Share on Facebook

Main News Page

ਸੱਜਣ ਕੁਮਾਰ ਵਿਰੁਧ ਕੇਸ ਦਾ ਨਿਬੇੜਾ 3 ਮਹੀਨੇ ‘ਚ ਹੋਣ ਦੇ ਆਸਾਰ

ਬਠਿੰਡਾ: ਦਿੱਲੀ ਵਿਚ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਮਨਾਂ ਵਿਚ ਹੁਣ ਇਨਸਾਫ਼ ਦੀ ਆਸ ਜਾਗਣ ਲੱਗੀ ਹੈ ਕਿਉਂਕਿ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਕਤਲ ਕੇਸ ਦੀ ਸੁਣਵਾਈ ਤਿੰਨ ਮਹੀਨੇ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਬਣ ਗਈ ਹੈ। ਇਹ ਸ਼ਾਇਦ ਪਹਿਲਾਂ ਅਜਿਹਾ ਕੇਸ ਹੋਵੇਗਾ ਜਿਸ ਵਿਚ ਅਦਾਲਤ ਇਹ ਫੈਸਲਾ ਕਰੇਗੀ ਕਿ ਕੀ ਸੀਨੀਅਰ ਸਿਆਸੀ ਆਗੂ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਸੀ ਜਾਂ ਨਹੀਂ। ਇਸ ਕੇਸ ਵਿਚ ਪੀੜਤਾਂ ਵੱਲੋਂ ਪੇਸ਼ ਹੋ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਹੈ ਕਿ ਵਧੀਕ ਸੈਸ਼ਨ ਜੱਜ ਕੜਕੜਡੂਮਾ ਦਿੱਲੀ ਦੀ ਅਦਾਲਤ ਵਿਚ ਸੱਜਣ ਕੁਮਾਰ ਵਿਰੁਧ ਇਸਤਗਾਸਾ ਪੱਖ ਦੀਆਂ ਗਵਾਹੀਆਂ ਮੁਕੰਮਲ ਹੋ ਗਈਆਂ ਹਨ।

ਸ. ਫੂਲਕਾ ਨੇ ਦੱਸਿਆ ਕਿ ਹੁਣ ਛੁੱਟੀਆਂ ਮਗਰੋਂ 6 ਜੁਲਾਈ ਨੂੰ ਫੌਜਦਾਰੀ ਜ਼ਾਬਤੇ ਦੀ ਧਾਰਾ 313 ਅਧੀਨ ਸੱਜਣ ਕੁਮਾਰ ਤੇ ਹੋਰਾਂ ਦੇ ਬਿਆਨ ਕਲਮਬੰਦ ਹੋਣਗੇ। ਸੱਜਣ ਕੁਮਾਰ ਤੇ ਹੋਰਾਂ ਵਿਰੁਧ ਇਹ ਕੇਸ 2005 ਵਿਚ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ‘ਤੇ ਦਰਜ ਹੋਇਆ ਸੀ। ਇਹ ਕੇਸ ਦਿੱਲੀ ਛਾਉਣੀ ਪੁਲਿਸ ਥਾਣੇ ਅਧੀਨ ਪੈਂਦੇ ਇਲਾਕੇ ਰਾਜ ਨਗਰ ਵਿਚ ਪੰਜ ਵਿਅਕਤੀਆਂ ਦੇ ਕਤਲ ਨਾਲ ਸਬੰਧਤ ਹੈ। ਆਪਣੇ ਜੱਦੀ ਪਿੰਡ ਭਦੌੜ ਪੁੱਜੇ ਸ. ਫੂਲਕਾ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਤਿੰਨ ਮਹੀਨੇ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਪਹਿਲੀ ਵਾਰ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਬਿਆਨ ਕਲਮਬੰਦ ਹੋਣ ਮਗਰੋਂ ਬਚਾਅ ਪੱਖ ਵੱਲੋਂ ਆਪਣੇ ਪੱਖ ਦੇ ਸਬੂਤ ਅਦਾਲਤ ਵਿਚ ਰੱਖੇ ਜਾਣਗੇ ਤੇ ਇਸ ਮਗਰੋਂ ਕੇਸ ਵਿਚ ਆਖ਼ਰੀ ਜਿਰ੍ਹਾ ਹੋਵੇਗੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਵਿਰੁਧ ਸਿੱਖ ਨਸਲਕੁਸ਼ੀ ਮਗਰੋਂ 21 ਸਾਲ ਪਹਿਲਾਂ ਕੇਸ ਦਰਜ ਹੋਇਆ ਸੀ।

ਸੱਜਣ ਕੁਮਾਰ ਵਿਰੁਧ ਦੋਸ਼ ਲੱਗਾ ਸੀ ਕਿ ਉਹ 1 ਨਵੰਬਰ 1984 ਨੂੰ ਰਾਜ ਨਗਰ ਇਲਾਕੇ ਵਿਚ ਗਿਆ ਤੇ ਉਸ ਨੇ ਆਪਣੇ ਹਮਾਇਤੀਆਂ ਨੂੰ ਸਿੱਖਾਂ ਦੇ ਕਤਲਾਂ ਲਈ ਉਕਸਾਇਆ। ਇਸ ਤੋਂ ਅਗਲੇ ਦਿਨ ਦੋ ਨਵੰਬਰ ਨੂੰ ਸੱਜਣ ਕੁਮਾਰ ਨੇ ਮੀਟਿੰਗ ਦੌਰਾਨ ਪੁਲਿਸ ਜੀਪ ਵਿਚ ਖੜ੍ਹ ਕੇ ਲੋਕਾਂ ਨੂੰ ਮੁੜ ਸਿੱਖਾਂ ਦੇ ਕਤਲਾਂ ਲਈ ਭੜਕਾਇਆ। ਮੀਟਿੰਗ ਦੌਰਾਨ ਸੱਜਣ ਕੁਮਾਰ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਸੀ, “ਇਕ ਭੀ ਸਿੱਖ ਬਚਨਾ ਨਹੀਂ ਚਾਹੀਏ, ਜੋ ਹਿੰਦੂ ਸਿੱਖੋਂ ਕੋ ਪਨਾਹ ਦੇਤੇ ਹੈਂ, ਉਨ ਕੇ ਭੀ ਘਰ ਜਲਾ ਡਾਲੋ।” ਇਹ ਗੱਲ ਸੁਣ ਕੇ ਭੀੜ ਭੜਕ ਗਈ ਤੇ ਉਸ ਨੇ ਹਿੰਦੂਆਂ ਦੇ ਘਰਾਂ ਨੂੰ ਵੀ ਫੂਕਣਾ ਸ਼ੁਰੂ ਕਰ ਦਿੱਤਾ। ਸ. ਫੂਲਕਾ ਨੇ ਦਾਅਵਾ ਕੀਤਾ ਕਿ ਇਸ ਕੇਸ ਦੇ ਪੜਤਾਲੀਆ ਅਫਸਰਾਂ ਸੀ.ਬੀ.ਆਈ. ਦੇ ਡੀ.ਐਸ.ਪੀ. ਪਾਂਗਰਕਰ ਤੇ ਇੰਸਪੈਕਟਰ ਅਨਿਲ ਯਾਦਵ ਨੇ ਅਦਾਲਤ ਵਿਚ ਬਿਆਨ ਦਿੱਤਾ ਕਿ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਜਾਂਚ ਨੂੰ ਅਜਿਹੀ ਦਿਸ਼ਾ ਦਿੱਤੀ ਜਿਸ ਨਾਲ ਸੱਜਣ ਕੁਮਾਰ ਤੇ ਹੋਰ ਆਗੂਆਂ ਨੂੰ ਬਚਾਇਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top