Share on Facebook

Main News Page

ਰਾਮਦੇਵ ਦਾ ਡਰਾਮਾ ਘੱਟ ਗਿਣਤੀ ਕੌਮਾਂ ਲਈ ਖ਼ਤਰੇ ਦੀ ਘੰਟੀ: ਗਿਆਨੀ ਜਾਚਕ

ਲੁਧਿਆਣਾ, 12 ਜੂਨ (ਆਰ.ਪੀ.ਸਿੰਘ): ਰਾਮਦੇਵ ਦੀ ਰਾਮਲੀਲਾ ਦੇ ਸਾਧਵੀ ਰੀਤੰਬਰਾ, ਸੁਸ਼ਮਾ ਸਵਰਾਜ ਅਤੇ ਅਸ਼ੋਕ ਸਿੰਘਲ ਵਰਗੇ ਸਮਰਥਕ ਪਾਤਰਾਂ, ਹਿੰਦੀ ਦੇ ਹੱਕ ਵਿਚ ਦਿਤੇ ਬਿਆਨ ਰੂਪ ਡਾਇਲਾਗਾਂ ਅਤੇ ਉਸ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਫ਼ੋਰਸ ਬਨਾਉਣ ਦੇ ਮਨਸੂਬਿਆਂ ਤੋਂ ਨਿਸ਼ਚੇ ਹੁੰਦਾ ਹੈ ਕਿ ਉਸ ਦਾ ਸੰਗਠਨ, ਸ਼ੰਭੂਕ ਦੇ ਵਾਰਸਾਂ ਤੇ ਹੋਰ ਘੱਟ ਗਿਣਤੀ ਕੌਮਾਂ ਲਈ ਖ਼ਤਰੇ ਦੀ ਘੰਟੀ ਹੈ । ਪਰ ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਇਸ ਦੇ ਭਗਵੇਂ ਢੋਲ ਦਾ ਪੋਲ ਛੇਤੀ ਹੀ ਖੁਲ੍ਹ ਗਿਆ ਹੈ, ਲੋਕ ਇਸ ਦੀ ਅਸਲੀਅਤ ਤੋਂ ਜਾਣੂ ਹੋ ਗਏ ਹਨ। ਇਹ ਸ਼ਬਦ ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਲੁਧਿਆਣੇ ਵਿਚ ਉਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਰਾਮਦੇਵ ਦੇ ਮਰਨ ਵਰਤ ਬਾਰੇ ਪ੍ਰਤੀਕਰਮ ਜਾਣਨਾ ਚਾਹਿਆ।

ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਰਾਮਦੇਵ ਦੀ ਰਾਮਲੀਲਾ ਰਾਹੀਂ ਪ੍ਰਗਟ ਹੋ ਰਹੀ ਉਸ ਦੀ ਆਤਮਕ, ਸ਼ਰੀਰਕ, ਸਮਾਜਕ ਤੇ ਆਰਥਕ ਅਵਸਥਾ ਨੂੰ, ਜਦੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਵਿਚਾਰਦਾ ਹਾਂ ਤਾਂ ਉਸ ਨੂੰ ਬਾਬਾ ਤਾਂ ਕੀ ਜੋਗੀ ਅਖਵਾਉਣ ਦਾ ਵੀ ਕੋਈ ਹੱਕ ਨਹੀਂ ਜਾਪਦਾ ਕਿਉਂਕਿ ਗੁਰਬਾਣੀ ਵਿਚ ਜਿਥੇ ਰੱਬ ਨੂੰ ‘ਬਾਬਾ’ ਲਫ਼ਜ਼ ਨਾਲ ਸੰਬੋਧਨ ਕੀਤਾ ਗਿਆ ਹੈ, ਉਥੇ ਉਸ ਦੀ ਸਰਬ-ਵਿਆਪਕਤਾ ਨੂੰ ਦੇਖਦਿਆਂ ‘ਜੋਗੀ’ ਵੀ ਆਖਿਆ ਗਿਆ ਹੈ ।

ਸਪੱਸ਼ਟ ਹੈ ਕਿ ਬਾਬਾ ਜਾਂ ਜੋਗੀ ਲਕਬ ਉਸ ਸ਼ਖ਼ਸੀਅਤ ਨਾਲ ਹੀ ਜੋੜੇ ਜਾ ਸਕਦੇ ਹਨ ਜਿਹੜੀ ਰੱਬ ਵਰਗੀ ਹੋਵੇ । ਭਾਵ, ਰੱਬੀ-ਗੁਣਾਂ ਨਾਲ ਭਰਪੂਰ ਹੋਵੇ ਪਰ ਟੀ.ਵੀ. ਰਾਹੀਂ ਸਾਰੇ ਸੰਸਾਰ ਨੇ ਗ੍ਰਿਹਸਥੀ ਜੀਵਨ ਤੋਂ ਭਗੌੜੇ ਹੋਏ ਰਾਮਦੇਵ ਨੂੰ ਸੱਚਾਈ, ਅਡੋਲਤਾ ਤੇ ਸਮਦ੍ਰਿਸ਼ਟਤਾ ਵਰਗੇ ਰੱਬੀ ਗੁਣਾਂ ਦੇ ਉਲਟ ਡਰ ਕੇ ਜ਼ਨਾਨੇ ਕਪੜੇ ਪਾ ਕੇ ਭੱਜਦਿਆਂ, ਹਫ਼ਦਿਆਂ, ਕ੍ਰੋਧਿਤ ਹੁੰਦਿਆਂ, ਨਚਦਿਆਂ-ਟਪਦਿਆਂ ਅਤੇ ਸਰਕਾਰ ’ਤੇ ਜਾਨੋਂ ਮਾਰਨ ਦਾ ਦੋਸ਼ ਮੜ੍ਹਨ ਲਈ ਵੱਡੇ-ਵੱਡੇ ਝੂਠ ਬੋਲਦਿਆਂ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਹੈ। 200 ਸਾਲ ਜੀਊਣ ਦੇ ਦਾਅਵੇ ਕਰਨ ਵਾਲਾ ਢੌਂਗੀ 2 ਦਿਨ ਭੁੱਖੇ ਰਹਿਣ ਉਪਰੰਤ ਅਪਣੀ ਹੋਸ਼ ਗਵਾ ਬੈਠਾ ਤੇ ਉਸ ਦੀਆਂ ਕਿਡਨੀਆਂ ਦੇ ਫ਼ੇਲ੍ਹ ਹੋਣ ਦਾ ਰੌਲਾ ਪੈਣ ਲੱਗਾ। 1100 ਕ੍ਰੋੜ ਰੁਪਏ ਤੋਂ ਵੀ ਜ਼ਿਆਦਾ ਸੰਪਤੀ ਦਾ ਮਾਲਕ ਬਣ ਕੇ ਵੀ ਇਸ ਨੂੰ ਸਬਰ ਨਹੀਂ ਆਇਆ ਤੇ ਇਸ ਨੇ ਭਾਜਪਾ ਦੀ ਮਿਲੀਭੁਗਤ ਨਾਲ ਹਿਮਾਚਲ ਵਾਲੀ ਕਰੋੜਾਂ ਦੀ ਜ਼ਮੀਨ ਵੀ ਇਕ ਰੁਪਏ ਦੀ ਰਸੀਦ ਕਟਵਾ ਕੇ ਹੜੱਪ ਲਈ ਹੈ। ਇਹ ਸੁਆਰਥੀ ਰਾਜਨੀਤਕ ਤੇ ਵਪਾਰੀਆਂ ਦੇ ਲੱਛਣ ਹਨ, ਜੋਗੀ ਪੁਰਸ਼ਾਂ ਦੇ ਨਹੀਂ, ਜਿਨ੍ਹਾਂ ਨੂੰ ‘ਬਾਬਾ’ ਜਾਂ ‘ਸੁਆਮੀ’ ਕਹਿ ਕੇ ਸੰਬੋਧਨ ਕੀਤਾ ਜਾ ਸਕੇ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਅਜਿਹੀ ਮੰਗ ਬੁਲੰਦ ਕਰਦੇ ਹੋਏ ਗੁਰਦਵਾਰਿਆਂ ਵਿਚ ਹੈਲਥ ਕਲੱਬ ਕਾਇਮ ਕਰਨ। ਪਰ ਰਾਮਦੇਵ ਵਰਗੇ ਭੇਖੀਆਂ ਤੇ ਢੌਂਗੀਆਂ ਪ੍ਰਤੀ ਸੁਚੇਤ ਰਹਿੰਦੇ ਹੋਏ ਕਿਸੇ ਨੂੰ ਯੋਗਾ ਤੇ ਸਮਾਧੀ ਸਖਾਉਣ ਦਾ ਡਰਾਮਾ ਨਾ ਕਰਨ ਦੇਣ ਕਿਉਂਕਿ ਇਹ ਸਾਰੇ ਗੁਰਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਦੇ ਲੁਕਵੇਂ ਢੰਗ ਹਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top