Share on Facebook

Main News Page

ਇੱਕ ਪਿਉ ਪੁੱਤਰ ਤਾਂ ਸਿਧਾਂਤ ਦੀ ਖ਼ਾਤਰ ਚਰਖੜੀਆਂ ’ਤੇ ਚੜ੍ਹ ਕੇ ਰੂੰ ਵਾਂਗ ਤੂੰਬਾ ਤੂੰਬਾ ਪਿੰਜੇ ਗਏ ਸਨ, ਇੱਕ ਪਿਉ ਪੁੱਤਰ ਨੋਟਾਂ ਤੇ ਵੋਟਾਂ ਲਈ ਸਿਧਾਂਤ ਨੂੰ ਰੂੰ ਵਾਂਗ ਤੂੰਬਾ ਤੂੰਬਾ ਕਰ ਰਹੇ ਹਨ: ਗਿਆਨੀ ਸ਼ਿਵਤੇਗ ਸਿੰਘ

* ਇਹ ਮਾਇਆ ਦਾ ਹੀ ਪ੍ਰਭਾਵ ਹੈ ਕਿ ਅਕਾਲ ਤਖ਼ਤ ਦੀ ਮਰਿਆਦਾ ਨਾਲ ਖਲਵਾੜ ਕਰਨ ਵਾਲਿਆਂ ਦੇ ਡੇਰੇ ’ਤੇ ਜਾ ਕੇ ਜਥੇਦਾਰ ਉਨ੍ਹਾਂ ਨੂੰ ਬ੍ਰਹਮਗਿਆਨੀ ਕਹਿ ਕੇ ਸੰਬੋਧਨ ਕਰਨ
* ਹੁਣ ਸਿਰਫ ’ਤੀਨੇ ਓਜਾੜੇ ਕਾ ਬੰਧੁ’ ਹੀ ਨਹੀਂ ਰਹੇ ਚੌਥੇ ਅਸੀਂ ਵੀ ਹੋ ਗਏ ਹਾਂ
* ਮਾਇਆ ਦੇ ਪ੍ਰਭਾਵ ਹੇਠ ਆ ਕੇ ਕਾਜ਼ੀ ਨੇ ਤਾਂ ਫ਼ਤਵਾ ਜਾਰੀ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ ਅਸੀਂ ਤਾਂ ਸਿਧਾਂਤ ਨੂੰ ਹੀ ਚਿਣ ਰਹੇ ਹਾਂ

ਬਠਿੰਡਾ, 21 ਜੂਨ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਅੱਜ ਸਵੇਰੇ ਗੁਰੂ ਗੰ੍ਰਥ ਸਾਹਿਬ ਜੀ ਦੇ ਪੰਨਾ ਨੰ: 498-499 ’ਤੇ ਗੂਜਰੀ ਰਾਗੁ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਦਰਜ਼ ਸ਼ਬਦ ’ਮੁਨਿ ਜੋਗੀ ਸਾਸਤ੍ਰਗਿ ਕਹਾਵਤ, ਸਭ ਕੀਨ੍ਹ੍ਹੇ ਬਸਿ ਅਪਨਹੀ ॥ ਤੀਨਿ ਦੇਵ ਅਰੁ ਕੋੜਿ ਤੇਤੀਸਾ, ਤਿਨ ਕੀ ਹੈਰਤਿ ਕਛੁ ਨ ਰਹੀ ॥1॥ ਬਲਵੰਤਿ ਬਿਆਪਿ ਰਹੀ ਸਭ ਮਹੀ ॥ ਅਵਰੁ ਨ ਜਾਨਸਿ ਕੋਊ ਮਰਮਾ, ਗੁਰ ਕਿਰਪਾ ਤੇ ਲਹੀ ॥1॥ ਰਹਾਉ ॥ ਜੀਤਿ ਜੀਤਿ ਜੀਤੇ ਸਭਿ ਥਾਨਾ, ਸਗਲ ਭਵਨ ਲਪਟਹੀ ॥ ਕਹੁ ਨਾਨਕ ਸਾਧ ਤੇ ਭਾਗੀ, ਹੋਇ ਚੇਰੀ ਚਰਨ ਗਹੀ ॥2॥5॥14॥’ ਦੀ ਵਿਆਖਿਆ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਸ ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਹੇ ਭਾਈ! ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ, ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ ਭੇਤ ਨਹੀਂ ਜਾਣਦਾ। ਇਹ ਭੇਤ ਗੁਰੂ ਦੀ ਕਿਰਪਾ ਨਾਲ ਲੱਭਦਾ ਹੈ।

ਸ਼ਬਦ ਦੇ ਪਹਿਲੇ ਪਦੇ ਵਿਚ ਦਸਦੇ ਹਨ ਕਿ ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ, ਇਹਨਾਂ ਸਭਨਾਂ ਨੂੰ ਪ੍ਰਬਲ ਮਾਇਆ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ ਤਿੰਨ ਦੇਵਤੇ ਅਤੇ ਬਾਕੀ ਦੇ ਤੇਤੀ ਕ੍ਰੋੜ ਦੇਵਤੇ-ਮਾਇਆ ਦਾ ਇਤਨਾ ਬਲ ਵੇਖ ਕੇ ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ।1।

ਦੂਸਰੇ ਪਦੇ ਵਿਚ ਫ਼ੁਰਮਾਉਂਦੇ ਹਨ ਕਿ ਭਾਈ! ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ ਦੇ ਜੀਵਾਂ ਨੂੰ ਚੰਬੜੀ ਹੋਈ ਹੈ। ਹੇ ਨਾਨਕ! ਆਖ-ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, ਗੁਰੂ ਦੀ ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ।2।5।14।

ਇਸ ਸ਼ਬਦ ਦੇ ਭਾਵ ਅਰਥ ਨੂੰ ਅੱਜ ਦੇ ਹਾਲਾਤਾਂ ’ਤੇ ਢੁਕਾਉਂਦਿਆਂ ਗਿਆਨੀ ਸ਼ਿਵਤੇਗ ਸਿੰਘ ਜੀ ਨੇ ਕਿਹਾ ਕਿ ਪਿੱਛੇ ਜਿਹੇ ਇੱਕ ਡੇਰੇਦਾਰ ਦੀ ਮੌਤ ਹੋਈ ਜਿਸ ਨੂੰ ਇਸ ਸਦੀ ਦਾ ਭਗਵਾਨ ਕਰਕੇ ਪ੍ਰਚਾਰਿਆ ਜਾ ਰਿਹਾ ਸੀ। ਉਸ ਦੇ ਮਰਨ ਉਪ੍ਰੰਤ ਅਖ਼ਬਾਰਾਂ ਵਿੱਚ ਖ਼ਬਰਾਂ ਆਈਆਂ ਕਿ ਉਹ ਆਪਣੇ ਪਿੱਛੇ 4000 ਕ੍ਰੋੜ ਰੁਪਏ ਦੀ ਜਾਇਦਾਦ ਛੱਡ ਗਿਆ ਹੈ। ਮਰਨ ਤੋਂ 2 ਮਹੀਨੇ ਬਾਅਦ ਉਸ ਦਾ ਨਿੱਜੀ ਕਮਰਾ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਕੁਇੰਟਲ ਸੋਨਾ, ਤਿੰਨ ਕੁਇੰਟਲ ਤੋਂ ਵੱਧ ਚਾਂਦੀ ਅਤੇ ਕ੍ਰੋੜਾਂ ਰੁਪਏ ਦੀ ਨਕਦੀ ਹੋਰ ਨਿਕਲੀ। ਇਸ ਡੇਰੇਦਾਰ ਨੂੰ ਇਸ ਦੇਸ਼ ਦੇ ਵੱਡੇ ਤੋਂ ਵੱਡਾ ਨੇਤਾ ਅਤੇ ਸਭ ਤੋਂ ਉਚ ਅਹੁੱਦੇ ਦੇ ਮਾਲਕ ਵਿਅਕਤੀ ਤੱਕ ਨੱਤਮਸਤਕ ਹੁੰਦੇ ਰਹੇ ਤਾਂ ਇਹ ਸਾਰੇ ਮਾਇਆ ਦਾ ਪ੍ਰਭਾਵ ਅਧੀਨ ਹੀ ਤਾਂ ਹੈ। ਇੱਕ ਹੋਰ ਯੋਗ ਗੁਰੂ ਨੇ ਭ੍ਰਿਸ਼ਟਾਚਾਰ ਅਤੇ ਧਨਕੁਬੇਰਾਂ ਵਿਰੁੱਧ ਮੋਰਚਾ ਖੋਲ੍ਹਿਆ ਤਾਂ ਛੇਤੀ ਹੀ ਉਸ ਦਾ ਵੀ ਭੇਦ ਖੁਲ੍ਹਿਆ ਕਿ ਉਹ ਵੀ 11 ਸੌ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਹੈ। ਇਹ ਵੀ ਮਾਇਆ ਦਾ ਹੀ ਪ੍ਰਭਾਵ ਹੈ ਕਿ ਅਕਾਲ ਤਖ਼ਤ ਦੀ ਮਰਿਆਦਾ ਨਾਲ ਖਲਵਾੜ ਕਰਨ ਵਾਲਿਆਂ ਦੇ ਡੇਰੇ ’ਤੇ ਜਾ ਕੇ ਜਥੇਦਾਰ ਉਨ੍ਹਾਂ ਨੂੰ ਬ੍ਰਹਮਗਿਆਨੀ ਕਹਿ ਕੇ ਸੰਬੋਧਨ ਕਰਦੇ ਹਨ। ਇਹ ਘਟਨਾਵਾਂ ਸਪਸ਼ਟ ਕਰਦੀਆਂ ਹਨ ਕਿ ਗੁਰੂ ਸਾਹਿਬ ਵੱਲੋਂ ਇਸ ਸ਼ਬਦ ਰਾਹੀਂ ਜੋਗੀ ਮੁਨੀ ਤੇ ਸ਼ਸਤਰਵੇਤਾ ਦੀ ਬਿਆਨੀ ਗਈ ਸਥਿਤੀ ਅੱਜ ਦੇ ਜੋਗੀ ਮੁਨੀਆਂ ’ਤੇ ਵੀ ਠੀਕ ਉਸੇ ਤਰ੍ਹਾਂ ਪੂਰੀ ਢੁਕਦੀ ਹੈ। ਇਨ੍ਹਾਂ ਅਖੌਤੀ ਧਾਰਮਿਕ ਵਿਅਕਤੀਆਂ ਦਾ ਹੀ ਪਾਜ ਉਘੇੜਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਫ਼ੁਰਮਾਇਆ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ (ਪੰਨਾ 662)

ਭਾਵ ਕਾਜ਼ੀ ਜੇ ਇਕ ਪਾਸੇ ਤਾˆ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਇਨਸਾਫ਼ ਦੀ ਕੁਰਸੀ ਤੇ ਵੀ ਬੈਠਾ ਹੈ, ਪਰ ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਵੀ ਕਰਦਾ ਹੈ ਤੇ ਆਪਣੇ ਆਪ ਨੂੰ ਧਰਮੀ ਦੱਸਣ ਲਈ ਤੀਰਥ-ਇਸ਼ਨਾਨ ਭੀ ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੋਣ ਕਰਕੇ ਉਜਾੜੇ ਦਾ ਰਸਤ ਦੱਸਣ ਵਾਲੇ ਤੇ ਆਪ ਇਸ ਗਲਤ ਰਸਤੇ ’ਤੇ ਚੱਲਣ ਵਾਲੇ ਹੀ ਹਨ।2।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਇਹ ਤੁਕਾਂ ਸੁਣਾ ਕੇ ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫ਼ਤਵਾ ਸੁਣਾਉਣ ਵਾਲੇ ਕਾਜ਼ੀ ’ਤੇ ਤਾਂ ਢੁਕਾਉਂਦੇ ਹਾਂ ਪਰ ਕੀ ਕਦੀ ਆਪਣੇ ਵੱਲ ਵੀ ਵੇਖਿਆ ਹੈ ਕਿ ਧਾਰਮਿਕ ਪਦਵੀਆਂ ’ਤੇ ਬੈਠੇ ਸਾਡੇ ਜਥੇਦਾਰ ਜੇ ਰਾਜਨੀਤਕ ਬੰਦਿਆਂ ਅੱਗੇ ਜਾ ਝੁਕਦੇ ਹਨ, ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਗਲਤ ਹੁਕਮਨਾਮੇ ਜਾਰੀ ਕਰਦੇ ਹਨ ਤਾਂ ਉਸ ਸਮੇਂ ਦੇ ਕਾਜ਼ੀਆਂ ਤੇ ਅੱਜ ਦੇ ਧਾਰਮਿਕ ਅਹੁਦਿਆਂ ’ਤੇ ਬਿਰਾਜ਼ਮਾਨ ਜਥੇਦਾਰਾਂ ਵਿੱਚ ਕੀ ਅੰਤਰ ਹੈ। ਉਸ ਸਮੇਂ ਵੀ ਸਤਾ ’ਤੇ ਕਾਬਜ਼ ਰਾਜਨੀਤਕ ਸੱਚ ਦੀ ਆਵਾਜ਼ ਦਬਾਉਣ ਲਈ ਆਪਣੇ ਵਿਰੋਧੀਆਂ ਵਿਰੁੱਧ ਕਾਜ਼ੀਆਂ ਤੋਂ ਮਨਮਰਜ਼ੀ ਦੇ ਫ਼ਤਵੇ ਜਾਰੀ ਕਰਵਾ ਕੇ ਆਪਣੇ ਗਲਤ ਕੰਮਾਂ ਨੂੰ ਜ਼ਾਇਜ਼ ਠਹਿਰਾਉਂਦੇ ਸਨ ਤੇ ਅੱਜ ਵੀ ਹਲਤ ਉਹੀ ਹੈ ਤਾਂ ਕਹਿਣਾ ਪਏਗਾ ਕਿ ਹੁਣ ਸਿਰਫ ’ਤੀਨੇ ਓਜਾੜੇ ਕਾ ਬੰਧੁ’ ਹੀ ਨਹੀਂ ਰਹੇ ਚੌਥੇ ਅਸੀਂ ਵੀ ਹੋ ਗਏ ਹਾਂ। ਮਾਇਆ ਦੇ ਪ੍ਰਭਾਵ ਹੇਠ ਆ ਕੇ ਕਾਜ਼ੀ ਨੇ ਤਾਂ ਫ਼ਤਵਾ ਜਾਰੀ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਇਆ ਸੀ ਅਸੀਂ ਤਾਂ ਸਿਧਾਂਤ ਨੂੰ ਹੀ ਚਿਣ ਰਹੇ ਹਾਂ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਸਿੱਖੀ ਦੀ ਪਛਾਣ ਉਸ ਦੇ ਲਿਬਾਸ ਜਾਂ ਰਹਿਤ ਬਹਿਤ ਤੋਂ ਨਹੀਂ ਬਲਕਿ ਉਸ ਦੇ ਜੀਵਨ ਤੋਂ ਹੁੰਦੀ ਹੈ। ਸਿੱਖ ਉਹ ਹੈ ਜਿਸ ਦਾ ਜੀਵਨ ਗੁਰਬਾਣੀ ਦੀ ਵਿਆਖਿਆ ਕਰਦਾ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆ ਉਹ ਮਾਇਆ ਦੇ ਪ੍ਰਭਾਵ ਹੇਠ ਆ ਕੇ ਮਾਇਆ ਪਿੱਛੇ ਨਹੀਂ ਦੌੜਦੇ, ਮਾਇਆ ਵਿਚ ਸੁੱਖ ਨਹੀਂ ਲਭਦੇ ਬਲਕਿ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿੱਚ ਹੀ ਹਮੇਸ਼ਾਂ ਅਨੰਦ ਮਾਣਦੇ ਹਨ। ਉਨ੍ਹਾਂ ਕਿਹਾ ਭਾਈ ਮਤੀ ਦਾਸ ਨੂੰ ਜਦ ਆਰੇ ਨਾਲ ਚੀਰੇ ਜਾਣ ਸਮੇਂ ਉਨ੍ਹਾਂ ਦੀ ਅੰਤਮ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੰਤਿਮ ਇੱਛਾ ਸਿਰਫ ਇਹੋ ਹੀ ਹੈ ਕਿ ਆਰਾ ਚਲਾਉਣ ਸਮੇ ਉਨ੍ਹਾਂ ਦਾ ਮੂੰਹ ਗੁਰੂ ਵੱਲ ਰੱਖਿਆ ਜਾਵੇ ਤਾਂ ਕਿ ਅਖੀਰਲਾ ਸਾਹ ਗੁਰੂ ਦੇ ਸਨਮੁਖ ਰਹਿੰਦਿਆਂ ਹੀ ਨਿਕਲੇ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਇੱਕ ਪਿਉ ਪੁੱਤਰ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਉਹ ਵੀ ਸਨ ਜਿਹੜੇ ਸਿੱਖੀ ਸਿਧਾਂਤ ਦੀ ਖ਼ਾਤਰ ਚਰਖੜੀਆਂ ’ਤੇ ਚੜ੍ਹ ਕੇ ਰੂੰ ਵਾਂਗ ਤੂੰਬਾ ਤੂੰਬਾ ਪਿੰਜੇ ਗਏ ਸਨ, ਪਰ ਹੁਣ ਇੱਕ ਪਿਉ ਪੁੱਤਰ ਉਹ ਵੀ ਹਨ ਜੋ ਨੋਟਾਂ ਤੇ ਵੋਟਾਂ ਲਈ ਸਿਧਾਂਤ ਨੂੰ ਰੂੰ ਵਾਂਗ ਤੂੰਬਾ ਤੂੰਬਾ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top