Share on Facebook

Main News Page

ਦਿੱਲੀ ਕਮੇਟੀ ਵੱਲੋਂ ਲਗਾਏ ਗਏ ਵਿਸ਼ਾਲ ਗੁਰਮਤਿ ਕੈਂਪ ਨੇ ਕੀਤੀ ਇੱਕ ਨਵੇਂ ਇਤਿਹਾਸ ਦੀ ਸਿਰਜਨਾ: ਭਾਈ ਖਾਲਸਾ

* ਕੈਂਪ ਦੌਰਾਨ 300 ਤੋਂ ਵੱਧ ਬੱਚਿਆਂ ਨੇ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜਨ ਦਾ ਲਿਆ ਪ੍ਰਣ

ਲੁਧਿਆਣਾ, 15 ਜੂਨ ( ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਯੋਗ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ (ਰਜਿ.) ਵੱਲੋਂ 11 ਜੂਨ ਤੋਂ ਲੁਧਿਆਣਾ ਦੇ ਦੁੱਗਰੀ ਇਲਾਕੇ ਵਿਖੇ ਸ਼ੁਰੂ ਹੋਏ ਵਿਸ਼ਾਲ ਗੁਰਮਤਿ ਕੈਂਪ ਸਾਂਝ 2011 ਸਿੱਖ ਨੌਜਵਾਨ ਸ਼ਕਤੀ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਹੈ, ਕਿਉਂਕਿ ਹੁਣ ਤੱਕ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਲੱਗੇ ਗੁਰਮਤਿ ਕੈਂਪਾਂ ਦੇ ਨਾਲੋਂ ਇਹ ਸਭ ਤੋਂ ਵੱਡਾ ਤੇ ਵਿਸ਼ਾਲ ਗੁਰਮਤਿ ਕੈਂਪ ਸਾਬਤ ਹੋਇਆ ਹੈ । ਜਿਸ ਅੰਦਰ ਲਗਭਗ 300 ਦੇ ਕਰੀਬ ਸਿੱਖ ਨੌਜਵਾਨ, ਬੱਚੇ ਤੇ ਬੱਚੀਆਂ ਉਚੇਚੇ ਤੌਰ ਤੇ ਭਾਗ ਲੈ ਰਹੇ ਹਨ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ (ਰਜਿ.) ਦੇ ਇੰਚਾਰਜ ਭਾਈ ਚਰਨਜੀਤ ਸਿੰਘ ਖਾਲਸਾ ਨੇ ਲਗਾਏ ਗਏ ਗੁਰਮਤਿ ਕੈਂਪ ਸੰਬੰਧੀ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ ।

ਉਨਾਂ ਨੇ ਆਪਣੀ ਗੱਲਬਾਤ ਦੌਰਾਨ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਤੇ ਕੜਕਦੀ ਧੁੱਪ ਦੀ ਬਿਨਾਂ ਪ੍ਰਵਾਹ ਕੀਤਿਆਂ ਦਿੱਲੀ ਕਮੇਟੀ ਦੇ ਪ੍ਰਚਾਰਕ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਦਾ ਜ਼ੋਰਦਾਰ ਉਪਰਾਲਾ ਕਰ ਰਹੇ ਹਨ । ਭਾਈ ਖਾਲਸਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਦੇ ਨਾਲ 11 ਜੂਨ ਤੋਂ ਆਰੰਭ ਹੋਏ ਵਿਸ਼ਾਲ ਗੁਰਮਤਿ ਕੈਂਪ ਦੌਰਾਨ ਜਿੱਥੇ ਸਿੱਖ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਦਸਤਾਰ ਸਜਾਉਣ ਦੀ ਸਿਖਲਾਈ ਹਰਮੋਨੀਅਨ ਤੇ ਤਬਲੇ ਦੀ ਸਿਖਲਾਈ ਤੇ ਨੈਤਿਕ ਸਿੱਖਿਆ ਦੇ ਨਾਲ-ਨਾਲ ਸਿੱਖ ਮਾਰਸ਼ਲ ਆਰਟ ਦੀ ਉਚੇਚੇ ਤੌਰ ਤੇ ਸਿੱਖਲਾਈ ਵੀ ਦਿੱਤੀ ਜਾ ਰਹੀ ਹੈ ਅਤੇ 26 ਤਰੀਕ ਨੂੰ ਕੈਂਪ ਦੀ ਸਮਾਪਤੀ ਮੌਕੇ ਵਿਸ਼ੇਸ਼ ਤੌਰ ਤੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਅੰਦਰ ਗੁਰਮਤਿ ਕੈਂਪ ਦੌਰਾਨ ਲਈ ਗਈ ਧਾਰਮਿਕ ਪ੍ਰੀਖਿਆ ’ਚ ਅਵੱਲ ਆਉਣ ਵਾਲੇ ਬੱਚਿਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਮੌਕੇ ਤੇ ਉਨਾਂ ਦੇ ਨਾਲ ਦਫਤਰ ਇੰਚਾਰਜ ਭਾਈ ਅਮਰੀਕ ਸਿੰਘ, ਪ੍ਰਚਾਰਕ ਭਾਈ ਅੰਗਰੇਜ਼ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਗੁਰਚੇਤਨ ਸਿੰਘ ਤੇ ਭਾਈ ਜਸਮੇਲ ਸਿੰਘ, ਗਿਆਨੀ ਮਹਿੰਦਰ ਸਿੰਘ ਯਮਨਾ ਨਗਰ ਵਾਲੇ, ਬੀਬੀ ਬਲਜੀਤ ਕੌਰ, ਬੀਬੀ ਵਰਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top