Share on Facebook

Main News Page

ਘਲੂਘਾਰਿਆਂ ਦੇ ਸਥਾਨ, ਮਿਤੀਆਂ ਅਤੇ ਪਾਤਰ ਬਦਲੇ ਹਨ ਪਰ ਕਾਰਣ ਨਹੀਂ ਬਦਲੇ: ਪ੍ਰੋ. ਹਰਜਿੰਦਰ ਸਿੰਘ ਸਭਰਾ

* ਕਾਰਣ ਹਰ ਵਾਰ ਇੱਕੋ ਸੀ ਕਿ ਸਿੱਖ ਕੌਮ ਨੂੰ ਖ਼ਤਮ ਕਰਨਾ ਹੈ, ਇਹੋ ਕਾਰਣ ਸੀ ਕਿ ਔਰਤਾਂ ਤੇ ਬੱਚਿਆਂ ਤੱਕ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ
* ਕੀ ਇਹ ਭੁੱਲ ਜਾਣ ਦਾ ਉਪਦੇਸ਼ ਸਿਰਫ ਸਿੱਖਾਂ ਲਈ ਹੀ ਹੈ, ਦੂਜਿਆਂ ਲਈ ਨਹੀਂ? ਜੇ ਭੁੱਲਣਾ ਹੀ ਹੈ ਤਾਂ ਕਿਉਂ ਨਹੀ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕੀਤਾ ਜਾਂਦਾ, ਕਿਉਂ ਨਹੀਂ ਧਰਮੀ ਫੌਜੀਆਂ ਨੂੰ ਬਹਾਲ ਕੀਤਾ ਗਿਆ, ਕਿਉਂ ਨਹੀਂ ਲੰਬੇ ਸਮੇਂ ਤੋਂ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਨਜ਼ਰਬੰਦ ਸਿੱਖ ਰਿਹਾ ਕੀਤੇ ਗਏ, ਕਿਉਂ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਫਾਂਸੀ ਦੀ ਸਜਾ ਉਡੀਕ ਰਹੇ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਂਦੀ?
* ਇਹ ਗੱਲਾਂ 6 ਜੂਨ ਨੂੰ ਭਾਸ਼ਣ ਦੇਣ ਸਮੇਂ ਦੁਹਰਾ ਦਿੱਤੀਆਂ ਜਾਂਦੀਆਂ ਹਨ ਤੇ ਕੁਝ ਕੁ ਸੁਹਿਰਦ ਸਿੱਖਾਂ ਨੂੰ ਛੱਡ ਕੇ ਬਾਕੀਆਂ ਵਲੋਂ ਸਾਰੇ ਸਾਲ ਲਈ ਫਿਰ ਭੁਲਾ ਦਿੱਤੀਆਂ ਜਾਂਦੀਆਂ ਹਨ

ਬਠਿੰਡਾ, 4 ਜੂਨ (ਕਿਰਪਾਲ ਸਿੰਘ): ਘਲੂਘਾਰਿਆਂ ਦੇ ਸਥਾਨ, ਮਿਤੀਆਂ ਅਤੇ ਪਾਤਰ ਬਦਲੇ ਹਨ ਪਰ ਕਾਰਣ ਨਹੀਂ ਬਦਲੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਸਿੱਖ ਇਤਿਹਾਸ ਦੇ ਪੱਤਰੇ ਫਰੋਲਦਿਆਂ ਦੱਸਿਆ ਕਿ ਘਲੂਘਾਰਾ ਦਾ ਅਰਥ ਹੈ ਕਿ ਕਿਸੇ ਕੌਮ ਦੀ ਜਾਨ ਮਾਲ ਦੀ ਤਬਾਹੀ ਕਰ ਦੇਣੀ।

ਸਿੱਖ ਇਤਿਹਾਸ ਵਿੱਚ ਪਹਿਲਾ ਘਲੂਘਾਰਾ ਮਈ 1746 ਵਿੱਚ ਕੁੱਪ ਰਹੀੜੇ ਦੇ ਸਥਾਨ ’ਤੇ ਵਾਪਰਿਆ ਜਿਸ ਵਿੱਚ 7000 ਸਿੱਖ ਮਰਦ ਔਰਤ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ ਅਤੇ 3000 ਕੈਦੀ ਬਣਾ ਲਏ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ। ਇਹ ਘਲੂਘਾਰਾ ਦੀਵਾਨ ਲੱਖਪਤ ਰਾਏ ਦੀ ਕਮਾਂਡ ਹੇਠ ਹੋਇਆ ਜਿਸ ਨੇ ਐਲਾਨ ਕੀਤਾ ਹੋਇਆ ਸੀ ਕਿ ਸਿੱਖ ਧਰਮ ਦੀ ਨੀਂਹ ਇੱਕ ਖੱਤਰੀ ਗੁਰੂ ਨਾਨਕ ਨੇ ਰੱਖੀ ਸੀ, ਨੂੰ ਇੱਕ ਖੱਤਰੀ ਲੱਖਪਤ ਰਾਏ ਹੀ ਖ਼ਤਮ ਕਰਗੇ। ਇਸ ਨੂੰ ਛੋਟਾ ਘਲੂਘਾਰਾ ਕਰਕੇ ਜਾਣਿਆ ਜਾਂਦਾ ਹੈ।

ਦੂਸਰਾ ਘਲੂਘਾਰਾ ਫਰਵਰੀ 1762 ਵਿਚ ਕਾਹਨੂੰਵਾਨ ਦੇ ਛੰਬ ਵਿੱਚ ਅਹਿਮਦਸ਼ਾਹ ਦੁਰਾਨੀ ਦੀ ਕਮਾਂਡ ਹੇਠ ਵਾਪਰਿਆ, ਜਿਸ ਵਿੱਚ ਛੰਬ ਨੂੰ ਅੱਗ ਲਾ ਕੇ ਇੱਕੇ ਦਿਨ 30000 ਬਜੁਰਗ, ਔਰਤਾਂ ਤੇ ਬੱਚਿਆਂ ਸਮੇਤ ਸਿੱਖ ਅੱਗ ਨਾਲ ਸੜ ਕੇ ਸ਼ਹੀਦ ਹੋਏ। ਇਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘਲੂਘਾਰਾ ਕਰਕੇ ਜਾਣਿਆ ਜਾਂਦਾ ਹੈ। ਇਸ ਨੂੰ ਅੱਜ ਦੇ ਇਤਿਹਾਸ ਨਾਲ ਜੋੜ ਕੇ ਉਨ੍ਹਾਂ ਕਿਹਾ ਕਿ ਦੁੱਖ ਹੰਦਾ ਹੈ, ਜਿਸ ਕੌਮ ਦੀ ਇੱਜਤ ਆਬਰੂ ਅਤੇ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ, ਜਿਨ੍ਹਾਂ ਦੀ ਬਦੌਲਤ ਭਾਰਤ ’ਤੇ ਵਿਦੇਸ਼ੀ ਹਮਲਿਆਂ ਤੋਂ ਠੱਲ੍ਹ ਪਈ, ਜਿਨ੍ਹਾਂ ਦੀ ਬਦੌਲਤ ਇਸ ਦੇਸ਼ ਨੂੰ ਅਜ਼ਾਦੀ ਮਿਲੀ, ਜਿਨ੍ਹਾਂ ਦੀ ਬਦੌਲਤ ਭਾਰਤ ਇੱਕ ਅਖੰਡ ਦੇਸ਼ ਬਣ ਸਕਿਆ ਅੱਜ ਇਸ ਦੇ ਮਾਲਕ ਬਣੇ ਫ੍ਰਿਕਾਪ੍ਰਸਤਾਂ ਦੀ ਨਜ਼ਰ ਵਿੱਚ ਉਹ ਸਿੱਖ ਹੀ ਦੇਸ਼ ਦੀ ਅਜ਼ਾਦੀ ਤੇ ਅਖੰਡਤਾ ਲਈ ਖ਼ਤਰਾ ਦਿੱਸ ਰਹੇ ਹਨ।

1947 ਵਿੱਚ ਜਦੋਂ ਦੇਸ਼ ਦੀ ਵੰਡ ਹੋ ਕੇ ਹਿੰਦੁਸਤਾਨ ਅਤੇ ਪਾਕਸਤਾਨ ਬਣੇ, ਤਾਂ ਇਸ ਦੀ ਸੱਭ ਤੋਂ ਵੱਧ ਮਾਰ ਸਿੱਖਾਂ ਨੂੰ ਝਲਣੀ ਪਈ। ਸਿੱਖਾਂ ਨੇ ਆਪਣੀ ਕਿਸਮਤ ਅਜ਼ਾਦ ਹਿੰਦੁਸਤਾਨ ਨਾਲ ਜੋੜੀ, ਮੁਰੱਬਿਆਂ ਦੇ ਮਾਲਕ ਅਤੇ ਆਪਣੇ ਵੱਡੇ ਕਾਰੋਬਾਰਾਂ ਨੂੰ ਛੱਡ ਕੇ ਸਿੱਖ ਭਾਰਤ ਨੂੰ ਆਪਣਾ ਦੇਸ਼ ਸਮਝ ਕੇ ਇੱਧਰ ਆ ਕੇ ਸਰਨਾਰਥੀ ਬਣੇ। ਇਹ ਸਿੱਖਾਂ ਲਈ ਤੀਜਾ ਘਲੂਘਾਰਾ ਸੀ, ਜਿਸ ਦਾ ਦੁੱਖ ਅਤੇ ਵਿਛੋੜਾ ਉਹ ਝੱਲ ਸਕਦੇ ਸਨ ਪਰ ਆਪਣੀ ਸਰਕਾਰ ਨੇ ਜੋ ਤੋਹਫਾ ਦਿੱਤਾ ਅਤੇ ਸਭ ਤੋਂ ਪਹਿਲਾ ਸਰਕੂਲਰ ਜਾਰੀ ਕੀਤਾ ਉਸ ਵਿੱਚ ਕਿਹਾ ਗਿਆ ਕਿ ਸਿੱਖ ਜ਼ਰਾਇਮ ਪੇਸ਼ਾ ਕੌਮ ਹੈ, ਇਸ ’ਤੇ ਕਰੜੀ ਨਜ਼ਰ ਰੱਖੀ ਜਾਵੇ।

ਪ੍ਰੋ: ਸਭਰਾ ਨੇ ਕਿਹਾ ਵਿੱਤਕਰਾ ਇਥੇ ਹੀ ਖ਼ਤਮ ਨਹੀਂ ਹੋਇਆ ਅਜ਼ਾਦ ਭਾਰਤ ਵਿੱਚ ਭਾਸ਼ਾ ਦੇ ਆਧਾਰ ’ਤੇ ਸੂਬੇ ਬਣਾਏ ਗਏ। ਸਾਰਿਆਂ ਨੂੰ ਆਪਣੀ ਭਾਸ਼ਾ ਦੇ ਆਧਾਰ ’ਤੇ ਬਿਨਾਂ ਕਿਸੇ ਸੰਘਰਸ਼ ਕੀਤਿਆਂ ਅਤੇ ਬਿਨਾਂ ਇੱਕ ਵੀ ਦਿਨ ਦੀ ਜੇਲ੍ਹ ਕੱਟਿਆਂ ਆਪਣੇ ਸੂਬੇ ਦਿੱਤੇ ਗਏ ਪਰ ਜਦ ਪੰਜਾਬ ਦੀ ਵਾਰੀ ਆਈ ਤਾਂ ਸਾਫ ਨਾਂਹ ਕਰ ਦਿੱਤੀ ਗਈ। ਜਿਸ ਦੀ ਪ੍ਰਪਤੀ ਲਈ ਸਿਖਾਂ ਨੂੰ ਲੰਬਾ ਸਮਾਂ ਸ਼ੰਘਰਸ਼ ਕਰਨਾ ਪਿਆ, ਲੱਖਾਂ ਪੰਜਾਬੀ ਸਿੱਖਾਂ ਨੇ ਜੇਲ੍ਹ ਕੱਟੀ ਅਤੇ ਅਨੇਕਾਂ ਨੂੰ ਸ਼ਹੀਦੀ ਵੀ ਦੇਣੀ ਪਈ। ਅਖੀਰ ਜੇ ਪੰਜਾਬੀ ਸੂਬਾ ਦੇਣਾ ਹੀ ਪਿਆ ਤਾਂ ਇਸ ਨੂੰ ਛਾਂਗ ਕੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ, ਇਸ ਦੇ ਦਰਿਆ ਅਤੇ ਇਸ ਦੀ ਰਾਜਧਾਨੀ ਖੋਹ ਲਈ ਗਈ। ਜਿਨ੍ਹਾਂ ਦੀ ਪ੍ਰਪਤੀ ਲਈ ਫਿਰ ਮੋਰਚੇ ਲਗੇ ਜਿਨ੍ਹਾਂ ਨੂੰ ਕੁਚਲਣ ਲਈ 1984 ਵਿੱਚ ਨੀਲਾ ਤਾਰਾ ਵਰਗੇ ਸਾਕੇ ਵਰਤਾਏ ਗਏ ਤੇ ਇਹ ਸਿੱਖਾਂ ਲਈ ਚੌਥਾ ਵੱਡਾ ਘਲੂਘਾਰਾ ਸਾਬਤ ਹੋਇਆ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਜਿਸ ਵਿੱਚ ਬਜ਼ੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਨੂੰ ਆਜ਼ਾਦ ਭਾਰਤ ਦੀਆਂ ਫੌਜਾਂ ਦੀਆਂ ਤੋਪਾਂ ਦੇ ਗੋਲਿਆਂ ਨਾਲ ਸ਼ਹੀਦ ਕਰ ਦਿੱਤਾ ਗਿਆ। ਇੱਥੇ ਸ਼ਹੀਦ ਹੋਏ ਸਿਖਾਂ ਦੀ ਗਿਣਤੀ ਅੱਜ ਤੱਕ ਸਰਕਾਰ ਵੀ ਨਹੀਂ ਕਰ ਸਕੀ। ਇਸ ਦਾ ਜਵਾਬ ਕਿਸੇ ਕੋਲ ਵੀ ਨਹੀਂ ਕਿ ਜੇ ਬਾਕੀ ਦੇ ਸੂਬੇ ਭਾਸ਼ਾ ਦੇ ਅਧਾਰ’ਤੇ ਬਣਾਏ ਗਏ ਤਾਂ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਬਣਾਉਣ ਲਈ ਨਾਂਹ ਕਿਉਂ? ਦੁੱਧ ਚੁੰਘਦੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਸੀ, ਉਨ੍ਹਾਂ ਤਾਂ ਆਪਣੀ ਮੰਗ ਲਈ ਕੋਈ ਸੰਘਰਸ਼ ਨਹੀਂ ਸੀ ਕੀਤਾ, ਉਹ ਤਾਂ ਆਪਣੀ ਖੁਰਾਕ ਵੀ ਮੰਗ ਕੇ ਨਹੀਂ ਸੀ ਲੈ ਸਕਦੇ, ਉਨ੍ਹਾਂ ਨੂੰ ਤਾਂ ਆਪਣੀ ਭੁੱਖ ਵੀ ਰੋ ਕੇ ਦੱਸਣੀ ਪੈਂਦੀ ਸੀ, ਫਿਰ ਉਨ੍ਹਾਂ ਦਾ ਕੀ ਕਸੂਰ ਸੀ ਕਿ ਉਨ੍ਹਾਂ ਨੂੰ ਨੂੰ ਵੀ ਬਖ਼ਸ਼ਿਆ ਨਹੀਂ ਸੀ ਗਿਆ। ਬੇਸ਼ੱਕ ਹਰ ਘਲੂਘਾਰੇ ਵਰਤਣ ਦੇ ਸਥਾਨ, ਮਿਤੀਆਂ, ਅਤੇ ਇਨ੍ਹਾਂ ਪਿਛੇ ਕੰਮ ਕਰਨ ਵਾਲੇ ਵਿਅਕਤੀ ਵੱਖ ਵੱਖ ਸਨ ਪਰ ਕਾਰਣ ਹਰ ਵਾਰ ਇੱਕੋ ਸੀ ਕਿ ਸਿੱਖ ਕੌਮ ਨੂੰ ਖ਼ਤਮ ਕਰਨਾ ਹੈ, ਇਹੋ ਕਾਰਣ ਸੀ ਕਿ ਔਰਤਾਂ ਤੇ ਬੱਚਿਆਂ ਤੱਕ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਪ੍ਰੋ: ਸਭਰਾ ਨੇ ਕਿਹਾ 1984 ਵਿੱਚ ਹੀ ਇੱਕ ਹੋਰ ਘਲੂਘਾਰਾ ਵਰਤਇਆ ਗਿਆ ਜਿਸ ਵਿੱਚ ਇੰਦਰਾ ਗਾਂਧੀ ਦੀ ਮੌਤ ਦਾ ਬਹਾਨਾਂ ਬਣਾ ਕੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਸਮੂਹਿਕ ਕਤਲ ਕੀਤੇ ਗਏ ਤੇ ਜਾਇਦਾਦਾਂ ਸਾੜੀਆਂ ਗਈਆਂ। ਇਕ ਲੋਕਤੰਤਰਿਕ ਦੇਸ਼ ਵਿੱਚ 27 ਸਾਲ ਲੰਘ ਜਾਣ ਪਿਛੋਂ ਵੀ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਸਜਾ ਮਿਲੀ ਹੈ। ਜਦੋਂ ਕਿ ਨਿਰਦੋਸ਼ ਕਿਹਰ ਸਿੰਘ ਨੂੰ ਫਾਂਸੀ ਦੀ ਸਜਾ ਦਿੱਤੀ ਗਈ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਇਨਸਾਫ ਦੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਫਾਂਸੀ ਦਿੱਤੀ ਜਾ ਰਹੀ ਹੈ। ਹੋਰ ਤਾਂ ਹੋਰ ਸਿੱਖ ਕੌਮ ਵੀ 84 ਦੇ ਘੱਲੂਘਾਰਿਆਂ ਦੀ ਯਾਦਗਰ ਨਹੀ ਬਣਾ ਸਕੀ। ਇਸ ਦੇ ਮੁੱਖ ਤੌਰ ’ਤੇ ਦੋਸ਼ੀ ਵੀ ਸਾਡੇ ਵਿੱਚੋਂ ਹੀ ਹਨ ਜਿਹੜੇ ਕਹਿੰਦੇ ਹਨ ਕਿ ਪਿਛਲੀਆਂ ਗੱਲਾਂ ਭੁੱਲ ਜਾਓ।

ਪ੍ਰੋ: ਸਭਰਾ ਨੇ ਕਿਹਾ ਕੀ ਇਹ ਭੁੱਲ ਜਾਣ ਦਾ ਉਪਦੇਸ਼ ਸਿਰਫ ਸਿੱਖਾਂ ਲਈ ਹੀ ਹੈ, ਦੂਜਿਆਂ ਲਈ ਨਹੀਂ? ਜੇ ਭੁੱਲਣਾ ਹੀ ਹੈ ਤਾਂ ਕਿਉਂ ਨਹੀ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕੀਤਾ ਜਾਂਦਾ, ਕਿਉਂ ਨਹੀਂ ਧਰਮੀ ਫੌਜੀਆਂ ਨੂੰ ਬਹਾਲ ਕੀਤਾ ਗਿਆ, ਕਿਉਂ ਨਹੀਂ ਲੰਬੇ ਸਮੇਂ ਤੋਂ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਨਜ਼ਰਬੰਦ ਸਿੱਖ ਰਿਹਾ ਕੀਤੇ ਗਏ, ਕਿਉਂ ਨਹੀਂ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਫਾਂਸੀ ਦੀ ਸਜਾ ਉਡੀਕ ਰਹੇ ਸਿੱਖਾਂ ਨੂੰ ਆਮ ਮੁਆਫੀ ਦਿੱਤੀ ਜਾਂਦੀ? ਉਨ੍ਹਾਂ ਕਿਹਾ ਇਹ ਸਾਰੀਆਂ ਗੱਲਾਂ ਸਿੱਧ ਕਰਦੀਆਂ ਹਨ ਕਿ ਇਸ ਦੇਸ਼ ਵਿੱਚ ਸਿੱਖ ਹੋਣਾ ਗੁਣਾਹ ਹੈ। ਪ੍ਰੋ: ਸਭਰਾ ਨੇ ਕਿਹਾ ਕਿ ਇਹ ਗੱਲਾਂ 6 ਜੂਨ ਨੂੰ ਭਾਸ਼ਣ ਦੇਣ ਸਮੇਂ ਦੁਹਰਾ ਦਿੱਤੀਆਂ ਜਾਂਦੀਆਂ ਹਨ ਤੇ ਕੁਝ ਕੁ ਸੁਹਿਰਦ ਸਿੱਖਾਂ ਨੂੰ ਛੱਡ ਕੇ ਬਾਕੀਆਂ ਵਲੋਂ ਸਾਰੇ ਸਾਲ ਲਈ ਫਿਰ ਭੁਲਾ ਦਿੱਤੀਆਂ ਜਾਂਦੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top