Share on Facebook

Main News Page

ਦੁਕਾਨਦਾਰਾਂ ਵਾਂਗ ਗਾਹਕ ਖਿੱਚਣ ਲਈ ਸਿੱਖ ਪ੍ਰਚਾਰਕ ਵੀ 84 ਕੱਟਣ ਲਈ ਸਸਤੇ ਤੋਂ ਸਸਤੇ ਢੰਗਾਂ ਦਾ ਪ੍ਰਚਾਰ ਕਰ ਰਹੇ ਹਨ: ਨਛੱਤਰ ਸਿੰਘ

* ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ, ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ

ਬਠਿੰਡਾ, 23 ਜੂਨ (ਕਿਰਪਾਲ ਸਿੰਘ): ਦੁਕਾਨਦਾਰਾਂ ਵਾਂਗ ਗਾਹਕ ਖਿੱਚਣ ਲਈ ਸਿੱਖ ਪ੍ਰਚਾਰਕ ਵੀ 84 ਕੱਟਣ ਲਈ ਸਸਤੇ ਤੋਂ ਸਸਤੇ ਢੰਗਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਨੇ ਕਾਲਜ ਵੱਲੋਂ ਬੱਚਿਆਂ ਲਈ ਇਥੇ ਲਗਾਏ ਗਏ ਕੈਂਪ ਦੌਰਾਨ ਗੁਰਮਤਿ ਸਬੰਧੀ ਦਿੱਤੇ ਲੈਕਚਰ ਦੌਰਾਨ ਕਹੇ। ਇਹ ਦੱਸਣਯੋਗ ਹੈ ਕਿ ਕਾਲਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਥਾਨਕ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ 21 ਜੂਨ ਤੋਂ 26 ਜੂਨ ਤੱਕ ਇੱਕ ਹਫਤੇ ਦਾ ਬੱਚਿਆਂ ਲਈ ਗੁਰਮਤਿ ਕੈਂਪ ਲਾਇਆ ਜਾ ਰਿਹਾ ਹੈ।

ਭਾਈ ਨਛੱਤਰ ਸਿੰਘ ਨੇ ਇਸ ਕੈਂਪ ਦੌਰਾਨ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਦਿੰਦਿਆਂ ਕਿਹਾ ਮਨੁੱਖ ਨੂੰ ਪ੍ਰਮਾਤਮਾ ਦੀ ਬਖ਼ਸ਼ਿਸ਼ ਦੁਆਰਾ ਮਿਲੀ ਇਸ ਮਨੁੱਖੀ ਦੇਹੀ ਨੂੰ ਸਫਲਾ ਕਰਨ ਲਈ ਤਾਂ ਕੋਈ ਉੱਦਮ ਨਹੀਂ ਕੀਤਾ ਜਾਂਦਾ ਪਰ ਮਰਨ ਤੋਂ ਬਾਅਦ ਅਗਲੀ ਜੂਨੀ ਫਿਰ ਮਨੁੱਖ ਦੀ ਪ੍ਰਾਪਤ ਕਰਨ ਜਾਂ 84 ਕੱਟਣ ਦੀ ਬਹੁਤ ਚਿੰਤਾ ਰਹਿੰਦੀ ਹੈ। ਮਨੁੱਖ ਦੀ ਇਸ ਕਮਜੋਰੀ ਕਾਰਣ ਵੱਖ ਵੱਖ ਡੇਰੇਦਾਰਾਂ ਵਲੋਂ 84 ਕੱਟਣ ਦੇ ਸੌਖੇ ਸਾਧਨਾਂ ਦਾ ਬੜੇ ਜੋਰਦਾਰ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਧਰਮ ਦੇ ਨਾਮ ’ਤੇ ਕੀਤੇ ਜਾ ਰਹੇ ਕਰਮਕਾਂਡਾਂ ਦੀ ਤਰਕ ਭਰਪੂਰ ਅਲੋਚਨਾ ਕਰਕੇ ਇਨ੍ਹਾਂ ਨੂੰ ਰੱਦ ਕੀਤਾ ਹੈ ਤੇ ਸ਼ਬਦ ਗੁਰੂ ਦੀ ਸਿਖਿਆ ਦੁਆਰਾ ਵਕਾਰਾਂ ਤੋਂ ਛੁਟਕਾਰਾ ਪਾ ਕੇ ਇਸ ਅਮੁੱਲੇ ਜੀਵਨ ਨੂੰ ਸੰਵਾਰਨ ਦੀ ਸਿਖਿਆ ਦਿੱਤੀ ਗਈ ਹੈ, ਅੱਜ ਉਸ ਮਹਾਨ ਗੁਰੂ ਦੇ ਹੀ ਧਰਮ ਨੂੰ ਮੰਨਣ ਵਾਲੇ 84 ਕੱਟਣ ਲਈ ਗੁਰੂ ਸਾਹਿਬ ਵਲੋਂ ਦਿੱਤੇ ਵਰਾਂ ਦਾ ਪ੍ਰਚਾਰ ਕਰ ਰਹੇ ਹਨ। ਭਾਈ ਨਛੱਤਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਇਤਿਹਾਸਕ ਗੁਰਦੁਆਰਾ ਗੋਇੰਦਵਾਲ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਗਏ ਹੋਏ ਸਨ। ਉਸ ਸਥਾਨ ’ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਗੁਰੂ ਅਮਰਦਾਸ ਜੀ ਨੇ ਇੱਕ ਬਾਉਲੀ ਦੀ ਖ਼ੁਦਵਾਈ ਕਰਵਾਈ ਸੀ। ਪਰ ਹੁਣ, ਗੁਰਮਤਿ ਦੀ ਸੋਝੀ ਨਾ ਰੱਖਣ ਵਾਲੇ ਕੁਝ ਡੇਰੇਦਾਰਾਂ ਅਤੇ ਪ੍ਰਚਾਰਕਾਂ ਨੇ ਇਹ ਪ੍ਰਚਾਰ ਕੀਤਾ ਹੋਇਆ ਹੈ ਕਿ ਇਸ ਬਾਉਲੀ ਦੀਆਂ 84 ਪਾਉੜੀਆਂ ਹਨ। ਗੁਰੂ ਸਾਹਿਬ ਜੀ ਦਾ ਵਰ ਹੈ ਕਿ ਜਿਹੜਾ ਵੀ ਵਿਅਕਤੀ ਇਸ ਬਾਉਲੀ ਦੀ ਹਰ ਪਾਉੜੀ ’ਤੇ ਜੁਪਜੀ ਸਾਹਿਬ ਦਾ ਪਾਠ ਕਰਨ ਉਪ੍ਰੰਤ 84 ਵਾਰੀ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ।

ਚੰਡੀਗੜ੍ਹ ਤੋਂ 84 ਕੱਟਣ ਦੀ ਖਾਹਸ਼ ਲੈ ਕੇ ਆਇਆ ਇੱਕ ਵਿਅਕਤੀ ਉੱਥੇ ਪਾਠ ਕਰਕੇ ਵਾਰੀ ਵਾਰੀ ਇਸ਼ਨਾਨ ਕਰਦਾ ਉਨ੍ਹਾਂ ਨੂੰ ਮਿਲਿਆ। ਜਦ ਵੇਖਿਆ ਕਿ ਉਹ ਇਤਨੀ ਕਾਹਲੀ ਵਿੱਚ ਸੀ ਕਿ 10 ਮਿੰਟਾਂ ਵਿੱਚ ਹੀ ਉਸ ਦਾ ਤੀਸਰਾ ਚੱਕਰ ਸੀ ਤਾਂ ਅਸੀਂ (ਭਾਈ ਨਛੱਤਰ ਸਿੰਘ ਨੇ) ਉਸ ਤੋਂ ਪੁੱਛਿਆ ਕਿ 10 ਮਿੰਟਾਂ ਵਿੱਚ ਤਾਂ ਇੱਕ ਪਾਠ ਕਰਨਾ ਵੀ ਮੁਸ਼ਕਲ ਹੈ ਪਰ ਤੂੰ 10 ਮਿੰਟਾਂ ਵਿੱਚ ਦੋ ਪਾਠ ਤੇ ਦੋ ਵਾਰ ਇਸ਼ਨਾਨ ਵੀ ਕਰ ਲਿਆ ਤੇ ਤੀਸਰੀ ਵਾਰ ਜਾ ਰਿਹਾ ਹੈਂ, ਹਾਲੀ ਇਸ ਵਿੱਚ ਪੌੜੀਆਂ ਚੜ੍ਹਨ ਉਤਰਨ ਲਈ ਵੀ ਸਮਾਂ ਲਗਦਾ ਹੈ। ਉਸ ਵਿਅਕਤੀ ਨੇ ਦੱਸਿਆ ਕਿ ਸਾਡੇ ਬਾਬਾ ਜੀ ਨੇ ਕਿਹਾ ਸੀ ਜੇ ਜਪੁਜੀ ਸਾਹਿਬ ਦਾ ਪੂਰਾ ਪਾਠ ਨਹੀਂ ਕਰ ਸਕਦੇ ਤਾਂ 5 ਪਉੜੀਆਂ ਦਾ ਪਾਠ ਕਰਕੇ ਹੀ ਇਸ਼ਨਾਨ ਕਰ ਲਿਆ ਜਾਵੇ। ਉਸ ਤੋਂ ਪੁੱਛਿਆ ਗਿਆ ਕਿ ਜਿਤਨਾ ਕੁ ਸਮਾਂ ਤੂੰ ਲਾ ਰਿਹਾ ਹੈਂ ਇਤਨੇ ਸਮੇਂ ਵਿੱਚ ਤਾਂ 5 ਪਉੜੀਆਂ ਦਾ ਪਾਠ ਵੀ ਨਹੀਂ ਹੁੰਦਾ। ਉਹ ਅੱਗੋਂ ਕਹਿਣ ਲੱਗਾ ਕਿ ਕਈ ਵਾਰ ਪਾਠ ਕਰਨ ਕਰਕੇ ਮੈਨੂੰ ਪੰਜ ਪਾਉੜੀਆਂ ਦਾ ਪਾਠ ਜ਼ੁਬਾਨੀ ਯਾਦ ਹੋ ਗਿਆ ਹੈ। ਮੈਂ ਬਉਲੀ ਵਿੱਚ ਇੱਕ ਡੁਬਕੀ ਲਾਉਣ ਸਾਰ ਹੀ ਪਾਠ ਸ਼ੁਰੂ ਕਰ ਦਿੰਦਾ ਹਾਂ ਉਪਰ ਆ ਕੇ ਗੁਟਕੇ ਤੋਂ ਇੱਕ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਥੱਲੇ ਉਤਰਨਾ ਸ਼ੁਰੂ ਕਰ ਦਿੰਦਾ ਹਾਂ। ਥੱਲੇ ਤੱਕ ਜਾਂਦਿਆਂ 5 ਪਾਉੜੀਆਂ ਦਾ ਪਾਠ ਹੋ ਜਾਂਦਾ ਹੈ ਤੇ ਇੱਕ ਡੁਬਕੀ ਲਾਉਣ ਪਿਛੋਂ ਅਗਲਾ ਚੱਕਰ ਸ਼ੁਰੂ ਕਰ ਦਿੰਦਾ ਹਾਂ। ਉਸ ਵੀਰ ਨੂੰ ਪੁੱਛਿਆ ਕਿ ਜਿਤਨਾ ਪਾਠ ਤੈਨੂੰ ਆਉਂਦਾ ਹੈ ਉਹ ਸੁਣਾ। ਉਹ ਪੰਜ ਪਾਉੜੀਆਂ ਦਾ ਪਾਠ ਸੁਣਾ ਕੇ ਰੁਕ ਗਿਆ। ਪੁੱਛਿਆ ਵੀਰ ਜੀ ਅੱਗੇ ਵੀ ਸੁਣਾਓ ਤਾਂ ਕਹਿਣ ਲੱਗਾ ਕਿ ਅੱਗੇ ਤਾਂ 6ਵੀਂ ਪਾੳੜੀ ਅਰੰਭ ਹੋ ਗਈ ਹੈ, ਇਸ ਦਾ ਪਾਠ ਮੈਨੁੂੰ ਨਹੀਂ ਆਉਂਦਾ। ਉਸ ਨੂੰ ਕਿਹਾ ਕਿ ਜੇ ਨਹੀਂ ਆਉਂਦਾ ਤਾਂ ਗੁਟਕੇ ਤੋਂ ਵੇਖ ਕੇ ਹੀ ਸੁਣਾ ਦਿਓ। ਉਸ ਨੇ ਗੁਟਕੇ ਤੋਂ ਵੇਖ ਕੇ ਅਗਲੀ ਪਉੜੀ ਸੁਣਾਈ:-

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥

ਇਸ ਪਉੜੀ ਦੇ ਅਰਥਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਅਰਥ ਤਾਂ ਉਸ ਨੂੰ ਕਿਸੇ ਵੀ ਪਾਉੜੀ ਦੇ ਨਹੀਂ ਆਉਂਦੇ। ਉਸ ਵੀਰ ਨੂੰ ਭਾਈ ਨਛੱਤਰ ਸਿੰਘ ਜੀ ਨੇ ਅਰਥ ਕਰਕੇ ਦੱਸਿਆ ਕਿ ਇਸ ਪਾਉੜੀ ਦੇ ਅਰਥ ਇਹ ਹਨ ਕਿ ਗੁਰੂ ਸਾਹਿਬ ਜੀ ਸਮਝਾ ਰਹੇ ਹਨ: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।

ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।6।

ਹੁਣ ਇਸ ਪਾਉੜੀ ਵਿੱਚ ਤਾਂ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਤੀਰਥ ’ਤੇ ਇਸ਼ਨਾਨ ਭੀ ਪ੍ਰØਭੂ ਦੀ ਪ੍ਰਸੰਨਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਇਸ ਵਿੱਚ ਤਾਂ ਗੁਰੂ ਦੀ ਸਿਖਿਆ ਅਤੇ ਪ੍ਰਮਾਤਮਾ ਦੀ ਕ੍ਰਿਪਾ ਦੀ ਮੰਗ ਕੀਤੀ ਗਈ ਹੈ। ਕੀ ਤੁਹਾਨੂੰ ਪਤਾ ਹੈ ਕਿ ਗੁਰੂ ਦੀ ਸਿਖਿਆ ਕੀ ਹੈ? ਕੀ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਕਿਸੇ ਦੀ ਸਿਖਿਆ ਸੁਣੀ ਹੈ ਅਤੇ ਉਸ ’ਤੇ ਅਮਲ ਕੀਤਾ ਹੈ? ਜੇ ਨਹੀਂ ਤਾਂ ਜਿਹੜੇ ਤੀਰਥ ਇਸ਼ਨਾਨ ਨੂੰ ਗੁਰੂ ਸਾਹਿਬ ਜੀ ਨਿਹਫਲ ਦੱਸ ਰਹੇ ਹਨ ਉਸੇ ਇਸ਼ਨਾਨ ਨਾਲ ਤੁਸੀ ਮੁਕਤੀ ਦੀ ਉਮੀਦ ਕਿਵੇਂ ਰੱਖੀ ਬੈਠੇ ਹੋ? ਕੀ ਇਹ ਵਰ ਦੇਣ ਵਾਲੇ ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਬਾਣੀ’ਚ ਕਿਧਰੇ ਇਸ ਦਾ ਸੰਕੇਤ ਦਿੱਤਾ ਹੈ ਕਿ ਜਿਹੜੀ ਬਾਉਲੀ ਉਨ੍ਹਾਂ ਨੇ ਬਣਵਾਈ ਹੈ ਇਸ ਦੀਆਂ 84 ਪਾਉੜੀਆਂ ’ਤੇ 84 ਜਪੁਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸ਼ਨਾਨ ਕਰਨ ਨਾਲ 84 ਕੱਟੀ ਜਾਵੇਗੀ? ਜੇ ਨਹੀਂ ਲਿਖਿਆ ਤਾਂ ਤੁਸੀਂ ਸੁਣੀਆਂ ਹੋਈਆਂ ਗੱਲਾਂ ’ਤੇ ਕਿਵੇਂ ਯਕੀਨ ਕਰ ਲਿਆ ਕਿ ਇਸ ਤਰ੍ਹਾਂ ਕਰਨ ਨਾਲ 84 ਕੱਟੀ ਜਾਵੇਗੀ? ਉਸ ਨੂੰ ਦੱਸਿਆ ਗਿਆ ਕਿ ਜੇ ਸਿਰਫ ਮਰਨ ਤੋਂ ਪਿੱਛੋਂ ਹੀ ਨਹੀਂ ਬਲਕਿ ਇਸੇ ਜਨਮ ਵਿੱਚ ਵੀ ਵਕਾਰਾਂ ਤੋਂ ਮੁਕਤੀ ਚਾਹੁੰਦੇ ਹੋ ਤਾਂ ਇਹ ਨਿਹਫਲ ਕੰਮ ਇੱਥੇ ਹੀ ਛੱਡ ਕੇ ਸਪੂਰਨ ਜਪੁਜੀ ਸਾਹਿਬ ਜੀ ਦਾ ਅਰਥਾਂ ਸਹਿਤ ਪਾਠ ਸਿੱਖ ਕੇ ਰੋਜ਼ਾਨਾ ਕਰਨਾ ਤੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸ਼ੁਰੂ ਕਰੋ। ਉਸ ਵੀਰ ਨੂੰ ਗੱਲ ਸਮਝ ਵਿੱਚ ਆਈ ਤੇ ਉਸ ਨੇ ਇੱਦਾਂ ਹੀ ਕੀਤਾ ਤੇ ਦੋ ਕੁ ਸਾਲ ਬਾਅਦ ਉਸ ਦਾ ਫ਼ੋਨ ਆਇਆ ਕਿ ਵੀਰ ਜੀ ਜਪੁਜੀ ਸਾਹਿਬ ਨੇ ਤਾਂ ਉਸ ਦਾ ਜੀਵਨ ਹੀ ਬਦਲ ਦਿੱਤਾ ਹੈ, ਉਹ ਹੁਣ ਕੇਸਾਧਾਰੀ ਹੋ ਕੇ ਤੇ ਖੰਡੇ ਬਾਟੇ ਦੀ ਪਾਹੁਲ ਧਾਰਨ ਕਰਕੇ ਗੁਰੂ ਦਾ ਸਿੱਖ ਬਣ ਗਿਆ ਹੈ। ਹੁਣ ਤਾਂ ਕਿਸੇ ਹੋਰ ਮੁਕਤੀ ਦੀ ਤਵੰਨਾ ਵੀ ਮਨ ਵਿੱਚ ਨਹੀਂ ਰਹੀ।

ਭਾਈ ਨਛੱਤਰ ਸਿੰਘ ਨੇ ਕਿਹਾ ਇੱਥੇ ਤਾਂ 84 ਪਾਠ ਕਰਨ ਲਈ ਕਿਹਾ ਹੀ ਜਾ ਰਿਹਾ ਹੈ ਇਸ ਤੋਂ ਸੌਖਾ ਢੰਗ ਹੋਰ ਦੱਸਿਆ ਜਾ ਰਿਹਾ ਹੈ ਕਿ ਗੁਰੁਆਰਾ ਸੰਨ ਸਾਹਿਬ ਵਿਖੇ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜਾ ਇਸ ਸੰਨ ਵਿੱਚੋਂ ਨਿਕਲ ਜਾਵੇ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਉੱਥੇ ਵੀ ਕਈ ਮੋਟੇ ਮੋਟੇ ਬੰਦੇ ਸੰਨ ਵਿੱਚੋ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣਾ ਸਰੀਰ ਝਰੀਟਾਂ ਨਾਲ ਜਖ਼ਮੀ ਕਰ ਲੈਂਦੇ ਹਨ। ਇਸ ਤੋਂ ਸੌਖਾ ਢੰਗ ਹੋਰ ਸੁਣਿਆ। ਇੱਕ ਵਿਅਕਤੀ ਦੱਸ ਰਿਹਾ ਸੀ ਕਿ ਉਨ੍ਹਾਂ ਦੇ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਜੇ ਦੋਵੇਂ ਹੱਥ ਜੋੜ ਕੇ ਗੱਜ ਕੇ ਕਿਸੇ ਸਿੱਖ ਨੂੰ ਫ਼ਤਹਿ ਬੁਲਾਈ ਜਾਵੇ ਤੇ ਅੱਗੋਂ ਉਹ ਵੀ ਉਸੇ ਗਰਮਜੋਸੀ ਨਾਲ ਦੋਵੇਂ ਹੱਥ ਜੋੜ ਕੇ ਫ਼ਤਹਿ ਦਾ ਜਵਾਬ ਫ਼ਤਹਿ ਵਿੱਚ ਦੇਵੇ ਤਾਂ ਦੋਵਾਂ ਨੂੰ ਮੁਕਤੀ ਮਿਲ ਜਾਂਦੀ ਹੈ। ਉਸ ਤੋਂ ਪੁੱਛਿਆ ਕਿ ਇਹ ਕਿਸ ਤਰ੍ਹਾਂ? ਤਾਂ ਉਸ ਨੇ ਅੱਗੋਂ ਕਿਹਾ ਕਿ ਜੇ ਮੈਂ ਦੋਵੇਂ ਹੱਥ ਜੋੜਾਂ ਤਾਂ ਦੋਵਾਂ ਹੱਥਾਂ ਦੀਆਂ 10 ਉਂਗਲੀਆਂ ਹੋ ਗਈਆਂ, ਤੁਸੀਂ ਅੱਗੋਂ ਜਵਾਬ ਦੇਣ ਲਈ ਦੋਵੇਂ ਹੱਥ ਜੋੜੋਂ ਤਾਂ 10 ਉਂਗਲੀਆਂ ਤੁਹਾਡੀਆਂ ਬਣ ਗਈਆਂ, ਦੋਵਾਂ ਦੀਆਂ 20 ਹੋ ਗਈਆਂ, 32 ਦੰਦ ਮੇਰੇ ਤੇ 32 ਤੁਹਾਡੇ। ਸਾਰਿਆਂ ਦਾ ਜੋੜ ਬਣ ਗਿਆ 32+32+20=84 । ਇਸ ਤਰ੍ਹਾਂ 84 ਕੱਟੀ ਗਈ। ਭਾਈ ਨਛੱਤਰ ਸਿੰਘ ਨੇ ਕਿਹਾ ਕਿ ਜਿਸ ਬਾਣੀ ਨੇ ਸਾਡਾ ਜੀਵਨ ਬਦਲਣਾ ਹੈ ਉਸ ਤੱਕ ਤਾਂ ਇਹ ਹਲਕੀ ਕਿਸਮ ਦੇ ਪ੍ਰਚਾਰਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਾ ਕੇ ਸੌਖੇ ਸੌਖੇ ਢੰਗ ਨਾਲ ਮੁਕਤੀਆਂ ਵੰਡੀ ਜਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top