Share on Facebook

Main News Page

ਮੋਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ, ਪੰਥਕ ਜਥੇਬੰਦੀਆਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਸ਼੍ਰੋਮਣੀ ਕਮੇਟੀ ਨੇ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਮੋਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਆਏ ਸਿੱਖਾਂ ਵਿਚ ਪ੍ਰੋ. ਭੁੱਲਰ ਲਈ ਸੱਚੀ ਸੁੱਚੀ ਹਮਦਰਦੀ ਸੀ, ਨਿਵੇਕਲਾ ਉਤਸ਼ਾਹ ਵੀ ਸੀ ਤੇ ਭਖਦਾ ਜਜ਼ਬਾ ਵੀ ਸੀ। ਪਰ ਸ਼੍ਰੋਮਣੀ ਕਮੇਟੀ ਦੀ ਵੇਲ਼ਾ ਵਿਹਾਅ ਚੁੱਕੀ ਲੀਡਰਸ਼ਿਪ ਸੌੜੇ ਅਰਥਾਂ ਵਿਚ ਇਸ ਮੁੱਦੇ ਦਾ ਰਾਜਸੀ ਲਾਹਾ ਲੈਣਾ ਚਾਹੁੰਦੀ ਸੀ। ਇਹ ਲੀਡਰਸ਼ਿਪ 20 ਜੂਨ ਵਾਲੇ ਦਿਨ ਹੋਰ ਪੰਥਕ ਜਥੇਬੰਦੀਆਂ ਨੂੰ ਸਟੇਜ ਦੇ ਨੇੜੇ ਤੇੜੇ ਵੀ ਨਹੀਂ ਸੀ ਵੇਖਣਾ ਚਾਹੁੰਦੀ। ਗੁਰਦੁਆਰਾ ਕੰਪਲੈਕਸ ਵਿਚ ਹੋਏ ਇਕੱਠ ਵਿਚ ਬੋਲਣ ਵਾਲਿਆਂ ਵਿਚ ਹੋਰ ਕਿਸੇ ਪੰਥਕ ਜਥੇਬੰਦੀ ਨੂੰ ਇਸ ਲੀਡਰਸ਼ਿਪ ਨੇ ਸ਼ਾਮਲ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਦਾ ਸਟੇਜ ਤੋਂ ਨਾਂ ਤੱਕ ਵੀ ਨਹੀਂ ਲਿਆ ਗਿਆ। ਇੰਝ ਇਹ ਸਪੱਸ਼ਟ ਹੋ ਗਿਆ ਕਿ ਸੰਗਤਾਂ ਦੇ ਦਿਲਾਂ ਵਿਚੋਂ ਅਲੋਪ ਹੋ ਰਹੀ ਇਸ ਇਤਿਹਾਸਕ ਸੰਸਥਾ ਦੀ ਵਰਤਮਾਨ ਲੀਡਰਸ਼ਿਪ ਵਿਚ ਨਾ ਕੋਈ ਵੱਡਾ ਜਿਗਰਾ ਹੈ ਅਤੇ ਨਾ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਖੁੱਲ੍ਹਦਿਲੀ ਹੈ ਅਤੇ ਨਾ ਹੀ ਕੂਟਨੀਤਕ ਸਿਆਣਪ ਹੈ।

ਇਹ ਜਾਣਕਾਰੀ ਸਭਨਾਂ ਲੋਕਾਂ ਲਈ ਦਿਲਚਸਪ ਹੋਵੇਗੀ ਕਿ ਪ੍ਰੋ. ਭੁੱਲਰ ਦੇ ਕੇਸ ਵਿਚ ਜਿਹੜੇ ਵੀਰ ਪੈਰਵੀ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਕੇਸ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਇਸ ਕੇਸ ਦੀਆਂ ਕਾਨੂੰਨੀ ਬਾਰੀਕੀਆਂ ਬਾਰੇ ਪੂਰੀ ਪੂਰੀ ਸਮਝ ਹੈ, ਉਨ੍ਹਾਂ ਨੂੰ ਰਤਾ ਮਾਸਾ ਵੀ ਭਰੋਸੇ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਮੌਕੇ 'ਤੇ ਸੰਗਤਾਂ ਦੀ ਜਾਣਕਾਰੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪੈਂਫ਼ਲਟ ਜਾਂ ਕੋਈ ਕਿਤਾਬਚਾ ਵੰਡਿਆ ਗਿਆ ਜਿਸ ਨਾਲ ਆਮ ਸੰਗਤਾਂ ਨੂੰ ਇਸ ਕੇਸ ਦੇ ਸਾਰੇ ਪੱਖਾਂ ਬਾਰੇ ਪੂਰੀ ਪੂਰੀ ਜਾਣਕਾਰੀ ਮਿਲ ਸਕੇ। ਸੱਚ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਸੰਗਤਾਂ ਦੇ ਦਬਾਅ ਹੇਠ ਆ ਕੇ ਹੀ ਮਜਬੂਰੀ ਵਸ ਇਹ ਕਦਮ ਪੁੱਟ ਰਹੀ ਹੈ। ਉਹ ਇਸ ਮੁੱਦੇ ਦਾ ਰਾਜਨੀਤਕ ਲਾਭ ਵੀ ਲੈਣਾ ਚਾਹੁੰਦੀ ਹੈ ਅਤੇ ਇਹ ਵੀ ਚਾਹੁੰਦੀ ਹੈ ਕਿ ਇਹ ਫਾਂਸੀ ਆਉਣ ਵਾਲੀਆਂ ਚੋਣਾਂ ਤੱਕ ਇਸ ਹੱਦ ਤੱਕ ਲਮਕ ਜਾਵੇ ਕਿ ਇਸ ਮੁੱਦੇ 'ਤੇ ਪੰਜਾਬ ਵਿਚ ਕਾਂਗਰਸ ਵਿਰੋਧੀ ਹਵਾ ਬਣ ਜਾਵੇ। ਦੂਜੇ ਪਾਸੇ ਕੌੜੀ ਹਕੀਕਤ ਇਹ ਹੈ ਕਿ ਬਾਦਲ ਸਰਕਾਰ ਹਮੇਸ਼ਾਂ ਵਾਂਗ ਸਿੱਖ ਮਸਲਿਆਂ ਬਾਰੇ ਇਸ ਹੱਦ ਤੱਕ ਰੁੱਖਾ, ਅਣਭਿੱਜ, ਖੁਸ਼ਕ, ਕੋਰਾ ਤੇ ਮੁਰਝਾਇਆ ਰਵੱਈਆ ਅਖਤਿਆਰ ਕਰਦੀ ਹੈ ਕਿ ਇਹ ਸੁਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਸ ਸਰਕਾਰ ਨੇ ਸੁਪਰੀਮ ਕੋਰਟ ਵਿਚ ਪ੍ਰੋ. ਭੁੱਲਰ ਦੇ ਵਿਰੁੱਧ ਅਤੇ ਪ੍ਰੋ. ਭੁੱਲਰ ਦੇ ਰਿਸ਼ਤੇਦਾਰਾਂ ਨੂੰ ਲਾਪਤਾ ਕਰਨ ਅਤੇ ਮਾਰਨ ਮੁਕਾਉਣ ਵਾਲੇ ਪੁਲਿਸ ਅਫ਼ਸਰ ਸੁਮੇਧ ਸੈਣੀ ਦੇ ਹੱਕ ਵਿਚ ਗਵਾਹੀ ਹੀ ਨਹੀਂ ਦਿੱਤੀ ਸਗੋਂ ਸੁਮੇਧ ਸੈਣੀ ਨੂੰ ਇਮਾਨਦਾਰ ਪੁਲਿਸ ਅਫ਼ਸਰ ਵੀ ਕਰਾਰ ਦਿੱਤਾ ਹੈ ਅਤੇ ਪ੍ਰੋ. ਭੁੱਲਰ ਨੂੰ ਦਹਿਸ਼ਤਗਰਦ। ਇਥੇ ਹੀ ਬਸ ਨਹੀਂ ਸਗੋਂ ਬਾਦਲ ਸਰਕਾਰ ਨੇ ਪ੍ਰੋ. ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿਚ ਬਦਲਣ ਦੀ ਤਜਵੀਜ਼ ਦਾ ਵੀ ਡਟ ਕੇ ਵਿਰੋਧ ਕੀਤਾ।

ਇਸ ਤੋਂ ਪਹਿਲਾਂ 1978 ਵਿਚ ਨਿਰੰਕਾਰੀ ਕਾਂਡ ਸਮੇਂ ਵੀ ਇਸੇ ਸਰਕਾਰ ਨੇ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਉਸ ਨੂੰ ਸਿੱਖਾਂ ਦੀਆਂ ਲਾਸ਼ਾਂ ਤੋਂ ਲੰਘਾ ਕੇ ਸੁਰੱਖਿਅਤ ਦਿੱਲੀ ਪਹੁੰਚਾਉਣ ਵਿਚ ਮਦਦ ਕੀਤੀ ਸੀ। ਸਿਰਸਾ ਦੇ ਸੌਦਾ ਸਾਧ ਨਾਲ ਵੀ ਅਕਸਰ ਹੀ ਇਹ ਅੰਦਰਖਾਤੇ ਗੱਲਬਾਤ ਚਲਾਉਂਦੀ ਰਹਿੰਦੀ ਹੈ ਅਤੇ ਉਸ ਹੁਕਮਨਾਮੇ ਦੀ ਸ਼ਰੇਆਮ ਧੱਜੀਆਂ ਉਡਾਉਂਦੀ ਹੈ, ਜਿਸ ਵਿਚ ਸੌਦਾ ਸਾਧ ਨਾਲ ਸਭ ਸਬੰਧ ਤੋੜਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ। ਪੁਲਿਸ ਦੀ ਮਦਦ ਨਾਲ ਉਨ੍ਹਾਂ ਦੀ ਨਾਮ ਚਰਚਾ ਨੂੰ ਉਤਸ਼ਾਹਤ ਵੀ ਇਹੋ ਸਰਕਾਰ ਕਰ ਰਹੀ ਹੈ। ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿਚ ਵਸਣ ਵਾਲੇ ਦਾਨਸ਼ਵਰ ਨਾਇਕ ਭਾਈ ਦਲਜੀਤ ਸਿੰਘ ਨੂੰ ਵੀ ਕਈ ਝੂਠੇ ਕੇਸਾਂ ਵਿਚ ਉਲਝਾ ਕੇ ਇਸੇ ਸਰਕਾਰ ਨੇ ਹੀ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਵਿਚ ਸੁੱਟਿਆ ਹੋਇਆ ਹੈ ਅਤੇ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਵੀ ਇਸ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਸੁਹਿਰਦ ਰਾਜਨੀਤਕ ਹਲਕਿਆਂ ਨੂੰ ਇਸ ਗੱਲ ਵਿਚ ਭੋਰਾ ਵੀ ਸ਼ੱਕ ਨਹੀਂ ਕਿ ਪੰਥਕ ਭੇਸ ਵਿਚ ਰਾਜ ਕਰ ਰਹੀ ਬਾਦਲ ਸਰਕਾਰ ਦੇ ਸਾਰੇ ਕੰਮ ਤੇ ਸੋਚ ਗ਼ੈਰ-ਪੰਥਕ ਹੈ। ਇਹ ਹਲਕੇ ਸਵਾਲ ਕਰਦੇ ਹਨ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਬਾਰੇ ਤਫ਼ਤੀਸ਼ੀ ਰਿਪੋਰਟ ਜਾਰੀ ਕਰਨ ਵਿਚ ਭਲਾਂ ਇਸ ਸਰਕਾਰ ਦੀ ਕੀ ਮਜਬੂਰੀ ਹੈ? ਇਹ ਹਲਕੇ ਇਹ ਵੀ ਸਵਾਲ ਕਰਦੇ ਹਨ ਕਿ ਇਸ ਸਰਕਾਰ ਵਿਚ ਬੈਠੇ ਸਾਬਕਾ ਖਾੜਕੂ ਤੇ ਖਾੜਕੂ ਲਹਿਰ ਦੇ ਸਾਬਕਾ ਹਮਦਰਦ ਇਹੋ ਜਿਹੇ ਮੁੱਦਿਆਂ 'ਤੇ ਖਾਮੋਸ਼ ਤੇ ਬੇਵਸ ਕਿਉਂ ਹਨ? ਜਦੋਂ ਪ੍ਰੋ. ਭੁੱਲਰ ਨੂੰ ਇਸ ਸਰਕਾਰ ਨੇ ਦਹਿਸ਼ਤਗਰਦ ਕਰਾਰ ਦਿੱਤਾ ਸੀ ਤਾਂ ਉਸ ਸਮੇਂ ਇਹ ਹਮਦਰਦ ਖਾਮੋਸ਼ ਕਿਉਂ ਰਹੇ? ਅੱਜ ਇਹ ਕਿਸ ਮੂੰਹ ਤੇ ਕਿਸ ਇਰਾਦੇ ਨਾਲ ਪ੍ਰੋ. ਭੁੱਲਰ ਦੇ ਹੱਕ ਵਿਚ ਖੜ੍ਹੇ ਹਨ? ਇਹ ਹਲਕੇ ਇਸ ਅਹਿਮ ਮੁੱਦੇ ਬਾਰੇ ਇਨ੍ਹਾਂ ਲੋਕਾਂ ਦੀ ਸੁਹਿਰਦਤਾ, ਸੰਜੀਦੀਗੀ ਤੇ ਰਣਨੀਤੀ ਅੱਗੇ ਗੰਭੀਰ ਪ੍ਰਸ਼ਨ ਚਿੰਨ੍ਹ ਲਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਦੀ ਸੁਹਿਰਦਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਜਪਾਲ ਨੂੰ ਯਾਦ ਪੱਤਰ ਦੇਣ ਗਈ 21 ਮੈਂਬਰੀ ਕਮੇਟੀ ਵਿਚ ਓਹ ਵਿਅਕਤੀ ਸ਼ਾਮਲ ਸਨ ਜੋ ਸਰਕਾਰ ਦੀ ਮਨਜੂਰੇ ਨਜ਼ਰ ਹਨ ਅਤੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਹਰ ਥਾਂ ਹਾਂ ਵਿਚ ਹਾਂ ਮਿਲਾਉਣ ਲਈ ਇਕ ਦੂਜੇ ਤੋਂ ਅੱਗੇ ਜਾਣ ਵਾਸਤੇ ਨੰਬਰ ਬਣਾਉਣ ਲਈ ਹਰ ਸਮੇਂ ਉਤਾਵਲੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਨੇ ਨਾਨਕਸ਼ਾਹੀ ਕੈਲੰਡਰ ਦੀ ਰੂਹ ਨੂੰ ਕਤਲ ਕਰਨ ਵਿਚ ਜੋ ਗ਼ੈਰ-ਸਿਧਾਂਤਕ ਤੇ ਤਾਨਾਸ਼ਾਹੀ ਪਹੁੰਚ ਅਖਤਿਆਰ ਕੀਤੀ, ਉਸ ਦੇ ਨਤੀਜੇ ਸਾਰੀ ਕੌਮ ਭੁਗਤ ਰਹੀ ਹੈ ਅਤੇ ਆਉਣ ਵਾਲਾ ਵਿਚਾਰਧਾਰਕ ਇਤਿਹਾਸ ਇਨ੍ਹਾਂ ਨੂੰ ਯਕੀਨਨ ਕਟਹਿਰੇ ਵਿਚ ਖੜ੍ਹਾ ਕਰੇਗਾ।

ਹੋਰ ਵੇਖੋ। ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਯਾਦ ਪੱਤਰ ਲੈਣ ਲਈ ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਚ ਰਹਿਣ ਦੀ ਜ਼ਰੂਰਤ ਹੀ ਨਹੀਂ ਸਮਝੀ। ਰਾਜਨੀਤਕ ਹਲਕੇ ਇਹ ਇਲਜ਼ਾਮ ਲਾਉਂਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ 20 ਜੂਨ ਦੀ ਮੋਹਾਲੀ ਰੈਲੀ ਬਾਰੇ ਫੈਸਲਾ ਕਰਨ ਤੋਂ ਕਈ ਦਿਨ ਪਿੱਛੋਂ ਹੀ ਰਾਜਪਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ, ਜਦਕਿ ਰਾਜਪਾਲ ਗੋਆ ਲਈ ਰਵਾਨਾ ਹੋ ਚੁੱਕੇ ਸੀ। ਅਸਲ ਵਿਚ ਦੋਵਾਂ ਧਿਰਾਂ ਨੇ ਹੀ ਇਸ ਮੁੱਦੇ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਨਹੀਂ ਕੀਤਾ, ਜਿਸ ਬਾਰੇ ਸਮੂਹ ਪੰਜਾਬੀਆਂ ਵਿਚ ਆਮ ਕਰਕੇ ਅਤੇ ਸਿੱਖ ਪੰਥ ਵਿਚ ਵਿਸ਼ੇਸ਼ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਇਹ ਵਿਸ਼ਾ ਅੰਤਰਰਾਸ਼ਟਰੀ ਚਰਚਾ ਦਾ ਕੇਂਦਰ ਬਣ ਗਿਆ ਹੈ। ਪਰ ਰਾਜਨੀਤਕ ਹਲਕੇ ਇਹ ਦਿਲਚਸਪ ਭੇਦ ਖੋਲਦੇ ਹੋਏ ਦੱਸਦੇ ਹਨ ਕਿ ਰਾਜਪਾਲ ਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਵੀ ਕੀ ਹੈ, ਕਿਉਂਕਿ ਇਸੇ ਰਾਜਪਾਲ ਨੇ ਗ੍ਰਹਿ ਮੰਤਰੀ ਹੋਣ ਸਮੇਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਬਹਾਲ ਰੱਖਣ ਬਾਰੇ ਰਾਸ਼ਟਰਪਤੀ ਅੱਗੇ ਸਿਫਾਰਸ਼ ਕੀਤੀ ਸੀ। ਹੁਣ ਇਹੋ ਰਾਜਪਾਲ ਸ਼੍ਰੋਮਣੀ ਕਮੇਟੀ ਦੇ ਯਾਦ ਪੱਤਰ ਨੂੰ ਭਲਾਂ ਕੀ ਅਹਿਮੀਅਤ ਦੇਵੇਗਾ? ਜੇ ਦੇਵੇਗਾ ਵੀ ਤਾਂ ਇਹ ਸਿਰਫ਼ ਉਸ ਦਾ ਲੋਕ ਦਿਖਾਵਾ ਹੀ ਹੋਵੇਗਾ। ਇਸ ਹਾਲਤ ਵਿਚ ਉਹ ਯਾਦ ਪੱਤਰ ਨੂੰ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਮਹਿਜ਼ ਇਕ ਜ਼ਰੀਆ ਹੀ ਹੋਵੇਗਾ।

ਪ੍ਰੋ. ਭੁੱਲਰ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਰਸਮੀ ਹਮਾਇਤ ਦੇ ਬਾਵਜੂਦ ਘਰ ਘਰ ਪਹੁੰਚ ਚੁੱਕਾ ਹੈ ਅਤੇ ਇਸ ਦੂਰੀ ਤੱਕ ਪਹੁੰਚ ਚੁੱਕਾ ਹੈ ਕਿ ਸਿੱਖ ਸਿਆਸਤ ਪ੍ਰਤੀ ਅਣਜਾਣ ਲੋਕ ਤੇ ਬਜ਼ੁਰਗ ਪ੍ਰੋ. ਭੁੱਲਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰ ਰਹੇ ਹਨ। ਹਾਲਤ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਪ੍ਰੋ. ਭੁੱਲਰ ਦੇ ਹੱਕ ਵਿਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਕਮੀਜ਼ਾਂ ਹਜ਼ਾਰਾਂ ਦੀ ਗਿਣਤੀ ਵਿਚ ਵਿਕ ਚੁੱਕੀਆਂ ਹਨ। ਸੈਂਕੜੇ ਕਮੀਜ਼ਾਂ ਮੋਹਾਲੀ ਵਿਚ ਹੱਥੋਂ ਹੱਥੀਂ ਵਿਕ ਗਈਆਂ। ਇਨ੍ਹਾਂ 'ਤੇ ਪ੍ਰੋ. ਭੁੱਲਰ ਦੀ ਤਸਵੀਰ ਉਕਰੀ ਹੈ। ਕੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਜ਼ਾਰਾਂ ਨੌਜਵਾਨਾਂ ਦੀ ਫੇਸਬੁੱਕ 'ਤੇ ਸੰਤ ਜਰਨੈਲ ਸਿੰਘ ਦੀ ਤਸਵੀਰ ਵੇਖੀ ਜਾ ਰਹੀ ਹੈ? ਕਾਰਾਂ 'ਤੇ ਹਜ਼ਾਰਾਂ ਸਟਿੱਕਰ ਸੰਤ ਜਰਨੈਲ ਸਿੰਘ ਦੇ ਨਾਂ ਹੇਠਾਂ ਨੌਜਵਾਨਾਂ ਨੇ ਕਿਉਂ ਚਿਪਕਾ ਰੱਖੇ ਹਨ? ਕੀ ਕਾਰਨ ਹੈ ਕਿ ਸੰਤ ਜਰਨੈਲ ਸਿੰਘ ਬਾਰੇ ਵੱਡ-ਅਕਾਰੀ ਕੈਲੰਡਰ ਪੁਲਿਸ ਦੇ ਕਰੜੇ ਵਿਰੋਧ ਦੇ ਬਾਵਜੂਦ ਧੜਾਧੜ ਵਿਕ ਰਹੇ ਹਨ? ਸਿੱਖਾਂ ਦੇ ਉਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਇਸ ਮਾਜਰੇ ਦਾ ਇਕ ਕਾਰਨ ਇਹ ਦੱਸਦੇ ਹਨ ਕਿ ਸਿੱਖ ਪੰਥ ਵਿਚ ਇਕ ਵੱਡਾ ਖਲਾਅ ਹੈ। ਨੌਜਵਾਨਾਂ ਨੂੰ ਪੰਥਕ ਲੀਡਰਸ਼ਿਪ ਵਿਚੋਂ ਕੋਈ ਵੀ ਰੋਲ ਮਾਡਲ ਨਜ਼ਰ ਨਹੀਂ ਆਉਂਦਾ। ਇਸ ਲਈ ਜਿੱਥੇ ਕਿਤੇ ਵੀ ਕੁਰਬਾਨੀਆਂ ਦੇਣ ਵਾਲੇ ਨੌਜਵਾਨਾਂ ਦਾ ਜ਼ਿਕਰ ਆਉਂਦਾ ਹੈ, ਉਥੇ ਹੀ ਨੌਜਵਾਨਾਂ ਨੂੰ ਆਪਣੇ ਦਿਲ ਦੀ ਆਵਾਜ਼ ਉਨ੍ਹਾਂ ਸ਼ਹੀਦਾਂ ਵਿਚੋਂ ਲਭਦੀ ਨਜ਼ਰ ਆਉਂਦੀ ਹੈ। ਕੁਝ ਸੁਚੇਤ ਕਿਸਮ ਦੇ ਵਿਚਾਰਧਾਰਕ ਹਲਕਿਆਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕਿਸੇ ਨਾਇਕ ਦੀ ਤਲਾਸ਼ ਹੈ ਅਤੇ ਇਸ ਤਲਾਸ਼ ਵਿਚ ਹੀ ਉਹ ਅੱਜ ਭਟਕ ਰਹੇ ਹਨ। ਸੰਤ ਜਰਨੈਲ ਸਿੰਘ, ਪ੍ਰੋ. ਭੁੱਲਰ, ਫਾਂਸੀ ਦੀ ਉਡੀਕ ਕਰ ਰਹੇ ਭਾਈ ਬਲਵੰਤ ਸਿੰਘ ਅਤੇ ਸਦੀਵੀ ਉਮਰ ਕੈਦ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਲੋਕ ਸਹਿਜ ਸੁਭਾਅ ਹੀ ਨੌਜਵਾਨਾਂ ਦੇ ਰੋਲ ਮਾਡਲ ਬਣ ਗਏ ਹਨ। ਇਹ ਰੋਲ ਮਾਡਲ ਆਪਣੇ ਆਪ ਵਿਚ ਕੋਈ ਸਾਧਾਰਨ ਹਸਤੀਆਂ ਨਹੀਂ ਹਨ ਸਗੋਂ ਉਹ ਇਕ ‘ਮੁਕੰਮਲ ਤੇ ਪਰੀਪੂਰਨ ਵਿਚਾਰ' ਦਾ ਪ੍ਰਗਟਾਵਾ ਹਨ। ਵਿਕਟਰ ਹਿਊਗੋ (1802-85) ਫਰਾਂਸ ਦੇ ਕਵੀ ਸਨ, ਨਾਵਲਿਸਟ ਵੀ ਸਨ ਤੇ ਨਾਟਕਕਾਰ ਵੀ। ‘ਵਿਚਾਰ' ਦੀ ਮਹਾਨਤਾ ਅਤੇ ਇਸ ਦੀ ਅਥਾਹ ਤਾਕਤ ਬਾਰੇ ਉਹ ਸਾਨੂੰ ਭੇਦ ਦੀ ਇਹ ਗੱਲ ਦੱਸਦੇ ਹਨ ਕਿ ਤੁਸੀਂ ਇਕ ਫੌਜ ਦੇ ਹਮਲੇ ਦਾ ਮੂੰਹ ਤੋੜ ਜਵਾਬ ਤਾਂ ਦੇ ਸਕਦੇ ਹੋ, ਪਰ ਜਦੋਂ ਵਿਚਾਰਾਂ ਦਾ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦੇ ਪ੍ਰਵਾਹ ਨੂੰ ਬੰਨ੍ਹ ਨਹੀਂ ਮਾਰਿਆ ਜਾ ਸਕਦਾ।

ਸਿੱਖ ਪੰਥ ਵਿਚ ਕਈ ਖਲਾਅ ਹਨ। ਇਕ ਤਰ੍ਹਾਂ ਦੀ ਸੁੰਨ ਮਸਾਨ। ਇਕ ਅਜੀਬੋ ਗਰੀਬ ਖੜੋਤ ਹੈ। ਇਕ ਉਦਾਸ ਸੁੰਝ ਚਹੁੰਕੁੰਟੀ ਵਰਤ ਰਹੀ ਹੈ। ਧਾਰਮਿਕ ਖੇਤਰ ਵਿਚ ਨਾ ਹੀ ਇਕਸੁਰਤਾ ਹੈ ਅਤੇ ਨਾ ਹੀ ਇਕਸਾਰਤਾ। ਇਸ ਪਿੜ ਵਿਚ ਸਿਖਰ ਦੀ ਪੌੜੀ 'ਤੇ ਬੈਠੇ ਆਗੂ ਵੀ ਨਿੱਕੇ ਨਿੱਕੇ ਦੇਹਧਾਰੀ ਗੁਰੂਆਂ ਵਾਂਗ ਵਿਚਰਦੇ ਹਨ। ਜੇ ਸਾਡੇ ਕੋਲ ਗੁਰੂ ਗੰ੍ਰਥ ਨਾ ਹੁੰਦਾ ਤਾਂ ਦੇਹਧਾਰੀਆਂ ਦੀ ਗਿਣਤੀ ਅੱਜ ਸੰਗਤਾਂ ਦੇ ਬਰਾਬਰ ਹੀ ਹੋ ਜਾਣੀ ਸੀ। ਵੱਡੀਆਂ ਵੱਡੀਆਂ ਏਅਰਕੰਡੀਸ਼ਨ ਕਾਰਾਂ ਇਨ੍ਹਾਂ ਦਾ ਰਾਜ ਸਿੰਘਾਸਨ ਹੈ ਅਤੇ ਇਨ੍ਹਾਂ ਦੇ ਚੇਲੇ ਇਨ੍ਹਾਂ ਦੇ ਪੈਰੀਂ ਜੁੱਤੀਆਂ ਪਾਉਂਦੇ ਵੇਖੇ ਜਾ ਸਕਦੇ ਹਨ। ਬਾਹਰੋਂ ਇਉਂ ਲਗਦਾ ਹੈ ਜਿਵੇਂ ਨਿਮਰਤਾ ਅਤੇ ਹਲੀਮੀ ਦਾ ਸਾਰਾ ਖ਼ਜ਼ਾਨਾ ਇਨ੍ਹਾਂ ਕੋਲ ਹੀ ਹੈ। ਪਰ ਇਸ ਪੱਤਰਕਾਰ ਨੇ ਪ੍ਰੋ. ਭੁੱਲਰ ਦੀ ਸਜ਼ਾ ਰੱਦ ਕਰਾਉਣ ਦਾ ਮਾਮਲੇ 'ਤੇ ਲੁਧਿਆਣਾ ਵਿਚ ਹੋਈ ਇਕ ਕਨਵੈਨਸ਼ਨ ਦੇ ਖਾਤਮੇ ਸਮੇਂ ਇਕ ਬਾਬੇ ਨੂੰ ਨੰਗੇ ਪੈਰੀਂ ਕਾਰ ਵਿਚ ਸਵਾਰ ਹੁੰਦੇ ਵੇਖਿਆ। ਪਰ ਛੇਤੀ ਹੀ ਉਨ੍ਹਾਂ ਦਾ ਇਕ ਸੇਵਕ ਉਨ੍ਹਾਂ ਦੀ ਜੁੱਤੀ ਫੜ ਕੇ ਕਾਰ ਵੱਲ ਭੱਜਦਾ ਜਾਂਦਾ ਵੇਖਿਆ ਗਿਆ। ਆਖ਼ਰ ਉਹ ਜੁੱਤੀ ਕਾਰ ਵਿਚ ਬੈਠੇ ਬਾਬੇ ਦੇ ਚਰਨਾਂ ਵਿਚ ਪਾਈ ਗਈ। ਕੁਝ ਬੁੱਧੀਜੀਵੀ ਇਹ ਦ੍ਰਿਸ਼ ਵੇਖ ਕੇ ਹੈਰਾਨ ਵੀ ਹੋਏ ਤੇ ਉਦਾਸ ਵੀ। ਭਲਾਂ ਇਹੋ ਜਿਹੇ ਬਾਬੇ ਜੀਵਨ ਦੇ ਕਰੜੇ ਇਮਤਿਹਾਨਾਂ ਵਿਚੋਂ ਲੰਘ ਸਕਣਗੇ? ਜੇ ਤੁਸੀਂ ਰਤਾ ਵੀ ਨਿਰਪੱਖ, ਨਿਰਭਓ ਤੇ ਨਿਰਵੈਰ ਹਿੰਮਤ ਵਿਖਾਓਗੇ ਤਾਂ ਤੁਸੀਂ ਇਹ ਅਣਐਲਾਨਿਆ ਐਲਾਨ ਕਰ ਸਕਦੇ ਹੋ ਕਿ ਇਨ੍ਹਾਂ ਵਿਚੋਂ ਜੇ ਸਾਰੇ ਨਹੀਂ ਤਾਂ ਬਹੁਤੇ ਬਾਬਿਆਂ ਦੀਆਂ ਅੰਗਲੀਆਂ ਸੰਗਲੀਆਂ ਰਾਜ ਦਰਬਾਰਾਂ ਨਾਲ ਬੜੀ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਹਨ। ਰਾਜਨੀਤਕ ਕੂੜ ਦੇ ਚੌਧਰੀ ਅੱਜ ਕੱਲ੍ਹ ਇਨ੍ਹਾਂ ਬਾਬਿਆਂ ਦਾ ਰਥ ਚਲਾ ਰਹੇ ਹਨ ਅਤੇ ਰਾਜਨੀਤਕ ਚੌਧਰੀ ਹੀ ਫੈਸਲਾ ਕਰਦੇ ਹਨ ਕਿ ਰਥ ਨੂੰ ਕਿਸ ਪਾਸੇ ਵੱਲ ਲਿਜਾਣਾ ਹੈ। ਬੜੇ ਅਫ਼ਸੋਸ ਨਾਲ ਇਹ ਇਤਰਾਜ਼ਯੋਗ ਟਿੱਪਣੀ ਕਰਨੀ ਪੈ ਰਹੀ ਹੈ ਕਿ ਚੋਰ ਤੇ ਕੁੱਤੀ ਰਲ਼ੇ ਹੋਏ ਹਨ। ਇਹੋ ਜਿਹੀ ਹਾਲਤ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਮੱਸਿਆ ਦੀ ਝੂਠ ਰਾਤ (ਕੂੜ ਅਮਾਵਸ) ਨਾਲ ਤੁਲਨਾ ਕੀਤੀ ਤੇ ਇਸ ਰਾਹ ਨੂੰ ਹਨੇਰਾ ਮਾਰਗ (ਆਧੇਰੈ ਰਾਹ) ਕਰਾਰ ਦਿੱਤਾ ਸੀ।

ਪ੍ਰੋ. ਭੁੱਲਰ ਸਾਡੀ ਰਾਜਨੀਤਕ ਸ਼ਾਨ ਦਾ ਚੜ੍ਹਦਾ ਸੂਰਜ ਹੈ। ਭਾਈ ਬਲਵੰਤ ਸਿੰਘ ਸਾਡੀ ਅਣਖ ਦਾ ਪ੍ਰਤੱਖ ਪ੍ਰਮਾਣ ਹੈ। ਸੰਤ ਜਰਨੈਲ ਸਿੰਘ ਨੇ ਅਜੋਕੇ ਸਮਿਆਂ ਵਿਚ ਅਣਖ ਦਾ ਇਕ ਦੀਪ ਜਗਾਇਆ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਸਭਨਾਂ ਦਾ ਸਰਸਬਜ਼ ਚਸ਼ਮਾ ਹੈ ਅਤੇ ਅਸੀਂ ਉਸ ਦੀ ਹਰੀ ਕਚੂਚ ਫਸਲ ਹਾਂ। ਇਸ ਸਰਸਬਜ਼ ਚਸ਼ਮੇ ਦੀ ਅਗਵਾਈ ਵਿਚ ਤੁਰਨਾ ਅਸੀਂ ਆਪਣੀ ਸ਼ਾਨ ਤੇ ਮਾਣ ਸਮਝਦੇ ਹਾਂ। ਅਕਾਲ ਤਖਤ ਦੇ ਢਹਿਣ 'ਤੇ ਅਫ਼ਸਲ ਅਹਿਸਨ ਰੰਧਾਵਾ ਵਲੋਂ ਲਿਖੀ ਇਤਿਹਾਸਕ ਕਵਿਤਾ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ‘ਓੜਕ ਮੁੱਕੇਗੀ ਇਹ ਰਾਤ...'।

ਕਰਮਜੀਤ ਸਿੰਘ
99150-91063


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top