Share on Facebook

Main News Page

ਅੱਤ ਦੀ ਪੈ ਰਹੀ ਗਰਮੀ ਤੇ ਕੜਕਦੀ ਧੁੱਪ ਦੇ ਬਾਵਜੂਦ ਗੁਰਮਤਿ ਕੈਂਪ ਦੀ ਸਫਲਤਾ ’ਚ ਜੁਟੇ ਦਿੱਲੀ ਕਮੇਟੀ ਦੇ ਪ੍ਰਚਾਰਕ

* ਲੁਧਿਆਣਾ ਵਿਖੇ ਲਗਾਇਆ ਜਾਣ ਵਾਲਾ ਵਿਸ਼ਾਲ ਗੁਰਮਤਿ ਕੈਂਪ
* ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕਰੇਗਾ - ਭਾਈ ਖਾਲਸਾ

ਲੁਧਿਆਣਾ, 9 ਜੂਨ () ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਯੋਗ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ (ਰਜਿ.) ਵੱਲੋਂ 11 ਜੂਨ ਤੋਂ ਲੁਧਿਆਣਾ ਦੇ ਦੁੱਗਰੀ ਇਲਾਕੇ ਵਿਖੇ ਸ਼ੁਰੂ ਹੋਣ ਵਾਲਾ ਵਿਸ਼ਾਲ ਗੁਰਮਤਿ ਕੈਂਪ ਸਾਂਝ 2011 ਸਿੱਖ ਨੌਜਵਾਨ ਸ਼ਕਤੀ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕਰੇਗਾ, ਕਿਉਂਕਿ ਹੁਣ ਤੱਕ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਲੱਗੇ ਗੁਰਮਤਿ ਕੈਂਪਾਂ ਦੇ ਨਾਲੋਂ ਇਹ ਸਭ ਤੋਂ ਵੱਡਾ ਤੇ ਵਿਸ਼ਾਲ ਗੁਰਮਤਿ ਕੈਂਪ ਹੋਵੇਗਾ । ਜਿਸ ਅੰਦਰ ਲਗਭਗ 300 ਦੇ ਕਰੀਬ ਸਿੱਖ ਨੌਜਵਾਨ, ਬੱਚੇ ਤੇ ਬੱਚੀਆਂ ਉਚੇਚੇ ਤੌਰ ਤੇ ਭਾਗ ਲੈਣਗੀਆਂ ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਐਜੂਕੇਸ਼ਨ ਟਰੱਸਟ (ਰਜਿ.) ਦੇ ਇੰਚਾਰਜ ਭਾਈ ਚਰਨਜੀਤ ਸਿੰਘ ਖਾਲਸਾ ਨੇ ਲਗਾਏ ਜਾ ਰਹੇ ਗੁਰਮਤਿ ਕੈਂਪ ਸੰਬੰਧੀ ਸ਼ੁਰੂ ਕੀਤੀ ਗਈ ਜਾਗਰੂਕ ਮੁਹਿੰਮ ਦੀ ਆਰੰਭਤਾ ਮੌਕੇ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ । ਅੱਤ ਦੀ ਪੈ ਰਹੀ ਗਰਮੀ ਤੇ ਕੜਕਦੀ ਧੁੱਪ ਦੀ ਬਿਨਾਂ ਪ੍ਰਵਾਹ ਕੀਤਿਆਂ ਆਪਣੇ ਸਾਥੀ ਪ੍ਰਚਾਰਕਾਂ ਸਮੇਤ ਗੁਰਮਤਿ ਕੈਂਪ ਸੰਬੰਧੀ ਘਰ-ਘਰ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾ ਰਹੇ ਭਾਈ ਖਾਲਸਾ ਨੇ ਜਾਣਕਾਰੀ ਤੇ ਆਪਣੇ ਨਿੱਜੀ ਤਜ਼ਰਬਿਆਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਉਹ 1980 ’ਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਹੋਣ ਦੇ ਨਾਤੇ ਪਿਛਲੇ ਕਾਫੀ ਲੰਬੇ ਅਰਸੇ ਤੋਂ ਸਿੱਖ ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਦੇ ਨਾਲ ਜੋੜਨ ਦੇ ਲਈ ਲਗਾਤਾਰ ਗੁਰਮਤਿ ਕੈਂਪ ਲਗਾਉਣ ਦਾ ਤਜ਼ਰਬਾ ਸੀ ।

ਇਸੇ ਮਿਸ਼ਨ ਨੂੰ ਹੋਰ ਅੱਗੇ ਤੋਰਦਿਆਂ ਹੋਇਆਂ ਹੁਣ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਦੇ ਨਾਲ 11 ਜੂਨ ਨੂੰ ਭਾਈ ਹਿੰਮਤ ਸਿੰਘ ਨਗਰ ਦੁੱਗਰੀ ਵਿਖੇ ਵਿਸ਼ਾਲ ਗੁਰਮਤਿ ਕੈਂਪ ਆਯੋਜਿਤ ਕਰਨ ਜਾ ਰਹੇ ਹਾਂ । ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ 11 ਤੋਂ 26 ਜੂਨ ਤੱਕ ਚੱਲਣ ਵਾਲੇ ਇਸ ਵਿਸ਼ਾਲ ਗੁਰਮਤਿ ਕੈਂਪ ਦਾ ਸਮਾਂ ਰੋਜ਼ਾਨਾ 8.00 ਵਜੇ ਤੋਂ 11.00 ਵਜੇ ਤੱਕ ਹੋਵੇਗਾ । ਜਿਸ ਵਿੱਚ ਸਿੱਖ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਦਸਤਾਰ ਸਿਖਲਾਈ ਹਰਮੋਨੀਅਨ ਤੇ ਤਬਲੇ ਦੀ ਸਿਖਲਾਈ, ਨੈਤਿਕ ਸਿੱਖਿਆ ਦੇ ਨਾਲ-ਨਾਲ ਸਿੱਖ ਮਾਰਸ਼ਲ ਆਰਟ ਦੀ ਉਚੇਚੇ ਤੌਰ ਤੇ ਸਿੱਖਲਾਈ ਦਿੱਤੀ ਜਾਵੇਗੀ ਅਤੇ 26 ਤਰੀਕ ਨੂੰ ਕੈਂਪ ਦੇ ਸਮਾਪਤੀ ਮੌਕੇ ਵਿਸ਼ੇਸ਼ ਤੌਰ ਤੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਗੁਰਮਤਿ ਕੈਂਪ ਦੌਰਾਨ ਲਈ ਗਈ ਧਾਰਮਿਕ ਪ੍ਰੀਖਿਆ ਦੌਰਾਨ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਦਫਤਰ ਇੰਚਾਰਕ ਭਾਈ ਅਮਰੀਕ ਸਿੰਘ, ਪ੍ਰਚਾਰਕ ਭਾਈ ਅੰਗਰੇਜ਼ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਗੁਰਚੇਤਨ ਸਿੰਘ ਤੇ ਭਾਈ ਜਸਮੇਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top