Share on Facebook

Main News Page

"ਫੇਸ ਬੁਕ" ਇਕ ਦੂਜੇ ਗ੍ਰਿਹ ਦਾ ਅਹਿਸਾਸ (ਇਕ ਵਿਅੰਗ)

ਅਜ ਮਨ ਵਿਚ ਇਹ ਵੀਚਾਰ ਆ ਹੀ ਗਇਆ ਕੇ ਫੇਸ ਬੁਕ ਤੋਂ ਹੁਣ ਦੂਰ ਹੀ ਚਲਾ ਜਾਵਾਂ ਤੇ ਚੰਗਾ ਹੈ। ਫੇਸ ਬੁਕ ਤੇ ਜਦੋਂ ਦਾ ਆਇਆ ਹਾਂ ,ਅਪਣੇ ਆਪ ਨਾਲ ਤੇ ਅਪਣੀ ਜਮੀਰ ਨਾਲ ਕੁਝ ਇੰਨਸਾਫ ਨਹੀ ਕਰ ਰਿਹਾ। ਮਾਨਸਿਕ ਰੂਪ ਵਿਚ ਅਪਣੇ ਆਪ ਨੂੰ ਅਪਾਹਿਜ ਜਹਿਆ ਮਹਿਸੂਸ ਕਰ ਰਿਹਾ ਹਾਂ। ਅਪਣੇ ਅਧਿਐਨ ਤੇ ਅਧਿਆਤਮ ਤੋਂ ਕਾਫੀ ਦੂਰ ਹੂੰਦਾ ਜਾ ਰਿਹਾ ਹਾਂ ।ਲਿਖਣ ਵਿਚ ਵੀ ਆਲਸੀ ਹੋ ਗਇਆ ਹਾਂ।ਮੈਂ ਲੋਕਾਂ ਨੂੰ ਕਹਿੰਦਾ ਸੀ ਕੇ ਫੇਸ ਬੁਕ ਇਕ "ਏਡਿਕਸ਼ਨ" ਹੈ। ਲੇਕਿਨ ਉਹ ਸਾਰੇ ਮੇਰੇ ਤੇ ਹਸਦੇ ਸਨ ਤੇ ਪੁਛਦੇ ਸਨ ਕੇ ਕੀ ਤੁਸੀ ਫੇਸ ਬੁਕ ਤੇ ਹੋ? ਮੈ ਕਹਿੰਦਾ ਹਾਂ ਮੈਂ ਫੇਸ ਬੁਕ ਤੇ ਹਾਂ।ਉਹ ਕਹਿੰਦੇ ਤੁਸੀ ਵੀ "ਏਡਿਕਟ" ਹੋ ਜਾਉਗੇ। ਮੈਨੂੰ ਕੋਈ ਏਡਿਕਸ਼ਨ ਤੇ ਨਹੀ ਹੋਇਆਂ ਹਾਂ ਮੈਂ ਇਸ ਫੇਸ ਬੁਕ ਤੇ ਇਹ ਵੇਖ ਕੇ ਆਂਇਆ ਸੀ ਕੇ "ਸੰਤਾਂ ਦੇ ਕੌਤਕ" ਕੋਲ 12000 ਮੈਂਬਰ ਹਨ ਬਚਿਤਰ ਨਾਟਕ ਕੋਲ 4000 ਮੈਂਬਰ ਹਨ, ਪੰਜਾਬ ਸਪੇਕਠ੍ਰਮ ਤੇ 18000 ਮੈਂਬਰ ਹਨ। ਇਹ ਸੋਚ ਕੇ ਆਇਆ ਸੀ ਕੇ ਬੜੀ ਮੇਹਨਤ ਨਾਲ ਸਾਰਾ ਦਿਨ ਲਾ ਕੇ ਇਕ ਲੇਖ ਲਿਖਦਾ ਹਾਂ ਉਸ ਨੂੰ ਵੇਬਸਾਈਟਾ ਤੇ ਪਾਂਦਾ ਹਾਂ ਤੇ ਬ ਮੁਸ਼ਕਿਲ 50-100 ਬੰਦਾ ਪੜ੍ਹਦਾ ਹੈ।ਮੇਰਾ ਮਕਸਦ ਤੇ ਉਨਾਂ ਗਲਾਂ ਦਾ ਪ੍ਰਚਾਰ ਹੀ ਕਰਨਾਂ ਹੈ । ਫੇਸ ਬੁਕ ਗੁਰਮਤਿ ਤੇ ਸਿੱਖ ਅਫੇਅਰਸ ਬਾਰੇ ਪ੍ਰਚਾਰ ਕਰਨ ਵਾਸਤੇ ਇਕ ਚੰਗਾ ਮਾਧਿਅਮ ਹੋ ਸਕਦਾ ਹੈ।

ਮੇਰਾ ਭੁਲੇਖਾ ਉਦੋਂ ਉਤਰ ਗਇਆ ਜਦੋਂ ਮੈੰ ਇਨਾਂ ਪੰਥਕ ਕਹਿਲਾਉਣ ਵਾਲੇ ਗ੍ਰੁਪਾਂ ਦੇ ਮੇਮਬਰਾਂ ਦੇ ਨਾਮ ਤੇ ਚੇਹਰੇ ਮੋਹਰੇ ਅਤੇ ਪ੍ਰੋਫਾਈਲਾਂ ਨੂੰ ਖੰਗਾਲ ਕੇ ਵੇਖਿਆ।ਉਨਾਂ ਗਿਣਤੀ ਦੇ 12000-4000-18000 ਮੇਮਬਰਾਂ ਵਿਚ ਪਤਾ ਨਹੀ ਕਿਹੋ ਕਿਹੋ ਜਹੇ ਲੋਕ ਮੈਨੂੰ ਨਜਰ ਆਏ।ਇਹ ਗਲ ਨਹੀ ਕੇ ਸਾਰੇ ਹੀ ਪਤਿਤ ਤੇ ਗੁਰਮਤ ਤੋਂ ਵਿਹੂਣੇ ਸਨ। ਕੁਝ ਨਾਮ ਤੇ ਏਹੋ ਜਹੇ ਨਜਰ ਆਏ ਜੋ ਵਾਸਤਵਿਕ ਹੀ ਨਹੀ ਹੋ ਸਕਦੇ ਬੰਦੂਕ ਸਿੰਘ,ਖਾੜਕੂ ਸਿੰਘ,ਧਰਤੀ ਘੁਸੋੜ ਸਿੰਘ,ਜੱਸੀ ਸਚਦੇਵਾ.ਸ਼ੋਕੀਨ ਕੌਰ. ਮਸਤਾਨੀ ਜੱਟੀ, ਦਾਰੂ ਸਿੰਘ,ਤੋਪ ਸਿੰਘ ਅਜ ਹੀ ਇਕ ਮੈਨੂੰ ਇਕ ਮਿਲਿਆ ਭਰਮਤੋੜ ਸਿੰਘ।

ਵਾਹ ਭਾਈ ਵਾਹ ! ਮੈਂ ਤੇ ਇਹ ਸੋਚ ਕੇ 'ਫੇਸਬੁਕ' ਤੇ ਆਇਆ ਸੀ ਕੇ ਇਥੇ ਵੀਰ ਸਰਬਜੀਤ ਸਿੰਘ ਸਕ੍ਰਮੇਂਟਟੋ, ਵੀਰ ਗੁਰਸੇਵਕ ਸਿੰਘ ਧੋਲਾ, ਵੀਰ ਰੇਸ਼ਮ ਸਿੰਘ, ਵੀਰ ਕੁਲਤਾਰ ਸਿੰਘ, ਖਾਲਸਾ ਨਿਊਜ, ਵੀਰ ਰਸ਼ਪਾਲ ਸਿੰਘ, ਵੀਰ ਤਰਸੇਮ ਸਿੰਘ, ਵੀਰ ਇੰਦਰ ਜੀਤ ਸਿੰਘ ਜਬੋਵਾਲੀਆ, ਵੀਰ ਜਸਵਿੰਦਰ ਸਿੰਘ, ਵੀਰ ਗੁਰਮੀਤ ਸਿੰਘ ਬਰਸਾਲ ਤੇ ਪ੍ਰ ਕਵਲਦੀਪ ਸਿੰਘ ਵਰਗੇ ਹੋਰ ਸਾਰੇ ਪੰਥਿਕ ਵੀਰ ਮੈਨੂੰ ਮਿਲਣਗੇ ਤੇ ਉਨਾਂ ਨਾਲ ਵੀਚਾਰਾਂ ਰਾਹੀ ਰੋਜ ਉਨਾਂ ਦੇ ਦਰਸ਼ਨ ਦੀਦਾਰੇ ਕਰਾਂਗੇ ਪਰ ਕੀ ਪਤਾ ਸੀ ਇਥੇ ਅਕਾਲ ਸਿੰਘ, ਭਰਮਤੋੜ ਸਿੰਘ, ਧਰਤੀ ਘੁਸੋੜ ਸਿੰਘ, ਬੰਦੂਕ ਸਿੰਘ ਤੇ ਤੋਪ ਸਿੰਘ ਨਾਲ ਹੀ ਮੇਰਾ ਪਹਿਲਾਂ ਟਾਕਰਾ ਹੋਵੇਗਾ। 70-80% ਇਹੋ ਜਹੇ ਲੋਕ ਹਨ ਜਿਨਾਂ ਦੇ ਚੇਹਰੇ ਮੋਹਰੇ ਤੇ ਨਾਮ ਵੇਖ ਕੇ ਲਹਗਦਾ ਹੈ ਕੇ ਮੈਂ ਕਿਸੇ ਦੂਜੇ ਗ੍ਰਿਹ ਵਿਚ ਆ ਫਸਿਆ ਹਾਂ।ਇਹ ਸਾਰੇ ਮੇਨੂੰ "ਏਲਿਅਨ" (ਦੂਜੇ ਗ੍ਰਹਿ ਦੇ ਵਾਸੀ) ਵਾਂਗ ਦਿਸਦੇ ਹਨ ਕੋਈ ਵੀ ਪੋਸਟ ਪਾਉ ,ਕਿਸੇ ਵੀ ਵੀਰ ਨਾਲ ਕੋਈ ਚਰਚਾ ਸ਼ੁਰੂ ਕਰੋ ਇਹ "ਏਲਿਅਨਸ" ਆ ਚਮੜਦੇ ਹਨ ਤੇ ਉਦੋ ਤਕ ਪਿਛਾ ਨਹੀ ਛਡਦੇ ਜਦੋਂ ਤਕ ਉਸ ਗ੍ਰੂਪ ਦੇ "ਏਡਮਿਨ" ਧੱਕੇ ਮਾਰ ਮਾਰ ਕੇ ਜਾ ਤਾਂ ਮੈਨੂੰ ਹੀ ਰਿਮੂਵ ਕਰ ਦੇਣ ਜਾਂ ਉਨਾਂ "ਏਲਿਅਨਸ" ਨੂੰ ਡੀਲੀਟ ਨਾਂ ਕਰ ਦੇਣ ।ਮੇਰੇ ਵਰਗੇ ਕੌੜੇ ਬੰਦੇ ਤੇ ਫੋਰਨ ਡੀਲੀਟ ਕਰ ਦਿਤੇ ਜਾਂਦੇ ਹਨ।

ਪਰ ਇਨਾਂ "ਏਲਿਅਨਸ" ਨੂੰ ਕੋਈ ਫਰਕ ਨਹੀ ਪੈੰਦਾ ਇਹ "ਵਾਇਰਸ" ਵਾਂਗ ਫੇਰ "ਮਲਟੀਪਲਾਈ" ਹੋ ਜਾਂਦੇ ਹਨ ਤੇ ਦੂਨੀ ਤਾਕਤ ਨਾਲ ਪੰਥ ਦਰਦੀਆਂ ਦੀ ਪੋਸਟ ਤੇ ਮੁੜ ਚੰਬੜ ਜਾਂਦੇ ਹਨ।ਕੁਝ ਪੰਥ ਦਰਦੀ ਇਨਾਂ ਨੂੰ ਆਰ. ਐਸ. ਐਸ. ਦੇ ਬੰਦੇ ਜਾਂ ਗੁਰਪ੍ਰੀਥ ਸਿੰਘ ਕੇਲਫੋਰਨੀਆਂ ਦੇ ਬੰਦੇ ਕਹਿ ਕੇ ਦਿਲ ਨੂੰ ਤਸੱਲੀ ਦੇ ਲੈਂਦੇ ਹਨ ।ਕੋਈ ਪੰਥ ਦਰਦੀ ਇਨਾਂ ਨੂੰ ਲਾਂਬੇ ਦਾ ਬੰਦਾ ਕਹਿ ਕੇ ਦਿਲ ਦੀ ਭੜਾਸ ਕਡ ਲੈਂਦਾ ਹੈ।ਪਰ ਫੇਸ ਬੁਕ ਤੇ ਰਹਿ ਕੇ ਦਾਸ ਨੇ ਜੋ ਤਜੂਰਬਾ ਲਿਆ ਹੈ, ਉਹ ਕੁਝ ਦੂਜਾ ਹੀ ਹੈ।ਇਹ ਬੇ ਸਿਰ ਪੈਰ ਦੇ ਬੰਦੇ ਹਨ ਜਿਨਾਂ ਨੂੰ ਨਾਂ ਤੇ ਗੁਰਮਤਿ ਦਾ ਹੀ ਗਿਆਨ ਹੈ ਤੇ ਨਾਂ ਹੀ ਕੁਝ ਪਤਾ ਹੈ ਜਿਥੇ ਪਾਟਿਆਂ ਵੇਖਦੇ ਹਨ ਅਪਣਾਂ ਪੈਰ ਅੜਾ ਦੇਂਦੇ ਹਨ।ਕੁਝ ਪੰਥ ਦਰਦੀ ਇਨਾਂ ਨੂੰ ਦਸ਼ਮ ਗ੍ਰੰਥੀਏ ਵੀ ਕਹਿ ਕੇ ਅਪਣੇ ਮਨ ਦੀ ਭੜਾਸ ਕਡ੍ਹਦੇ ਹਨ ਲੇਕਿਨ ਮੈਂ ਬੜਾ ਹੈਰਾਨ ਹੋਇਆਂ ਇਨਾਂ ਨੂੰ ਵੇਖ ਕੇ ਕੇ ਇਹ ਸਾਰੇ ਹੜ ਵਾਂਗੂ ਫੇਸ ਬੁਕ ਤੇ ਇਕੱਠੇ ਕਿਵੇਂ ਹੋ ਗਏ। ਇਹ ਦੇਸੀ ਵੀ ਹਨ ਤੇ ਵਿਦੇਸ਼ੀ ਵੀ। ਇਨਾਂ ਦਾ ਕੋਈ ਭੇਦ ਨਹੀ ਪਾ ਸਕਿਆ । ਕਈ ਵਾਰ ਤੇ ਲਗਦਾ ਹੈ ਜਿਵੇ ਕਿਸੇ ਪਾਰਕ ਜਾਂ ਮੇਲੇ ਵਿਚ ਲੋਕ ਇਧਰ ਉਧਰ ਤੋਂ ਇਕੱਠੇ ਹੋ ਜਾਂਦੇ ਹਨ ਜਿਨਾਂ ਬਾਰੇ ਇਕ ਦੂਜੇ ਨੂੰ ਕੁਝ ਪਤਾ ਨਹੀ ਹੂੰਦਾ ਇਹ ਉਹੋ ਜਹੀ ਭੀੜ ਲਗਦੀ ਹੈ।

ਇਨਾਂ ਵਿਚੋ ਕਈ ਤੇ ਗ੍ਰੁਪ ਦੇ ਪ੍ਰਬੰਧਕਾਂ ਦੀਆਂ ਪੋਸਟਾਂ ਨੂੰ "ਲਾਈਕ" ਕਰ ਕਰ ਕੇ ਉਨਾਂ ਦੇ ਚਹੇਤੇ ਬਣ ਗਏ ਤੇ ਉਨਾਂ ਨਾਲ ਪਿਆਰ ਦੀਆਂ ਪੀਂਗਾਂ ਪਾਕੇ ਪਿਛਲੇ ਦਰਵਾਜੇ ਤੋਂ ਉਨਾਂ ਗ੍ਰੁਪਾਂ ਦੇ "ਏਡਮਿਨ" ਵੀ ਬਣ ਗਏ ਹਨ।ਹੁਣ ਤੇ ਹਰ ਪੰਥ ਦਰਦੀ ਦੀ ਬੇਇੱਜਤੀ ਕਰਨਾਂ ਇਨਾਂ ਦੇ ਖੱਬੇ ਹਥ ਦਾ ਕੰਮ ਬਣ ਗਇਆ ਹੈ।

ਜਿਸ ਨੂੰ ਇਹ ਚਾਉਣ ਬਾਹਰ ਕਡ ਦੇਣ ,ਕੁਝ ਵੀ ਇਲਜਾਮ ਲਾਕੇ, ਇਨਾਂ ਇਲਜਾਮਾਂ ਵਿਚ ਮਾੜੀ ਸ਼ਭਦਾਵਲੀ ਦਾ ਚਾਰਜ ਬਹੁਤ ਹੀ "ਪਾਪੁਲਰ" ਹੂੰਦਾ ਹੈ ਭਾਵੇ ਇਨਾਂ ਦੇ ਬੰਦੂਕ ਸਿੰਘ ,ਤੋਪ ਸਿੰਘ ਤੇ ਧਰਤੀ ਘੁਸੋੜ ਸਿੰਘ ਪੰਥ ਦੀਆਂ ਮਹਾਨ ਸ਼ਖਸ਼ਿਅਤਾਂ ਨੂੰ ਭੇੜੀਆ ਭੈੜੀਆ ਗਾਲਾਂ ਹੀ ਕਿਉਂ ਨਾ ਕਡਦੇ ਰਹਿਨ ਇਹ ਚੁਪ ਚਾਪ ਵੇਖਦੇ ਰਹਿੰਦੇ ਹਨ।

ਜਦੋ ਦਾ ਫੇਸ ਬੁਕ ਤੇ ਆਇਆ ਹਾਂ ਉਹ ਸਾਰੇ "ਏਲੀਅਨਸ" ਸੁਫਣੇ ਵਿਚ ਵੀ ਮੇਰੇ ਆਲੇ ਦੁਆਲੇ ਖੜੈ ਹੋਕੇ ਭੂਤਾਂ ਵਾਂਗ ਠਹਾਕੇ ਮਾਰ ਮਾਰ ਕੇ ਹੰਸਦੇ ਵਖਾਈ ਦੇਂਦੇ ਨੇ।ਮੈ ਤਾਂ ਬਾਜ ਆਇਆ ਫੇਸ ਬੁਕ ਉਤੇ ਪੰਥਕ ਪ੍ਰਚਾਰ ਕਰਨ ਤੋਂ। ਸਾਰਾ ਦਿਨ ਸੋਚੀ ਪਿਆ ਰਹਿਆ ਕੇ ਕੀ ਮੈਂ ਫੇਸ ਬੁਕ ਨੂੰ ਹੁਣ ਏਨੀ ਛੇਤੀ ਛੱਡ ਪਾਵਾਂਗਾ? ਜਾਂ ਫੇਸ ਬੁਕ ਮੇਰਾ ਖੇਹਿੜਾਂ ਛਡ ਸਕੇਗੀ? ਜਿਵੇ ਸ਼ਰਾਬੀ ਜਾਂਣਦਾ ਹੈ ਕੇ ਸ਼ਰਾਬ ਮਾੜੀ ਹੈ ਤੇ ਇਹ ਉਸਦਾ ਘਰ ਖਰਾਬ ਕਰ ਸਕਦੀ ਹੈ, ਉਸੇ ਤਰ੍ਹਾਂ ਇਕ "ਫੇਸ ਬੁਕੀਆਂ" ਇਹ ਜਾਂਣਦਾ ਹੈ ਕੇ ਇਹ ਇਕ ਐਸੀ ਆਦਤ ਹੈ ਕੇ ਇਕ ਵਾਰ ਜਿਸਨੂੰ ਇਸ ਝੱਸ ਪੈ ਜਾਵੇ ਤੇ ਵਿਰਲਾ ਹੀ ਇਸ ਤੋਂ ਪਿਛਾ ਛੁਡਾ ਸਕਦਾ ਹੈ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top