Share on Facebook

Main News Page

ਜਿਸ ਤਰ੍ਹਾਂ ਲੋਕ ਰੋਹ ਤੋਂ ਬਚਣ ਲਈ ਗੁਰੂ ਅਰਜਨ ਸਾਹਿਬ ਜੀ ਦੀ ਲਾਸ਼ ਰਾਵੀ ਵਿੱਚ ਰੋੜ ਦਿੱਤੀ ਸੀ, ਉਸੇ ਤਰ੍ਹਾਂ ਨੀਲਾ ਸਾਕਾ ਦੌਰਾਨ 25000 ਤੋਂ ਵੱਧ ਲਾਸ਼ਾਂ ਦਾ ਚੋਰੀ ਸਸਕਾਰ ਕਰ ਦਿੱਤਾ: ਪ੍ਰੋ. ਹਰਜਿੰਦਰ ਸਿੰਘ ਸਭਰਾ

* ਜਿਨ੍ਹਾਂ ਬੰਦਿਆਂ ਨੂੰ ਸਵੇਰੇ ਉਠ ਕੇ ਤਰੀਖ ’ਤੇ ਦਿਨ ਵੀ ਉਨ੍ਹਾਂ ਦਾ ਪੀ.ਏ. ਦਸਦਾ ਹੈ, ਉਨ੍ਹਾਂ ਲੋਕਾਂ ਨੇ ਕੌਮ ਦਾ ਕੈਲੰਡਰ ਸੋਧਣ ਦੀ ਜਿੰਮੇਵਾਰੀ ਆਪਣੇ ’ਤੇ ਲੈ ਲਈ
* ਜਿਸ ਬਿਕ੍ਰਮੀ ਕੈਲੰਡਰ ਨੂੰ ਸੋਧਾਂ ਕਰਨ ਵਾਲੇ ਆਪਣੇ ਘਰ ਵਿੱਚ ਲਾਗੂ ਨਹੀਂ ਕਰ ਸਕੇ, ਉਸ ਨੂੰ ਕੌਮ ਦੇ ਸਿਰ ਕਿਉਂ ਥੋਪਣਾਂ ਚਾਹੁੰਦੇ ਹਨ?

ਬਠਿੰਡਾ, 11 ਜੂਨ (ਕਿਰਪਾਲ ਸਿੰਘ): ਜਿਸ ਤਰ੍ਹਾਂ ਲੋਕ ਰੋਹ ਤੋਂ ਬਚਣ ਲਈ ਗੁਰੂ ਅਰਜਨ ਸਾਹਿਬ ਜੀ ਦੀ ਲਾਸ਼ ਰਾਵੀ ਵਿੱਚ ਰੋੜ ਦਿੱਤੀ ਸੀ, ਉਸੇ ਤਰ੍ਹਾਂ ਨੀਲਾ ਸਾਕਾ ਦੌਰਾਨ 25000 ਤੋਂ ਵੱਧ ਲਾਸ਼ਾਂ ਦਾ ਚੋਰੀ ਸਸਕਾਰ ਕਰ ਦਿੱਤਾ ਗਿਆ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗੰ੍ਰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੱਦੀ ਨਸ਼ੀਨੀ ਸਬੰਧੀ ਬੋਲਦਿਆਂ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਨੂੰ ਲੁਭਾਉਣ ਲਈ ਸਮਾਜ ਸੁਧਾਰ ਅਤੇ ਸਮਾਜ ਸੇਵਾ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਪਰ ਮੌਕੇ ਦੀ ਸਰਕਾਰ ਤੇ ਅਖੌਤੀ ਧਾਰਮਿਕ ਮੁਖੀਆਂ ਵਲੋਂ ਸਮਾਜ ਦੀ ਕੀਤੀ ਜਾ ਰਹੀ ਲੁਟ ਵਿਰੁਧ ਆਵਾਜ਼ ਉਠਾੳਣ ਤੇ ਇਸ ’ਤੇ ਪਹਿਰਾ ਦਿੰਦਿਆਂ ਆਪਾ ਸਿਰਫ ਗੁਰੂ ਅਰਜਨ ਸਾਹਿਬ ਜੀ ਹੀ ਵਾਰ ਸਕਦੇ ਹਨ।

ਉਨ੍ਹਾਂ ਕਿਹਾ ਗੁਰੂ ਅਰਜਨ ਸਾਹਿਬ ਜੀ ਦਾ ਕਸੂਰ ਸਿਰਫ ਇੰਨਾਂ ਹੀ ਸੀ, ਕਿ ਉਨ੍ਹਾਂ ਇਕ ਐਸੇ ਗੰ੍ਰਥ ਦੀ ਸੰਪਾਦਨਾ ਕੀਤੀ ਸੀ, ਜਿਸ ਵਿੱਚ ਅਖੌਤੀ ਧਾਰਮਿਕ ਵਿਅਕਤੀਆਂ ਦੇ ਪਾਖੰਡ ਅਤੇ ਰਾਜੇ ਦੇ ਅਤਿਆਚਾਰਾਂ ਦੀ ਪੋਲ ਖੋਲ੍ਹ ਕੇ ਆਮ ਲੋਕਾਈ ਨੂੰ ਜਾਗ੍ਰਿਤ ਕੀਤਾ ਗਿਆ ਸੀ। ਪ੍ਰੋ: ਸਭਰਾ ਨੇ ਕਿਹਾ ਲੋਕਾਂ ਦੀ ਲੁੱਟ ਕਰਨ ਲਈ ਅਤੇ ਉਨ੍ਹਾਂ ਨੂੰ ਮਾਨਸਕ ਤੌਰ ’ਤੇ ਗੁਲਾਮ ਬਣਾਈ ਰੱਖਣ ਲਈ ਹਮੇਸ਼ਾਂ ਤੋਂ ਹੀ ਰਾਜਿਆਂ ਅਤੇ ਪੁਜਾਰੀਆਂ ਦਾ ਗੱਠਜੋੜ ਮਿਲ ਕੇ ਚਲਦਾ ਆ ਰਿਹਾ ਹੈ। ਇਹ ਗਠਜੋੜ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਆਪਣੇ ਸੰਪਾਦਤ ਕੀਤੇ ਗ੍ਰੰਥ ਵਿੱਚ ਉਨ੍ਹਾਂ ਦੀ ਮਰਜ਼ੀ ਅਨੁਸਾਰ ਮਿਲਾਵਟ ਕਰਨੀ ਮੰਨ ਜਾਣ। ਪਰ ਕਿਉਂਕਿ ਇਸ ਗੰ੍ਰਥ ਨੇ ਹਮੇਸ਼ਾਂ ਲਈ ਮਨੁਖਤਾ ਦੀ ਅਗਵਾਈ ਕਰਨੀ ਸੀ, ਇਸ ਲਈ ਗੁਰੂ ਸਾਹਿਬ ਜੀ ਕਿਸੇ ਵੀ ਕੀਮਤ ’ਤੇ ਉਸ ਵਿੱਚ ਮਿਲਾਵਟ ਕਰਨਾ ਨਹੀਂ ਸੀ ਮੰਨੇ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸ਼ਹੀਦ ਹੋਣਾ ਪਿਆ। ਪ੍ਰੋ: ਸਭਰਾ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਭੁੰਨਿਆ ਗਿਆ, ਸਿਰ ਵਿੱਚ ਗਰਮ ਰੇਤ ਪਾਇਆ ਗਿਆ, ਗਰਮ ਦੇਗ ਵਿੱਚ ਉਬਾਲੇ ਦੇ ਕੇ ਇਤਨੇ ਤਸੀਹੇ ਦਿੱਤੇ ਗਏ, ਕਿ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਇਸ ਕਦਰ ਬੇਹਾਲ ਹੋ ਗਿਆ ਸੀ, ਕਿ ਹਕੂਮਤ ਆਪਣੇ ਪਾਪਾਂ ਤੋਂ ਡਰ ਰਹੀ ਸੀ, ਕਿ ਜੇ ਇਸ ਹਾਲਤ ਵਿੱਚ ਇਨ੍ਹਾਂ ਦਾ ਸਰੀਰ ਸਿੱਖਾਂ ਨੇ ਵੇਖ ਲਿਆ, ਤਾਂ ਉਨ੍ਹਾਂ ਵਿੱਚ ਇੰਨਾਂ ਰੋਹ ਪੈਦਾ ਹੋ ਜਾਵੇਗਾ, ਕਿ ਉਹ ਵਿਦਰੋਹ ਵਿੱਚ ਬਦਲ ਜਾਵੇਗਾ, ਜਿਸ ਨੂੰ ਕਾਬੂ ਕਰਨਾ ਸਰਕਾਰ ਦੇ ਵੱਸ ਵਿੱਚ ਨਹੀਂ ਰਹੇਗਾ। ਇਸ ਡਰੋਂ ਉਨ੍ਹਾਂ ਚੋਰੀ ਹੀ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਰੋੜ ਦਿੱਤਾ ਸੀ।  ਜੇ ਕਰ ਭਾਈ ਲੱਖੀ ਸ਼ਾਹ ਵਣਜ਼ਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਨਾ ਲਾਉਂਦੇ ਅਤੇ ਭਾਈ ਜੈਤਾ ਜੀ ਇੱਕ ਦੋ ਹੋਰ ਸਿਖਾਂ ਦੀ ਮੱਦਦ ਨਾਲ ਉਨ੍ਹਾਂ ਦੇ ਸੀਸ ਨੂੰ ਚੁੱਕ ਕੇ ਕੀਰਤਪੁਰ ਤੱਕ ਨਾ ਲਿਜਾਂਦੇ, ਤਾਂ ਸਰਕਾਰ ਨੇ ਇਨ੍ਹਾਂ ਦੇ ਸਰੀਰ ਨਾਲ ਵੀ ੳਹੀ ਕੁੱਝ ਕਰਨਾ ਸੀ, ਜੋ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨਾਲ ਕੀਤਾ ਸੀ।

ਪ੍ਰੋ: ਸਭਰਾ ਨੇ ਕਿਹਾ ਸਰਕਾਰਾਂ ਭਾਵੇਂ ਕੋਈ ਵੀ ਹੋਣ, ਉਨ੍ਹਾਂ ਦੀਆਂ ਨੀਤੀਆਂ ਹਮੇਸ਼ਾਂ ਉਹੀ ਰਹਿੰਦੀਆਂ ਹਨ। 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ, ਮੌਕੇ ਦੀ ਸਰਕਾਰ ਵਲੋਂ ਕੀਤੇ ਨੀਲਾ ਸਾਕਾ ਦੌਰਾਨ 25000 ਤੋਂ ਵੱਧ ਸ਼ਰਧਾਲੂ ਸਿਖਾਂ ਨੂੰ ਗੋਲੀਆਂ ਨਾਲ ਛਲਣੀ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਮੌਕੇ ਵੀ ਸਰਕਾਰ ਨੇ ਇਹੀ ਸੋਚਿਆ, ਕਿ ਜੇ ਏਡੀ ਵੱਡੀ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਅਤੇ ਉਨ੍ਹਾਂ ਦੇ ਸਰੀਰਾਂ ਦਾ ਹਾਲ ਲੋਕਾਂ ਨੇ ਵੇਖ ਲਿਆ, ਤਾਂ ਉਨ੍ਹਾਂ ਵਿੱਚ ਉਤਪਨ ਹੋਏ ਰੋਹ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ, ਇਸ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਚੋਰੀ ਹੀ ਅਣਦੱਸੀ ਥਾਂ ’ਤੇ ਸਸਕਾਰ ਕਰ ਦਿੱਤਾ ਗਿਆ। ਜੇ ਮਨੁੱਖੀ ਅਧਿਕਾਰ ਸੰਗਠਨ ਦੇ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਵਿੱਚੋਂ 25000 ਦਾ ਖੁਰਾ ਖੋਜ ਲੱਭ ਕੇ ਉਨ੍ਹਾਂ ਦੀ ਸੂਚੀ ਤਿਆਰ ਕਰ ਲਈ, ਤਾਂ ਉਨ੍ਹਾਂ ਨੂੰ ਵੀ ਅਣਪਾਛਤੀ ਲਾਸ਼ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਇਹ ਲੋਕਤੰਤਰਿਕ ਸਰਕਾਰ ਦੇ ਮੱਥੇ ’ਤੇ ਕਲੰਕ ਹੈ, ਕਿ ਉਹ ਮਨੁਖੀ ਅਧਿਕਾਰਾਂ ਲਈ ਕੰਮ ਕਰ ਰਹੇ ਭਾਈ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਨਹੀਂ ਲੱਭ ਸਕੀ ਤੇ ਉਹ ਹਮੇਸ਼ਾਂ ਲਈ ਅਣਪਛਾਤੀ ਲਾਸ਼ ਹੀ ਬਣੇ ਰਹੇਗੀ।

ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਤੱਕ ਦੀ ਲਾਸ਼ ਨੂੰ ਅਣਪਛਾਤਾ ਕਰ ਦਿਤਾ, ਤੇ ਉਸ ਸਬੰਧੀ ਕੀਤੀ ਗਈ ਹਰ ਪੜਤਾਲ ਨੂੰ ਦਬਾ ਦਿੱਤਾ ਗਿਆ ਹੈ। ਅੱਜ ਸਾਡੀ ਕੌਮ ਦੇ ਆਗੂ ਵੀ ਇਤਨੇ ਸੁਆਰਥੀ ਹੋ ਚੁੱਕੇ ਹਨ, ਕਿ ਕੁੱਝ ਕੁ ਰੌਲਾ ਪਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਬਣਾਈਆਂ ਗਈਆਂ ਉਨ੍ਹਾਂ ਅਣਪਛਾਤੀਆਂ ਲਾਸ਼ਾਂ ਦੇ ਨਾਮ ਤੱਕ ਲੈਣ ਨੂੰ ਵੀ ਤਿਆਰ ਨਹੀਂ ਹਨ। ਪ੍ਰੋ: ਸਭਰਾ ਨੇ ਕਿਹਾ ਜਿਸ ਸਮੇਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ, ਤਾਂ ਉਸ ਵੇਲੇ ਤਾਂ ਉਨ੍ਹਾਂ ਦਾ ਨਾਮ ਲੈਣ ਤੋਂ ਵੀ ਆਮ ਲੋਕੀਂ ਡਰਦੇ ਹੋਣਗੇ ਪਰ ਅੱਜ ਹਰ ਕੋਈ ਉਨ੍ਹਾਂ ਦਾ ਹਰ ਸਟੇਜ਼ ’ਤੇ ਨਾਮ ਲੈ ਰਿਹਾ ਹੈ। ਇਸੇ ਤਰ੍ਹਾਂ ਅੱਜ ਬੇਸ਼ੱਕ ਭਾਈ ਜਸਵੰਤ ਸਿੰਘ ਖਾਲੜਾ, ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਨਾਮ ਲੈਣ ਤੋਂ ਹਰ ਕੋਈ ਗੁਰੇਜ ਕਰ ਰਿਹਾ ਹੈ, ਪਰ ਸਮਾਂ ਆਵੇਗਾ ਕਿ ਕਿਸੇ ਸਮੇਂ ਇਨ੍ਹਾਂ ਸੂਰਮਿਆਂ ਦਾ ਵੀ ਉਸੇ ਤਰ੍ਹਾਂ ਮਾਨ ਨਾਲ ਸਟੇਜਾਂ ’ਤੇ ਨਾਮ ਲਿਆ ਜਾਵੇਗਾ, ਜਿਵੇਂ ਅੱਜ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਆਦਿ ਸਿੰਘਾਂ ਦਾ ਨਾਮ ਲਿਆ ਜਾ ਰਿਹਾ ਹੈ।

ਪ੍ਰੋ: ਸਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਵਲੋਂ ਫ਼ੋਨ ਆ ਰਹੇ ਹਨ, ਜੋ ਪੁੱਛਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਤਾਂ 5 ਜੂਨ ਨੂੰ ਮਨਾ ਚੁੱਕੇ ਹਾਂ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੱਦੀ ਨਸ਼ੀਨੀ ਪੁਰਬ ਅੱਜ 11 ਜੂਨ ਨੂੰ ਮਨਾਇਆ ਜਾ ਰਿਹਾ ਹੈ। ਕੀ ਸੱਚ ਮੁੱਚ ਹੀ ਛੇਵੇਂ ਗੁਰੂ ਦੀ ਗੱਦੀ ਨਸ਼ੀਨੀ ਪੰਜਵੇਂ ਗਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੋਂ 6 ਦਿਨ ਪਿਛੋਂ ਹੋਈ ਸੀ। ਜੇ ਜਵਾਬ ਹਾਂ ਵਿੱਚ ਹੈ ਤਾਂ ਸ਼ਹੀਦੀ ਪਿੱਛੋਂ ਗੁਰਗੱਦੀ ਕਿਸ ਨੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਕਥਿਤ ਸੋਧਿਆ ਹੋਇਆ ਕੈਲੰਡਰ ਇੰਨਾ ਦੋਸ਼ ਪੂਰਣ ਅਤੇ ਹਾਸੋਹੀਣਾ ਹੈ, ਕਿ ਜੇ ਇਸ ਸਾਲ ਗੱਦੀ ਨਸ਼ੀਨੀ ਪੁਰਬ, ਸ਼ਹੀਦੀ ਦਿਵਸ ਤੋਂ 6 ਦਿਨ ਪਿਛੋਂ ਆਇਆ ਹੈ ਤਾਂ 2012 ਵਿਚ 17 ਦਿਨ ਪਿਛੋਂ ਆਵੇਗਾ, ਪਰ 2013 ਵਿਚ 1 ਦਿਨ ਪਹਿਲਾਂ, ਜਦੋਂ ਕਿ 2014 ਵਿਚ 9 ਅਤੇ 2015 ਵਿਚ 20 ਦਿਨ ਪਿਛੋਂ ਆਵੇਗਾ।

ਪ੍ਰੋ: ਸਭਰਾ ਨੇ ਕਿਹਾ ਪਾਏ ਗਏ ਇਸ ਭੰਬਲਭੂਸੇ ਦਾ ਸਹੀ ਜਵਾਬ ਤਾਂ ਉਹ ਹੀ ਦੇ ਸਕਦੇ ਹਨ ਜਿਨ੍ਹਾਂ ਨੇ ਇਹ ਗੈਰ ਸਿਧਾਂਤਕ ਅਤੇ ਗੈਰ ਇਤਿਹਾਸਕ ਸੋਧਾਂ ਕੀਤੀਆਂ ਹਨ ਪਰ ਮੈਂ ਤਾਂ ਸਿਰਫ ਇਤਨੀ ਗੱਲ ਕਰਕੇ ਸਮਾਪਤ ਕਰਾਂਗਾ, ਕਿ ਜਿਨ੍ਹਾਂ ਬੰਦਿਆਂ ਨੂੰ ਸਵੇਰੇ ਉਠ ਕੇ ਤਰੀਖ ’ਤੇ ਦਿਨ ਵੀ ਉਨ੍ਹਾਂ ਦਾ ਪੀ.ਏ. ਦਸਦਾ ਹੈ ਉਨ੍ਹਾਂ ਲੋਕਾਂ ਨੇ ਕੌਮ ਦਾ ਕੈਲੰਡਰ ਸੋਧਣ ਦੀ ਜਿੰਮੇਵਾਰੀ ਆਪਣੇ ’ਤੇ ਲੈ ਲਈ ਹੈ, ਤਾਂ ਇਹੀ ਹਸ਼ਰ ਹੋਣਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top