Share on Facebook

Main News Page

ਹਵਾਰਾ ਤੇ ਭਿਉਰਾ ਦੇ ਵਕੀਲਾਂ ਦੀ ਦਿੱਲੀ ਪੁਲੀਸ ਨਾਲ ਹੋਈ ਝੜਪ

By: Bhai Shingara Singh Mann (Paris, France), On: 19 June, 2011

ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋ ਦੋਸ਼ੀਆਂ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਉਰਾ ਦੇ ਵਕੀਲਾਂ ਦਾ ਦਿੱਲੀ ਪੁਲੀਸ ਨਾਲ ਬੀਤੇ ਦਿਨੀਂ ਭਰੀ ਅਦਾਲਤ ਵਿਚ ਤਕਰਾਰ ਹੋਇਆ। ਅਦਾਲਤ ਦੀ ਸੁਣਵਾਈ ਪਿੱਛੋਂ ਬੁੜੈਲ ਜੇਲ੍ਹ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਹਵਾਰਾ ਦੇ ਰਿਸ਼ਤੇਦਾਰਾਂ ਨੇ ਦਿੱਲੀ ਪੁਲੀਸ ਦੀ ਬਦਸਲੂਕੀ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਤਿਹਾੜ ਜੇਲ੍ਹ ਵਿਚ ਵੀ ਸੁਰੱਖਿਅਤ ਨਹੀਂ ਹਨ। ਬਚਾਅ ਪੱਖ ਦੇ ਵਕੀਲ ਅਰਵਿੰਦ ਠਾਕੁਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਹਵਾਰਾ ਅਤੇ ਭਿਉਰਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਵਲੋਂ ਜੇਲ੍ਹ ਬਰੇਕ ਕੇਸ ਵਿਚ ਦੋਵੇਂ ਮੁਲਜ਼ਮਾਂ ਨੂੰ ਇੱਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਪੇਸ਼ੀ ਦੌਰਾਨ ਬਚਾਅ ਪੱਖ ਦੇ ਵਕੀਲਾਂ ਦਾ ਦਿੱਲੀ ਪੁਲੀਸ ਨਾਲ ਉਸ ਸਮੇਂ ਤਕਰਾਰ ਸ਼ੁਰੂ ਹੋ ਗਿਆ ਜਦੋਂ ਅਦਾਲਤ ਦੇ ਕਮਰੇ ਦੇ ਬਾਹਰ ਡੀ.ਸੀ.ਪੀ. ਨੇ ਤਲਾਸ਼ੀ ਲਈ ਰੋਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਅੱਗੇ ਦੋਹਾਂ ਧਿਰਾਂ ਦਰਮਿਆਨ ਭਰੀ ਅਦਾਲਤ ਵਿਚ ਉਦੋਂ ਤਕਰਾਰ ਹੋਇਆ ਜਦੋਂ ਡੀ.ਸੀ.ਪੀ. ਨੇ ਮੁਲਜ਼ਮਾਂ ਨਾਲ ਵਕੀਲਾਂ ਨੂੰ ਗੱਲਬਾਤ ਤੋਂ ਰੋਕਦਿਆਂ ਉਨ੍ਹਾਂ ਤੋਂ ਪ੍ਰੈਕਟਿਸ ਲਾਇਸੈਂਸ ਮੰਗ ਲਏ। ਬਚਾਅ ਪੱਖ ਦੇ ਵਕੀਲਾਂ ਅਮਰ ਸਿੰਘ ਚਾਹਲ ਅਤੇ ਅਰਵਿੰਦ ਠਾਕੁਰ ਨੇ ਇਸ ਦਾ ਵਿਰੋਧ ਕਰਦਿਆਂ ਜੱਜ ਜਸਬੀਰ ਸਿੰਘ ਕੋਲ ਸ਼ਿਕਾਇਤ ਕੀਤੀ। ਦੱਸਿਆ ਜਾਂਦਾ ਹੈ ਕਿ ਕੇਸ ਦੀ ਸੁਣਵਾਈ ਕਰ ਰਹੇ ਜੱਜ ਨੇ ਦਿੱਲੀ ਪੁਲੀਸ ਦੇ ਡੀ.ਸੀ.ਪੀ. ਨੂੰ ਭਵਿੱਖ ਵਿਚ ਅਦਾਲਤ ਦੇ ਕਮਰੇ ਵਿਚ ਜ਼ਾਬਤੇ ਵਿਚ ਰਹਿਣ ਦੀ ਚਿਤਾਵਨੀ ਦੇ ਕੇ ਛੱਡ ਦਿੱਤਾ ਹੈ। ਅਦਾਲਤ ਵਲੋਂ ਕੇਸ ਦੀ ਅਗਲੀ ਸੁਣਵਾਈ ਲਈ 4 ਅਗਸਤ ਦੀ ਤਰੀਕ ਮੁਕਰਰ ਕੀਤੀ ਗਈ ਹੈ।ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਅਰਵਿੰਦ ਠਾਕੁਰ ਨੇ ਕਿਹਾ ਹੈ ਕਿ ਉਹ ਦਿੱਲੀ ਪੁਲੀਸ ਦੇ ਮੁਖੀ ਅਤੇ ਕੇਂਦਰੀ ਗ੍ਰਹਿ ਵਿਭਾਗ ਕੋਲ ਡੀ.ਸੀ.ਪੀ. ਰਾਠੀ ਦੇ ਮਾੜੇ ਵਿਹਾਰ ਦੀ ਸ਼ਿਕਾਇਤ ਕਰਨਗੇ।

ਉਸ ਨੇ ਦੱਸਿਆ ਕਿ ਕੇਸ ਦੇ ਮੁਲਜ਼ਮਾਂ ਨੇ ਅਦਾਲਤ ਦੇ ਕਮਰੇ ਵਿਚਲੀ ਮੁਲਾਕਾਤ ਦੌਰਾਨ ਦੋਸ਼ ਲਾਇਆ ਹੇ ਕਿ ਉਨ੍ਹਾਂ ਨਾਲ ਤਿਹਾੜ ਜੇਲ੍ਹ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹਵਾਰਾ ਨੇ ਕਿਹਾ ਕਿ ਉਸ ਦੀ ਬਿਮਾਰੀ ਦਾ ਇਲਾਜ ਨਹੀਂ ਕਰਾਇਆ ਜਾ ਰਿਹਾ। ਉਨ੍ਹਾਂ ਮੁਤਾਬਕ ਹਵਾਰਾ ਦਾ ਕਹਿਣਾ ਸੀ ਕਿ ਉਸ ਦਾ ਚੰਡੀਗੜ੍ਹ ਵਿਚ ਕੁਝ ਸਮਾਂ ਪਹਿਲਾਂ ਅਪਰੇਸ਼ਨ ਹੋਇਆ ਸੀ।

ਇਸ ਇਲਾਜ ਦੀ ਫਾਈਲ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਲੀ ਪੁਲੀਸ ਨੂੰ ਬਿਮਾਰੀ ਦਾ ਰਿਕਾਰਡ ਨਾ ਭੇਜੇ ਜਾਣ ਕਰਕੇ ਉਸ ਨੂੰ ਇਲਾਜ ਤੋਂ ਨਾਂਹ ਕੀਤੀ ਜਾ ਰਹੀ ਹੈ। ਕੇਸ ਦੋ ਦੋਵੇਂ ਮੁਲਜ਼ਮਾਂ ਨੂੰ ਬੇਅੰਤ ਸਿੰਘ ਕਤਲ ਕੇਸ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ ਜਦੋਂ ਕਿ ਬੁੜੈਲ ਜੇਲ੍ਹ ਕੇਸ ਦੀ ਸੁਣਵਾਈ ਅਜੇ ਜਾਰੀ ਹੈ। ਬੇਅੰਤ ਸਿੰਘ ਕੇਸ ਦੇ ਫੈਸਲੇ ਤੱਕ ਦੋਵੇਂ ਮੁਲਜ਼ਮ ਮਾਡਲ ਜੇਲ੍ਹ ਬੁੜੈਲ ਵਿਚ ਦੂਜੇ ਸੱਤ ਸਾਥੀਆਂ ਸਮੇਤ ਬੰਦ ਰਹੇ ਪਰ ਪਿੱਛੇ ਜਿਹੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

Source: http://www.panjabitoday.com/news/8428690591011219


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top