Share on Facebook

Main News Page

ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵੱਲੌ ਲਾਇਆ ਪੰਜ ਰੋਜਾ ਗੁਰਮਤਿ ਕੈਂਪ ਯਾਦਗਰੀ ਹੋ ਨਿੱਬੜਿਆ

(14 ਜੂਨ 2011 ਫਰੀਦਾਬਾਦ/ਲੁਧਿਆਣਾ : ਬਸੰਤ ਕੌਰ/ਜਗਜੀਤ ਸਿੰਘ)

ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਜੋ ਕਾਫੀ ਲੰਮੇ ਅਰਸੇ ਤੋਂ ਤੱਤ ਗੁਰਮਤਿ ਪ੍ਰਚਾਰ ਲਈ ਤੱਨ ਮਨ ਧਨ ਨਾਲ ਸੇਵਾ ਨਿਭਾ ਰਹੀ ਹੈ। ਇਸੇ ਲੜੀ ਤਹਿਤ ਗਰਮੀਆਂ ਦੀਆਂ ਛੁੱਟੀਆਂ ਦਾ ਲਾਭ ਲੈਦਿਆਂ ਨਵੀਂ ਪਨੀਰੀ ਨੂੰ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਕਰਨ ਲਈ ਪੰਜ ਰੋਜਾ ਗੁਰਮਤਿ ਪ੍ਰਚਾਰ ਕੈਂਪ ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਾਇਆ ਨਗਰ ਲੁਧਿਆਣਾ ਵਿਖੇ ਆਯੋਜਤ ਕੀਤਾ ਗਿਆ।ਜਿਸ ਵਿੱਚ ਹਰ ਵਰਗ ਦੇ ਬੱਚਿਆਂ ਤੇ ਵੱਡਿਆਂ ਨੇ ਹਿੱਸਾ ਲੈਂਦਿਆਂ ਗੁਰਬਾਣੀ, ਗੁਰੁ ਇਤਿਹਾਸ ਅਤੇ ਸਿੱਖ ਫਲਸਫੇ ਬਾਰੇ ਖੋਜ ਭਰਪੂਰ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਕੈਂਪ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਸ. ਗੁਰਸੇਵਕ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਹਰਬੰਸ ਕੌਰ ਨੇ ਆਧਨੁਕਿ ਢੰਗ ਨੂੰ ਵਰਤਦਿਆਂ ਮਲਟੀਮੀਡੀਆ ਤਕਨੀਕ ਰਾਹੀਂ ਬੱਚਿਆਂ ਤੇ ਸੰਗਤਾਂ ਨੂੰ ਸਲਾਈਡ ਸ਼ੋਅ, ਗੁਰਮਤਿ ਗੇਮਾਂ, ਵੀਡੀਉ ਕਲਿਪਜ਼ ਰਾਹੀਂ ਸਿੱਖ ਵਿਰਸੇ ਨਾਲ ਜੋੜਿਆ।

ਕੈਂਪਰਜ਼ ਨੂੰ ਪੰਜਾਬੀ ਟਾਇਪਿੰਗ ਸਿਖਲਾਈ, ਫੈਬਰਿਕ ਪੇਂਟਿਗ, ਗੁਰਬਾਣੀ ਕੀਰਤਨ, ਦਸਤਾਰ ਸਿਖਲਾਈ, ਕਵਿਤਾਵਾਂ, ਲੈਕਚਰ ਆਦਿ ਦੀ ਟ੍ਰੇਨਿੰਗ ਵੀ ਦਿੱਤੀ ਗਈ। ਇਸ ਤੋਂ ਇਲਾਵਾ ਸਿਹਤ ਸਬੰਧੀ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਿਸ ਵਿਚ ਦੰਦਾ ਦੇ ਮਾਹਰ ਡਾ. ਆਤਮਜੀਤ ਸਿੰਘ ਅਤੇ ਸਿਹਤ ਸੰਭਾਲ ’ਤੇ ਡਾ. ਇੰਦਰਪ੍ਰੀਤ ਕੌਰ ਨੇ ਬੱਚਿਆਂ ਨੂੰ ਖੋਜ ਭਰਪੂਰ ਜਾਣਕਾਰੀ ਦਿੰਦਿਆਂ ਸੇਵਾ ਨਿਭਾਈ। ਕੈਂਪ ਵਿਚ ਬੱਚਿਆਂ ਨੂੰ ਪੜਾਉਣ ਦੀ ਸੇਵਾ ਸ. ਬਲਦੇਵ ਸਿੰਘ, ਇੰਦਰਪ੍ਰੀਤ ਸਿੰਘ, ਸਤਪਾਲ ਸਿੰਘ ਦੁੱਗਰੀ, ਬੀਬੀ ਹਮੀਰ ਕੌਰ, ਸ. ਜਗਜੀਤ ਸਿੰਘ ਖਾਲਸਾ, ਬੀਬੀ ਰਵਿੰਦਰ ਕੌਰ, ਬੀਬੀ ਨਿੰਮੀਦਰਜੀਤ ਕੌਰ, ਬੀਬੀ ਗੁਰਲੀਨ ਕੌਰ, ਬੀਬੀ ਜਗਜੀਤ ਕੌਰ, ਸ.ਮਨਦੀਪ ਸਿੰਘ, ਸ. ਮਨੋਹਰ ਸਿੰਘ, ਸ. ਪ੍ਰਭਦੀਪ ਸਿੰਘ ਆਦਿ ਵੀਰਾਂ ਭੈਣਾਂ ਨੇ ਵੱਧ ਚੜ੍ਹ ਕੇ ਨਿਭਾਈ। ਇਸ ਤੋਂ ਇਲਾਵਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਾਇਆ ਨਗਰ ਦੇ ਮੁੱਖ ਸੇਵਾਦਾਰ ਸ. ਰਣਜੀਤ ਸਿੰਘ ਨੇ ਵੀ ਇਸ ਕੈਂਪ ਵਿਚ ਭਰਪੂਰ ਸਹਿਯੋਗ ਦਿੱਤਾ। ਕੈਂਪ ਦੇ ਅੰਤਲੇ ਦਿਨ ਰੱਖੇ ਗੁਰਮਤਿ ਸਮਾਗਮ ਵਿਚ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਹਿੱਸਾ ਲਿਆ ਜਿਸ ਵਿਚ ਬੱਚਿਆਂ ਵੱਲੋਂ ਕੈਂਪ ਵਿਚ ਲਈ ਗਈ ਸਿੱਖਿਆ ਨੂੰ ਸਟੇਜ ’ਤੇ ਸੰਗਤਾਂ ਸਾਹਮਣੇ ਪੇਸ਼ ਕਰਦਿਆਂ ਪਾਖੰਡੀ ਬਾਬਿਆਂ ਦਾ ਪਾਜ਼ ਉਘੇੜਦੀ ਸਕਿਟ ਵਿਖਾਈ ਜਿਸ ਦੀ ਤਿਆਰੀ ਵੀਰ ਸਤਪਾਲ ਸਿੰਘ ਦੁਗਰੀ ਨੇ ਕਰਵਾਈ। ਇਸ ਤੋਂ ਇਲਾਵਾ ਕਵਿਤਾ ਮੁਕਾਬਲੇ, ਗੁਰਬਾਣੀ ਕੀਰਤਨ, ਲੈਕਚਰ, ਸੋਹਣੀ ਦਸਤਾਰ ਪ੍ਰਦਰਸ਼ਨੀ, ਆਦਿ ਦਾ ਪ੍ਰਦਰਸ਼ਨ ਕੈਂਪਰਜ਼ ਵੱਲੋਂ ਕੀਤਾ ਗਿਆ।

ਕੈਂਪ ਵਿਚ ਫੈਬਰਿਕ ਪੇਂਟਿਗ ਅਤੇ ਕਰਾਫਟ ਦੀ ਸਿੱਖਿਆ ਲੈਣ ਵਾਲੇ ਬੱਚਿਆਂ ਨੇ ਅੰਤਲੇ ਦਿਨ ਬਣਾਈ ਗਈ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਾਈ ਜਿਸ ਨੂੰ ਸੰਗਤਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਕੈਂਪ ਵਿਚ ਸੀਨੀਅਰ ਗਰੁੱਪ ਵਿਚੋਂ ਬੈਸਟ ਕੈਂਪਰ ਦਾ ਐਵਾਰਡ ਹਰਮਨਜੋਤ ਕੌਰ, ਰਣਬੀਰ ਸਿੰਘ ਅਤੇ ਜੂਨੀਅਰ ਗਰੁੱਪ ਵਿਚ ਖੁਸ਼ਲੀਨ ਕੌਰ ਅਤੇ ਮਨਦੀਪ ਸਿੰਘ ਨੂੰ ਦਿੱਤਾ ਗਿਆ। ਸੋਹਣੀ ਦਸਤਾਰ ਮੁਕਾਬਲੇ ਵਿਚ ਰਸ਼ਮੀਤ ਕੌਰ ਅਤੇ ਮਨਪ੍ਰੀਤ ਸਿੰਘ ਜੇਤੂ ਰਹੇ। ਗੁਰਮਤਿ ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਬੀਬੀ ਹਰਬੰਸ ਕੌਰ ਨੇ ਨਿਭਾਈ। ਅੰਤ ਵਿਚ ਗੁਰਮਤਿ ਪ੍ਰਚਾਰ ਕੌਂਸਲ ਦੇ ਮੁਖੀ ਸ. ਜਗਜੀਤ ਸਿੰਘ ਖਾਲਸਾ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਵਿਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ, ਸਨਮਾਨ ਨਿਸ਼ਾਨੀ ਅਤੇ ਗੁਰਮਤਿ ਸਾਹਿਤ, ਸੀ.ਡੀਜ਼, ਅਤੇ ਗੇਮਾਂ ਦੀ ਆਕਰਸ਼ਕ ਕਿਟ ਇਨਾਮ ਵੱਜੋਂ ਦਿੱਤੀ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top