Share on Facebook

Main News Page

ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਸਿਧਾਂਤ ਵਿੱਚ ਰਲਾਵਟ ਪ੍ਰਵਾਨ ਨਹੀਂ ਕੀਤੀ: ਗਿਆਨੀ ਸ਼ਿਵਤੇਗ ਸਿੰਘ

* ਸਤਿਗੁਰੂ ਜੀ ਤੁਸਾਂ ਤਾਂ ਤੱਤੀ ਤਵੀ ’ਤੇ ਬੈਠ ਕੇ ਵੀ ਸਿਧਾਂਤ ਨਹੀਂ ਛੱਡਿਆ ਪਰ ਅੱਜ ਤੇਰੀ ਰਹਿਮਤ ਨਾਲ ਬਣੇ ਕੌਮ ਦੇ ਆਗੂ ਤਾਂ ਏਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ ’ਤੇ ਬੈਠ ਕੇ ਵੀ ਸਿਧਾਂਤ ਨਾਲ ਖਲਵਾੜ ਕਰ ਰਹੇ ਹਨ
* ਸੋਧ ਦੇ ਨਾਮ ’ਤੇ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੇ ਅੱਗੇ ਪਿੱਛੇ ਹੋਣ ’ਚ ਪਾਏ ਭੰਬਲਭੂਸੇ ਦਾ ਵੇਰਵਾ:

ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4,
2010 ਵਿਚ 16 ਜੂਨ/ 2 ਹਾੜ (ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਗੁਰਪੁਰਬ ਤੋਂ 5 ਦਿਨ ਪਿੱਛੋਂ)
2011 ਵਿੱਚ 5 ਜੂਨ/ 22 ਜੇਠ (6 ਦਿਨ ਪਹਿਲਾਂ)
2012 ਵਿਚ 25 ਮਈ/ 12 ਜੇਠ (17 ਦਿਨ ਪਹਿਲਾਂ)
2013 ਵਿਚ 12 ਜੂਨ/ 30 ਜੇਠ (1 ਦਿਨ ਪਿੱਛੋਂ)
2014 ਵਿੱਚ 1 ਜੂਨ (10 ਦਿਨ ਪਹਿਲਾਂ)
2015 ਵਿੱਚ 22 ਮਈ (20 ਦਿਨ ਪਹਿਲਾਂ)

* ਹਰ ਸਾਲ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੇ ਅੱਗੇ ਪਿੱਛੇ ਆਉਣ ਦਾ ਮੁੱਖ ਕਾਰਣ ਹੈ ਕਿ ਸੂਰਜੀ ਸਾਲ 365 ਦਿਨਾਂ ਦਾ ਹੈ ਅਤੇ ਚੰਦਰ ਸਾਲ 354 ਦਿਨ ਦਾ ਹੋਣ ਕਰਕੇ ਇਸ ਤੋਂ ਲੱਗਪਗ 11 ਦਿਨ ਵੱਡਾ ਹੈ
* ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਵਾਸਤੇ ਹਰ ਦੂਜੇ ਜਾਂ ਤੀਜੇ ਸਾਲ ਇਸ ਵਿੱਚ ਇੱਕ ਲੌਂਦ ਦਾ ਮਹੀਨਾ ਜੋੜ ਕੇ 13 ਮਹੀਨੇ ਕਰ ਦਿੱਤੇ ਜਾਂਦੇ ਹਨ ਜਿਸ ਮੁਤਾਬਕ ਹਰ 19 ਸਾਲਾਂ ਵਿੱਚ 7 ਸਾਲ ਅਜਿਹੇ ਆ ਜਾਂਦੇ ਹਨ ਜਿਨ੍ਹਾਂ ਵਿੱਚ 12 ਦੀ ਵਜਾਏ 13 ਮਹੀਨੇ ਹੁੰਦੇ ਹਨ
* ਅਸੀਂ ਹੁਣ ਆਪਣੇ ਬੱਚਿਆਂ ਨੂੰ ਕੀ ਦੱਸੀਏ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੱਦੀ ਤੇ ਸ਼ਸੋਭਤ ਹੋਏ ਜਾਂ ਪਿਛੋਂ ਅਤੇ ਜੇ ਪਿਛੋਂ ਸ਼ਸ਼ੋਭਤ ਹੋਏ ਤਾਂ ਕਿੰਨੇ ਦਿਨ ਪਿੱਛੋਂ?
* ਹਰ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਇਸ ਤੋਂ 5 ਦਿਨ ਪਹਿਲਾਂ 28 ਜੇਠ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾ ਲਈਏ ਜਿਹੜਾ ਕਿ ਕ੍ਰਮਵਾਰ 16 ਜੂਨ ਅਤੇ 11 ਜੂਨ ਹੀ ਆਵੇਗਾ ਤਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਗੋਲਕਧਾਰੀਆਂ ਦੇ ਕਿਹੜੇ ਸਿਧਾਂਤ ’ਤੇ ਚੋਟ ਵੱਜੇਗੀ?

ਬਠਿੰਡਾ, 20 ਜੂਨ (ਕਿਰਪਾਲ ਸਿੰਘ): ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਹੀਦੀ ਤਾਂ ਪ੍ਰਵਾਨ ਕਰ ਲਈ ਪਰ ਸਿਧਾਂਤ ਵਿੱਚ ਰਲਾਵਟ ਪ੍ਰਵਾਨ ਨਹੀਂ ਕੀਤੀ ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਬੇਸ਼ੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਈ ਕਾਰਣ ਅਤੇ ਉਨ੍ਹਾਂ ਲਈ ਕਈ ਬਹਾਨੇ ਘੜੇ ਗਏ ਸਨ ਪਰ ਮੁੱਖ ਕਾਰਣ ਇਹ ਸੀ ਕਿ ਤੁਅਸਬੀ ਸ਼ਰਈ ਧਾਰਮਕਿ ਆਗੂ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਗੁਰੂ ਸਾਹਿਬ ਵਲੋਂ ਸੰਪਾਦਤ ਕੀਤੇ ਗਏ (ਗੁਰੂ) ਗ੍ਰੰਥ ਸਾਹਿਬ ਜੀ ਵਿੱਚ ਉਹ ਰਲਾਵਟ ਕਰਨੀ ਮੰਨ ਜਾਣ ਤੇ ਉਸ ਵਿੱਚ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਦੀ ਸਿਫਤ ਦਰਜ਼ ਕਰ ਦੇਣ। ਸ਼ੇਖ਼ ਅਹਿਮਦ ਸਰਹੰਦੀ ਨੇ ਇਸ ਲਈ ਕਈ ਚਾਲਾਂ ਚੱਲੀਆਂ। ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ ਆਦਿਕ ਭਗਤਾਂ ਨੂੰ ਸਾਜਿਸ਼ ਅਧੀਨ ਗੁਰੂ ਸਾਹਿਬ ਕੋਲ ਭੇਜਿਆ ਕਿ ਉਹ ਆਪਣੀ ਗੈਰ ਸਿਧਾਂਤਕ ਰਚਨਾ ਗ੍ਰੰਥ ਸਾਹਿਬ ਜੀ ’ਚ ਦਰਜ਼ ਕਰਵਾ ਲੈਣ ਪਰ ਗੁਰੂ ਅਰਜਨ ਸਾਹਿਬ ਜੀ ਨੇ ਸਾਫ਼ ਨਾਂਹ ਕਰ ਦਿੱਤੀ ਕਿ ਇਹ ਤਾਂ ’ਧੁਰ ਕੀ ਬਾਣੀ’ ਹੈ ਜਿਸ ਵਿੱਚ ’ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥’ ਹੀ ਦਰਜ਼ ਹੋ ਸਕਦਾ ਹੈ, ਇਸ ਲਈ ਇਸ ਵਿੱਚ ਕਿਸੇ ਵਿਅਕਤੀ ਦੀ ਸਿਫ਼ਤ ਜਾਂ ਗੈਰ ਸਿਧਾਂਤਕ ਰਚਨਾ ਦਰਜ਼ ਨਹੀਂ ਹੋ ਸਕਦੀ। ਇਸ ਤੋਂ ਖਿਝ ਕੇ ਸ਼ੇਖ਼ ਅਹਿਮਦ ਸਰਹੰਦੀ ਨੇ ਜਹਾਂਗੀਰ, ਜਿਹੜਾ ਕਿ ਪਹਿਲਾਂ ਹੀ ਗੁਰੂ ਨਾਨਕ ਦੇ ਘਰ ਦੀ ਵਧ ਰਹੀ ਵਡਿਆਈ ਕਾਰਣ ਸਾੜੇ ਦੀ ਅਗਨ ਵਿੱਚ ਸੜ ਰਿਹਾ ਸੀ, ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਚੰਦੂ ਜਿਸ ਦੇ ਹੰਕਾਰ ਕਾਰਣ ਗੁਰੂ ਅਰਜਨ ਸਾਹਿਬ ਜੀ ਨੇ ਉਸ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ, ਵੱਡਾ ਭਰਾ ਬਾਬਾ ਪ੍ਰਿਥੀਚੰਦ ਜਿਹੜਾ ਗੁਰਗੱਦੀ ਨਾ ਮਿਲ ਕਰਨ ਕਾਰਣ ਗੁਰੂ ਜੀ ਨਾਲ ਈਰਖ਼ਾ ਰੱਖਦਾ ਸੀ, ਸਖੀ ਸਰਵਰੀਏ/ ਨਕਸ਼ਬੰਦੀਏ ਆਦਿ ਨੇ ਵੀ ਗੁਰੂ ਸਾਹਿਬ ਜੀ ਦੀ ਸ਼ਹੀਦੀ ’ਚ ਆਪਣਾ ਭਰਪੂਰ ਯੋਗਦਾਨ ਪਾਇਆ।

ਜਹਾਂਗੀਰ ਨੇ 30 ਮਈ ਨੂੰ ਗੁਰੂ ਅਰਜਨ ਪਾਤਸ਼ਾਹ ਦੀ ਗ੍ਰਿਫ਼ਤਾਰੀ ਵਰੰਟ ’ਤੇ ਦਸਤਖ਼ਤ ਕੀਤੇ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਸਾਹਿਬ ਜੀ ਤੋਂ ਪੁੱਛਿਆ ਗਿਆ ਕਿ ਜਾਂ ਤਾਂ ਉਹ ਗ੍ਰੰਥ ਸਾਹਿਬ ’ਚ ਰਲਾਵਟ ਕਰਨੀ ਮੰਨ ਜਾਣ ਜਾਂ ਸ਼ਹੀਦੀ ਦੇਣ ਲਈ ਤਿਆਰ ਹੋ ਜਾਣ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੱਤੀ ਤਵੀ ’ਤੇ ਬੈਠ ਕੇ ਸੜਨਾ, ਸਿਰ ਵਿੱਚ ਤੱਤਾ ਰੇਤ ਪਵਾਉਣਾ ਅਤੇ ਦੇਗ ਵਿੱਚ ਉਬਾਲੇ ਖਾ ਕੇ ਸ਼ਹੀਦ ਹੋਣਾ ਤਾਂ ਪ੍ਰਵਾਨ ਕਰ ਲਿਆ ਪਰ ਸਿਧਾਂਤ ਵਿਚ ਰਲਾਵਟ ਕਰਨੀ ਨਾ ਮੰਨੀ। ਆਪਣੀ ਸ਼ਹੀਦੀ ਅਟੱਲ ਜਾਣ ਕੇ ਉਨ੍ਹਾਂ 28 ਜੇਠ ਨੂੰ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਨੂੰ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਨੇ ਇਹ ਸਖ਼ਤ ਤਸੀਹੇ ਇਸ ਲਈ ਝੱਲੇ ਕਿ ਸਾਡੇ ਲਈ ਮਿਸਾਲ ਪੇਸ਼ ਕੀਤੀ ਜਾਵੇ ਕਿ ਸਿੱਖ ਤੱਤੀ ਤਵੀ ’ਤੇ ਬੈਠਣਾ ਅਤੇ ਗਰਮ ਦੇਗ ਵਿੱਚ ਉਬਾਲੇ ਖਾਣੇ ਤਾਂ ਪ੍ਰਵਾਨ ਕਰ ਸਕਦਾ ਹੈ ਪਰ ਸਿਧਾਂਤ ਵਿੱਚ ਰਲਾਵਟ ਨਹੀਂ ਕਰ ਸਕਦਾ। ਗਿਆਨੀ ਸ਼ਿਵਤੇਗ ਸਿੰਘ ਨੇ ਵੈਰਾਗਮਈ ਹੁੰਦਿਆਂ ਕਿਹਾ ਸਤਿਗੁਰੂ ਜੀ ਤੁਸਾਂ ਤਾਂ ਤੱਤੀ ਤਵੀ’ਤੇ ਬੈਠ ਕੇ ਵੀ ਸਿਧਾਂਤ ਨਹੀਂ ਛੱਡਿਆ ਪਰ ਅੱਜ ਤੇਰੀ ਰਹਿਮਤ ਨਾਲ ਬਣੇ ਕੌਮ ਦੇ ਆਗੂ ਤਾਂ ਏ ਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ ’ਤੇ ਬੈਠ ਕੇ ਵੀ ਸਿਧਾਂਤ ਨਾਲ ਖਲਵਾੜ ਕਰ ਰਹੇ ਹਨ। ਸਿਧਾਂਤ ਦੀ ਗੱਲ ਕਰਦਿਆਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ ਨੰ: 1408’ਤੇ ਦਰਜ਼ ਭੱਟਾਂ ਦੇ ਸਵਈਏ :

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥1॥

ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਇਹ ਹੈ ਕਿ ਉਨ੍ਹਾਂ ਨੇ ਅਗਲੀ ਗੁਰਗੱਦੀ ਦੇਣ ਦਾ ਫੈਸਲਾ ਸਿਖਾਂ ’ਤੇ ਨਹੀਂ ਛੱਡਿਆ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਗੱਦੀ ’ਤੇ ਬਿਠਾ ਦੇਣ ਬਲਕਿ ਆਪਣੇ ਜੀਵਨ ਕਾਲ ਵਿੱਚ ਹੀ ਪਰਖ਼ ਪੜਚੋਲ ਕਰਕੇ ਅਗਲੇ ਗੁਰੂ ਦੀ ਚੋਣ ਆਪ ਕੀਤੀ ਤੇ ਉਸ ਵਿੱਚ ਆਪਣੀ ਜੋਤਿ ਟਿਕਾ ਕੇ ਆਪਣੇ ਹੱਥੀਂ ਜਿੰਮੇਵਾਰੀ ਸੌਂਪੀ। ਜੋਤਿ ਰੂਪ ਹਰੀ, ਗੁਰੂ ਨਾਨਕ ਨੇ ਆਪ ਆਪਣੀ ਜੋਤਿ ਬਾਬਾ ਲਹਿਣਾ ਵਿੱਚ ਟਿਕਾ ਕੇ ਤੱਤ ਵਿੱਚ ਤੱਤ ਮਿਲਾ ਦਿੱਤਾ ਤੇ ਉਨ੍ਹਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਗੁਰੂ ਅੰਗਦ ਸਾਹਿਬ ਨੇ ਕਿਰਪਾ ਕਰ ਕੇ ਅਮਰਦਾਸ ਜੀ ਨੂੰ ਗੁਰੂ ਥਾਪਿਆ; ਗੁਰੂ ਅਮਰਦਾਸ ਜੀ ਨੇ ਆਪਣੇ ਵਾਲਾ ਛੱਤ੍ਰ ਗੁਰੂ ਰਾਮਦਾਸ ਜੀ ਨੂੰ ਦੇ ਦਿਤਾ। ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰ ਕੇ ਗੁਰੂ ਅਰਜੁਨ ਦੇਵ ਜੀ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲ ਪੁਰਖ ਰੂਪ ਗੁਰੂ ਅਰਜੁਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ ।1।

ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਸ਼ਹੀਦੀ ਪਾਉਣ ਤੋਂ ਪਹਿਲਾਂ ਆਪਣੇ ਹੱਥੀਂ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਸੀ। ਜੇ ਕਦੀ ਗੁਰੁੂ ਸਾਹਿਬ ਜੀ ਪਿੱਛੋਂ ਗੁਰਗੱਦੀ ਦੇਣ ਦਾ ਸਿਧਾਂਤ ਹੁੰਦਾ ਤਾਂ ਜਹਾਂਗੀਰ ਨੇ ਤਾਂ ਆਪਣੀ ਰਾਜਸੀ ਤਾਕਤ ਦੀ ਵਰਤੋਂ ਕਰਦਿਆਂ ਬਾਬਾ ਪ੍ਰਿਥੀ ਚੰਦ ਨੂੰ ਗੁਰੂ ਬਣਾ ਦੇਣਾ ਸੀ। ਇਹ ਸਿਧਾਂਤ 10ਵੇਂ ਪਾਤਸ਼ਾਹ ਤੱਕ ਚਲਦਾ ਰਿਹਾ ਤੇ ਅਖੀਰ ਜੋਤੀ ਜੋਤਿ ਸਮਾਉਣ ਸਮੇਂ ਉਨ੍ਹਾਂ ਨੇ ਵੀ ਆਪਣੇ ਹੱਥੀਂ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸਾਡੇ ਲਈ ਹੁਕਮ ਕੀਤਾ ’ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਲੰਬੀ ਪ੍ਰੀਕ੍ਰਿਆ ਤੋਂ ਬਾਅਦ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਲੱਗਪਗ ਸਮੁੱਚੀ ਕੌਮ ਨੇ ਪ੍ਰਵਾਨ ਕਰ ਲਿਆ ਸੀ ਵਿੱਚ ਸ: ਪਾਲ ਸਿੰਘ ਪੁਰੇਵਾਲ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਗੁਰਪੁਰਬ 28 ਜੇਠ 11 ਜੂਨ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 2 ਹਾੜ 16 ਜੂਨ ਨੀਯਤ ਕੀਤਾ ਜਿਹੜਾ ਕਿ ਸਿਧਾਂਤ ਅਤੇ ਇਤਿਹਾਸ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਪਰ ਅੱਜ ਏਸੀ ਕਮਰਿਆਂ ਵਿੱਚ ਮਖ਼ਮਲੀ ਗੱਦਿਆਂ ’ਤੇ ਬੈਠਣ ਵਾਲਿਆਂ ਨੇ ਇਸ ਸਿਧਾਂਤ ਤੇ ਇਤਿਹਾਸ ਨਾਲ ਖਲਵਾੜ ਕਰਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਸੂਰਜੀ ਸਿਧਾਂਤ ਮੁਤਾਬਕ 28 ਜੇਠ 11 ਜੂਨ ਹੀ ਰੱਖ ਲਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 2 ਹਾੜ 16 ਜੂਨ ਦੀ ਬਜ਼ਾਏ ਚੰਦ੍ਰਮਾ ਦੇ ਸਿਧਾਂਤ ਮੁਤਾਬਿਕ ਜੇਠ ਸੁਦੀ 4 ਕਰ ਦਿੱਤਾ ਜਿਸ ਮੁਤਾਬਿਕ 2010 ਵਿੱਚ ਤਾਂ ਇਹ ਠੀਕ 16 ਜੂਨ ਨੂੰ ਹੀ ਆਇਆ ਪਰ ਇਸ ਸਾਲ 2011 ਵਿੱਚ 5 ਜੂਨ ਨੂੰ ਆਇਆ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਜੇ ਇਸ ਤਰੀਖ ਨੂੰ ਸਹੀ ਮੰਨ ਲਿਆ ਜਾਵੇ ਤਾਂ 5 ਜੂਨ ਤੋਂ ਲੈ ਕੇ 11 ਜੂਨ ਤੱਕ ਗੁਰ ਗੱਦੀ ’ਤੇ ਕੌਣ ਸਸ਼ੋਭਿਤ ਰਿਹਾ ਤੇ 6 ਦਿਨ ਬਾਅਦ ਗੁਰਗੱਦੀ ਕਿਸ ਨੇ ਸੌਂਪੀ? ਗੁਰਗੱਦੀ ਜਿਹੜੀ ਛਿਣ ਮਾਤਰ ਵੀ ਖਾਲੀ ਨਹੀਂ ਰਹੀ ਨੂੰ 6 ਦਿਨ ਖਾਲੀ ਵਿਖਾ ਕੇ ਸਾਡੇ ਆਗੂਆਂ ਨੇ ਸਿਧਾਂਤ ਤੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹਰ ਸਾਲ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੇ ਅੱਗੇ ਪਿੱਛੇ ਆਉਣ ਦਾ ਮੁੱਖ ਕਾਰਣ ਹੈ ਕਿ ਸੂਰਜੀ ਸਾਲ 365 ਦਿਨਾਂ ਦਾ ਹੈ ਅਤੇ ਚੰਦਰ ਸਾਲ 354 ਦਿਨ ਦਾ ਹੋਣ ਕਰਕੇ ਇਸ ਤੋਂ ਲੱਗਪਗ 11 ਦਿਨ ਵੱਡਾ ਹੈ। ਇਸ ਤਰ੍ਹਾਂ 33 ਸੂਰਜੀ ਸਾਲ 34 ਚੰਦਰ ਸਾਲ ਦੇ ਬਰਾਬਰ ਬਣ ਜਾਂਦਾ ਹੈ। ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਵਾਸਤੇ ਹਰ ਦੂਜੇ ਜਾਂ ਤੀਜੇ ਸਾਲ ਇਸ ਵਿੱਚ ਇੱਕ ਲੌਂਦ ਦਾ ਮਹੀਨਾ ਜੋੜ ਕੇ 13 ਮਹੀਨੇ ਕਰ ਦਿੱਤੇ ਜਾਂਦੇ ਹਨ ਜਿਸ ਮੁਤਾਬਕ ਹਰ 19 ਸਾਲਾਂ ਵਿੱਚ 7 ਸਾਲ ਅਜਿਹੇ ਆ ਜਾਂਦੇ ਹਨ ਜਿਨ੍ਹਾਂ ਵਿੱਚ 12 ਦੀ ਵਜਾਏ 13 ਮਹੀਨੇ ਹੁੰਦੇ ਹਨ। ਹਿੰਦੂ ਮੱਤ ਮੁਤਾਬਿਕ ਇਸ ਲੌਂਦ ਦੇ ਮਹੀਨੇ ਨੂੰ ਅਸ਼ੁਭ ਜਾਣ ਕੇ ਇਸ ਮਹੀਨੇ ਵਿੱਚ ਧਾਰਮਿਕ ਦਿਹਾੜੇ ਨਹੀਂ ਮੰਨਾਏ ਜਾਂਦੇ। ਇਸ ਕਾਰਣ ਚੰਦਰਸਾਲ ਮੁਤਾਬਕ ਆਮ ਤੌਰ ’ਤੇ ਜਿਹੜਾ ਗੁਰਪੁਰਬ ਹਰ ਸਾਲ 11 ਦਿਨ ਪਹਿਲਾਂ ਆ ਜਾਂਦਾ ਹੈ, ਉਹ ਲੌਂਦ ਦੇ ਮਹੀਨੇ ਵਾਲੇ ਸਾਲ ਵਿੱਚ 22 ਦਿਨ ਪਛੜ ਕੇ ਆਵੇਗਾ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿਚ 16 ਜੂਨ (2 ਹਾੜ) ਨੂੰ ਆਇਆ ਸੀ। ਇਸ ਸਾਲ 2011 ਵਿੱਚ ਉਸ ਤੋˆ 11 ਦਿਨ ਪਹਿਲਾ 5 ਜੂਨ (22 ਜੇਠ) ਨੂੰ ਆਇਆ ਅਤੇ 2012 ਵਿਚ 25 ਮਈ (12 ਜੇਠ) ਨੂੰ ਆਵੇਗਾ। ਇਸ ਹਿਸਾਬ ਨਾਲ ਤਾˆ 2013 ਵਿਚ ਇਹ ਦਿਹਾੜਾ 14 ਮਈ (1 ਜੇਠ) ਨੂੰ ਆਉਣਾ ਚਾਹੀਦਾ ਹੈ ਪਰ ਹੁਣ ਇਹ ਦਿਹਾੜਾ 14 ਮਈ ਨੂੰ ਨਹੀˆ ਸਗੋˆ 12 ਜੂਨ (30 ਜੇਠ) ਨੂੰ ਆਵੇਗਾ। ਅਜੇਹਾ ਇਸ ਲਈ ਕਿਉਂਕਿ 2012 ਵਿੱਚ ਭਾਦੋਂ ਦੇ ਦੋ ਮਹੀਨੇ ਹੋਣਗੇ ਤੇ ਇਸ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਤਕਰੀਬਨ 20 ਦਿਨ ਪਛੜ ਕੇ ਆਉਣਗੇ। ਇੱਥੇ ਇੱਕ ਹੋਰ ਗੁੰਝਲ ਆਵੇਗੀ ਕਿਉਂਕਿ 12 ਜੂਨ ਅਤੇ 13 ਜੂਨ ਦੋਵੇਂ ਦਿਨ ਹੀ ਜੇਠ ਸੁਦੀ 4 ਹੋਵੇਗੀ ਤਾਂ ਕਿਹੜੇ ਦਿਨ ਸ਼ਹੀਦੀ ਗੁਰਪੁਰਬ ਮਨਾਇਆ ਜਾਵੇ?

ਇਸ ਤੋਂ ਅੱਗੇ ਫਿਰ ਚੰਦ ਦੇ ਸਾਲ ਦੀ ਲੰਬਾਈ ਮੁਤਾਬਕ 2014 ਵਿੱਚ ਸ਼ਹੀਦੀ ਦਿਹਾੜਾ 11 ਦਿਨ ਪਹਿਲਾਂ ਭਾਵ 1 ਜੂਨ ਨੂੰ ਆਵੇਗਾ ਅਤੇ ਉਸ ਤੋਂ ਅਗਲੇ ਸਾਲ 2015 ਵਿੱਚ 22 ਮਈ ਭਾਵ ਉਨ੍ਹਾਂ ਦੀ ਸ਼ਹੀਦੀ ਤੋਂ 20 ਦਿਨ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ’ਤੇ ਬੈਠਣਗੇ। ਇਸ ਤਰ੍ਹਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਸਾਡੇ ਆਗੂਆਂ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ’ਤੇ ਰਲਾਵਟ ਪਾ ਕੇ ਉਸੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰਪੁਰਬ ਸਬੰਧੀ ਇਤਨਾ ਭੰਬਲਭੂਸਾ ਪਾ ਦਿੱਤਾ ਹੈ, ਜਿਨ੍ਹਾਂ ਨੇ ਸਿਧਾਂਤ ਵਿੱਚ ਰਲਾਵਟ ਨੂੰ ਰੋਕਣ ਲਈ ਤੱਤੀ ਤਵੀ ’ਤੇ ਬੈਠਣਾ ਪ੍ਰਵਾਨ ਕੀਤਾ ਸੀ। ਅਸੀਂ ਹੁਣ ਆਪਣੇ ਬੱਚਿਆਂ ਨੂੰ ਕੀ ਦੱਸੀਏ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੱਦੀ ਤੇ ਸ਼ਸੋਭਤ ਹੋਏ ਜਾਂ ਪਿਛੋਂ ਅਤੇ ਜੇ ਪਿਛੋਂ ਸ਼ਸ਼ੋਭਤ ਹੋਏ ਤਾਂ ਕਿੰਨੇ ਦਿਨ ਪਿੱਛੋਂ? ਉਨ੍ਹਾਂ ਕਿਹਾ ਜੇ ਅਸੀਂ 16 ਜੂਨ ਨੂੰ ਛੱਡ ਵੀ ਦੇਈਏ ਤੇ ਹਰ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਇਸ ਤੋਂ 5 ਦਿਨ ਪਹਿਲਾਂ 28 ਜੇਠ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾ ਲਈਏ ਜਿਹੜਾ ਕਿ ਕ੍ਰਮਵਾਰ 16 ਜੂਨ ਅਤੇ 11 ਜੂਨ ਹੀ ਆਵੇਗਾ ਤਾਂ ਏਸੀ ਕਮਰਿਆਂ ਵਿੱਚ ਬੈਠਣ ਵਾਲੇ ਗੋਲਕਧਾਰੀਆਂ ਦੇ ਕਿਹੜੇ ਸਿਧਾਂਤ ’ਤੇ ਚੋਟ ਵੱਜੇਗੀ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top