Share on Facebook

Main News Page

ਔਰਤ ਨੂੰ ਸਿੱਖ ਧਰਮ ਨੇ ਸਭ ਤੋਂ ਵੱਧ ਮਾਣ ਦਿੱਤਾ, ਪਰ ਸਿੱਖ ਵਿਰੋਧੀ ਡੇਰੇ ਖੜ੍ਹੇ ਕਰਨ ਵਿੱਚ ਔਰਤਾਂ ਦਾ ਹੀ ਸਭ ਤੋਂ ਵੱਧ ਹੱਥ ਹੈ: ਪ੍ਰੋ. ਹਰਜਿੰਦਰ ਸਿੰਘ ਸਭਰਾ

* ਬੱਚਿਆਂ ਨੂੰ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣੀਆਂ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ

ਬਠਿੰਡਾ, 10 ਜੂਨ (ਕਿਰਪਾਲ ਸਿੰਘ): ਬੱਚਿਆਂ ਨੂੰ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣੀਆਂ ਗੁਰਮਤਿ ਵਿੱਚ ਪ੍ਰਵਾਨ ਨਹੀਂ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 496 ’ਤੇ ਗੂਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ’ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ ॥ ਸੋ ਹਰਿ ਹਰਿ ਤੁਮ੍‍ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥1॥ ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍‍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥1॥ ਰਹਾਉ ॥’ ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਆਮ ਤੌਰ ’ਤੇ ਬੱਚੇ ਦੇ ਜਨਮ ਦਿਨ’ਤੇ ਇਹ ਸ਼ਬਦ ਪੜ੍ਹ ਕੇ ਲੰਬੀ ਉਮਰ ਭੋਗਣ ਅਤੇ ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਪਰ ਇਹ ਅਰਥ ਗੁਰਮਤਿ ਦੇ ਅਨੂਕੂਲ ਨਹੀਂ ਹਨ ਕਿਉਂਕਿ ਪ੍ਰਮਾਤਮਾ ਦੇ ਅਟੱਲ ਨਿਯਮਾਂ ਅਨੁਸਾਰ ਕੋਈ ਵੀ ਜੀਵ ਜਿਸ ਨੇ ਜਨਮ ਲਿਆ ਹੈ, ਉਸ ਨੇ ਮਰਨਾ ਜਰੂਰ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਇੰਝ ਬਿਆਨ ਕੀਤਾ ਹੈ: ’ਜਨਮੇ ਕਉ ਵਾਜਹਿ ਵਾਧਾਏ ॥ ਸੋਹਿਲੜੇ ਅਗਿਆਨੀ ਗਾਏ ॥ ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥7॥ (ਪੰਨਾ 1032) ਜੁੱਗ ਜੁੱਗ ਜਿਉਣ ਦੀਆਂ ਅਸੀਸਾਂ ਦੇਣ ਵਾਲਿਆਂ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਪੰਨਾ ਨੰ: 1286 ’ਤੇ ਫ਼ੁਰਮਾਨ ਕੀਤਾ ਹੈ: ’ਦੇਨ੍‍ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥’ ਭਾਵ ਦੁਆਵਾਂ ਦੇਣ ਵਾਲਿਆਂ ਨੇ ਮਰ ਜਾਣਾਂ ਹੈ ਅਤੇ ਜਿਨ੍ਹਾਂ ਨੂੰ ਦੁਆਵਾਂ ਦੇ ਰਹੇ ਹਨ ਉਹ ਵੀ ਮਰ ਜਾਣਗੇ। ਸੋ ਵੀਚਾਰ ਅਧੀਨ ਸ਼ਬਦ ਵਿੱਚ ਜੋ ਅਸੀਸਾਂ ਦਿੱਤੀਆਂ ਗਈ ਹਨ ਉਹ ਇਹ ਹਨ ਕਿ ਹੇ ਪੁੱਤਰ ਤੈਨੂੰ ਮਾਤਾ ਦੀ ਅਸੀਸ ਹੈ ਕਿ ਤੈਨੂੰ ਇੱਕ ਨਿਮਖ ਮਾਤਰ ਵੀ ਪ੍ਰਮਾਤਮਾਂ ਦੀ ਯਾਦ ਨਾ ਭੁੱਲੇ ਤੇ ਹਮੇਸ਼ਾਂ ਉਸ ਦੇ ਸਿਮਰਨ ਵਿੱਚ ਆਪਣਾ ਜੀਵਨ ਬਤੀਤ ਕਰਹਿ ਜਿਸ ਸਦਕਾ ਤੇਰੇ ਸਾਰੇ ਦੁੱਖ ਕਲੇਸ਼ ਤੇ ਵਕਾਰ ਦੂਰ ਹੋ ਜਾਣ ਤੇ ਤੇਰੇ ਪਿਤਰਾਂ ਦਾ ਵੀ ਆਧਾਰ ਹੋ ਜਾਵੇ।

ਪ੍ਰੋ: ਸਭਰਾ ਨੇ ਕਿਹਾ ਕਿ ਗੁਰਮਤਿ ਅਨੁਸਾਰ ਇਸ ਸ਼ਬਦ ਵਿੱਚ ਮਾਤਾ ਦਾ ਅਰਥ ਹੈ ਮੱਤ ਅਤੇ ਪੁੱਤਰ ਦਾ ਅਰਥ ਹੈ ਮਨ। ਭਾਵ ਗੁਰੂ ਦੀ ਮਤ ਦਾ ਮਨ ਰੂਪੀ ਪੁੱਤਰ ਨੂੰ ਉਪਦੇਸ਼ ਹੈ। ਜੇ ਮਨ ਰੂਪੀ ਪੁੱਤਰ ਮਾਤਾ ਰੂਪੀ ਮੱਤ ਤੋਂ ਇਹ ਉਪਦੇਸ਼ ਲੈ ਕੇ ਉਸ ਅਨੁਸਾਰ ਚਲਦਾ ਰਹੇ ਤਾਂ ਉਸ ਦੇ ਸਾਰੇ ਕਿਲਵਿਖ ਦੂਰ ਹੋ ਜਾਣਗੇ ਪਰ ਇਸ ਜਗਤ ਵਿੱਚ ਤਾਂ ਉਲਟੀ ਹੀ ਖੇਡ ਬਣੀ ਪਈ ਹੈ ਕਿ ਇੱਥੇ ਤਾਂ ਮੱਤ ਮਨ ਦੇ ਪਿਛੇ ਲੱਗੀ ਪਈ ਹੈ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਕੀਤਾ ਹੈ: ’ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ॥3॥’ (ਪੰਨਾ 326) ਚਾਹੀਦਾ ਤਾਂ ਇਹ ਸੀ ਕਿ ਪੁੱਤਰ ਲੇਲਾ ਆਪਣੀ ਮਾਂ ਭੇਡ ਨੂੰ ਚੁੰਘਦਾ ਭਾਵ ਮੱਤ ਤੋਂ ਗਿੳਾਨ ਲੈ ਕੇ ਉਸ ਦੇ ਪਿੱਛੇ ਚਲਦਾ ਪਰ ਇਥੇ ਤਾਂ ਹਰ ਰੋਜ਼ ਹੀ ਮੱਤ ਰੂਪੀ ਮਾਂ ਭੇਡ ਆਪਣੇ ਪੁੱਤਰ ਰੂਪ ਮਨ ਲੇਲੇ ਨੂੰ ਚੁੰਘ ਰਹੀ ਹੈ ਭਾਵ ਮਨ ਦੇ ਪਿਛੇ ਲੱਗੀ ਪਈ ਹੈ।

ਪ੍ਰੋ: ਸਭਰਾ ਨੇ ਕਿਹਾ ਕਿ ਇਹ ਸ਼ਬਦ ਵਿਸ਼ੇਸ਼ ਤੌਰ ’ਤੇ ਪੜ੍ਹਿਆ ਵੀ ਪੁੱਤਰ ਦੇ ਜਨਮ ਦਿਨ ’ਤੇ ਹੀ ਜਾਂਦਾ ਹੈ ਜਦ ਕਿ ਇਹ ਸ਼ਬਦ ਸਾਡੀ ਹਮੇਸ਼ਾਂ ਲਈ ਅਗਵਾਈ ਕਰਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਪੂਤ ਦਾ ਅਰਥ ਵੀ ਸਿਰਫ ਪੁੱਤਰ ਹੀ ਲਿਆ ਜਾਂਦਾ ਹੈ ਜਦੋਂ ਕਿ ਗੁਰਮਤਿ ਵਿੱਚ ਪੁੱਤਰ ਤੇ ਪੁਤਰੀਆਂ ਇੱਕ ਸਮਾਨ ਹਨ। ਜਿੱਥੇ ਦੂਸਰੇ ਧਰਮਾਂ ਵਿੱਚ ਇਸਤਰੀ ਜਾਤੀ ਨੂੰ ਅਪਵਿਤਰ ਤੇ ਨੀਚ ਸਮਝ ਕੇ ਧਰਮ ਕਰਮ ਤੋਂ ਦੂਰ ਹੀ ਰੱਖਿਆ ਗਿਆ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ (ਪੰਨਾ 273) ਕਹਿ ਕੇ ਇਸਤਰੀ ਨੂੰ ਸਿਰਫ ਜ਼ੁਬਾਨੀ ਕਲਾਮੀ ਸਤਿਕਾਰ ਹੀ ਨਹੀਂ ਦਿੱਤਾ ਬਲਕਿ ਇਸ ਨੂੰ ਅਮਲੀ ਰੂਪ ਵਿੱਚ ਵੀ ਲਾਗੂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਾਤ ਦੇਣ ਸਮੇਂ ਜਿਸ ਨੂੰ ਸਭ ਤੋਂ ਪਹਿਲਾ ਸਿੱਖ ਬਣਾਇਆ ਉਹ ਇੱਕ ਔਰਤ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ। ਬਾਬਾ ਅਮਰ ਦਾਸ ਜੀ ਨੂੰ ਗੁਰੂ ਪਦ ਤੱਕ ਪਹੁੰਚਾਣ ਵਾਲੀ ਵੀ ਇਕ ਔਰਤ ਬੀਬੀ ਅਮਰੋ ਜੀ ਹੀ ਸੀ ਜੋ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਅਤੇ ਬਾਬਾ (ਗੁਰੂ) ਅਮਰਦਾਸ ਜੀ ਦੀ ਭਤੀਜ ਨੂੰਹ ਸੀ ਜਿਸ ਤੋਂ ਗੁਰੂ ਨਾਨਕ ਦੀ ਬਾਣੀ ਸੁਣ ਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਤੇ ਉਹ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਸਿੱਖੀ ਦੀ ਦਾਤ ਲੈਣ ਲਈ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਤੇ ਸਿੱਖੀ ਪ੍ਰਾਪਤ ਕਰਕੇ ਉਸ ਦੀ ਇਤਨੀ ਕਮਾਈ ਕੀਤੀ ਕਿ ਉਹ ਗੁਰੂ ਪਦ ਤੱਕ ਪਹੁੰਚ ਗਏ।

ਪਰ ਦੁੱਖ ਦੀ ਗੱਲ ਇਹ ਹੈ ਕਿ ਡੇਰੇਦਾਰਾਂ ਦੇ ਪ੍ਰਚਾਰ ਸਦਕਾ ਔਰਤ ਨੂੰ ਸਿੱਖ ਧਰਮ ਵਿੱਚ ਹਾਲੀ ਤੱਕ ਵੀ ਅਪਵਿਤਰ ਹੀ ਸਮਝਿਆ ਜਾ ਰਿਹਾ ਹੈ ਤੇ ਦਰਬਾਰ ਸਾਹਿਬ ਜਿੱਥੇ ਹਰ ਰੋਜ਼ ਪੜ੍ਹਿਆ ਵੀ ਜਾ ਰਿਹਾ ਹੈ ’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਪਰ ਫਿਰ ਵੀ ਉਸੇ ਸਥਾਨ ’ਤੇ ਬੀਬੀਆਂ ਨੂੰ ਕੀਰਤਨ ਕਰਨ ਤੇ ਬਾਣੀ ਪੜ੍ਹਨ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਔਰਤਾਂ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਇੰਨਾਂ ਮਾਣ ਸਤਿਕਾਰ ਦਿਤਾ, ਉਹ ਹੀ ਉਸ ਕਿਸਮ ਦੇ ਡੇਰੇ ਪ੍ਰਫੁਲਤ ਕਰਨ ਵਿੱਚ ਮੋਹਰੀ ਹਨ ਜਿਹੜੇ ਗੁਰੂ ਸਾਹਿਬ ਜੀ ਦੇ ਸ਼ਰੀਕ ਬਣੇ ਹੋਏ ਹਨ ਤੇ ਅੱਜ ਵੀ ਇਸਤਰੀ ਜਾਤੀ ਨੂੰ ਅਪਵਿਤਰ ਤੇ ਨੀਚ ਸਮਝਦੇ ਹਨ। ਕੋਈ ਵੀ ਡੇਰਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਜੇ ਉਸ ਵਿੱਚ 1000 ਦਾ ਇਕੱਠ ਹੈ ਤਾਂ ਉਸ ਵਿੱਚੋਂ 700 ਔਰਤਾਂ ਹਨ ਤੇ ਮਰਦ ਕੇਵਲ 300 ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top