Share on Facebook

Main News Page

ਕੇ.ਪੀ. ਐਸ. ਗਿੱਲ ਨੂੰ ਕਟਹਿਰੇ ’ਚ ਖੜਾ ਕਰ ਕੇ ਰਹਾਂਗੇ: ਨਵਕਿਰਨ ਕੌਰ

ਐਡਮਿੰਟਨ : ‘ਜਸਵੰਤ ਸਿੰਘ ਖਾਲੜਾ ਦੀ ਧੀ ਨਵਕਿਰਨ ਕੌਰ ਖਾਲੜਾ ਨੇ ਸਿੱਖ ਚਿੰਤਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸੰਨ 1984 ਦੇ ਕਤਲੇਆਮ ’ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਅਜੇ ਵੀ ਇਨਸਾਫ਼ ਨਹੀਂ ਮਿਲਿਆ। ਇਨਸਾਫ਼ ਦੇਣ ਦੀ ਬਜਾਏ ਪੁਲਿਸ ਅਤੇ ਉਥੋਂ ਦੀ ਸਰਕਾਰ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਅਪਣੇ ਪਿਤਾ ਦੀ ਮੌਤ ਦਾ ਅਤੇ ਪੁਲਿਸ ਦੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਨਵਕਿਰਨ ਨੇ ਸਾਬਕਾ ਪੁਲਿਸ ਮੁਖੀ ਕੇ.ਪੀ. ਐਸ. ਗਿੱਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕੇ.ਪੀ. ਐਸ. ਗਿੱਲ ਨੂੰ ਕਟਹਿਰੇ ’ਚ ਖੜਾ ਕਰਨਗੇ। ਉਨ੍ਹਾਂ ਕਿਹਾ ਕਿ 27 ਸਾਲ ਬੀਤ ਜਾਣ ਦੇ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਸੰਨ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ’ਚ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਅਤੇ ਨਸ਼ੇ ’ਚ ਡੁੱਬ ਰਹੀਆਂ ਜਵਾਨੀਆਂ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਇਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਅਤੇ ਸਿੱਖ ਫ਼ੈਡਰੇਸ਼ਨ ਆਫ਼ ਐਡਮਿੰਟਨ ਵਲੋਂ ਇਥੋਂ ਦੇ ਮਹਾਰਾਜਾ ਬੈਂਨਕੁਇਟ ਹਾਲ ਵਿਚ 84 ਕਤਲੇਆਮ ਵਿਚ ਮਾਰੇ ਗਏ ਲੋਕਾਂ ਦੀ ਯਾਦ ’ਚ ਕਰਵਾਏ ਗਏ ਸਮਾਰੋਹ ਦੌਰਾਨ ਨਵਕਿਰਨ ਕੌਰ ਖਾਲੜਾ ਨੇ ਦਸਿਆ ਕਿ ਉਨ੍ਹਾਂ ਨੇ 16 ਵਰ੍ਹੇ ਅਪਣੇ ਪਿਤਾ ਦਾ ਕੇਸ ਲੜਿਆ। ਇਸ ਮੌਕੇ ਮਨੁੱਖੀ ਅਧਿਕਾਰ ਸੰਸਥਾ ਦੇ ਕਾਰਕੁਨ ਅਤੇ ਉਘੇ ਵਕੀਲ ਕੋਲੀਨ ਗੌਨਸਾਲੇਵਿਸ ਨੇ ਕੈਨੇਡਾ ’ਚ ਵਸਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਕੁੱਝ ਸਮੇਂ ਲਈ ਪੰਜਾਬ ਜ਼ਰੂਰ ਲਿਜਾਣ ਕਿਉਂਕਿ ਉਥੋਂ ਬਾਰੇ ਜਾਣਕਾਰੀ ਹਾਸਲ ਕਰਨੀ ਉਨ੍ਹਾਂ ਦੀ ਪੜ੍ਹਾਈ ਦਾ ਇਕ ਹਿੱਸਾ ਹੈ। ਇਸ ਦੌਰਾਨ ਉਨ੍ਹਾਂ ਆਤਮ ਹਤਿਆਵਾਂ ਅਤੇ ਹੋਰ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ’ਚ ਨਾ ਹੀ ਬੀ.ਜੇ.ਪੀ. ਤੇ ਨਾ ਹੀ ਕਾਂਗਰਸੀਆਂ ਨੇ ਕਿਸੇ ਦਾ ਭਲਾ ਕੀਤਾ ਬਲਕਿ ਲੋਕ ਤੀਜਾ ਬਦਲ ਚਾਹੁੰਦੇ ਹਨ। ਇਸ ਦੌਰਾਨ ਮਨੁੱਖੀ ਅਧਿਕਾਰ ਸੰਸਥਾ ਦੇ ਅਣਥੱਕ ਕਾਰਕੁਨ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਅਤੇ ਸਿੱਖ ਫ਼ੈਡਰੇਸ਼ਨ ਆਫ਼ ਐਡਮਿੰਟਨ ਦੇ ਅਹੁਦੇਦਾਰਾਂ ਕਰਨੈਲ ਸਿੰਘ ਦਿਉਲ, ਲਖਵਿੰਦਰ ਸਿੰਘ ਅਟਵਾਲ, ਜਸਬੀਰ ਸਿੰਘ ਨੇ ਕੋਲੀਨ ਗੌਨਸਾਲੇਵਿਸ ਨੂੰ ਸਨਮਾਨਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top