Share on Facebook

Main News Page

ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ...?

ਪਿਛਲੇ ਲਗਭਗ 50 ਸਾਲਾਂ ਤੋਂ ਨਾਨਕ ਵਿਚਾਰਧਾਰਾ ਜਾਂ ਸਿੱਖ ਵਿਚਾਰਧਾਰਾ ਦੇ ਨਾਂ ’ਤੇ ਪ੍ਰਚਾਰ ਦਾ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਧਾਰਮਕ ਮੰਨੀਆਂ ਜਾਂਦੀਆਂ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਲੇਖਾ-ਜੋਖਾ ਕਰੀਏ, ਤਾਂ ਜਮਾਂ, ਨਫੀ, ਕੱਟ-ਵੱਢ ਅਤੇ ਜ਼ਰਬਾਂ ਦੇ ਕੇ ਨਤੀਜਾ ‘ਸਿਫਰ’ ਹੀ ਬਚਦਾ ਹੈ।

ਸਿੱਖੀ ਪ੍ਰਚਾਰ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਸੰਤ ਸਮਾਜ (ਜਿਸ ਵਿੱਚ ਸੈਂਕੜੇ ਡੇਰਾਵਾਦੀ ਪੈਰ ਜਮਾਈ ਬੈਠੇ ਹਨ), ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਚੀਫ ਖ਼ਾਲਸਾ ਦੀਵਾਨ, ਸਿੰਘ ਸਭਾਵਾਂ (ਜਿਨ੍ਹਾਂ ਦੀ ਕਿਸੇ ਸਮੇਂ ਸਿੱਖੀ ਪ੍ਰਚਾਰ ਵਿੱਚ ਬਹੁਤ ਵੱਡੀ ਭੂਮਿਕਾ ਰਹੀ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਤੀਜੇ ਵਜੋਂ ਹੋਂਦ ਵਿੱਚ ਆਈ), ਸ਼੍ਰੋਮਣੀ ਅਕਾਲੀ ਦਲ (ਜਿਸ ਦਾ ਮੁਢ ਸਿੱਖ ਵਿਚਾਰਧਾਰਾ ਅਨੁਸਾਰ ਸਿੱਖ ਹੱਕਾਂ ਦੀ ਰਾਖੀ ਲਈ ਬੱਝਿਆ) ਅਤੇ ਵੱਖਰੇ-ਵੱਖਰੇ ਸਿੱਖ ਮਿਸ਼ਨਰੀ ਸੰਸਥਾਨ ਜਿਨ੍ਹਾਂ ਵਿੱਚ ਨਾਨਕਵਾਦ ਦੇ ਸਿਧਾਂਤਕ ਸੱਚ ’ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀਆਂ ਅਤੇ ਗੁਰਮਤਿ ਸਿਧਾਂਤਾਂ ਵਿਰੁੱਧ ਊਣਤਾਈਆਂ ਨਾਲ ਭਰੀ ਪਈ ‘ਸਿੱਖ ਰਹਿਤ ਮਰਿਆਦਾ’ ਦੀ ਵਕਾਲਤ ਅਤੇ ਇੰਨ-ਬਿੰਨ ਮੰਨਣ ਦਾ ਪ੍ਰਚਾਰ ਕਰਨ ਵਾਲੀ ਸੰਸਥਾ ‘ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ’ ਸ਼ਾਮਲ ਹਨ। ਇਹ ਸਾਰੀਆਂ ਸੰਸਥਾਵਾਂ ਜਾਂ ਇਨ੍ਹਾਂ ਨਾਲ ਸਬੰਧਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਉਨ੍ਹਾਂ ਭੌਰਿਆਂ ਵਰਗੀਆਂ ਨਿਕਲੀਆਂ, ਜਿਹੜੇ ਫੁੱਲ ਤੋਂ ਰਸ ਤਾਂ ਚੂਸ ਸਕਦੇ ਹਨ ਪਰ ਸ਼ਹਿਦ ਪੈਦਾ ਨਹੀਂ ਕਰ ਸਕਦੇ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਏਨੀਆਂ ਸਾਰੀਆਂ ਸੰਸਥਾਵਾਂ ਦੇ ਨਿਰੰਤਰ ਸਿੱਖੀ ਪ੍ਰਚਾਰ ਦੇ ਦਾਅਵਿਆਂ ਦੇ ਬਾਵਜੂਦ, ਇਨ੍ਹਾਂ ਸੰਸਥਾਵਾਂ ਦੇ ਪ੍ਰਭਾਵ ਥੱਲੇ ਸਿੱਖੀ ਨਾਲ ਜੁੱੜੇ ਮਨੁੱਖ, ਸਰਬ ਸਾਂਝਾ ਭਾਈਚਾਰਾ ਪੈਦਾ ਕਰਨ ਦੀ ਥਾਂ, ਖ਼ੁਦ ਹੀ ਨਾਨਕ ਪਾਤਸ਼ਾਹ ਜੀ ਦੀ ਸੋਚ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਰੁੱਧ ਇਕ ਫਿਰਕੇ ਦਾ ਰੂਪ ਧਾਰਲ ਕਰ ਚੁੱਕੇ ਹਨ। ਬਹੁਤ ਸਾਰੀਆਂ ਸੰਸਥਾਵਾਂ ਜੋ ਆਪਣੇ ਹਫਤਾਵਾਰੀ/ਮਾਸਕ/ਤ੍ਰੈਮਾਸਕ ਅਤੇ ਸਾਲਾਨਾ ਪਰਚਿਆਂ ਅਤੇ ਹੋਰ ਰੰਗ-ਬਿਰੰਗ ਮਣਾਂ-ਮੂੰਹੀਂ ਵੰਡੇ ਜਾ ਰਹੇ ਲਿਟਰੇਚਰ ਰਾਹੀਂ ਸਿੱਖੀ ਪ੍ਰਚਾਰ (ਅਸਲ ਵਿੱਚ ਆਪਣੀ ਸੰਸਥਾ/ਡੇਰੇ ਜਾਂ ਮੁਖੀ ਦਾ ਜ਼ਿਆਦਾ) ਅਤੇ ਇਕ-ਦੂਜੇ ਤੋਂ ਵੱਡੇ ਸਿੱਖ ਹੋਣ ਦਾ ਪ੍ਰਗਟਾਵਾ ਕਰਦੇ ਹਨ। ਇਨ੍ਹਾਂ ਦਾਅਵਿਆਂ ਅਨੁਸਾਰ ਕਿਸੇ ਨੇ 10 ਲੱਖ, ਕਿਸੇ ਨੇ 20 ਲੱਖ, ਕਿਸੇ ਨੇ ਇੰਨੇ ਹਜ਼ਾਰ ਤੇ ਕਿਸੇ ਨੇ ਕਿੰਨੇ ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ (ਅਸਲ ਵਿੱਚ ਖੰਡੇ ਦੀ ਪਾਹੁਲ) ਕਰਵਾਇਆ। ਇਨ੍ਹਾਂ ਸਾਰੇ ਅੰਕੜਿਆਂ ਨੂੰ ਜੇ ਇਕੱਠਾ ਕਰ ਲਈਏ ਤਾਂ ਅੰਮ੍ਰਿਤਧਾਰੀਆਂ ਦੀ ਗਿਣਤੀ 5 ਕਰੋੜ ਤੋਂ ਵੀ ਵੱਧ ਟੱਪ ਜਾਂਦੀ ਹੈ। ਜਦਕਿ ਅਸਲ ਤੱਥ ਤਾਂ ਸਿੱਖਾਂ ਦੀ ਅਬਾਦੀ ਨੂੰ ਡੇਢ ਤੋਂ ਦੋ ਕਰੋੜ ਵੀ ਖਿੱਚ-ਧੂਹ ਕੇ ਦੱਸਦੇ ਹਨ। ਇਨ੍ਹਾਂ ਵਿੱਚੋਂ ਵੀ ਅਸੀਂ ਕੁਝ ਕੁ ਲੱਖ ਨੂੰ ਹੀ ਅੰਮ੍ਰਿਤਧਾਰੀ ਗਿਣ ਜਾਂ ਕਹਿ ਸਕਦੇ ਹਨ। ਅਖੌਤੀ ਅੰਮ੍ਰਿਤਧਾਰੀਆਂ ਵਿੱਚੋਂ ਵੀ ਜ਼ਿਆਦਾ ਗਿਣਤੀ ਨਾਮ ਜਾਂ ਵਿਖਾਵੇ ਦੇ ਅੰਮ੍ਰਿਤਧਾਰੀਆਂ ਦੀ ਹੈ। ਸਵਾਲ ਇਹ ਉਠਦਾ ਹੈ ਕਿ ਜਿਹੜਾ ਅੰਮ੍ਰਿਤਪਾਨ ਇਨ੍ਹਾਂ ਨੇ ਕਰਵਾਇਆ, ਉਹ ਕਰੋੜੀ ਫੌਜ ਗਈ ਕਿੱਥੇ?

ਸਿੱਖੀ ਦਾ ਧੁਰਾ ਪੰਜਾਬ ਖ਼ਾਲਿਸਤਾਨ ਦੀ ਥਾਂ ਭਈਆ-ਸਥਾਨ ਬਣਦਾ ਜਾ ਰਿਹਾ ਹੈ। ਦਾਹੜੀ ਤੋਂ ਪਗੜੀ, ਪਗੜੀ ਤੋਂ ਬਾਅਦ ਕੇਸਕੀ/ਪਟਕਾ ਤੇ ਫਿਰ ਕੇਸ, ਇਕ-ਇਕ ਕਰਕੇ ਸਾਡੇ ਸਿਰਾਂ ਤੋਂ ਅਲੋਪ ਹੁੰਦੇ ਜਾ ਰਹੇ ਹਨ। ਰੁੰਡ-ਮੁੰਡ ਸਿਰਾਂ ਵਿੱਚ ਕੋਈ ਟਾਵਾਂ-ਟਾਵਾਂ ਬਾਹਰੀ ਭੇਖ ਤੋਂ ਸਿੱਖ ਦਿਸਦਾ ਮਨੁੱਖ ਵੀ ਜਦੋਂ ਨੇੜੇ ਜਾ ਕੇ ਵੇਖੋ ਜਾਂ ਪਰਖੋ ਤਾਂ ਕਿਸੇ ਜਵਾਲਾ ਜੀ, ਵੈਸ਼ਨੋ ਦੇਵੀ, ਭਨਿਆਰੇ ਵਾਲੇ, ਆਸ਼ੂਤੋਸ਼ੀਏ, ਰਾਧਾ ਸੁਆਮੀਏ, ਨਿਰੰਕਾਰੀਏ ਜਾਂ ਸਿਰਸੇ ਵਾਲੇ ਦਾ ਚੇਲਾ ਨਿਕਲੇਗਾ। ਆਮ ਲੋਕਾਂ ਦੀ ਗੱਲ ਕੀ, ਇਥੇ ਕੌਮ ਨੂੰ ਅਗਵਾਈ ਦੇਣ ਵਾਲੇ ਬਹੁਤੇ ਆਗੂ ਜਾਂ ਸੰਸਥਾਵਾਂ ਤਕਰੀਬਨ-ਤਕਰੀਬਨ ਉਪਰ ਵਰਣਤ ਕਿਸੇ ਨਾ ਕਿਸੇ ਪੰਥ-ਵਿਰੋਧੀ ਸ਼ਕਤੀ ਨਾਲ ਜੁੜੇ ਹਨ।

ਨਾਨਕ ਪਾਤਸ਼ਾਹ ਜੀ ਵੱਲੋਂ ਚਲਾਈ ਗਈ ਸੱਚੀ-ਟਕਸਾਲ ਨਾਲ ਜੁੜਿਆ ਮਨੁੱਖ ਸ਼ਾਇਦ ਕੋਈ ਵਿਰਲਾ ਨਜ਼ਰ ਆਵੇ, ਪਰ ਨਾਮਧਾਰੀਏ, ਨੀਲਧਾਰੀਏ, ਟਕਸਾਲੀਏ, ਅਖੰਡ ਕੀਰਤਨੀਏ, ਨਾਨਕਸਰੀਏ, ਅਕਾਲੀਏ, ਫੈਡਰੇਸ਼ਨੀਏ ਅਤੇ ਮਿਸ਼ਨਰੀਏ ਅੱਜ ਸਹਿਜ ਹੀ ਮਿਲ ਪੈਣਗੇ।

ਹਿੰਦੂ ਅਤੇ ਮੁਸਲਿਮ ਦੇ ਰੂਪ ਵਿੱਚ ਮਨੁੱਖਤਾ ਦੀ ਵੰਡ ਨੂੰ ਮੁੱਢੋਂ ਹੀ ਰੱਦ ਕਰਨ ਵਾਲੇ ਬਾਬੇ ਨਾਨਕ ਦੀ ਨਜ਼ਰ ਵਿੱਚ ਇਹ ਦੋ ਧਰਮ ਨਹੀਂ, ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਦੋ ਫਿਰਕੇ ਸਨ। ਪਾਤਸ਼ਾਹ ਜੀ ਦੀ ਨਜ਼ਰ ਵਿੱਚ ‘‘ਬੋਲੀਐ ਸਚੁ ਧਰਮੁ’’ ਸੀ। ਹਿੰਦੂ ਅਤੇ ਮੁਸਲਿਮ ਰੂਪੀ ਮਨੁੱਖੀ ਵੰਡ ਨੂੰ ਪ੍ਰਵਾਨ ਨ ਕਰਨ ਵਾਲੇ ਨਾਨਕ ਪਾਤਸ਼ਾਹ ਜੀ ਨੂੰ ਉਨ੍ਹਾਂ ਵੱਲੋਂ ਦਰਸਾਏ ਰਾਹ ’ਤੇ ਤੁਰਨ ਦਾ ਖੇਖਣ ਕਰਨ ਵਾਲੇ ਪੈਰੋਕਾਰਾਂ ਵੱਲੋਂ ਇਕ ਸੰਸਥਾ ਨਾ ਹੋ ਕੇ ਵੱਖ-ਵੱਖ ਸੰਸਥਾਵਾਂ ਦੇ ਰੂਪ ਵਿੱਚ ਪਾਈਆ ਗਈਆਂ ਵੰਡੀਆਂ ਕਿਵੇਂ ਪ੍ਰਵਾਨ ਹੋ ਸਕਦੀਆਂ ਹਨ?

ਬੜੀ ਗਹਿਰੀ ਸਾਜਿਸ਼ ਅਧੀਨ ਸਾਨੂੰ ਇਕ ਫਿਰਕੇ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਗਿਆ। ਅਸੀਂ ਇਤਨੇ ਅਵੇਸਲੇ ਰਹੇ ਕਿ ਪਾਤਸ਼ਾਹ ਜੀ ਵੱਲੋਂ ਪ੍ਰਗਟ ਕੀਤੇ ‘‘ਸ਼ਬਦ ਗੁਰੂ’’ ਦੇ ਸਰਬ ਸਾਂਝੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਮੁੱਚੀ ਮਾਨਵ ਜਾਤੀ ਨੂੰ ਇਕ ਲੜੀ ਵਿੱਚ ਕੀ ਪਿਰੋਣਾ ਸੀ, ਖ਼ੁਦ ਆਪਣੇ ਆਪ ਨੂੰ ਹੀ ਫਿਰਕੇ ਦੇ ਰੂਪ ਵਿੱਚ ਪਰਵਾਨ ਕਰ ਲਿਆ।

ਸਿਤਮ-ਜ਼ਰੀਫੀ ਵੇਖੋ ! ਪਹਿਲਾਂ ਅਸੀਂ ਸੱਚ ਧਰਮ ਦੀ ਕਸਵੱਟੀ ’ਤੇ ਖਰੇ ਨਾ ਉਤਰਦੇ ਹੋਏ ਫਿਰਕੇ ਦੇ ਰੂਪ ਵਿੱਚ ਗੁਰਮਤਿ ਵਿਚਾਰਧਾਰਾ ਦੇ ਉਲਟ ਇਕ ਹੋਰ ਮਨੁੱਖੀ ਵੰਡ ਦਾ ਕਾਰਨ ਬਣੇ ਅਤੇ ਅੱਜ ਨਾਨਕ ਵਿਚਾਰਧਾਰਾ ਵਿਰੋਧੀ ਪੁਜਾਰੀ ਦੀ ਸਾਜਿਸ਼ ਅਧੀਨ ਬਣੇ ਫਿਰਕੇ ਅੰਦਰ ਵੀ ਕਈ ਫਿਰਕੇ ਖੜੇ ਕਰ ਲਏ।

ਧਰਮ ਦੇ ਨਾਂ ’ਤੇ ਸਿੱਖਾਂ ਅੰਦਰ ਚੱਲ ਰਹੀਆਂ ਬਹੁਤੀਆਂ ਦੁਕਾਨਾਂ ਦੇ ਮੱਥੇ ’ਤੇ ਬੋਰਡ ਤਾਂ ਇਕ ਸਟੈਂਡਰਡ ਕੰਪਨੀ ਦਾ ਲੱਗਾ ਹੋਇਆ ਹੈ ਪਰ ਮਾਲ ਖੋਟ ਪਾ ਕੇ / ਰਲਾ ਪਾ ਕੇ ਦੂਜੀਆਂ ਕੰਪਨੀਆਂ ਦਾ ਵੇਚਿਆ ਜਾ ਰਿਹਾ ਹੈ। ਘਾਟੇ ਵਿੱਚ ਜਾ ਰਹੀਆਂ ਇਨ੍ਹਾਂ ਦੁਕਾਨਾਂ ਦਾ ਪ੍ਰਤੱਖ ਪ੍ਰਮਾਣ ਸਿੱਖੀ ਦਾ ਧੁਰਾ ਪੰਜਾਬ ਹੈ, ਜੋ ਕੇਸਾਂ, ਦਾਹੜੀਆਂ, ਪੱਗਾਂ, ਦੋਮਾਲਿਆਂ ਵਾਲੇ ਸੱਚੇ-ਸੁੱਚੇ ਸੰਪੂਰਨ ਮਨੁੱਖਾਂ ਦੀ ਥਾਂ ਘੋਨ-ਮੋਨ ਸਿਰਾਂ ਦੀ ਨਗਰੀ ਬਣਦਾ ਜਾ ਰਿਹਾ ਹੈ। ਨਾਨਕ ਪਾਤਸ਼ਾਹ ਜੀ ਦੇ ਸੱਚੇ ਸੌਦੇ ਦੀ ਹੱਟੀ ’ਤੇ ਰੱਬੀ ਹੁਕਮ ਵਿੱਚ ਸਾਜੀ ਕੁਦਰਤ ਦੇ ਨੇਮਾਂ ਅਨੁਸਾਰ ਜੀਉਣ ਵਾਲਾ ਹੀ ਸਚਿਆਰਾ ਮਨੁੱਖ ਹੈ।

ਮੁੜ ਅਸਲ ਨੁਕਤੇ ਵੱਲ ਆਈਏ। ਇੰਨੀਆਂ ਸਾਰੀਆਂ ਮਜ਼ਬੂਤ ਸੰਸਥਾਵਾਂ ਅਤੇ ਸ਼ੁੱਧ ਕੁਦਰਤ ਦੇ ਨੇਮਾਂ ਵਿੱਚ ਬੱਝੇ ਮਜ਼ਬੂਤ ਗੁਰਮਤਿ ਸਿਧਾਂਤਾਂ ਨਾਲ ਲਬਰੇਜ਼ ਨਾਨਕ ਵਿਚਾਰਧਾਰਾ ਦੇ ਹੁੰਦਿਆਂ ਹਾਲਾਤ ਏਨੀ ਨਾਜ਼ੁਕ ਸਥਿਤੀ ਦਾ ਰੂਪ ਕਿਉਂ ਧਾਰ ਗਏ? ਇਸ ਦਾ ਸਭ ਤੋਂ ਵੱਡਾ ਕਾਰਨ ਬਾਬੇ ਨਾਨਕ ਦੇ ਖਾਰੇ, ਸ਼ੁੱਧ ਅਤੇ ਖਰੇ ਸੱਚ ‘ਸ਼ਬਦ ਗੁਰੂ’ ਦੀ ਕਸਵੱਟੀ ’ਤੇ ਪਰਖੇ ਸਿਧਾਂਤਾਂ ਤੋਂ ਸੱਖਣਾ ਪ੍ਰਚਾਰ ਅਤੇ ਇਸ ਕੂੜ ਪ੍ਰਚਾਰ ਨੂੰ ਫੈਲਾਉਣ ਵਾਲੀਆਂ ਉਹ ਸੰਸਥਾਵਾਂ, ਜੋ ਧਰਮ ਕੇਂਦਰ ਹੋਣ ਦਾ ਭੁਲੇਖਾ ਤਾਂ ਪੈਦਾ ਕਰਦੀਆਂ ਹਨ ਪਰ ਇਨ੍ਹਾਂ ਵਿੱਚੋਂ ‘‘ਧਰਮ ਪੰਖ ਕਰਿ’’ ਉਡ ਚੁੱਕਿਆ ਹੈ। ਇਨ੍ਹਾਂ ਸੰਸਥਾਵਾਂ ਅੰਦਰ ਸਿੱਖੀ ਬਾਣੇ ਵਿੱਚ ਕੇਸਾਂ, ਦਾਹੜੀਆਂ, ਗਾਤਰਿਆਂ, ਕ੍ਰਿਪਾਨਾਂ, ਚਿੱਟੇ-ਨੀਲੇ ਅਤੇ ਭਗਵੇ ਚੋਲਿਆਂ ਵਿੱਚ ਬੈਠੇ ਬਹਿਰੂਪੀਏ/ਬ੍ਰਾਹਮਣਾਂ/ਪੁਜਾਰੀਆਂ ਵੱਲੋਂ ਸਿੱਖੀ ਦੇ ਵਿਹੜੇ ਵਿੱਚ ਖਿਲਾਰਿਆ ਗਿਆ ਕੂੜ- ਕਬਾੜਾ (ਬਚਿੱਤ੍ਰ ਨਾਟਕ, ਗੁਰਬਿਲਾਸ ਪਾ: 6, ਜਨਮਸਾਖੀਆਂ) ਜਿਸ ਨੂੰ ਸ਼ਬਦ ਗੁਰੂ ਦੇ ਸ਼ਰੀਕ ਵਜੋਂ ਪੇਸ਼ ਕਰਨ ਦੇ ਕੋਝੇ ਯਤਨ ਹੋ ਰਹੇ ਹਨ।

ਦੂਜਾ ਉਹ ਸੰਸਥਾਵਾਂ, ਜੋ ਆਪਣੇ-ਆਪ ਨੂੰ ਗੁਰਮਤਿ ਸਿਧਾਂਤਾਂ ਨਾਲ ਪ੍ਰਣਾਈਆਂ ਹੋਈਆਂ ਦੱਸ ਰਹੀਆਂ ਹਨ ਪਰ ਅਸਲ ਮਾਅਨਿਆਂ ਵਿੱਚ ਆਪਣੇ ਰਾਹ ਤੋਂ ਭਟਕ ਚੁੱਕੀਆਂ ਹਨ ਅਤੇ ਲਗਾਤਾਰ ਨਫੀ (ਨਾਂ-ਪੱਖੀ) ਨਤੀਜੇ ਵੇਖਦੇ ਹੋਇਆਂ ਵੀ ਲੰਬੇ ਸਮੇਂ ਤੋਂ ਰਵਾਇਤੀ ਢੰਗ/ਨੀਤੀਆਂ ਨਾਲ ਕੀਤੇ ਜਾ ਰਹੇ ਪ੍ਰਚਾਰ ਦਾ ਸਹੀ ਲੇਖਾ-ਜੋਖਾ ਨਹੀਂ ਕਰਦੀਆਂ।

ਹਫਤਾਵਾਰੀ ਕਲਾਸਾਂ, ਮਹੀਨੇ ਵਾਰ ਪ੍ਰੋਗਰਾਮ, ਤਿਮਾਹੀ, ਛਿਮਾਹੀ ਅਤੇ ਸਲਾਨਾ ਸਮਾਗਮਾਂ ਵਿੱਚ ਆਪਣੇ ਹੀ ਵੱਖ-ਵੱਖ ਸਰਕਲਾਂ ਦੇ ਢਾਈ ਟੋਟਰੂ ਅਤੇ ਐਨ ਲੰਗਰ ਸਮੇਂ ਭੀੜ ਇਕੱਠੀ ਕਰਨ ਵਾਲੇ ਲੋਕਾਂ ਦੇ ਇਕੱਠ ਨੂੰ ਆਪਣੀ ਵੱਡੀ ਪ੍ਰਾਪਤੀ ਮਿੱਥ ਲੈਂਦੇ ਹਨ। ਐਸਾ ਮੰਨ ਲੈਣਾ ਜਾਂ ਤਾਂ ਸਾਡੀ ਗਲਤਫਹਿਮੀ ਹੈ ਜਾਂ ਕੋਈ ਮਜਬੂਰੀ। ਗਲਤਫਹਿਮੀਆਂ ਜਾਂ ਮਜਬੂਰੀਆਂ ਲੈ ਕੇ ਗੁਰਮਤਿ ਗਾਡੀ ਰਾਹ ’ਤੇ ਨਹੀਂ ਤੁਰਿਆ ਜਾ ਸਕਦਾ।

ਕੁਝ ਵਰ੍ਹੇ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਚਾਰ-ਪ੍ਰਸਾਰ ਲਈ ਸਰਵੇ ਕਰਦਿਆਂ ਜੰਮੂ ਦੇ ਵਖਰੇ-ਵਖਰੇ ਕੋਈ 40 ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ। ਬੜੇ ਅਫਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਓਪਰੀ ਜਿਹੀ ਪੰਜਾਬੀ (ਡੋਗਰੀ ਦਾ ਪ੍ਰਭਾਵ ਕਬੂਲਦੀ ਜਾ ਰਹੀ) ਬੋਲਣ ਵਾਲੇ ਤਾਂ ਹਾਲਾਂ ਵੀ ਮਿਲ ਰਹੇ ਹਨ ਪਰ ਪੰਜਾਬੀ ਪੜ੍ਹਨ ਅਤੇ ਲਿਖਣ ਵਾਲਿਆਂ ਦੀ ਗਿਣਤੀ ਨਾਂ-ਮਾਤਰ ਸੀ। ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗਿਣਤੀ ਮੁਸ਼ਕਿਲ ਨਾਲ ਇਕ ਤੋਂ ਡੇਢ ਫੀਸਦੀ ਹੋਵੇਗੀ, ਜੋ ਪੰਜਾਬੀ ਪੜ੍ਹਨਾ-ਲਿਖਣਾ ਜਾਣਦੇ ਸਨ। ਆਮ ਲੋਕਾਂ ਦਾ ਜਵਾਬ ਸੀ, ‘‘ਬੱਚੇ ਹਿੰਦੀ ਪੜ੍ਹਦੇ ਹਨ ਅਤੇ ਹਿੰਦੀ ਅਖ਼ਬਾਰ ਸਵੇਰੇ ਪੰਜ ਵਜੇ ਹੀ ਬਹੁਤ ਸਾਰੇ ਪਿੰਡਾਂ ਵਿੱਚ ਪਹੁੰਚ ਜਾਂਦਾ ਹੈ।’’ ਇਹ ਸਰਵੇ ਸਿੱਖ ਬਹੁਗਿਣਤੀ ਵਾਲੇ ਪਿੰਡਾਂ ਦਾ ਕੀਤਾ ਗਿਆ ਸੀ।

‘ਅਬਦੁਸ-ਸਲਾਮ-ਚਾਉਸ’ ਆਪਣੀ ਪੁਸਤਕ ‘ਕੈਸੇ ਹਾਸਿਲ ਕਰੇਂ ਆਪ ਜੋ ਚਾਹੇਂ’ ਵਿੱਚ ਬੜੀ ਕਮਾਲ ਅਤੇ ਪਤੇ ਦੀ ਗੱਲ ਲਿਖਦਾ ਹੈ : ‘‘ਜੋ ਆਪ ਆਜ ਤਕ ਕਰਤੇ ਆ ਰਹੇ ਥੇ, ਵਹੀ ਆਗੇ ਭੀ ਕਰੋਗੇ ਤੋ ਆਪ ਕੋ ਵਹੀ ਮਿਲੇਗਾ, ਜੋ ਆਜ ਤੱਕ ਮਿਲਤਾ ਥਾ।’’

ਅੱਗੇ ਚਲਕੇ ਉਹ ਪ੍ਰਕ੍ਰਿਤੀ ਦੇ ਨੇਮਾਂ ਵਿੱਚ ਤੁਰਦਿਆਂ ਸਫਲਤਾ ਹਾਸਲ ਕਰਨ ਦੀ ਪ੍ਰੇਰਣਾ ਦੇਣ ਵਾਲੀ ਇਸ ਖੂਬਸੂਰਤ ਕਿਤਾਬ ਵਿੱਚ ਲਿਖਦਾ ਹੈ : ‘‘ਪਹਿਲੇ ਕਭੀ ਨਹੀਂ ਹਾਸਿਲ ਕੀਆ ਹੂਆ ਹਾਸਿਲ ਕਰਨੇ ਕੇ ਲੀਏ ਪਹਿਲੇ ਕਭੀ ਭੀ ਨਹੀਂ ਕੀਆ ਹੂਆ ਕਰਨਾ ਹੋਗਾ।’’

ਦਰਅਸਲ ਅਸੀਂ ਪਿਛਲੇ ਪੰਜਾਹ-ਸੱਠ ਸਾਲਾਂ ਤੋਂ ਮੁੜ-ਮੁੜ ਉਹੀ (ਪ੍ਰਚਾਰ ਦੇ ਨਾਂ ’ਤੇ ਨਿਰਾਰਥਕ ਕਾਰਵਾਈਆਂ) ਕਰਦੇ ਆ ਰਹੇ ਹਾਂ। ਅਸੀਂ ਕਦੀ ਵੀ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਗੰਭੀਰਤਾ ਨਾਲ ਨਹੀਂ ਘੋਖਿਆ, ਜਿਥੇ ਪਹਿਲਾਂ ਨਾਲੋਂ ਅਲਗ ਕਰਨ ਦੀ ਪ੍ਰੇਰਨਾ ਦੇ ਸੋਮੇ ਮੌਜੂਦ ਹਨ। 1469 ਤੋਂ 1708 ਤੱਕ ਵੱਖ-ਵੱਖ ਸਮੇਂ ਮਨੁੱਖਤਾ ਨੂੰ ਅਗਵਾਈ ਦੇਣ ਵਾਲੇ 10 ਪਾਤਸ਼ਾਹਾਂ ਨੇ ਹਮੇਸ਼ਾ ਆਪਣੇ ਤੋਂ ਪਹਿਲਾਂ ਕੀਤੇ ਗਏ ਕੰਮਾਂ ਤੋਂ ਅਲੱਗ ਕਰਨ ਦੇ ਕਾਮਯਾਬ ਉਪਰਾਲਿਆਂ ਨਾਲ ਇਕ ਨਵੇਂ ਇਨਕਲਾਬ ਨੂੰ ਜਨਮ ਦਿੱਤਾ। ਬਾਬੇ ਨਾਨਕ ਵੱਲੋਂ ਸਦੀਆਂ ਤੋਂ ਪੁਜਾਰੀ ਤਬਕੇ ਵੱਲੋਂ ਕੀਤੀ ਜਾਂਦੀ ਮਨੁੱਖੀ ਲੁੱਟ ਲਈ ਘੜੀਆਂ ਗਈਆਂ ਸਾਰੀਆਂ ਖੋਖਲੀਆਂ ਰਵਾਇਤਾਂ ਨੂੰ ਨਕਾਰਨ ਅਤੇ ਫੈਲਾਏ ਕਰਮ-ਕਾਂਡਾਂ ਦੇ ਭਰਮ-ਜਾਲ ਨੂੰ ਤੋੜਨ ਤੋਂ ਲੈ ਕੇ, ਦਸਮ ਪਾਤਸ਼ਾਹ ਵੱਲੋਂ 1699 ਦੇ ਕਾਮਯਾਬ ਮਨੋਵਿਗਿਆਲਕ ਵਰਤਾਰੇ ਰਾਹੀਂ, ਮਨੁੱਖਤਾ ਨੂੰ ਮਾਨਸਿਕ ਗੁਲਾਮੀ ਦੇ ਜੂਲੇ ’ਚੋਂ ਬਾਹਰ ਕਢ ਕੇ ਸਮੇਂ ਦੀ ਜ਼ਾਲਮ ਹਕੂਮਤ ਵਿਰੁੱਧ ਖੜੇ ਕਰਨ ਤੱਕ, ਹਰ ਢੰਗ ਤਰੀਕਾ ਉਹ ਸੀ, ਜੋ ਪਹਿਲਾਂ ਇੰਞ ਕਦੀ ਨਹੀਂ ਅਜ਼ਮਾਇਆ ਗਿਆ ਸੀ। ਇਹੀ ਕਾਰਨ ਸੀ ਕਿ ਇਤਨੀਆਂ ਮੁਸ਼ਕਲਾਂ, ਝੱਖੜਾਂ ਦਾ ਸਾਹਮਣਾ ਕਰਕੇ ਵੀ ਸਿੱਖੀ ਦਾ ਇਹ ਬੂਟਾ ਉਨ੍ਹਾਂ ਬਿਖੜੇ ਸਮਿਆਂ ਵਿੱਚ ਵੀ ਸਿਖਰਾਂ ਤੱਕ ਵਧਿਆ ਫੁੱਲਿਆ।

ਪਿਛਲੇ ਪੰਜ-ਛੇ ਦਹਾਕਿਆਂ ਤੋਂ ਅਸੀਂ ਬਿਨਾਂ ਲੇਖਾ-ਜੋਖਾ ਕੀਤਿਆਂ, ਇਕੋ ਤਰ੍ਹਾਂ ਦੇ ਢੰਗ-ਤਰੀਕਿਆਂ ਨਾਲ, ਨਾਨਕ ਪਾਤਸ਼ਾਹ ਜੀ ਦੇ ਸੱਚ ਤੋਂ ਕੋਹਾਂ ਦੂਰ ਹੋ ਕੇ, ਗੁਰਦੁਆਰਿਆਂ ਦੀਆਂ ਚਾਰਦੀਵਾਰੀਆਂ ਅੰਦਰ ਕੈਦ ਅਮਲੀ ਨਾ ਹੋਕੇ ਜ਼ੁਬਾਨੀ-ਕਲਾਮੀ ਰਾਮ-ਰੌਲੇ ਨੂੰ ਹੀ ‘ਧਰਮ ਪ੍ਰਚਾਰ’ ਸਮਝੀ ਬੈਠੇ ਹਾਂ। ਭੋਲੀ-ਭਾਲੀ ਜਨਤਾ ਨੂੰ ਜਜ਼ਬਾਤੀ ਟੀਕੇ ਲਗਾ-ਲਗਾ ਕੇ ਸੋਚੋਂ ਸੱਖਣੇ ਕਰ ਰਹੇ ਹਾਂ। ਚੋਟ ਦਿਲਾਂ ’ਤੇ ਘੱਟ ਅਤੇ ਦਿਮਾਗ ’ਤੇ ਜ਼ਿਆਦਾ ਚਾਹੀਦੀ ਹੈ। ਜਜ਼ਬਾਤਾਂ ਬਿਨਾਂ ਮਨੁੱਖ ਮੁਰਦਾ ਹੈ ਪਰ ਦਿਲ ਤੇ ਦਿਮਾਗ ਦਾ ਅੰਕੁਸ਼ ਬਹੁਤ ਜ਼ਰੂਰੀ ਹੈ। ਨਿਰੇ ਜਜ਼ਬਾਤ ਵੀ ਕੁਦਰਤ ਦੇ ਨੇਮਾਂ ਦੀ ਉਲੰਘਣਾ ਹਨ ਅਤੇ ਕੁਦਰਤ ਦੇ ਨੇਮਾਂ ਦੀ ਉਲੰਘਣਾ ਹੀ ਰੱਬੀ ਹੁਕਮ ਦੀ ਉਲੰਘਣਾ ਹੈ / ਵਿਰੋਧ ਹੈ / ਨਾ-ਸਮਝੀ ਹੈ।

ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਮਨੁੱਖੀ ਸੋਚ ਨੂੰ ਰਾਜੇ ਅਤੇ ਪੁਜਾਰੀ ਦੀ ਮਾਨਸਿਕ ਗੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਕੇ, ਸੱਚੇ-ਸੁੱਚੇ ਜਜ਼ਬਿਆਂ ਨਾਲ ਲਬਰੇਜ ਜ਼ਹੀਨ ਅਤੇ ਸਚਿਆਰੇ ਮਨੁੱਖ ਦੀ ਸਿਰਜਣਾ ਕਰਨਾ ਸੀ। ਇਸ ਲਈ ਪਾਤਸ਼ਾਹ ਜੀ ਨੇ ਉਹ ਕੀਤਾ, ਜੋ ਪਹਿਲਾਂ ਕਦੀ ਨਹੀਂ ਕੀਤਾ ਗਿਆ ਸੀ। ਬਾਬੇ ਦੀਆਂ ਪ੍ਰਾਪਤੀਆਂ ਦਾ ਇਹ ਸਭ ਤੋਂ ਵੱਡਾ ਹਥਿਆਰ ਸੀ। ਅੱਜ ਅਸੀਂ ਉਸ ਅਮਲ ਨੂੰ ਨਵੇਂ ਤਜ਼ਰਬੇ ਸਮਝ ਰਹੇ ਹਾਂ, ਜਿਸ ਨੂੰ ਦੂਜੀਆਂ ਕੌਮਾਂ ਅਤੇ ਹੋਰ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਅਤੇ ਵਿਕਸਤ ਦੇਸ਼ ਪਹਿਲਾਂ ਹੀ ਅਜ਼ਮਾ ਕੇ ਅੱਗੇ ਲੰਘ ਚੁੱਕੇ ਹਨ।

ਅਸੀਂ ਸੈਮੀਨਾਰਾਂ, ਫਿਲਮਾਂ, ਆਡੀਓ-ਵੀਡੀਓ ਕੈਸਟਾਂ ਤੇ ਕਵਿਜ਼ ਮੁਕਾਬਲਿਆਂ ਦਾ ਸਹਾਰਾ ਬਹੁਤ ਪਛੜ ਕੇ ਅਤੇ ਬੜੇ ਸਰਸਰੀ ਅਤੇ ਹਲਕੇ ਪੱਧਰ ’ਤੇ ਲੈ ਰਹੇ ਹਾਂ। ਕੀ ਗੁਰੂ ਘਰ ਦੀ ਚਾਰਦੀਵਾਰੀ ਅੰਦਰ ਥੱਲੇ ਬਹਿਣ ਦੀ ਬਜਾਏ ਬਾਹਰ ਖੁੱਲੇ ਮੈਦਾਨਾਂ ਜਾਂ ਜੰਞ ਘਰਾਂ ਵਿੱਚ ਕੁਰਸੀਆਂ ਲਗਾ ਕੇ ਗੁਰਦੁਆਰਿਆਂ ਅੰਦਰ ਦਿੱਤੇ ਜਾਣ ਵਾਲੇ ਭਾਸ਼ਣ ਦੇ ਦੇਣੇ ਹੀ ਸੈਮੀਨਾਰ ਹੋ ਗਿਆ? ਕੀ ਸੈਮੀਨਾਰ ਅਤੇ ਆਮ ਇਕੱਠ ਵਿੱਚ ਕੋਈ ਫਰਕ ਨਹੀਂ ਹੁੰਦਾ? ਕਲ ਤੱਕ ਜੋ ਲੈਕਚਰ / ਵਖਿਆਨ ਗੁਰੂ ਘਰ ਵਿੱਚ ਆਮ ਲੋਕਾਂ ਨੂੰ ਦਿੰਦੇ ਸੀ, ਉਸੇ ਦੀ ਸੀ.ਡੀ., ਡੀ.ਵੀ.ਡੀ ਜਾਂ ਵੀਡੀਓ ਕੈਸਟਾਂ ਬਣਾ ਕੇ ਵੇਚਨੀਆਂ ਹੀ ਮੀਡੀਆ ਦਾ ਉਪਯੋਗ ਜਾਂ ਪ੍ਰਯੋਗ ਮੰਨਿਆ ਜਾਵੇ?

ਫਿਲਮ ਸੰਸਾਰ ਅੱਜ ਨਿੰਤ ਨਵੇਂ ਤਜ਼ਰਬਿਆਂ ਤੋਂ ਬਾਅਦ ਖ਼ਾਸ ਕਿਸਮ ਦੀਆਂ ਸਿਖਰਾਂ ਛੂਹ ਰਿਹਾ ਹੈ। ਪ੍ਰਚਾਰ ਦਾ ਮਜ਼ਬੂਤ ਮਾਧਿਅਮ ਬਣ ਚੁੱਕਿਆ ਹੈ। ਇਸ ਖੇਤਰ ਵਿੱਚ ਲੋਕੀਂ ਇਕ ਤੋਂ ਬਾਅਦ ਇਕ, ਕਿਸੇ ਨਵੇਂਪਨ ਦੀ ਉਮੀਦ ਕਰਦੇ ਹਨ। ਅੱਜ ਜੋ ਪਰੋਸਿਆ ਜਾ ਰਿਹਾ ਹੈ, ਕਲ ਲੋਕਾਂ ਨੂੰ ਪੁਰਾਣਾ ਲੱਗਣ ਲਗ ਪੈਂਦਾ ਹੈ। ਇਕ ਮਿਆਰੀ ਫਿਲਮ, ਡ੍ਰਾਮਾ ਜਾਂ ਸ਼ੋਅ ਤੋਂ ਬਾਅਦ ਸਥਾਪਿਤ ਮਿਆਰ ਤੋਂ ਥੱਲੇ ਪੇਸ਼ ਕੀਤਾ ਜਾਣ ਵਾਲਾ ਕੁਝ ਵੀ ਲੋਕ ਮਨਾਂ ’ਤੇ ਉਹ ਪ੍ਰਭਾਵ ਨਹੀਂ ਪਾ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਸਾਲਾਂ ਵਿੱਚ ਕੁਝ ਵੀਰਾਂ/ਭੈਣਾਂ ਨੇ ਇਸ ਖੇਤਰ ਵਿੱਚ ਹੱਥ-ਅਜ਼ਮਾਈ ਕੀਤੀ, ਪਰ ਸਿੱਖ ਵਿਚਾਰਧਾਰਾ ਜਾਂ ਇਤਿਹਾਸ ਨਾਲ ਸਬੰਧਤ ਫਿਲਮਾਂ ਜਾਂ ਨਾਟਕ ਕਿਸੇ ਪੱਖੋਂ ਵੀ ਬਜ਼ਾਰ ਵਿੱਚ ਉਤਰ ਰਹੀਆਂ ਨਿੱਤ-ਨਵੀਆਂ ਫਿਲਮਾਂ ਜਾਂ ਪੇਸ਼ ਕੀਤੇ ਜਾ ਰਹੇ ਨਾਟਕਾਂ ਦੇ ਮੁਕਾਬਲੇ ਬਹੁਤ ਦੂਰ ਖੜੇ ਹਨ। ਕੰਪਿਊਟਰ ਅਤੇ ਇੰਟਰਨੈੱਟ ਦੇ ਇਸ ਤੇਜ਼-ਰਫਤਾਰ ਯੁਗ ਵਿੱਚ ਇਸ ਸੁਸਤ ਚਾਲ ਨਾਲ ਅਸੀਂ ਸਮੇਂ ਦੇ ਹਾਣੀ ਕਿਵੇਂ ਬਣਾਂਗੇ? ਫਿਲਮੀ ਖੇਤਰ ਦਾ ੳ-ਅ ਨਾ ਜਾਣਨ ਵਾਲੇ ‘ਪ੍ਰਚਾਰਕ’, ਸਿੱਖੀ ’ਤੇ ਫਿਲਮਾਂ ਬਣਾ ਹੀ ਨਹੀਂ ਰਹੇ ਸਗੋਂ ਕਹਾਣੀ ਲਿਖਣ ਤੋਂ ਲੈ ਕੇ ਨਿਰਦੇਸ਼ਨ, ਪ੍ਰਾਡਕਸ਼ਨ ਅਤੇ ਐਕਟਿੰਗ ਸਭ ਕੁਝ ਆ ਹੀ ਸਾਂਭ ਰਹੇ ਹਨ। ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੌਮ ਦਾ ਪੈਸਾ ਬਰਬਾਦ ਕਰਨ ਤੋਂ ਵੱਧ ਕੁਝ ਵੀ ਨਹੀਂ।

ਸਿੱਖੀ ਨਾਲ ਸਬੰਧਤ ਅੱਜ ਤੱਕ ਸਾਹਮਣੇ ਆਈਆਂ ਫਿਲਮਾਂ/ਦਸਤਾਵੇਜ਼ੀ ਵੀਡੀਓ ਕਲਾਤਮਕ ਪੱਖੋਂ ਫਿਲਮੀ ਸਫਰ ਦੇ ਮੁਢਲੇ ਦੌਰ ਦੇ ਨੇੜੇ ਵੀ ਨਹੀਂ ਢੁਕਦੀਆਂ। ਥੀਏਟਰ ਦੇ ਨਾਂ ’ਤੇ ਬਚਕਾਨੇ ਤਜਰਬੇ ਹੋ ਰਹੇ ਹਨ। ਸਾਡੇ ਮੁਕਾਬਲੇ ਦੂਜੇ ਲੋਕਾਂ ਦੇ ਨਾਟਕ ਸਾਹ ਰੋਕ ਕੇ ਵੇਖਣੇ ਪੈਂਦੇ ਹਨ। ਇਕ-ਇਕ ਡਾਇਲਾਗ (ਸੰਵਾਦ) ’ਤੇ ਵਾਹ ਜਾਂ ਹੋਕਾ ਨਿਕਲਦਾ ਹੈ। ਪਰ ਸਾਡੇ ਨਾਟਕਾ ਵਿਚਲੇ ਪਾਤਰਾਂ ਨੂੰ ਐਕਟਿੰਗ ਤਾਂ ਦੂਰ ਦੀ ਗੱਲ, ਡਾਇਲਾਗ ਡਿਲੀਵਰੀ ਦਾ ਵੀ ਪਤਾ ਨਹੀਂ। ਬਸ ਜੈਕਾਰਿਆਂ ਅਤੇ ਫਤਿਹ ਦੇ ਨਾਅਰਿਆਂ ਦੇ ਜਜ਼ਬਾਤੀ ਸ਼ੋਰ ਨੂੰ ਹੀ ਐਕਟਿੰਗ ਸਮਝ ਰੱਖਿਆ ਹੈ।

ਇਹ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਅਖੀਰ ਅਸੀਂ ਪ੍ਰਚਾਰ ਵਾਸਤੇ ਇਹ ਸਭ ਕੁਝ ਕਰਨਾ ਤਾਂ ਸ਼ੁਰੂ ਕੀਤਾ ਹੈ, ਦਰੁਸਤ ਪਰ ਫਿਰ ਇਹ ਸਵਾਲ ਉਠਦਾ ਹੈ ਕਿ ਅਸੀਂ ਉਹ ਤਾਂ ਨਹੀਂ ਕੀਤਾ, ਜੋ ਅੱਜ ਤਕ ਕੀਤਾ ਹੀ ਨਾ ਗਿਆ ਹੋਵੇ। ਜੇ ਅੱਜ ਤਕ ਕੀਤਾ ਹੋਇਆ ਹੀ ਅੱਗੇ ਕਰਾਂਗੇ ਤਾਂ ਹਾਸਲ ਉਹੀ ਹੋਵੇਗਾ, ਜੋ ਅੱਜ ਤਕ ਹੁੰਦਾ ਰਿਹਾ ਹੈ।

ਕੁਝ ਵਰ੍ਹੇ ਪਹਿਲਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਜੰਮੂ ਵਿਖੇ ਦੋ-ਰੋਜ਼ਾ ਜ਼ੋਨਲ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਹੀ ਇਕ ਗੁਰਮਤਿ ਕੁਵਿਜ਼ ਮੁਕਾਬਲਾ ਰੱਖਿਆ ਗਿਆ। ਜਿਸ ਵਿੱਚ ਪੁਣਛ, ਰਾਜੌਰੀ ਅਤੇ ਜੰਮੂ ਜ਼ਿਲਿਆਂ ਵਿਚਲੇ ਸਰਕਲਾਂ ਦੇ ਤਿੰਨ-ਤਿੰਨ ਵੀਰਾਂ ਨੇ ਭਾਗ ਲਿਆ। ਇਹ ਵੀਰ ਪਿਛਲੇ 15-25 ਸਾਲਾਂ ਤੋਂ ਇਨਾਂ ਹੀ ਗੁਰਮਤਿ ਪੜ੍ਹਾਉਣ ਵਾਲੇ ਕਾਲਜਾਂ-ਸਕੂਲਾਂ ਤੋਂ ਪੜ੍ਹਨ ਉਪਰੰਤ ਦੋ-ਦੋ ਸਾਲਾ ਕੋਰਸ ਕਰਕੇ ਇਸ ਲਹਿਰ ਰਾਹੀਂ ਪਰਚਾਰ ਵੀ ਕਰ ਰਹੇ ਹਨ। ਸਾਡੇ ਗੁਰਮਤਿ ਪ੍ਰਚਾਰ ਦਾ ਭਰਮ ਉਦੋਂ ਟੁੱਟਿਆ, ਜਦੋਂ ਇਹ 9 ਵੀਰ ਸਾਰੇ ਮਿਲ ਕੇ ਪੁੱਛੇ ਗਏ 100 ਵਿੱਚੋਂ 4 ਤੋਂ 5 ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਨਹੀਂ ਦੇ ਸਕੇ। ਪ੍ਰਸ਼ਨ ਵੀ ਵੱਡੀਆਂ ਸਿਧਾਂਤਕ ਉਲਝਣਾਂ ਵਾਲੇ ਨਾ ਹੋ ਕੇ, ਆਮ ਜਿਹੇ ਸਨ।

ਇਸ ਘਟਨਾ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰਨ ਦੇ ਦਾਅਵਿਆਂ ਦੀ ਅਸਲੀਅਤ ਸਾਡੀ ਸਮਝ ਵਿੱਚ ਆ ਜਾਣੀ ਚਾਹੀਦੀ ਹੈ। ਕਾਸ਼ ! ਅਸੀਂ ਭਰਮ ਦੀ ਨੀਂਦ ’ਚੋਂ ਜਾਗ ਜਾਈਏ। ਦੀਵੇ ਥੱਲੇ ਹਨੇਰੇ ਦੀ ਕਹਾਵਤ ਨੂੰ ਸੱਚ ਕਰ ਗਿਆ ਇਹ ਗੁਰਮਤਿ ਸਮਾਗਮ ਸ਼ਾਇਦ ਸਾਨੂੰ ਕੋਈ ਸੇਧ ਦੇ ਸਕੇ ਅਤੇ ਅਸੀਂ ਬੇਕਾਰ ਸਿੱਧ ਹੋ ਰਹੇ ਪ੍ਰਚਾਰ ਦੇ ਸਾਰੇ ਰਵਾਇਤੀ ਢੰਗ-ਤਰੀਕਿਆਂ ਨੂੰ ਛੱਡ ਕੇ ਕੋਈ ਨਵਾਂ ਵਿਧੀ-ਵਿਧਾਨ ਪੈਦਾ ਕਰ ਸਕੀਏ, ਜੋ ਬਾਬਾ ਨਾਨਕ ਦੀ ਸੋਚ ਦੇ ਹਾਣ ਦਾ ਹੋਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top