹਾਰੇ ਦਇਆਨੰਦ ਦੇ ਨਾਮ ’ਤੇ ਪੰਜਾਬ ਦੇ ਹਰ ਸ਼ਹਿਰ ’ਚ ਵੱਡੀ ਸੰਸਥਾ ਚੱਲ ਰਹੀ ਹੈ: ਨਛੱਤਰ ਸਿੰਘ

* ਪ੍ਰਿੰਸੀਪਲ ਗੰਗਾ ਸਿੰਘ ਤੋਂ ਗੁਰਬਾਣੀ ਦਾ ਇੱਕ ਸਲੋਕ ਸੁਣ ਕੇ ਇੱਕ ਗੈਰ ਧਰਮੀ ਦਾ ਤਾਂ ਜੀਵਨ ਬਦਲ ਗਿਆ, ਪਰ ਅਸੀਂ ਪੂਰੇ ਗੁਰੂ ਗੰ੍ਰਥ ਸਾਹਿਬ ਜੀ ਤੋਂ ਵੀ ਕੁੱਝ ਨਹੀਂ ਸਿਖਿਆ
* ਪਾਠੀ ਪੂਰੀ ਭੇਟਾ ਲੈਣ ਲਈ ਜੌਆਂ ਨੂੰ ਖ਼ਾਦ ਤਾਂ ਪਾ ਰਹੇ ਹਨ ਪਰ ਘਰ ਵਾਲਿਆਂ ਨੂੰ ਇਹ ਸਮਝਾਉਣ ਦਾ ਯਤਨ ਨਹੀਂ ਕਰਦੇ ਕਿ ਪਾਠ ਸਫਲ ਤਾਂ ਹੋਣਾ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣ/ ਸਮਝ ਕੇ ਇਸ ’ਤੇ ਅਮਲ ਕਰਨ ਦੀ ਕੋਸ਼ਿਸ਼ ਅਰੰਭ ਕਰੋਗੇ, ਜੌਆਂ ਦੇ ਹਰੇ ਹੋਣ ਜਾਂ ਨਾ ਹੋਣ ਨਾਲ ਪਾਠ ਦੀ ਸਫਲਤਾ ਨਾਲ ਕੋਈ ਸਬੰਧ ਨਹੀਂ ਹੈ
* ਜੋਤ ਅੱਗ ਦੇਵਤਾ ਦੀ ਪੂਜਾ, ਕੁੰਭ ਪਾਣੀ ਦੇਵਤਾ ਦੀ ਪੂਜਾ ਅਤੇ ਨਲੀਏਰ ਜੀਵ ਬਲੀ ਦਾ ਪ੍ਰਤੀਕ ਹੈ, ਜਿਹੜੇ ਕਿ ਹਵਨ/ਯੱਗ ਸਮੇਂ ਕੀਤੀਆਂ ਜਾਂਦੀਆਂ ਹਨ

ਬਠਿੰਡਾ, 24 ਜੂਨ (ਕਿਰਪਾਲ ਸਿੰਘ): ਕਿੰਨੇ ਅਫਸੋਸ ਦੀ ਗੱਲ ਹੈ ਕਿ ਗਿਆਨੀ ਦਿੱਤ ਸਿੰਘ ਦਾ ਤਾਂ ਬਹੁ ਗਿਣਤੀ ਸਿੱਖ ਨਾਂ ਵੀ ਨਹੀਂ ਜਾਣਦੇ ਜਦ ਕਿ ਬਹਿਸ ਦੌਰਾਨ ਉਸ ਤੋਂ ਹਾਰੇ ਦਇਆਨੰਦ ਦੇ ਨਾਮ ’ਤੇ ਪੰਜਾਬ ਦੇ ਹਰ ਸ਼ਹਿਰ ’ਚ ਕੋਈ ਨਾ ਕੋਈ ਵੱਡੀ ਸੰਸਥਾ ਚੱਲ ਰਹੀ ਹੈ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਇੱਥੇ ਲਗਾਏ ਗਏ ਕੈਂਪ ਦੌਰਾਨ ਉਸ ਸਮੇਂ ਕਹੇ ਜਦੋਂ ਉਨ੍ਹਾਂ ਵੱਲੋਂ ਕਲਾਸ ਦੇ ਬੱਚਿਆਂ ਤੋਂ ਪੁੱਛੇ ਗਏ ਸਵਾਲ: ’ਗਿਆਨੀ ਦਿੱਤ ਸਿੰਘ ਕੌਣ ਸਨ?’ ਦੇ ਜਵਾਬ ਵਿੱਚ ਸਿਰਫ ਇੱਕ ਬੱਚਾ ਇਤਨਾ ਹੀ ਦੱਸ ਸਕਿਆ ਕਿ ਉਸ ਨੇ ਗਿਆਨੀ ਦਿੱਤ ਸਿੰਘ ਦਾ ਨਾਮ ਤਾਂ ਸੁਣਿਆ ਹੈ, ਪਰ ਉਹ ਉਸ ਦੇ ਜੀਵਨ ਬਾਰੇ ਕੁਝ ਨਹੀਂ ਜਾਣਦਾ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਸਿੱਖ ਧਰਮ ਦਾ ਉਹ ਵਿਦਵਾਨ ਸੀ ਜਿਸ ਨੇ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਇਆ ਨੰਦ, ਜਿਸ ਨੂੰ ਕੋਈ ਵੀ ਵਿਦਵਾਨ ਕਿਸੇ ਵੀ ਧਾਰਮਿਕ ਵੀਚਾਰ ਵਟਾਂਦਰੇ ਵਿੱਚ ਹਰਾ ਨਹੀਂ ਸੀ ਸਕਿਆ, ਨੂੰ ਐਸਾ ਹਰਾਇਆ ਕਿ ਸਵਾਮੀ ਦਇਆ ਨੰਦ ਨੂੰ ਇਹ ਕਹਿਣਾ ਪਿਆ ਕਿ ਅੱਗੇ ਤੋਂ ਉਹ ਕਿਸੇ ਸਿੱਖ ਵਿਦਵਾਨ ਨੂੰ ਤਾਂ ਕੀ ਕਿਸੇ ਸਿੱਖ ਬੱਚੇ ਨੂੰ ਵੀ ਧਰਮ ਸਬੰਧੀ ਕੋਈ ਸਵਾਲ ਨਹੀਂ ਪੁੱਛੇਗਾ।

ਉਨ੍ਹਾਂ ਕਿਹਾ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ: ਗੁਰਮੁਖ ਸਿੰਘ ਵਲੋਂ ਹੋਰਨਾਂ ਵਿਦਵਾਨਾਂ ਨਾਲ ਰਲ ਕੇ ਚਲਾਈ ਸਿੰਘ ਸਭਾ ਦਾ ਹੀ ਨਤੀਜਾ ਸੀ ਕਿ ਸਿੱਖ ਧਰਮ ਦੇ ਪ੍ਰਚਾਰ ਨੇ ਮੋੜ ਕੱਟਿਆ ਤੇ ਅੱਜ ਵਾਲੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਪਰ ਇਸ ਕਮੇਟੀ ਨੇ ਹੀ ਉਨ੍ਹਾਂ ਵਿਦਵਾਨਾਂ ਨੂੰ ਇਸ ਕਦਰ ਵਿਸਾਰ ਦਿੱਤਾ ਹੈ ਕਿ ਉਨ੍ਹਾਂ ਦੇ ਨਾਮ ’ਤੇ ਇੱਕ ਵੀ ਵੱਡੀ ਸੰਸਥਾ ਨਹੀਂ ਖੋਲ੍ਹ ਸਕੀ ਤੇ ਨਾਂ ਹੀ ਉਨ੍ਹਾਂ ਵਲੋਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਾਏ ਯੋਗਦਾਨ ਸਬੰਧੀ ਅਗਲੀ ਪੀੜ੍ਹੀ ਨੂੰ ਕੋਈ ਜਾਣਕਾਰੀ ਹੀ ਦਿੱਤੀ ਜਾ ਰਹੀ ਹੈ, ਜਿਸ ਦਾ ਸਿੱਟਾ ਇਹ ਹੈ ਕਿ ਅੱਜ ਸਾਡੇ ਬੱਚੇ ਸਿੱਖ ਪੰਥ ਦੇ ਮਹਾਨ ਵਿਦਵਾਨ ਪਿੰ੍ਰ: ਗੰਗਾ ਸਿੰਘ, ਭਾਈ ਕਾਹਨ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ ਆਦਿ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਰਚੇ ਸਾਹਿਤ ਤੋਂ ਪੂਰੀ ਤਰ੍ਹਾਂ ਬੇਖ਼ਬਰ ਹਨ। ਜਦੋਂ ਕਿ ਸਵਾਮੀ ਦਇਆ ਨੰਦ ਦੇ ਨਾਮ ’ਤੇ ਲੁਧਿਆਣਾ ’ਚ ਬਹੁਤ ਵੱਡਾ ਡੀਐੱਮਸੀ ਹਸਪਤਾਲ ਤੇ ਤਕਰੀਬਨ ਹਰ ਸ਼ਹਿਰ ਵਿੱਚ ਡੀਏਵੀ ਕਾਲਜ ਤੇ ਸਕੂਲ ਖੋਲ੍ਹ ਕੇ ਉਸ ਦੇ ਮਿਸ਼ਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਭਾਈ ਨਛੱਤਰ ਸਿੰਘ ਨੇ ਪਿੰ: ਗੰਗਾ ਸਿੰਘ ਦੀ ਪੁਸਤਕ ’ਚੋਂ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਇੱਕ ਵਾਰ ਉਹ ਰੇਲ ਗੱਡੀ ਵਿੱਚ ਸਫਰ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦਾ ਪਾਠ ਕਰਨਾਂ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਇਸ ਸਲੋਕ ਦਾ ਪਾਠ ਕੀਤਾ ’ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥51॥’ ਤਾਂ ਉਨ੍ਹਾਂ ਦੇ ਨਜ਼ਦੀਕ ਬੈਠੇ ਕਿਸੇ ਹੋਰ ਧਰਮ ਦੇ ਮੁਸਾਫਰ ਨੇ ਪਿੰ: ਗੰਗਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇਸ ਦਾ ਪਾਠ ਦੁਬਾਰਾ ਕਰਨ। ਪਿੰ: ਗੰਗਾ ਸਿੰਘ ਨੇ ਇਸ ਸਲੋਕ ਦਾ ਦੁਬਾਰਾ ਪਾਠ ਕੀਤਾ। ਉਸ ਮੁਸਾਫਰ ਨੇ ਕਿਹਾ ਕਿ ਇੱਕ ਵਾਰ ਫਿਰ ਸੁਣਾਓ। ਉਨ੍ਹਾਂ ਫਿਰ ਪਾਠ ਕਰ ਦਿਤਾ ਤੇ ਉਸ ਸੱਜਨ ਨੂੰ ਪੁੱਛਿਆ ਕਿ ਉਹ ਇਸ ਸਲੋਕ ਦਾ ਪਾਠ ਦੁਬਾਰਾ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹਨ? ਉਸ ਮੁਸਾਫਰ ਨੇ ਕਿਹਾ ਕਿ ਉਸ ਦੇ ਨੌਜਵਾਨ ਜਵਾਈ ਦੀ ਮੌਤ ਹੋ ਗਈ ਹੈ ਤੇ ਉਹ ਉਸ ਦਾ ਸਸਕਾਰ ਕਰਵਾ ਕੇ ਮੁੜ ਰਿਹਾ ਹੈ। ਉਸ ਦਾ ਮਨ ਇਤਨੀ ਪ੍ਰੇਸ਼ਾਨੀ ਅਤੇ ਚਿੰਤਾ ਵਿੱਚ ਸੀ ਕਿ ਉਸ ਨੂੰ ਨਾ ਨੀਂਦ ਆ ਰਹੀ ਸੀ ਅਤੇ ਨਾ ਹੀ ਰੋਟੀ ਖਾਣ ਨੂੰ ਦਿਲ ਕਰਦਾ ਸੀ। ਇਸ ਸਲੋਕ ਨੇ ਮੇਰਾ ਜੀਵਨ ਬਦਲ ਦਿੱਤਾ ਹੈ ਤੇ ਮੇਰੀ ਚਿੰਤਾ ਹੀ ਮੁਕਾ ਦਿੱਤੀ ਹੈ ਕਿਉਂਕਿ ਹੁਣ ਮੈਨੂੰ ਸਮਝ ਆ ਗਈ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਤੇ ਸਭ ਨੇ ਹੀ ਇਸੇ ਰਸਤੇ ਹੀ ਚਲੇ ਜਾਣਾ ਹੈ। ਇਸ ਲਈ ਜੇ ਇਹ ਕੋਈ ਅਣਹੋਣੀ ਹੀ ਨਹੀਂ ਤਾਂ ਚਿੰਤਾ ਕਿਸ ਗੱਲ ਦੀ ਕੀਤੀ ਜਾਵੇ।

ਭਾਈ ਨਛੱਤਰ ਸਿੰਘ ਨੇ ਕਿਹਾ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਗੈਰ ਧਰਮ ਨੂੰ ਮੰਨਣ ਵਾਲੇ ਮੁਸਾਫਿਰ ਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸਲੋਕ ਨੇ ਹੀ ਜੀਵਨ ਬਦਲ ਦਿੱਤਾ ਪਰ ਸਾਡੇ ਕੋਲ ਤਾਂ ਉਨ੍ਹਾਂ ਦੇ ਸਿਰਫ 57 ਸਲੋਕ ਹੀ ਨਹੀਂ ਬਲਕਿ ਪੂਰਾ ਗੁਰੂ ਗੰ੍ਰਥ ਸਾਹਿਬ ਜੀ ਹਨ ਜਿਸ ਵਿਚ ਅਨੇਕਾਂ ਹੀ ਜੀਵਨ ਸੇਧਾਂ ਦਿੱਤੀਆਂ ਹਨ ਤਾਂ ਇਹ ਬਾਣੀ ਸਾਡੇ ’ਤੇ ਅਸਰ ਕਿਉਂ ਨਹੀਂ ਕਰਦੀ? ਇਸ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਅਸੀਂ ਗੁਰਬਾਣੀ ਦਾ ਪਾਠ ਇਸ ਨੂੰ ਸਮਝਣ ਜਾਂ ਕੁਝ ਸਿੱਖਣ ਲਈ ਨਹੀਂ ਬਲਕਿ ਇਸ ਨੂੰ ਇੱਕ ਰਸਮੀ ਕਰਮਕਾਂਡ ਬਣਾ ਕੇ ਕਰਾ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਇੱਕ ਹੈ ਪਰ ਇਸ ਨੂੰ ਵਪਾਰ ਬਣਾ ਕੇ ਪਾਠ ਕਰਨ ਵਾਲਿਆਂ ਨੇ ਇਸ ਦੇ 75 ਕਿਸਮ ਦੇ ਅਖੰਡ ਪਾਠ ਬਣਾ ਰੱਖੇ ਹਨ, ਜਿਵੇਂ ਕਿ ਅਖੰਡ ਪਾਠ, ਮੌਨ ਪਾਠ, ਸਿਰ ਫੇਰ ਪਾਠ, ਸੰਪਟ ਪਾਠ ਤੇ ਪਤਾ ਨਹੀਂ ਕਿੰਨੇ ਹੋਰ ਕਿਸਮ ਦੇ ਪਾਠ। ਪਾਠ ਰੱਖਣ ਸਮੇਂ ਕੁੰਭ, ਨਲੀਏਰ, ਅਤੇ ਕਿੰਨੀ ਹੀ ਹੋਰ ਸਮੱਗਰੀ ਦਾ ਤਾਂ ਚੇਤਾ ਕਰਵਾ ਦਿੱਤਾ ਜਾਂਦਾ ਹੈ ਪਰ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਭਾਈ ਇਸ ਪਾਠ ਨੂੰ ਧਿਆਨ ਨਾਲ ਸੁਣਨਾ ਵੀ ਹੈ। ਭਾਈ ਨਛੱਤਰ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਇੱਕ ਧਾਰਮਿਕ ਦੀਵਾਨ ਵਿੱਚ ਸੁਣਾ ਰਹੇ ਸਨ ਕਿ ਉਨ੍ਹਾਂ ਨੇ ਇੱਕ ਪਾਠੀ ਨੂੰ ਕੁੰਭ ਹੇਠ ਰੱਖੇ ਜੌਆਂ ਦੇ ਬੀਜ ਨੂੰ ਖਾਦ ਪਾਉਂਦੇ ਵੇਖ ਲਿਆ ਤਾਂ ਉਸ ਤੋਂ ਪੁੱਛਿਆ ਕਿ ਭਾਈ ਜੀ ਇਹ ਖਾਦ ਪਾਉਣ ਦਾ ਪਾਠ ਨਾਲ ਕੀ ਸਬੰਧ ਹੈ। ਉਸ ਪਾਠੀ ਨੇ ਜਵਾਬ ਦਿੱਤਾ ਕਿ ਘਰ ਵਾਲਿਆਂ ਨੇ ਸਾਨੂੰ ਪਾਠ ਦੀ ਭੇਟਾ ਤਾਂ ਦੇਣੀ ਹੈ ਜੇ ਜੌਂਅ ਹਰੇ ਹੋ ਗਏ। ਕਿਉਂਕਿ ਘਰ ਵਾਲਿਆਂ ਨੂੰ ਇਹ ਵਹਿਮ ਹੈ ਕਿ ਜੇ ਜੌਂਅ ਹਰੇ ਨਾ ਹੋਏ ਤਾਂ ਪਾਠ ਸਫਲ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਪਾਠੀ ਪੂਰੀ ਭੇਟਾ ਲੈਣ ਲਈ ਜੌਆਂ ਨੂੰ ਖ਼ਾਦ ਤਾਂ ਪਾ ਰਹੇ ਹਨ ਪਰ ਘਰ ਵਾਲਿਆਂ ਨੂੰ ਇਹ ਸਮਝਾਉਣ ਦਾ ਯਤਨ ਨਹੀਂ ਕਰਦੇ ਕਿ ਪਾਠ ਸਫਲ ਤਾਂ ਹੋਣਾ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਸੁਣ ਕੇ ਇਸ ਨੂੰ ਸਮਝਣ ਤੇ ਇਸ ’ਤੇ ਅਮਲ ਕਰਨ ਦੀ ਕੋਸ਼ਿਸ਼ ਅਰੰਭ ਕਰੋਗੇ, ਜੌਆਂ ਦੇ ਹਰੇ ਹੋਣ ਜਾਂ ਨਾ ਹੋਣ ਨਾਲ ਪਾਠ ਦੀ ਸਫਲਤਾ ਨਾਲ ਕੋਈ ਸਬੰਧ ਨਹੀਂ ਹੈ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਪਾਠ ਦੇ ਨਾਲ ਜੋਤ, ਕੁੰਭ, ਧੂਪ ਆਦਿਕ ਰੱਖੇ ਹੀ ਤਾਂ ਜਾਂਦੇ ਹਨ ਕਿ ਘਰ ਵਾਲਿਆਂ ਦਾ ਧਿਆਨ ਇਸ ਪਾਸੇ ਹੀ ਲੱਗਾ ਰਹੇ ਕਿ ਜੋਤ ਜਗ ਰਹੀ ਹੈ ਜਾਂ ਨਹੀਂ, ਧੂਪ ਧੁਖ ਰਹੀ ਹੈ ਜਾਂ ਨਹੀਂ, ਜੌਂਅ ਹਰੇ ਹੋ ਗਏ ਹਨ ਜਾਂ ਨਹੀਂ। ਜੇ ਇਹ ਸਮਝਾ ਦਿੱਤਾ ਜਾਵੇ ਕਿ ਇਨ੍ਹਾਂ ਦਾ ਪਾਠ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਇਹ ਰੱਖਣ ਦੀ ਕੋਈ ਲੋੜ ਨਹੀਂ ਹੈ ਤਾਂ ਘਰ ਵਾਲਿਆਂ ਦਾ ਧਿਆਨ ਪਾਠ ਵੱਲ ਜਾਵੇਗਾ ਕਿ ਇਹ ਪਾਠੀ ਪਾਠ ਠੀਕ ਕਰ ਰਿਹਾ ਹੈ ਜਾਂ ਨਹੀਂ। ਕਿਸੇ ਤੁੱਕ ਨੂੰ ਸੁਣ ਕੇ ਘਰ ਵਾਲੇ ਉਸ ਤੁਕ ਦੇ ਅਰਥ ਵੀ ਪੁੱਛ ਸਕਦੇ ਹਨ। ਕਈ ਤੁਕਾਂ ਦੇ ਅਰਥਾਂ ਦੀ ਘਰ ਵਾਲਿਆਂ ਨੂੰ ਸਮਝ ਆ ਜਾਣ ਕਰਕੇ ਪਾਠੀ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ, ਇਸ ਲਈ ਇਨ੍ਹਾਂ ਝੰਝਟਾਂ ਤੋਂ ਬਚਣ ਲਈ ਉਨ੍ਹਾਂ ਦਾ ਧਿਆਨ ਜੋਤ, ਕੁੰਭ, ਨਲੀੲਰ, ਧੂਪ ਵੱਲ ਹੀ ਲਾਇਆ ਜਾਂਦਾ ਹੈ।

ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਪੜ੍ਹੀ ਗਈ ਬਾਣੀ ਦਾ ਅਸਰ ਕੁੰਭ ਵਾਲੇ ਪਾਣੀ, ਅਤੇ ਉਪਰ ਰੱਖੇ ਨਲੀਏਰ ਵਿੱਚ ਹੋ ਜਾਂਦਾ ਇਸ ਲਈ ਭੋਗ ਉਪ੍ਰੰਤ ਕੁੰਭ ਦਾ ਪਾਣੀ ਪੀਣ ਤੇ ਨਲੀਏਰ ਖਾਣ ਨਾਲ ਪਾਠ ਦਾ ਫਲ ਮਿਲ ਜਾਂਦਾ ਹੈ। ਹੁਣ ਜਿਸ ਨੂੰ ਪਾਣੀ ਪੀਣ ਤੇ ਨਲੀਏਰ ਖਾਣ ਨਾਲ ਹੀ ਫਲ ਮਿਲਦਾ ਹੋਵੇ ਉਸ ਨੂੰ ਕੀ ਲੋੜ ਹੈ ਕਿ ਉਹ ਸਾਰੀ ਬਾਣੀ ਦਾ ਪਾਠ ਸੁਣੇ ਜਾਂ ਸਮਝੇ। ਇਹ ਵੀਰ ਕਦੀ ਇਹ ਵੀ ਨਹੀਂ ਸੋਚਦੇ ਕਿ ਜੇ ਬਾਣੀ ਦਾ ਅਸਰ ਪਾਣੀ ਅਤੇ ਮੋਟੀ ਖਲੜੀ ਵਾਲੇ ਨਲੀਏਰ ਵਿਚ ਵੀ ਹੋ ਜਾਂਦਾ ਹੈ ਤਾਂ ਸਾਡਾ ਦਿਮਾਗ ਜਿਹੜਾ ਹਰ ਜੀਵ ਜੰਤੂ ਦੇ ਦਿਮਾਗ਼ ਨਾਲੋਂ ਬਹੁਤ ਤੇਜ ਹੈ ਉਸ ’ਤੇ ਵੀ ਬਹੁਤ ਸੋਹਣਾ ਅਸਰ ਕਰ ਸਕਦਾ ਹੈ ਤਾਂ ਕੁੰਭ ਨਲੀਏਰ ਨੂੰ ਮਾਧਿਅਮ ਬਣਾਉਣ ਦੀ ਥਾਂ ਸਿੱਧਾ ਆਪ ਹੀ ਪਾਠ ਸੁਣ ਕਿਉਂ ਨਹੀਂ ਸੁਣ ਜਾਂ ਕਰ ਲੈਂਦੇ।

ਭਾਈ ਨਛੱਤਰ ਸਿੰਘ ਨੇ ਕਿਹਾ ਕਿ ਦਰਅਸਲ ਇਹ ਚੀਜਾਂ ਸਾਨੂੰ ਗੁਰਬਾਣੀ ਦੇ ਉਪਦੇਸ਼ ਤੋਂ ਵੀ ਦੂਰ ਲੈ ਜਾ ਰਹੀਆਂ ਹਨ ਕਿਉਂਕਿ ਜੋਤ ਅੱਗ ਦੇਵਤਾ ਦੀ ਪੂਜਾ, ਕੁੰਭ ਪਾਣੀ ਦੇਵਤਾ ਦੀ ਪੂਜਾ ਅਤੇ ਨਲੀਏਰ ਜੀਵ ਬਲੀ ਦਾ ਪ੍ਰਤੀਕ ਹੈ ਜਿਹੜੇ ਕਿ ਹਵਨ/ਯੱਗ ਸਮੇਂ ਕੀਤੀਆਂ ਜਾਂਦੀਆਂ ਹਨ ਪਰ ਗੁਰਬਾਣੀ ਵਿੱਚ ਵਿੱਚ ਇਨ੍ਹਾਂ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਲੀਏਰ ਨੂੰ ਲਾਲ ਕਪੜੇ ਵਿੱਚ ਬੰਨ੍ਹ ਕੇ ਰੱਖਣ ਪਿੱਛੇ ਵੀ ਇੱਕ ਕਾਰਣ ਹੈ। ਨਲੀਏਰ ਨੂੰ ਬਲੀ ਵਾਲੇ ਜੀਵ ਦੇ ਪ੍ਰਤੀਕ ਦੇ ਤੌਰ ’ਤੇ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਲਾਲ ਕਪੜੇ ਵਿੱਚ ਇਸ ਲਈ ਬੰਨ੍ਹਿਆ ਜਾਂਦਾ ਹੈ ਕਿਉਂਕਿ ਜੀਵ ਦੀ ਬਲੀ ਦੇਣ ਸਮੇਂ ਖੁੂਨ ਨਿਕਲਣਾ ਜਰੂਰੀ ਹੈ, ਪਰ ਨਲੀਏਰ ਤੋੜਨ ਸਮੇਂ ਉਸ ਵਿੱਚੋਂ ਖੁੂਨ ਤਾਂ ਨਿਕਲਦਾ ਨਹੀਂ ਇਸ ਲਈ ਉਸ ਨੂੰ ਲਾਲ ਕਪੜੇ ਵਿੱਚ ਹੀ ਬੰਨ੍ਹ ਦਿੱਤਾ ਜਾਂਦਾ ਹੈ ਤਾ ਕਿ ਖੁੂਨ ਦਾ ਭੁਲੇਖਾ ਲੱਗ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top