Share on Facebook

Main News Page

ਹਿੰਦੂ ਬੀ.ਜੇ.ਪੀ.ਬਜਰੰਗ ਦਲ ਦੇ ਮੈਂਬਰਾਂ ਨੇ ਹਮਲਾ ਕਰਕੇ ਸਿੱਖ ਪਰਿਵਾਰ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ

* ਜੰਮੂ ਦੇ ਸਿੱਖ ਲੀਡਰ ਗੁਰੂਦੁਆਰਾ ਇਲੈਕਸ਼ਨਾ ਵਿਚ ਮਸਰੂਫ ਹਨ
* ਕੋਈ ਹਲਚਲ ਨਾ ਹੁੰਦੀ ਵੇਖਕੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਵਲੋਂ ਸਵੇਰੇ ਵੱਖ-ਵੱਖ ਸਭਾਵਾਂ ਨੂੰ ਬੈਠਕ ਲਈ ਸੱਦਾ ਭੇਜਿਆ ਹੈ ਜਿਸ ਵਿਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ

ਬਠਿੰਡਾ, 19 ਜੂਨ (ਕਿਰਪਾਲ ਸਿੰਘ):- ਰਾਜ਼ੌਰੀ‐ਜੰਮੂ ਤੋਂ ਡੇਢ ਸੌ ਕਿਲੋਮੀਟਰ ਦੂਰ ਰਾਜੌਰੀ ਇਲਾਕੇ ਦੇ ਪਹਾੜੀ ਖੇਤਰ ਵਿਚਲੇ ਇਕ ਪਿੰਡ ਡੱਸਲ ਵਿਖੇ ਰਹਿ ਰਹੇ ਸਿੱਖ ਪਰਿਵਾਰ ਸ. ਗੁਰਬਚਨ ਸਿੰਘ ਸਾਬਕਾ ਫੋਜੀ ਦੀ ਜਮੀਨ ’ਤੇ ਮੰਦਰ ਬਣਾਕੇ ਕਬਜ਼ਾ ਕਰਨ ਲਈ ਬੀਤੇ ਕੱਲ੍ਹ ਰਾਜ਼ੌਰੀ ਸ਼ਹਿਰ ਤੇ ਜਵਾਹਰ ਨਗਰ ਤੋਂ ਬੀ.ਜੇ.ਪੀ. ਲੀਡਰ ਕਮਲ ਕੌਲ, ਦੋਦਾਧਾਰੀ ਮੰਦਰ ਦੇ ਪ੍ਰਬੰਧਕ 'ਕਮਲ', ਬਜਰੰਗ ਦਲ ਦੇ ਸੁਖਦੇਵ ਮਹਿਤਾ, ਇਲਾਕੇ ਦੇ ਸਰਪੰਚ ਦੇ ਭਰਾ ਬੱਬਲੀ ਆਦਿ ਲੋਕਾਂ ਦੀ ਸਰਪ੍ਰਸਤੀ ਹੇਠ ਡੇਢ ਦੋ ਸੌ ਬੀ.ਜੇ.ਪੀ., ਬਜਰੰਗ ਦਲ ਦੇ ਮੈਂਬਰਾਂ ਨੇ ਹਮਲਾ ਕਰਕੇ ਸਿੱਖ ਪਰਿਵਾਰ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ, ਪਰਿਵਾਰ ਦੀਆਂ ਬੀਬੀਆਂ ਨੂੰ ਵੀ ਬੇਰਹਿਮੀਂ ਨਾਲ ਕੁੱਟਿਆ ਗਿਆ ਹੈ। ਜਦ ਯੂਨਿਸ ਖਾਨ ਦਾ ਮੁਸਲਮਾਨ ਪਰਿਵਾਰ ਹਿੰਦੂ ਗੁੰਡਿਆਂ ਦੀ ਗੁੰਡਾਗਰਦੀ ਦਾ ਵਿਰੋਧ ਕਰਨ ਲਈ ਆਇਆ ਤਾਂ ਉਸ ਪਰਿਵਾਰ ਨੂੰ ਵੀ ਬੇ ਰਹਿਮੀਂ ਨਾਲ ਕੁੱਟਿਆ ਗਿਆ। ਜਦ ਇਸ ਘਟਨਾ ਦੀ ਖ਼ਬਰ ਜੰਮੂ ਪੁੱਜੀ ਤਾਂ ਯੂਨਾਈਟਿਡ ਸਿੱਖ ਕੌਂਸਲ ਦੇ ਕਨਵੀਨਰ ਕੁਲਦੀਪ ਸਿੰਘ ਅਤੇ ਮਨਮੋਹਨ ਸਿੰਘ ਜੰਮੂ ਜੋ ਪੰਜਾਬ ਸਪੈਕਟ੍ਰਮ ਦੇ ਜੰਮੂ ਤੋਂ ਨੁਮਾਇੰਦੇ ਵੀ ਹਨ ਘਟਨਾ ਦੀ ਜਾਨਕਾਰੀ ਲੈਣ ਲਈ ਹਸਪਤਾਲ ਪਹੁੰਚੇ, ਜਿੱਥੇ ਫੱਟੜ ਹੋਈ 55 ਸਾਲ ਦੀ ਬੀਬੀ ਪ੍ਰੇਮ ਕੌਰ ਪਤਨੀ ਗੁਰਬਚਨ ਸਿੰਘ ਨੇ ਦਸਿਆ ਕਿ ਕਾਫੀ ਸਮੇਂ ਤੋਂ ਇਹ ਬੀ.ਜੇ.ਪੀ.ਲੀਡਰ 'ਕਮਲ' ਸਾਡੀ ਆਪਣੀ ਜਮੀਨ ’ਤੇ ਕਬਜ਼ਾ ਕਰਨ ਲਈ ਯਤਨ ਕਰ ਰਿਹਾ ਹੈ ਜਦੋਂ ਕਿ ਇਹ ਸਰਕਾਰ ਵਲੋਂ 1947 ਤੋਂ ਅਲਾਟ ਕੀਤੀ ਗਈ ਉਨ੍ਹਾਂ ਦੀ ਆਪਣੀ ਜਮੀਨ ਹੈ। ਪਰ ਇਸ ਇਲਾਕੇ ਵਿਚ ਸਿੱਖਾਂ ਦੇ ਦੋ ਚਾਰ ਘਰ ਹੋਣ ਕਰਕੇ ਇਹ 'ਕਮਲ, ਮਹਿਤਾ, ਬਬਲੀ' ਵਰਗੇ ਲੋਕ ਸਾਨੂੰ ਧਮਕਾ ਰਹੇ ਹਨ। ਬੀਬੀ ਨੇ ਦੱਸਿਆ ਕਿ ਬੀ.ਜੇ.ਪੀ.ਲੀਡਰ ਕਮਲ ਨੇ ਸਾਡੀ ਮਾਰ ਕੁਟਾਈ ਕਰਦਿਆਂ ਕਿਹਾ ਕਿ ਅਸੀਂ ਸਿੱਖਾਂ ਤੇ ਮੁਸਲਮਾਨਾਂ ਦਾ ਇਸ ਇਲਾਕੇ ਵਿਚੋਂ ਸਫਾਇਆ ਕਰ ਦੇਵਾਂਗੇ, ਤੁਹਾਡੇ ਜੂੜੇ ਤੇ ਸਿਰ ਵੱਡਕੇ ਮੰਦਰਾਂ 'ਤੇ ਟੰਗਾਂਗੇ

ਫੱਟੜ ਹੋਈ 75 ਸਾਲਾਂ ਦੀ ਮੁਸਲਮਾਨ ਬੀਬੀ ਉਲਫਤ ਬੀ ਨੇ ਦਸਿਆ ਕਿ ਉਹ ਲੋਕ ਗੱਡੀਆਂ ਭਰਕੇ ਆਏ ਸਨ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸਿੱਖ ਪ੍ਰੀਵਾਰ ’ਤੇ ਹਮਲਾ ਕਰ ਦਿਤਾ। ਜਦ ਉਹ (ਬੀਬੀ ਉਲਫਤ ਬੀ) ਸਿੱਖ ਪਰਿਵਾਰ ਦੇ ਬਚਾਉ ਲਈ ਆਪਣੇ ਪੁੱਤਰ ਯੂਨਸ ਖਾਂਨ ਤੇ ਦੇਵਰ ਮੁੰਹਮਦ ਯੂਸਫ ਨਾਲ ਪੁੱਜੀ ਤਾਂ ਉਨ੍ਹਾਂ ’ਤੇ ਵੀ ਡਾਗਾਂ ਨਾਲ ਹਮਲਾ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਇੱਥੋਂ ਅਸੀਂ ਮੁਸਲਮਾਨਾਂ ਦਾ ਸਫਾਇਆ ਕਰ ਦੇਵਾਂਗੇ। ਫੱਟੜ ਹੋਏ ਗੁਰਬਚਨ ਸਿੰਘ ਤੇ ਯੂਨਿਸ ਖਾਨ ਨੇ ਵੀ ਏਹੀ ਗੱਲਾਂ ਦੱਸੀਆਂ। ਮਨਮੋਹਨ ਸਿੰਘ ਜੰਮੂ ਅਨੁਸਾਰ ਜੰਮੂ ਦੇ ਰਿਆਸੀ ਤਲਵਾੜਾ ਵਿਖੇ ਨਵੰਬਰ 1984 ਵਿੱਚ 16 ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਅਤੇ ਫਿਰ 1989 ਵਿਚ 13 ਸਿੱਖਾਂ ਨੂੰ ਜੰਮੂ ਸ਼ਹਿਰ ਅੰਦਰ ਸ਼ਹੀਦ ਕਰਨ ਵਾਲੇ ਕਾਤਲ ਲੋਕ ਵੀ ਇਨ੍ਹਾਂ ਹੀ ਹਿੰਦੂ ਪਾਰਟੀਆਂ ਵਿਚੋਂ ਸਨ, ਜਿਨ੍ਹਾਂ ਖਿਲਾਫ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਵੀ ਰਾਜ਼ੌਰੀ ਵਿਚ ਇਨ੍ਹਾˆ ਸਿੱਖ ਪਰਿਵਾਰਾˆ ਦੀ ਨਾ ਕੋਈ ਪ੍ਰੈੱਸ-ਮੀਡੀਆ ਖ਼ਬਰ ਛਾਪ ਰਿਹਾ ਹੈ ਤੇ ਨਾ ਹੀ ਕੋਈ ਪੁਲਿਸ ਅਫਸਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਹੀ ਕਰ ਰਿਹਾ ਹੈ। ਫੱਟੜ ਹੋਏ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੁਲਿਸ ਤੇ ਮੀਡੀਆ, ਬਗਰੰਗ ਦਲ ਤੇ ਬੀ.ਜੇ.ਪੀ ਲੀਡਰਾਂ ਦੀ ਮਦਦ ਕਰ ਰਿਹਾ ਹੈ। ਪਰ ਜੰਮੂ ਦੇ ਸਿੱਖ ਲੀਡਰ ਗੁਰਦੁਆਰਾ ਇਲੈਕਸ਼ਨਾਂ ਵਿਚ ਮਸਰੂਫ ਹਨ।

ਅੱਜ ਸਵੇਰ ਜਦ ਸੋ ਦੇ ਕਰੀਬ ਸਿੱਖ ਜੰਮੂ-ਰਾਜੌਰੀ ਤੋਂ ਇਕੱਠੇ ਹੋ ਕੇ ਐਸ.ਪੀ. ਪਾਸ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁੱਜੇ ਤਾˆ ਉਸ ਨੇ ਪੱਲਾ ਝਾੜਨ ਵਾਲੀ ਗਲ ਹੀ ਕੀਤੀ ਹੈ। ਹੁਣ ਲੀਡਰਾਂ ਵਲੋਂ ਕੋਈ ਹਲਚਲ ਨਾ ਹੁੰਦੀ ਵੇਖਕੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਵਲੋਂ ਸਵੇਰੇ ਵੱਖ-ਵੱਖ ਸਭਾਵਾਂ ਨੂੰ ਬੈਠਕ ਲਈ ਸੱਦਾ ਭੇਜਿਆ ਹੈ ਜਿਸ ਵਿਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top