Share on Facebook

Main News Page

ਸਰਨਾ ਸਾਹਿਬ! ਜੇ ਸਮਝ ਗਏ ਹੋ ਕਿ ਭਾਜਪਾ ਅਤੇ ਸੰਘ ਸਿੱਖ ਅਤੇ ਸਿੱਖੀ ਨੁੰ ਪ੍ਰਫੁਲਤ ਹੁੰਦਾ ਨਹੀਂ ਦੇਖ ਸਕਦੇ, ਤਾਂ ਇਨ੍ਹਾਂ ਦੇ ਏਜੰਟਾਂ ਦੀ ਪਛਾਣ ਕਰਨਾ ਵੀ ਸਿੱਖੋ: ਸਿਮਰਨਜੋਤ ਸਿੰਘ ਖ਼ਾਲਸਾ

* 12 ਜੂਨ ਦੇ ਸਮਾਗਮ ਨੇ ਤਾਂ ਇਹੀ ਸੰਦੇਸ਼ ਦਿੱਤਾ ਹੈ ਕਿ ਆਰਐੱਸਐੱਸ ਦੇ ਇਨ੍ਹਾਂ ਏਜੰਟਾਂ ਨਾਲੋਂ ਚੰਗਾ ਹੋਰ ਕੋਈ ਸਿੱਖ ਸਰਨਾ ਪਾਸ ਨਹੀਂ ਹੈ
* ਜੇ ਸਰਨਾ ਸਾਹਿਬ ਵੀ ਇਹੀ ਸੋਚਦੇ ਹਨ ਤਾਂ ਉਨ੍ਹਾਂ ਵਲੋਂ ਭਾਜਪਾ ਅਤੇ ਆਰਐੱਸਐੱਸ ਨੂੰ ਜ਼ਬਾਨੀ ਕਲਾਮੀ ਭੰਡਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ

ਬਠਿੰਡਾ, 14 ਜੂਨ (ਕਿਰਪਾਲ ਸਿੰਘ): ਸਰਨਾ ਸਾਹਿਬ! ਜੇ ਸਮਝ ਗਏ ਹੋ ਕਿ ਭਾਜਪਾ ਅਤੇ ਸੰਘ ਸਿੱਖ ਅਤੇ ਸਿੱਖੀ ਨੂੰ ਪ੍ਰਫੁਲਤ ਹੁੰਦਾ ਨਹੀਂ ਦੇਖ ਸਕਦੇ ਤਾਂ ਇਨ੍ਹਾਂ ਦੇ ਏਜੰਟਾਂ ਦੀ ਪਛਾਣ ਕਰਨਾ ਵੀ ਸਿੱਖੋ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਦਿੱਤੇ ਗਏ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਹੇ। ਇਹ ਦੱਸਣਯੋਗ ਹੈ ਕਿ 12 ਜੂਨ ਨੂੰ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ ਕਾਰਜਾਂ ਦੀ ਅਰੰਭਤਾ ਦਾ ਨੀਂਹ ਪੱਥਰ ਰੱਖਣ ਸਮੇਂ ਸੰਗਤਾਂ ਦੇ ਇਕੱਠ ਨੂੰ ਸਬੋਧਨ ਕਰਦੇ ਹੋਏ ਭਾਜਪਾ ਅਤੇ ਸੰਘ ਦੀ ਸਖ਼ਤ ਸ਼ਬਦਾਂ ਵਿੱਚ ਨੁਕਤਾਚੀਨੀ ਕਰਦੇ ਹੋਏ ਸ: ਸਰਨਾ ਨੇ ਬੜੇ ਜੋਰ ਨਾਲ ਕਿਹਾ ਸੀ ਕਿ ਇਹ ਸਿੱਖ ਅਤੇ ਸਿੱਖੀ ਨੂੰ ਪ੍ਰਫੁੱਲਤ ਹੁੰਦਾ ਨਹੀਂ ਦੇਖ ਸਕਦੇ, ਇਸੇ ਕਾਰਣ ਇਨ੍ਹਾਂ ਵਿਕਾਸ ਕਾਰਜਾਂ ਦੀ ਅਰੰਭਤਾ ਨੂੰ ਹਰ ਹੀਲੇ ਰੋਕਣ ਲਈ ਆਰ.ਐੱਸ.ਐੱਸ ਦੇ ਏਜੰਡੇ ਤਹਿਤ ਅਖੌਤੀ ਅਕਾਲੀ ਦਲਾਂ ਅਤੇ ਬੁਧੀਜੀਵੀਆਂ ਵਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ।

ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਸਰਨਾ ਸਾਹਿਬ ਨੂੰ ਚੇਤੇ ਰੱਖਣਾਂ ਚਾਹੀਦਾ ਹੈ ਕਿ ਵਿਕਾਸ ਕਾਰਜ ਸਿਰਫ ਬਿਲਡਿੰਗਾਂ ਦੀ ਉਸਾਰੀ ਹੈ, ਸਿੱਖ ਤੇ ਸਿੱਖੀ ਬਿਲਡਿੰਗਾਂ ਦੇ ਸਹਾਰੇ ਨਹੀਂ ਸਿਧਾਂਤ ਦੇ ਆਸਰੇ ਨਿਰਭਰ ਹੈ। ਸਿੱਖ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਲਈ ਆਰਐੱਐੱਸ ਇਨ੍ਹਾਂ ਅਖੌਤੀ ਸੰਤਾਂ ਮਹਾਂਪੁਰਸ਼ਾਂ ਨੂੰ ਮੋਹਰੇ ਦੇ ਤੌਰ ’ਤੇ ਵਰਤ ਰਹੀ ਹੈ। ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਪ੍ਰਚਾਰਨਾਂ, ਨਾਨਕਸ਼ਾਹੀ ਕੈਲੰਡਰ ਦਾ ਕਤਲ ਅਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਰਾਹੀਂ ਸਿੱਖੀ ਸਿਧਾਂਤ ਤੇ ਸੁਨਹਿਰੀ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿੱਚ ਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਖਾਸ ਕਰ ਕੇ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਇਕਬਾਲ ਸਿੰਘ ਅਤੇ ਚਮਨਜੀਤ ਸਿੰਘ ਲਾਲ ਦਾ ਮੁੱਖ ਰੋਲ ਹੈ ਅਤੇ ਇਨ੍ਹਾਂ ਦੇ ਆਰ.ਐੱਸ.ਐੱਸ ਨਾਲ ਗੂੜੇ ਸਬੰਧ ਕਿਸੇ ਤੋਂ ਗੁਝੇ ਹੋਏ ਨਹੀਂ ਹਨ। ਕੀ ਸਰਨਾ ਸਾਹਿਬ ਦੱਸ ਸਕਦੇ ਹਨ ਕਿ ਉਨ੍ਹਾਂ ਵੱਲੋਂ ਚੁਣੇ ਗਏ ਪੰਜ ਪਿਆਰੇ ਤੇ ਅਰਦਾਸੀਏ- ਇਕਬਾਲ ਸਿੰਘ, ਚਮਨਜੀਤ ਸਿੰਘ ਲਾਲ, ਬਾਬਾ ਬਚਨ ਸਿੰਘ ਜੀ, ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ, ਬਾਬਾ ਅਮਰ ਸਿੰਘ ਯੂ.ਕੇ, ਬਾਬਾ ਸੰਤ ਅੰਮ੍ਰਿਤਪਾਲ ਸਿੰਘ ਸੇਵਾਪੰਥੀ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਨੇ ਅਰੰਭਤਾ ਲਈ ਅਰਦਾਸ ਕੀਤੀ ਤੇ ਟੱਕ ਲਾਇਆ ਇਨ੍ਹਾਂ ਵਿੱਚੋਂ ਕੋਈ ਇੱਕ ਵੀ ਨਾਨਕਸ਼ਾਹੀ ਕੈਲੰਡਰ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਦ ਇੱਕੋ ਇੱਕ ਸਰਬ ਸਮਰੱਥ ਸਰਬਉਚ ਗੁਰੂ ਮੰਨਦਾ ਹੈ? ਜਾਂ ਕੀ ਇਹ ਆਪਣੀ ਗਲਤੀ ਸਵੀਕਾਰਦੇ ਹਨ ਕਿ ਪਹਿਲਾਂ ਕਿਸੇ ਦੇ ਗਲਤ ਪ੍ਰਭਾਵ ਹੇਠਾਂ ਆ ਕੇ ਉਹ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਅਤੇ ਦਸਮ ਗ੍ਰੰਥ ਨੂੰ ਗੁਰੂ ਵਜੋਂ ਪ੍ਰਚਾਰਣ ਦੀ ਗਲਤੀ ਕਰ ਬੈਠੇ ਹਨ ਪਰ ਅੱਗੋਂ ਤੋਂ ਉਹ ਅਜੇਹਾ ਨਹੀਂ ਕਰਨਗੇ। ਜੇ ਨਹੀਂ ਤਾਂ ਇਨ੍ਹਾਂ ਤੋਂ ਵਿਕਾਸ ਕਾਰਜਾਂ ਦੀ ਅਰਦਾਸ ਤੇ ਅਰੰਭਤਾ ਕਰਵਾ ਕੇ ਸਿਖਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਆਰ.ਐੱਸ.ਐੱਸ ਦੇ ਇਨ੍ਹਾਂ ਏਜੰਟਾਂ ਨਾਲੋਂ ਚੰਗਾ ਹੋਰ ਕੋਈ ਸਿੱਖ ਤੁਹਾਡੇ ਪਾਸ ਨਹੀਂ ਹੈ, ਜਿਨ੍ਹਾਂ ਤੋਂ ਇਹ ਸੇਵਾ ਲੈ ਸਕੋ। ਭਾਈ ਸਿਮਰਨਜੋਤ ਸਿੰਘ ਖ਼ਾਲਸਾ ਨੇ ਕਿਹਾ ਕਿ 12 ਜੂਨ ਦੇ ਸਮਾਗਮ ਨੇ ਤਾਂ ਇਹੀ ਸੰਦੇਸ਼ ਦਿੱਤਾ ਹੈ ਪਰ ਜੇ ਸਰਨਾ ਸਾਹਿਬ ਵੀ ਇਹੀ ਸੋਚਦੇ ਹਨ ਤਾਂ ਉਨ੍ਹਾਂ ਵਲੋਂ ਭਾਜਪਾ ਅਤੇ ਆਰਐੱਸਐੱਸ ਨੂੰ ਜ਼ਬਾਨੀ ਕਲਾਮੀ ਭੰਡਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top