Share on Facebook

Main News Page

ਪਾਠ ਦੇ ਭੋਗ ਸਮੇਂ ਰੁਮਾਲਾ ਦੇਣ ਦੀ ਕੋਈ ਮਰਯਾਦਾ ਨਹੀਂ ਹੈ, ਸਗੋਂ ਲੋੜ ਮੁਤਾਬਿਕ ਹੋਰ ਸਮਾਨ ਵੀ ਦਿਤਾ ਜਾ ਸਕਦਾ

ਅਨੰਦਪੁਰ ਸਾਹਿਬ, (22 ਜੂਨ, ਸੁਖਵਿੰਦਰ ਪਾਲ ਸਿੰਘ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਕੇਂਦਰੀ ਜਥੇਬੰਦੀ ਹੈ ਜਿਸਦਾ ਮੁਢਲਾ ਫਰਜ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ। ਅੱਜ ਜਿਥੇ ਗੁਰਦੁਆਰਾ ਪ੍ਰਬੰਧ ਵਿਚ ਹੋਰ ਤਰੁਟੀਆਂ ਆ ਗਈਆਂ ਹਨ, ਉਥੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਦੀ ਸਾਂਭ ਸੰਭਾਂਲ ਕਰਨਾ ਵੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ ਜਲੰਧਰ ਨੇ ਕੀਤਾ। ਉਨ੍ਹਾਂ ਕਿਹਾ ਅੱਜ ਗੁਰੁ ਘਰਾਂ ਵਿਚ ਵੱਡੇ-ਵੱਡੇ ਸਟੋਰਾਂ ਵਿਚ ਸ਼ਬਦ ਗੁਰੁ ਉਪਰ ਦਿਤੇ ਜਾਣ ਵਾਲੇ ਰੁਮਾਲੇ ਰੁਲ ਰਹੇ ਹਨ, ਤੇ ਕਈ ਜਗਾ ਰੁਮਾਲੇ ਦੁਬਾਰਾ ਦੁਕਾਨਾਂ ਉਪਰ ਵਿਕਣ ਦੇ ਮਾਮਲੇ ਵੀ ਸਾਹਮਣੇ ਆਏ ਹਨ ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਸਿੱਖ ਰਹਿਤ ਮਰਯਾਦਾ ਵਿਚ ਸਪੱਸ਼ਟ ਤੋਰ ਤੇ ਲਿਖਿਆ ਹੈ, ਕਿ ਗੁਰੁ ਘਰ ਵਿਚ ਲੋੜ ਅਨੁਸਾਰ ਹੋਰ ਸਮਾਨ ਵੀ ਦਿਤਾ ਜਾਵੇ ਪ੍ਰੰਤੂ ਅੱਜ ਬਹੁਤੇ ਸਿੱਖ ਅਖੰਡ ਜਾਂ ਸਹਿਜ ਪਾਠ ਦੇ ਭੋਗ ਮੋਕੇ ਰੁਮਾਲਾ ਦੇਣਾ ਜਰੂਰੀ ਸਮਝਦੇ ਹਨ ਜਿਸ ਕਰਕੇ ਰੁਮਾਲਿਆਂ ਦੀ ਸੰਭਾਲ ਕਰਨਾ ਔਖਾਂ ਹੋ ਗਿਆ ਹੈ। ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ, ਕਿ ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਸੁਚੇਤ ਕਰੇ ਕਿ ਪਾਠ ਦੇ ਭੋਗ ਸਮੇ ਰੁਮਾਲਾ ਦੇਣ ਦੀ ਕੋਈ ਮਰਯਾਦਾ ਨਹੀ ਹੈ ਸਗੋ ਲੋੜ ਮੁਤਾਬਿਕ ਦਰੀਆਂ,ਚੰਦੋਆ,ਚੌਰ,ਜਾਂ ਕੋਈ ਹੋਰ ਸਮਾਨ ਵੀ ਦਿਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਦੇ ਰੁਮਾਲੇ ਸਟੋਰਾਂ ਵਿਚ ਪਏ ਖਰਾਬ ਹੋ ਰਹੇ ਹਨ ਜਦੋ ਕਿ ਬਹਤ ਸਾਰੇ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀ ਹੋ ਰਹੀ।

ਪ੍ਰਸਿੱਧ ਸਿੱਖ ਵਿਦਵਾਨ ਤੇ ਭਾਈ ਗੁਰਦਾਸ ਇੰਸਟੀਚਿੳਟ ਦੇ ਮੁਖੀ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਗੁਰਦੁਆਰਿਆਂ ਵਿਚ ਚੰਦੋਏ ਦੀ ਹਾਲਤ ਏਨੀ ਮਾੜੀ ਹੁੰਦੀ ਹੈ ਕਿ ਕਈ ਕਈ ਸਾਲ ਇਕੋ ਚੰਦੋਏ ਨਾਲ ਹੀ ਲੰਘਾ ਦਿਤੇ ਜਾਂਦੇ ਹਨ, ਚੌਰ ਵੀ ਸਦੀਆਂ ਪੁਰਾਣਾ ਹੋ ਚੁੱਕਾ ਹੁੰਦਾ ਹੈ, ਪਰ ਉਥੇ ਰੁਮਾਲਿਆਂ ਦੀ ਏਨੀ ਬਹੁਤਾਤ ਹੁੰਦੀ ਹੈ ਕਿ ਇਹ ਰੁਮਾਲੇ ਆਮ ਕਪੜਿਆ ਦੀ ਤਰਾਂ ਛੋਟੇ ਮੋਟੇ ਕੰਮਾਂ ਲਈ ਵਰਤੇ ਜਾਂਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿਤਾ ਕਿ ਵੱਧ ਰਹੇ ਰੁਮਾਲਿਆਂ ਦੇ ਝੁਕਾਅ ਨੂੰ ਦੇਖਦੇ ਹੋਏ ਕੋਈ ਠੋਸ ਹੱਲ ਕੱਢਿਆ ਜਾਵੇ ਤਾਂ ਕਿ ਰੁਮਾਲਿਆਂ ਦੀ ਹੋ ਰਹੀ ਬੇਕਦਰੀ ਰੋਕੀ ਜਾ ਸਕੇ। ਇਸਤਰੀ ਸਤਿ ਸੰਗ ਸਭਾ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਾਤਾ ਗੁਰਚਰਨ ਕੋਰ ਨੇ ਕਿਹਾ ਕਿ ਗੁਰੁ ਘਰ ਵਿਚ ਰੁਮਾਲਾ ਦੇਣ ਦੀ ਜੋ ਪ੍ਰਪੰਰਾ ਪੈ ਚੁਕੀ ਹੈ, ਉਸ ਬਾਰੇ ਗੁਰੁ ਘਰ ਦੇ ਗ੍ਰੰਥੀ ਸਿੰਘਾਂ ਦਾ ਫਰਜ ਬਣਦਾ ਹੈ, ਕਿ ਉਹ ਸੰਗਤਾਂ ਨੂੰ ਸਪੱਸ਼ਟ ਤੋਰ ਤੇ ਦੱਸਣ ਕਿ ਰੁਮਾਲਾ ਦੇਣ ਦੀ ਜਗਾ ਕੋਈ ਹੋਰ ਸਮਾਨ ਵੀ ਦਿਤਾ ਜਾ ਸਕਦਾ ਹੈ, ਤਾਂ ਕਿ ਆਮ ਸੰਗਤ ਰੁਮਾਲਾ ਦੇਣ ਦੀ ਬਜਾਏ ਹੋਰ ਲੋੜੀਂਦਾ ਸਮਾਨ ਦੇਵੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top