Share on Facebook

Main News Page

ਪ੍ਰੋ. ਭੁੱਲਰ ਸਾਹਿਬ ਫਾਂਸੀ ਦੀ ਸਜ਼ਾ ਦਾ ਮਾਮਲਾ- ਕੈਨੇਡਾ ਦੀ ਵਿਰੋਧੀ ਧਿਰ ਦੀ ਪਾਰਟੀ ਸਿੱਖਾਂ ਦੇ ਹੱਕ ਵਿਚ ਨਿੱਤਰੀ

* ਕਿਹਾ, ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਤੇ ਮੁੜ੍ਹ ਵਿਚਾਰ ਕਰਨ ਲਈ ਹਾਰਪਰ ਹਿੰਦੁਸਤਾਨੀ ਸਰਕਾਰ ਨਾਲ ਗਲ੍ਹ ਕਰੇ

ਟੋਰਾਂਟੋ, (15 ਜੂਨ,ਪੀ.ਐਸ.ਐਨ): ਪ੍ਰੋ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਰੱਦ ਹੋਣ ਵਿਚ ਉਦੋਂ ਇੱਕ ਹੋਰ ਆਸ ਦੀ ਕਿਰਨ ਜਾਗੀ ਜਦੋਂ ਕੇਨੇਡਾ ਦੀ ਮੁੱਖ ਵਿਰੋਧੀ ਪਾਰਟੀ ਸਿੱਖਾਂ ਦੇ ਹੱਕ ਵਿਚ ਨਿੱਤਰੀ। ਕਨੇਡਾ ਦੀ ਵਿਰੋਧੀ ਪਾਰਟੀ ਨੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਾਰੇ ਮੁੜ ਵਿਚਾਰ ਕਰੇ। ਪ੍ਰੋ. ਭੁੱਲਰ ਨੂੰ 1993 ਵਿਚ ਨਵੀਂ ਦਿੱਲੀ ਵਿਚ ਯੂਥ ਕਾਂਗਰਸ ਦੇ ਦਫ਼ਤਰ ਤੋਂ ਬਾਹਰ ਹੋਏ ਬੰਬ ਧਮਾਕੇ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਨੂੰ ਰੱਦ ਕਰ ਦਿਤਾ ਹੈ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜੈਕ ਲੇਟਨ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ, ਕਿ ਉਹ ਪ੍ਰੋ. ਭੁੱਲਰ ਦੀ ਜਾਨ-ਬਖ਼ਸ਼ੀ ਲਈ ਨਿਜੀ ਤੌਰ 'ਤੇ ਦਖ਼ਲ ਦੇਣ। ਪੱਤਰ ਵਿਚ ਵਿਰੋਧੀ ਪਾਰਟੀ ਦੇ ਆਗੂ ਨੇ ਕਿਹਾ ਕਿ ਪ੍ਰੋ. ਭੁੱਲਰ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ, ਉਹ ਸ਼ੱਕੀ ਹੈ ਅਤੇ ਉਸ ਦੀ ਸਚਾਈ ਉਪਰ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ।

ਕੈਨੇਡਾ ਦੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਸੰਸਥਾਵਾਂ ਨੇ ਵੀ ਪ੍ਰੋ. ਭੁੱਲਰ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਵਿਰੁਧ ਸਵਾਲ ਉਠਾਏ ਹਨ। ਸ੍ਰੀ ਲੇਟਨ ਨੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀਆਂ ਸੰਸਥਾਵਾਂ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਪ੍ਰੋ. ਭੁੱਲਰ ਨੂੰ ਪੁਲਿਸ ਹਿਰਾਸਤ ਵਿਚ ਦਿਤੇ ਇਕਬਾਲੀਆ ਬਿਆਨ ਦੇ ਆਧਾਰ ਉਤੇ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ। ਇਹ ਬਿਆਨ ਉਸ ਉਪਰ ਤਸ਼ੱਦਦ ਕਰ ਕੇ ਲਿਆ ਗਿਆ ਸੀ। ਕੈਨੇਡੀਅਨ ਆਗੂਆਂ ਦਾ ਮੰਨਣਾ ਹੈ ਕਿ ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਕੈਨੇਡਾ ਦੀ ਨਾਗਰਿਕ ਹੈ, ਇਸ ਆਧਾਰ ਉਤੇ ਉਸ ਦੇ ਪਤੀ ਨੂੰ ਬਚਾਉਣ ਲਈ ਕੈਨੇਡਾ ਦੀ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸ੍ਰੀ ਲੇਟਨ ਨੇ ਲਿਖਿਆ ਹੈ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਵਿਚਾਲੇ ਚੰਗੇ ਰਿਸ਼ਤੇ ਹਨ। ਇਸ ਲਈ ਪ੍ਰਧਾਨ ਮੰਤਰੀ ਨੂੰ ਭਾਰਤ ਸਰਕਾਰ ਕੋਲ ਪਹੁੰਚ ਕਰ ਕੇ ਪ੍ਰੋ. ਭੁੱਲਰ ਦੀ ਰਿਹਾਈ ਲਈ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਭਾਰਤ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਕੈਨੇਡਾ ਮੌਤ ਦੀ ਸਜ਼ਾ ਦੇ ਵਿਰੁਧ ਹੈ। ਨਵਨੀਤ ਕੌਰ ਸਰੀ ਦੇ ਵੈਂਕੁਵਰ ਵਿਖੇ ਰਹਿੰਦੀ ਹੈ। ਉਸ ਨੇ ਟੋਰਾਂਟੋ ਵਿਖੇ ਪ੍ਰਵਾਸੀ ਭਾਰਤੀ ਦਿਵਸ ਮੌਕੇ 200 ਸਿੱਖਾਂ ਨਾਲ ਮਿਲ ਕੇ ਪ੍ਰੋ. ਭੁੱਲਰ ਦੀ ਰਿਹਾਈ ਲਈ ਇਕ ਰੋਸ ਮਾਰਚ ਵੀ ਕਢਿਆ ਸੀ। ਇਸ ਰੋਸ ਮਾਰਚ ਵਿਚ ਨਾ ਸਿਰਫ਼ ਸਿੱਖ ਹੀ ਸ਼ਾਮਲ ਹੋਏ ਬਲਕਿ ਮੁਸਲਮਾਨ, ਈਸਾਈ ਅਤੇ ਹੋਰ ਧਰਮਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਰੋਸ ਮਾਰਚ ਦਾ ਸੱਦਾ ਸਿੱਖਜ਼ ਫ਼ਾਰ ਜਸਟਿਸ ਨੇ ਦਿਤਾ ਸੀ। ਪ੍ਰਵਾਸੀ ਭਾਰਤੀ ਦਿਵਸ ਮੌਕੇ ਰੱਖੇ ਸਮਾਗਮ ਵਿਚ ਭਾਰਤ ਦੇ ਓਵਰਸੀਜ ਮਾਮਲਿਆਂ ਦੇ ਮੰਤਰੀ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਹੋਰ ਕਈ ਸੰਸਦ ਮੈਂਬਰਾਂ ਨੇ ਹਿੱਸਾ ਲੈਣਾ ਸੀ ਪਰ ਐਨ ਮੌਕੇ ਪ੍ਰਨੀਤ ਕੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਇਸ ਵਿਚ ਹਿੱਸਾ ਨਾ ਲਿਆ। ਨਵਨੀਤ ਕੌਰ ਨੇ ਮੰਗ ਕੀਤੀ ਕਿ ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਭਾਰਤ ਸਰਕਾਰ ਉਪਰ ਪ੍ਰੋ. ਭੁੱਲਰ ਦੀ ਫਾਂਸੀ ਮੁਆਫ਼ੀ ਲਈ ਦਬਾਅ ਪਾਉਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top