Share on Facebook

Main News Page

ਕੌਮ ਦਾ ਸਰਮਾਇਆ ਗੁਰਦਵਾਰਿਆਂ ਉਤੇ ਥੱਪਣ ਦਾ ਸਿਲਸਿਲਾ ਜਾਰੀ

ਨਵੀਂ ਦਿੱਲੀ, 12ਜੂਨ (ਅਮਨਦੀਪ ਸਿੰਘ) : ਦਿੱਲੀ ਦੀ ਸਿੱਖ ਰਾਜਨੀਤੀ ਵਿਚ ਉਬਾਲ ਲਿਆਉਣ ਵਾਲੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ 350 ਕਰੋੜ ਦੀ ਲਾਗਤ ਵਾਲੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖ ਕੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਇਸ ਗੱਲ ਦਾ ਸਾਫ਼ ਸੰਕੇਤ ਦੇ ਦਿਤਾ ਹੈ ਕਿ ਕਾਂਗਰਸ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਸੰਭਾਵੀ ਚੋਣਾਂ ਵਿਚ ਸਰਨਾ ਭਰਾਵਾਂ ਦੀ ਹਮਾਇਤ ਤੋਂ ਪਿੱਛੇ ਨਹੀਂ ਹਟੇਗੀ। ਅੱਜ ਨੀਂਹ-ਪੱਥਰ ਰੱਖਣ ਬਾਰੇ ਸਮਾਗਮ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਉਸ ਮੰਦਭਾਗੇ ਰੁਝਾਨ ਨੂੰ ਹੋਰ ਅੱਗੇ ਤੋਰਿਆ ਜਿਸ ਅਧੀਨ ਕੌਮ ਦਾ ਸਰਮਾਇਆ ਗੁਰਦਵਾਰਾ ਇਮਾਰਤਾਂ ਅਤੇ ਪਾਲਕੀਆਂ ਉਤੇ ਥੱਪ ਦਿਤਾ ਜਾਂਦਾ ਹੈ ਪਰ ਗ਼ਰੀਬ ਦੇ ਮੂੰਹ ਵਿਚ ਕੁੱਝ ਨਹੀਂ ਪਾਇਆ ਜਾਂਦਾ, ਨਾ ਹੀ ਵਿਦਿਆ ਦਾ ਚਾਨਣ ਫੈਲਾਣ ਵਲ ਧਿਆਨ ਦਿਤਾ ਜਾਂਦਾ ਹੈ। ਗੁਰਦਵਾਰਾ ਰਕਾਬ ਗੰਜ ਸਾਹਿਬ ਸਥਿਤ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਸੁੰਦਰੀਕਰਨ ਪ੍ਰਾਜੈਕਟ ਨਾਲ ਸੰਗਤ ਨੂੰ ਹੀ ਨਹੀਂ ਬਲਕਿ ਉਨ੍ਹਾਂ ਲੱਖਾਂ ਸੈਲਾਨੀਆਂ ਨੂੰ ਵੀ ਫ਼ਾਇਦਾ ਪੁੱਜੇਗਾ ਜਿਹੜੇ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ਹਮੇਸ਼ਾ ਦਿੱਲੀ ਸਰਕਾਰ ਦੀ ਹਮਾਇਤ ਪ੍ਰਾਪਤ ਰਹੇਗੀ। ਬੀਬੀ ਦੀਕਸ਼ਤ ਨੇ ਕਿਹਾ ਕਿ ਜਿਹੜਾ ਕੌਮੀ ਕਾਰਜ ਹੋਵੇ ਤੇ ਜਿਹੜਾ ਸੰਗਤ ਲਈ ਲਾਹੇਵੰਦ ਹੋਵੇ, ਉਸ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।

ਜ਼ਿਕਰਯੋਗ ਹੈ ਕਿ ਵਿਰੋਧੀ ਧੜਿਆਂ ਵਲੋਂ ਪ੍ਰਾਜੈਕਟ ਦੀ ਤਿੱਖੀ ਵਿਰੋਧਤਾ ਕਾਰਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨੀਂਹ-ਪੱਥਰ ਰੱਖਣ ਤੋਂ ਪਾਸਾ ਵੱਟ ਲਿਆ ਸੀ। ਬਾਅਦ ਵਿਚ ਬੀਬੀ ਸ਼ੀਲਾ ਦੀਕਸ਼ਤ ਵਲੋਂ ਵੀ ਇਥੇ ਨਾ ਆਉਣ ਦੇ ਸੰਕੇਤ ਦੇ ਦਿਤੇ ਗਏ ਸਨ ਪਰ ਐਨ ਆਖ਼ਰੀ ਮੌਕੇ ਉਨ੍ਹਾਂ ਨੇ, ਸਿਆਸੀ ਕਾਰਨਾਂ ਕਰ ਕੇ ਸਰਨਾ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਦਿੱਲੀ ਦੇ ਸਿਖਿਆ ਮੰਤਰੀ ਸ. ਅਰਵਿੰਦਰ ਸਿੰਘ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਸੁੰਦਰੀਕਰਨ ਪ੍ਰਾਜੈਕਟ ਨੂੰ ਦਿੱਲੀ ਦੇ ਗੁਰਦਵਾਰਿਆਂ ਦੇ ਇਤਿਹਾਸ ਵਿਚ ਇਕ ਨਿਵੇਕਲਾ ਤੇ ਇਤਿਹਾਸਕ ਕਾਰਜ ਦਸਿਆ ਤੇ ਕਿਹਾ ਕਿ ਦਿੱਲੀ ਦੀ ਸੰਗਤ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਹੱਥ ਹੈ ਜਿਸ ਕਾਰਨ ਪ੍ਰਾਜੈਕਟ ਦੇ ਮੁਕੰਮਲ ਹੋਣ ’ਤੇ ਸਾਰਿਆਂ ਨੂੰ ਮਾਣ ਹੋਵੇਗਾ। ਪਿਛਲੇ ਸਮੇਂ ਦੌਰਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਦਿੱਲੀ ਦੇ ਗੁਰਦਵਾਰਿਆਂ ਦੇ ਨਵੀਨੀਕਰਨ ਨੂੰ ਉਨ੍ਹਾਂ ਪ੍ਰੰਸ਼ਸਾਯੋਗ ਦਸਿਆ। ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦਾ ਨਾ ਲਏ ਬਿਨਾਂ ਸ. ਸਰਨਾ ਨੇ ਕਿਹਾ ਕਿ ਇਹ ਲੋਕ ਆਰ.ਐਸ.ਐਸ. ਤੇ ਬੀ.ਜੇ.ਪੀ. ਦੇ ਏਜੰਟ ਹਨ। ਭਾਜਪਾ ਤੇ ਆਰ.ਐਸ.ਐਸ. ਦੇ ਇਸ਼ਾਰੇ ’ਤੇ ਸੁੰਦਰੀਕਰਨ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਨੇ ਮੁੱਖ ਮੰਤਰੀ ਨੂੰ ਨੀਂਹ-ਪੱਥਰ ਸਮਾਗਮ ਵਿਚ ਨਾ ਆਉਣ ਲਈ ਪੂਰਾ ਜ਼ੋਰ ਲਾਇਆ ਕਿਉਂਕਿ ਉਹ ਸਿੱਖਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਕਰ ਸਕਦੇ। ਵਿਰੋਧੀ ਸੁਰ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਵੀ ਸ. ਸਰਨਾ ਨੇ ਆਰ.ਐਸ.ਐਸ. ਪੱਖੀ ਕਹਿ ਦਿਤਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਿੰਨ ਸਾਲ ਦੇ ਤੈਅ ਸਮੇਂ ਵਿਚ ਹੀ ਮੁਕੰਮਲ ਹੋਵੇਗਾ।

ਪੰਜਾਬ ਦੀ ਅਕਾਲੀ ਸਰਕਾਰ ਵਲੋਂ 1999 ਵਿਚ ਖ਼ਾਲਸਾ ਤ੍ਰੈ-ਸ਼ਤਾਬਦੀ ਮੌਕੇ ਚਾਲੂ ਕੀਤੇ ਗਏ ਖ਼ਾਲਸਾ ਹੈਰੀਟੇਜ ਪ੍ਰਾਜੈਕਟ ਦੇ ਮੁਕੰਮਲ ਨਾ ਹੋਣ ਦੇ ਮੁੱਦੇ ’ਤੇ ਉਨ੍ਹਾਂ ਵਿਰੋਧੀਆਂ ਨੂੰ ਘੇਰਦਿਆਂ ਕਿਹਾ ਕਿ ਕੀ ਸੁੰਦਰੀਕਰਨ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਨੇ ਕਦੇ ਖ਼ਾਲਸਾ ਹੈਰੀਟੇਜ ਪ੍ਰਾਜੈਕਟ ਦੇ ਪੂਰਾ ਨਾ ਹੋਣ ਬਾਰੇ ਅਵਾਜ਼ ਚੁੱਕੀ ਹੈ? ਵਿਰੋਧੀਆ ਨੂੰ ਗੁ. ਰਕਾਬ ਗੰਜ ਸਾਹਿਬ ਦੇ ਨਵੀਨੀਕਰਨ ਪ੍ਰਾਜੈਕਟ ਵਿਚ ਰੋੜੇ ਅਟਕਾਉਣ ਦਾ ਚੇਤਾ ਹੀ ਕਿਉਂ ਆਉਂਦਾ ਹੈ? ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ. ਨਹੀਂ ਚਾਹੁੰਦੇ ਕਿ ਕਿਧਰੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਗੁਰੂ ਤੇਗ਼ ਬਹਾਦਰ ਸਾਹਿਬ ਦੇ ਅਸਥਾਨ ’ਤੇ ਪੁੱਜ ਕੇ ਉਨ੍ਹਾਂ ਦੇ ਦਰਬਾਰ ਦੀ ਸ਼ੋਭਾ ਵੇਖ ਕੇ ਹਿੰਦੂ ਧਰਮ ਲਈ ਦਿਤੀ ਉਨ੍ਹਾਂ ਦੀ ਸ਼ਹਾਦਤ ਬਾਰੇ ਨਾ ਪੁੱਛ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆਂ ਭਰ ਵਿਚ ਸਿੱਖੀ ਦਾ ਸੁਨੇਹਾ ਦੇਣ ਤੋਂ ਰੋਕਣ ਲਈ ਹੀ ਹਿੰਦੂਵਾਦੀ ਤਾਕਤਾਂ ਪ੍ਰਾਜੈਕਟ ਦਾ ਵਿਰੋਧ ਕਰ ਰਹੀਆਂ ਹਨ। ਮੰਚ ਸੰਚਾਲਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮੀਣੇ, ਮਸੰਦੀਆਂ ਅਤੇ ਰਾਮਰਾਈਆਂ ਨੇ ਸਦਾ ਹੀ ਗੁਰੂ ਘਰ ਦੀ ਵਿਰੋਧਤਾ ਕੀਤੀ ਪਰ ਗੁਰੂ ਘਰ ਤੇ ਸੰਗਤ ਦਾ ਜਿਨ੍ਹਾਂ ਵਿਰੋਧ ਕੀਤਾ ਜਾਵੇਗਾ, ਓਨਾਂ ਹੀ ਗੁਰੂ ਦੇ ਕਾਰਜ ਸਫ਼ਲ ਹੋਣਗੇ।

ਇਸ ਤੋਂ ਪਹਿਲਾਂ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਇਕਬਾਲ ਸਿੰਘ ਨੇ ਸੁੰਦਰੀਕਰਨ ਪ੍ਰਾਜੈਕਟ ਲਈ ਅਕਾਲ ਪੁਰਖ ਸਨਮੁਖ ਅਰਦਾਸ ਕੀਤੀ। ਐਮ.ਪੀ. ਸੰਦੀਪ ਦੀਕਸ਼ਤ, ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ, ਸਿੱਖ ਮਿਸ਼ਨ ਇੰਟਰਨੈਸ਼ਨਲ ਦੇ ਪ੍ਰਧਾਨ ਸ. ਮਨਜੀਤ ਸਿੰਘ ਕਲਕੱਤਾ ਤੇ ਹੋਰਨਾਂ ਨੇ ਵੀ ਅਪਣੇ ਵਿਚਾਰ ਰੱਖੇ। ਸਮਾਗਮ ਵਿਚ ਦਿੱਲੀ ਦੀਆਂ ਮੁੱਖ ਰਾਜਸੀ ਹਸਤੀਆਂ ਸਣੇ ਪੰਥਕ ਤੇ ਧਾਰਮਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਸ਼ੀਲਾ ਦੀਕਸ਼ਤ ਨੇ ਨਵੀਨੀਕਰਨ ਪ੍ਰਾਜੈਕਟ ਦਾ ਨੀਂਹ-ਪੱਥਰ ਰਖਿਆ। ਸਿਖਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ, ਐਮ.ਪੀ. ਸੰਦੀਪ ਦੀਕਸ਼ਤ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ. ਹਰਵਿੰਦਰ ਸਿੰਘ ਸਰਨਾ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ, ਸ੍ਰੀ ਪੌਂਟੀ ਚੱਢਾ, ਹਰਿਆਣਾ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ, ਦਮਦਮੀ ਟਕਸਾਲ ਦੇ ਇਕ ਧੜੇ ਦੇ ਮੁਖੀ ਭਾਈ ਰਾਮ ਸਿੰਘ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ, ਬਾਬਾ ਜਗਤਾਰ ਸਿੰਘ ਤਰਨਤਾਰਨ, ਟਿਕਾਣਾ ਸਾਹਿਬ ਦੇ ਮਹੰਤ ਅੰਮ੍ਰਿਤਪਾਲ ਸਿੰਘ, ਬਾਬਾ ਮਹਿੰਦਰ ਸਿੰਘ ਹਰਿਦੁਆਰ ਅਤੇ ਬਾਬਾ ਅਮਰ ਸਿੰਘ ਇੰਗਲੈਂਡ ਤੋਂ ਇਲਾਵਾ ਭਾਈ ਚਮਨਜੀਤ ਸਿੰਘ ਲਾਲ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਯੂਥ ਐਂਡ ਐਜੂਕੇਸ਼ਨ ਦੇ ਚੇਅਰਮੈਨ ਭਾਈ ਦਲਜੀਤ ਸਿੰਘ, ਦਿੱਲੀ ਕਮੇਟੀ ਮੈਂਬਰ ਸ. ਸ਼ਮਸ਼ੇਰ ਸਿੰਘ ਸੰਧੂ, ਸ. ਮਹਿੰਦਰ ਸਿੰਘ ਭੁੱਲਰ, ਸ. ਕੈਰੋਂ, ਬਲਬੀਰ ਸਿੰਘ ਵਿਵੇਕ ਵਿਹਾਰ, ਰਘਬੀਰ ਸਿੰਘ ਜੌੜਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੌਮਣੀ ਯੂਥ ਅਕਾਲੀ ਦਲ ਦਿੱਲੀ ਦੇ ਸੈਂਕੜੇ ਵਰਕਰਾਂ ਸਣੇ ਦਿੱਲੀ ਗੁਰਦਵਾਰ ਕਮੇਟੀ ਦੇ ਸਮੂਹ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top