Share on Facebook

Main News Page

ਕੀ ਸ਼ਹੀਦ ਸਿੰਘ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਉਡੀਕ ਰਹੇ ਨੇ?: ਭਾਈ ਲਖਬੀਰ ਸਿੰਘ

* ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਤਾ ਦੇ ਪੇਟੋਂ ਜਨਮ ਲਿਆ ਪਰ ਇਹ ਮਹਾਂਪੁਰਸ਼ਾਂ ਅਨੁਸਾਰ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ
* ਧੰਨ ਹਨ ਇਹ ਮਹਾਂਪੁਰਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਪਾਠ ਨਹੀਂ ਕਰ ਸਕਦੀ
* ਕੀ ਕਦੀ ਸੋਚਿਆ ਹੈ ਕਿ ਪਿਤਾ ਦੀ ਕੁਰਬਾਨੀ ਹਿੰਦੂਆਂ ਨੇ ਭੁਲਾ ਦਿੱਤੀ ਤੇ ਪੁੱਤਰਾਂ ਦੀ ਕੁਰਬਾਨੀ ਸਿੱਖਾਂ ਨੇ ਭੁਲਾ ਦਿੱਤੀ ਹੈ
* ਯਾਦ ਰੱਖੋ ਖ਼ਾਲਸਾ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿਖਿਆ ਅਪਣਾ ਕੇ ਅਤੇ ਛੋਟੇ ਸਾਹਿਬਜ਼ਾਦਿਆ ਵਰਗੀ ਦ੍ਰਿੜਤਾ ਅਪਣਾ ਕੇ ਆਵੇਗਾ ਤੇ ਨਿਸ਼ਾਨ ਸਾਹਿਬ ਝੂਲਣਗੇ ਨਾ ਕਿ ਇਨ੍ਹਾਂ ਝੂਠ ਦੇ ਅਧਾਰਤ ਸੁਣਾਈਆਂ ਗਈਆਂ ਸਾਖੀਆਂ ਨਾਲ

ਬਠਿੰਡਾ, 14 ਜੂਨ (ਕਿਰਪਾਲ ਸਿੰਘ): ਕੀ ਸ਼ਹੀਦ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਉਡੀਕਦੇ ਹਨ? ਇਹ ਸ਼ਬਦ www.khalsanews.org ’ਤੇ ਪਾਈ ਇੱਕ ਵੀਡੀਓ ਵਿੱਚ ਕਥਾਵਾਚਕ ਭਾਈ ਲਖਵਿੰਦਰ ਸਿੰਘ ਟਰਾਂਟੋ ਨੇ ਕਹੇ। ਉਨ੍ਹਾਂ ਬਿਨਾਂ ਨਾਮ ਲਿਆਂ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਏਹੋ ਜੇਹਾ ਝੂਠ ਸੁਣਾਇਆ ਜਾ ਰਿਹਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਕਦੀ ਵੀ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਹ ਕਥਾਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਮਹਾਂਪੁਰਸ਼ ਦਾ ਹਵਾਲਾ ਦੇ ਕੇ ਸੁਣਾ ਰਿਹਾ ਹੈ ਕਿ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਧਰਤੀ ਹੇਠ ਇੱਕ ਸੁੰਰਗ ਵਿੱਚ ਬੈਠੇ ਉਨ੍ਹਾਂ ਦੇ ਮਹਾਂਪੁਰਸ਼ ਨੂੰ ਮਿਲੇ ਸਨ ਤੇ ਉਨ੍ਹਾਂ ਅਨੁਸਾਰ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਆਇਆ ਤਾਂ ਉਹ ਇੱਥੋਂ ਹੀ ਜੈਕਾਰੇ ਛੱਡ ਕੇ ਖ਼ਾਲਸਾ ਰਾਜ ਕਾਇਮ ਕਰ ਦੇਣਗੇ। ਉਸ ਮਹਾਂਪੁਰਸ਼ ਅਨੁਸਾਰ ਉਹ ਸ਼ਹੀਦ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ ਬਲਕਿ ਸਿੱਧਾ ਇਸ ਸੁੰਰਗ ਵਿਚੋਂ ਹੀ ਪ੍ਰਗਟ ਹੋ ਕੇ ਧਰਤੀ ’ਤੇ ਆ ਕੇ ਖ਼ਾਲਸਾ ਰਾਜ ਕਾਇਮ ਕਰ ਦੇਣਗੇ।

ਭਾਈ ਲਖਬੀਰ ਸਿੰਘ ਨੇ ਕਿਹਾ, ਕਿਆ ਕਹਿਣੇ ਹਨ ਇਨ੍ਹਾਂ ਮਹਾਂਪੁਰਸ਼ਾਂ ਦੇ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮਾਤਾ ਦੇ ਪੇਟੋਂ ਜਨਮ ਲਿਆ ਪਰ ਇਹ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਮਾਤਾ ਦੇ ਪੇਟੋਂ ਜਨਮ ਨਹੀਂ ਲੈਣਗੇ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 252 ’ਤੇ ਫੁਰਮਾਨ ਹੈ: ’ਏਕਹਿ ਆਵਨ ਫਿਰਿ ਜੋਨਿ ਨ ਆਇਆ ॥ ਨਾਨਕ ਹਰਿ ਕੈ ਦਰਸਿ ਸਮਾਇਆ ॥13॥’ ਭਾਵ ਜੋ ਮਨੁੱਖ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ, (ਜਗਤ ਵਿਚ) ਉਸ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ ।13। ਪਰ ਉਨ੍ਹਾਂ ਸ਼ਹੀਦਾਂ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦਿਆਂ ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਦੇ ਹਾਂ, ’ਬੋਲੋ ਜੀ ਵਾਹਿਗੁਰੂ’, ਇਹ ਸੰਤ ਦੱਸ ਰਹੇ ਹਨ ਕਿ ਉਹ ਵੀ ਸੱਚਖੰਡ ਨਹੀਂ ਗਏ ਭਾਵ ਪ੍ਰਮਾਤਮਾ ਵਿੱਚ ਲੀਨ ਨਹੀਂ ਹੋਏ ਬਲਕਿ ਧਰਤੀ ਹੇਠਾਂ ਇੱਕ ਸੁੰਰਗ ਵਿੱਚ ਬੈਠੇ ਗੁਰੂ ਸਾਹਿਬ ਜੀ ਦਾ ਹੁਕਮ ਉਡੀਕ ਰਹੇ ਹਨ। ਉਨ੍ਹਾਂ ਕਿਹਾ ਜਿਸ ਸਮੇਂ ਸੈਂਕੜੇ ਮੀਲ ਦੂਰ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਬੈਠੇ ਬਾਬਾ ਦੀਪ ਸਿੰਘ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਹੋਣ ਸਬੰਧੀ ਸੁਣਿਆ ਸੀ ਉਸ ਸਮੇਂ ਤਾਂ ਉਨ੍ਹਾਂ ਗੁਰੂ ਸਾਹਿਬ ਜੀ ਦਾ ਉਡੀਕਿਆ ਨਾ ਤੇ ਆਪ ਹੀ ਖੰਡੇ ਨਾਲ ਲਕੀਰ ਖਿੱਚ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਤੇ ਦਰਬਾਰ ਸਾਹਿਬ ਜੀ ਨੂੰ ਅਜ਼ਾਦ ਕਰਵਾਉਂਦੇ ਹੋਏ ਸ਼ਹੀਦੀ ਪਾ ਗਏ। ਕੀ ਹੁਣ 1984 ਵਿੱਚ ਉਸ ਸਮੇਂ ਨਾਲੋਂ ਹਾਲਾਤ ਕੁਝ ਵਖਰੇ ਸਨ? ਉਸ ਸਮੇਂ ਤੋਂ ਇਹ ਸ਼ਹੀਦ ਕਿਸ ਦਾ ਹੁਕਮ ਉਡੀਕ ਰਹੇ ਹਨ। ਭਾਈ ਲਖਬੀਰ ਸਿੰਘ ਨੇ ਕਿਹਾ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀਆਂ ਗੱਲਾਂ ਦੱਸੇ ਉਸ ਸਮੇਂ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਛੋਡੋ ਜੀ, ਇਹ ਤਾਂ ਕਿਤਾਬੀ ਗੱਲਾਂ ਹਨ ਪਰ ਜਦੋਂ ਕੋਈ ਅਜੇਹੀਆਂ ਝੂਠੀਆਂ ਕਹਾਣੀਆਂ ਸੁਣਾਵੇ ਉਸ ਸਮੇ ਕਿਹਾ ਜਾਂਦਾ ਹੈ ਜੀ ਇਹ ਤਾਂ ਬ੍ਰਹਮ ਦੀਆਂ ਗੱਲਾਂ ਹਨ। ਇਹ ਹਰ ਇੱਕ ਦੇ ਸਮਝ ਵਿੱਚ ਆਉਣ ਵਾਲੀਆਂ ਨਹੀਂ ਹਨ।

ਭਾਈ ਲਖਬੀਰ ਸਿੰਘ ਨੇ ਕਿਹਾ ਆਪਣਾ ਇਤਿਹਾਸ ਪੜ੍ਹ ਕੇ ਵੇਖੋ ਗੁਰੂ ਹਰਿਗੋਬਿੰਦ ਸਾਹਿਬ ਜੀ ਤਾਂ ਆਪਣੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਸੀਸ ਦੇਵੋ ਕਿ ਉਨ੍ਹਾਂ ਦੇ ਘਰ ਪੁੱਤਰੀ ਦਾ ਜਨਮ ਹੋਵੇ ਪਰ ਅੱਜ ਗੁਰੂ ਕੇ ਸਿੱਖ ਅਖਵਾਉਣ ਵਾਲੇ ਇਸਤਰੀ ਜਾਤੀ ਨੂੰ ਇੰਨੀ ਨਫ਼ਰਤ ਕਰਨ ਲੱਗ ਪਏ ਹਨ, ਉਹ ਆਖ ਰਹੇ ਹਨ ਇਸਤਰੀ ਅਪਵਿੱਤਰ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੀ, ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਧੰਨ ਹਨ ਇਹ ਮਹਾਂਪੁਰਸ਼ ਜਿਹੜੇ ਆਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਪਾਠ ਨਹੀਂ ਕਰ ਸਕਦੀ। ਇਹ ਧਰਮ ਪ੍ਰਚਾਰਕ ਤਾਂ ਪਵਿੱਤਰ ਬਣ ਗਏ ਪਰ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਕਲੰਕਣ ਹੀ ਰਹਿ ਗਈ। ਉਨ੍ਹਾਂ ਕਿਹਾ ਇਨ੍ਹਾਂ ਸੰਤਾਂ ਦੀ ਬਦੌਲਤ ਔਰਤ ਨੂੰ ਘਟੀਆ ਸਮਝਦੇ ਹੋਏ ਅੱਜ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਹਫਤੇ ਦੀ ਖ਼ਬਰ ਅਨੁਸਾਰ ਪੰਜਾਬ ਦੀ ਧਰਤੀ, ਜਿੱਥੇ ਸਟੇਜਾਂ ’ਤੇ ਇਹ ਸਾਖੀਆਂ ਆਮ ਹੀ ਸੁਣਾਈਆਂ ਜਾਂਦੀਆਂ ਹਨ, ਉੱਥੇ ਹੀ ਸਭ ਤੋਂ ਵੱਧ ਅਨਰਥ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚੋਂ ਵੀ ਇੱਥੇ ਆ ਕੇ ਧੀਆਂ ਮਾਰਨ ਦਾ ਇਹ ਕੁਕਰਮ ਕੀਤਾ ਜਾ ਰਿਹਾ ਹੈ। ਇਤਿਹਾਸਕ ਸਾਖੀ ਸੁਣਾਉਂਦੇ ਹੋਏ ਭਾਈ ਲਖਬੀਰ ਸਿੰਘ ਨੇ ਕਿਹਾ ਭਾਈ ਸਾਧੂ ਅਤੇ ਭਾਈ ਰੂਪਾ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ ਜੋ ਬਹੁਤ ਸੇਵਾ ਕਰਿਆ ਕਰਦੇ ਸਨ। ਭਾਈ ਰੂਪਾ ਜੀ ਦੀ ਬਹੁਤ ਲੰਬੀ ਉਮਰ ਸੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਵੀ ਸੇਵਾ ਕਰਦੇ ਰਹੇ। ਇੱਕ ਦਿਨ ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਕਹਿਣ ਲੱਗੇ ਭਾਈ ਰੂਪਾ! ਮੈਂ ਤੁਹਾਡੇ ’ਤੇ ਬਹੁਤ ਖੁਸ਼ ਹਾਂ, ਜੋ ਤੁਹਾਡਾ ਚਿੱਤ ਕਰਦਾ ਹੈ ਉਹ ਮੰਗ ਲੈ। ਪਹਿਲਾਂ ਤਾਂ ਭਾਈ ਰੂਪਾ ਜੀ ਕਹਿਣ ਲੱਗੇ ਗੁਰੂ ਜੀ ਤੁਹਾਡੀ ਬਖ਼ਸ਼ਿਸ਼ ਹੈ, ਸਭ ਕੁਝ ਹੈ, ਕੋਈ ਮੰਗਣ ਵਾਲੀ ਚੀਜ਼ ਰਹਿ ਹੀ ਨਹੀਂ ਗਈ। ਪਰ ਗੁਰੂ ਸਾਹਿਬ ਜੀ ਦੇ ਵਾਰ ਵਾਰ ਜ਼ੋਰ ਦੇਣ ’ਤੇ ਕਹਿਣ ਲੱਗੇ ਮੈਂ ਘਰ ਸਲਾਹ ਕਰ ਆਵਾਂ ਕਿ ਕਿਹੜੀ ਚੀਜ਼ ਦੀ ਲੋੜ ਹੈ। ਘਰ ਜਾ ਕੇ ਸ਼ਰੀਕੇ ਕਬੀਲੇ, ਭਰਾ, ਪਤਨੀ ਅਤੇ ਆਪਣੀ ਬੱਚੀ ਤੋਂ ਪੁੱਛਿਆ ਕਿ ਗੁਰੂ ਸਾਹਿਬ ਜੀ ਤਰੁੱਠੇ ਹਨ, ਦੱਸੋ ਕੀ ਮੰਗਿਆ ਜਾਵੇ? ਸਾਰੇ ਆਪੋ ਆਪਣੀਆਂ ਸਲਾਹਾਂ ਦੇਣ ਲੱਗੇ, ਕੋਈ ਕਹੇ ਫੌਜਾਂ ਮੰਗ ਲਵੋ ਇਲਾਕੇ ਦਾ ਚੌਧਰੀ ਬਣ ਕੇ ਬੈਠ ਜਾਵਾਂਗੇ, ਕੋਈ ਕਹੇ 4 ਖੂਹ ਮੰਗ ਲਵੋ, ਕੋਈ ਕਹੇ ਜ਼ਮੀਨ ਮੰਗ ਲਵੋ। ਪਰ ਛੋਟੀ ਬੱਚੀ ਨੇ ਕਿਹਾ ਕਿ ਜੇ ਗੁਰੂ ਸਾਹਿਬ ਜੀ ਤਰੁੱਠੇ ਹਨ ਤਾਂ ਉਨ੍ਹਾਂ ਤੋਂ ਇਹ ਵਰ ਮੰਗ ਲਵੋ ਕਿ ਸਾਡੇ ਘਰ ਜੋ ਆਵੇ ਉਹ ਤ੍ਰਿਪਤ ਹੋ ਕੇ ਜਾਵੇ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਨਾ ਜਾਤੀ ਵਿਤਕਰਾ ਹੈ ਅਤੇ ਨਾ ਹੀ ਜਿਨਸੀ। ਇੱਥੇ ਇਕ ਸਮਾਨ ਸਾਰਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਿੱਖਿਆ ਦਾ ਹੀ ਅਸਰ ਸੀ ਕਿ ਜਿਸ ਸਮੇਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਭੇਜਦੀ ਹੈ ਤਾਂ ਉਨ੍ਹਾਂ ਨੂੰ ਚੇਤੇ ਕਰਵਾਉਂਦੀ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ, ਗੁਰੂ ਤੇਗ ਬਹਾਦਰ ਜੀ ਪੋਤਰੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਖ਼ਾਨਦਾਨ ਵਿੱਚੋਂ ਹੋ, ਵੇਖਣਾ ਕਦੀ ਡੋਲ ਨਾ ਜਾਣਾ। ਅੱਗੋਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਮਾਤਾ ਜੀ ਅਸੀਂ ਤੁਹਾਡੀ ਬਹੁਤ ਸਿਖਿਆ ਸੁਣੀ ਹੈ ਹੁਣ ਤੂੰ ਸਾਡੀ ਸੁਣ ਕਿ ਸਾਨੂੰ ਪਤਾ ਹੈ ਕਿ ਅਸੀਂ ਓਸ ਖ਼ਾਨਦਾਨ ਵਿੱਚੋਂ ਹਾਂ ਜਿਸ ਦੀ ਰੀਤ ਹੈ: ’ਸੀਸ ਦੀਆ ਪਰ ਸਿਰੜ ਨਾ ਜਾਈ’। ਉਨ੍ਹਾਂ ਸਾਹਿਬਜ਼ਾਦਿਆਂ ਨੇ ਇਹ ਗੱਲ ਸਿਰਫ ਮਾਤਾ ਜੀ ਨੂੰ ਹੀ ਨਹੀਂ ਕਹੀ ਬਲਕਿ ਸੂਬੇ ਦੀ ਕਚਹਿਰੀ ਵਿੱਚ ਵੀ ਜਾ ਕੇ ਕਹੀ ਕਿ ਸਾਡੇ ਖ਼ਾਨਦਾਨ ਦੀ ਰੀਤ ਹੈ ਕਿ ਅਸੀਂ ਧਰਮ ਹੇਤ ਸ਼ਹੀਦ ਤਾਂ ਹੋ ਸਕਦੇ ਹਾਂ ਪਰ ਸਿੱਖੀ ਸਿਦਕ ਤੋਂ ਨਹੀਂ ਡੋਲ ਸਕਦੇ ਹਾਂ।

ਭਾਈ ਲਖਬੀਰ ਸਿੰਘ ਨੇ ਕਿਹਾ ਕਿ ਅਸੀਂ ਆਮ ਤੌਰ ’ਤੇ ਹਿੰਦੂਆਂ ਨੂੰ ਤਾਂ ਕਹਿ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗਬਹਾਦਰ ਜੀ ਨੂੰ ਤੁਹਾਡੇ ਲਈ ਸ਼ਹੀਦ ਕਰਵਾਇਆ ਪਰ ਤੁਸੀਂ ਉਨ੍ਹਾਂ ਦਾ ਅਹਿਸਾਨ ਭੁੱਲ ਗਏ ਹੋ। ਪਰ ਆਪ ਕਦੀ ਚੇਤਾ ਰੱਖਿਆ ਹੈ ਕਿ ਸਾਹਿਬਜ਼ਾਦੇ ਕਿਸ ਲਈ ਸ਼ਹੀਦ ਕਰਵਾਏ। ਕੀ ਉਨ੍ਹਾਂ ਨੇ ਆਪਣੇ ਪੁੱਤਰ ਸਾਡੇ ਲਈ ਸ਼ਹੀਦ ਕਰਵਾ ਕੇ, ਸਾਡੇ ਵੱਲ ਈਸ਼ਾਰਾ ਕਰਕੇ ਨਹੀਂ ਸੀ ਆਖਿਆ ’ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤਉ ਕਿਆ ਭਇਆ ਜੀਵਤ ਕਈ ਹਜ਼ਾਰ’। ਇਹ ਸ਼ਬਦ ਸਟੇਜਾਂ ’ਤੇ ਕਈ ਵਾਰ ਸੁਣਨ ਅਤੇ ਸੁਣਾਉਣ ਵਾਲਿਓ ਕਦੀ ਮਾਤਾ ਗੁਜਰੀ ਜੀ ਵਲੋਂ ਛੋਟੇ ਸਾਬਿਜ਼ਾਦਿਆਂ ਨੂੰ ਦਿੱਤੀ ਗਈ ਸਿਖਿਆ ਆਪਣੇ ਬੱਚਿਆਂ ਨੂੰ ਵੀ ਦਿੱਤੀ ਹੈ। ਜਦੋਂ ਬੱਚੇ ਗੁਰਦੁਆਰੇ ਲੈ ਕੇ ਜਾਂਦੇ ਹੋ ਤਾਂ ਉਨ੍ਹਾਂ ਨੂੰ ਤਾਂ ਕਦੀ ਇਹ ਵੀ ਸਿਖਿਆ ਨਹੀਂ ਦਿੱਤੀ ਜਾਂਦੀ ਕਿ ਗੁਰਦੁਆਰੇ ਕਾਹਦੇ ਵਾਸਤੇ ਜਾਂਦੇ ਹੋ? ਉੱਥੇ ਕਿਸ ਤਰ੍ਹਾਂ ਬੈਠਣਾ ਹੈ, ਕੀ ਸੁਣਨਾ ਹੈ, ਕੀ ਮੰਗਣਾ ਹੈ। ਜਦੋਂ ਤੁਹਾਡੇ ਨਾਲ ਬੱਚੇ ਗੁਰਦੁਆਰੇ ਗਏ ਗੁਰੂ ਗੋਬਿੰਦ ਸਿੰਘ ਜੀ ਵੇਖਦੇ ਹੋਣਗੇ ਕਿ ਇਹ ਮੇਰੇ ਸਾਹਿਬਜ਼ਾਦੇ ਆਏ ਹਨ। ਕੀ ਕਦੀ ਸੋਚਿਆ ਹੈ ਕਿ ਆਪਣੇ ਇਨ੍ਹਾਂ ਬੱਚਿਆਂ ਨੂੰ ਵੀ ਛੋਟੇ ਸਾਹਿਬਜ਼ਾਦਿਆਂ ਵਾਲੀ ਸਿੱਖਿਆ ਦਿੱਤੀ ਹੈ, ਕੀ ਉਨ੍ਹਾਂ ਦੀ ਸ਼ਕਲ ਵੀ ਸਾਹਿਬਜ਼ਾਦਿਆਂ ਨਾਲ ਮਿਲਦੀ ਹੈ? ਕੀ ਕਦੀ ਸੋਚਿਆ ਹੈ ਕਿ ਪਿਤਾ ਦੀ ਕੁਰਬਾਨੀ ਹਿੰਦੂਆਂ ਨੇ ਭੁਲਾ ਦਿੱਤੀ ਤੇ ਪੁਤਰਾਂ ਦੀ ਕੁਰਬਾਨੀ ਸਿੱਖਾਂ ਨੇ ਭੁਲਾ ਦਿੱਤੀ ਹੈ।

ਭਾਈ ਲਖਬੀਰ ਸਿੰਘ ਨੇ ਕਿਹਾ ਉਸ ਤਰ੍ਹਾਂ ਤਾਂ ਬੜੇ ਜੋਸ਼ ਵਿੱਚ ਆ ਕੇ ਨਾਹਰੇ ਲਾਏ ਜਾਂਦੇ ਹਨ, ’ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’, ’ਝੁੂਲਤੇ ਨਿਸ਼ਾਨ ਰਹੇਂਗੇ ਪੰਥ ਮਹਾਰਾਜ ਕੇ’ ਪਰ ਯਾਦ ਰੱਖੋ ਖ਼ਾਲਸਾ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿਖਿਆ ਅਪਣਾ ਕੇ ਅਤੇ ਛੋਟੇ ਸਾਹਿਬਜ਼ਾਦਿਆ ਵਰਗੀ ਦ੍ਰਿੜਤਾ ਅਪਣਾ ਕੇ ਆਵੇਗਾ ਤੇ ਨਿਸ਼ਾਨ ਸਾਹਿਬ ਝੂਲਣਗੇ ਨਾ ਕਿ ਇਨ੍ਹਾਂ ਝੂਠ ਦੇ ਅਧਾਰਤ ਸੁਣਾਈਆਂ ਗਈਆਂ ਸਾਖੀਆਂ ਨਾਲ। ਇਹ ਦੱਸਣਯੋਗ ਹੈ ਕਿ ਭਾਈ ਲਖਬੀਰ ਸਿੰਘ ਨੇ ਬੇਸ਼ੱਕ ਉਕਤ ਕਥਾਕਾਰ ਦਾ ਨਾਮ ਨਹੀਂ ਲਿਆ ਪਰ ਇੰਟਰਨੈੱਟ ’ਤੇ ਵੇਖਣ ਉਪ੍ਰੰਤ ਪਤਾ ਲਗਾ ਕਿ ਝੂਠ ਸੁਣਾਉਣ ਵਾਲਾ ਇਹ ਕਥਾਕਾਰ ਸੰਤ ਸਮਾਜ ਦੇ ਉੱਘੇ ਆਗੂ ਹਰੀ ਸਿੰਘ ਰੰਧਾਵੇ ਵਾਲਾ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ- ’’ਸੱਚ ਖੰਡ ਵਾਸੀ ਵਿਦਿਆ ਮਾਰਤੰਡ ਮਹਾਂ ਪੁਰਸ਼ ਬ੍ਰਹਮਗਿਆਨੀ ਸੰਤ’’ ਗੁਰਬਚਨ ਸਿੰਘ ਭਿੰਡਰਾਂਵਾਲੇ ਇੱਕ ਦਿਨ ਆਪਣੇ ਰੰਗ ਵਿੱਚ ਆਏ ਉਹ ਕੁਝ ਸੁਣਾ ਗਏ ਜਿਹੜਾ ਕਿ ਕਾਫੀ ਸਮੇਂ ਤੋਂ ਉਹ ਸੁਣਾਉਣਾ ਨਹੀਂ ਸੀ ਚਾਹੁੰਦੇ। ਜਦੋਂ ਮਹਾਂਪੁਰਸ਼ ਉਕਤ ਕਥਾ ਸੁਣਾ ਰਹੇ ਸਨ ਤਾਂ ਸੰਤ ਗਿਆਨੀ ਮੋਹਨ ਸਿੰਘ ਨਾਲੋ ਨਾਲ ਲਿਖਦੇ ਗਏ।

ਹਰੀ ਸਿੰਘ ਵਲੋਂ ਕੀਤੀ ਇਹ ਕਥਾ ਲਿੰਕ http://www.khalsanews.org/newspics/2011/05May2011/30%20May%2011/30%20May%2011%20Harry%20Randhawa%20videos.htm ’ਤੇ ਹੁਣ ਵੀ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top