Share on Facebook

Main News Page

ਪ੍ਰੋ. ਭੁੱਲਰ ਨੂੰ ਦੇਸ਼ ਦੇ ਜੁੰਮੇਵਾਰ ਮੁੱਖੀ ਵਲੋਂ ਫਾਂਸੀ ਦੀ ਸਜ਼ਾ ਬਹਾਲ ਕਰਨਾ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਇਸ ਜ਼ਾਲਮ ਫੈਸਲੇ ਦੀ ਹਮਾਇਤ ਕਰਨਾ, ਸਿੱਖ ਕੌਮ ਦੀ ਮਰੀ ਹੋਈ ਜ਼ਮੀਰ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕ ਕੇ ਸਾਬਿਤ ਕਰਨ ਵਾਂਗੂੰ ਹੈ: ਪ੍ਰੋ. ਦਰਸ਼ਨ ਸਿੰਘ ਖਾਲਸਾ

ਇੰਗਲੈਂਡ ਵਿੱਚ ਆਪਣੇ ਘਰੇਲੂ ਸਮਾਗਮ ਅਤੇ ਸਟਾਕਹੋਮ (ਸਵੀਡਨ) ਵਿਖੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਵਾਪਿਸ ਕੈਨੇਡਾ ਪਹੁੰਚੇ, ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਖਾਲਸਾ ਨਿਊਜ਼ ਨਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਬੰਧੀ ਗੱਲਬਾਤ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੇਸ਼ ਦੇ ਜੁੰਮੇਵਾਰ ਮੁੱਖੀ ਵਲੋਂ ਫਾਂਸੀ ਦੀ ਸਜ਼ਾ ਬਹਾਲ ਕਰਨਾ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਇਸ ਜ਼ਾਲਮ ਫੈਸਲੇ ਦੀ ਹਮਾਇਤ ਕਰਨਾ, ਸਿੱਖ ਕੌਮ ਦੀ ਮਰੀ ਹੋਈ ਜ਼ਮੀਰ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕ ਕੇ ਸਾਬਿਤ ਕਰਨ ਵਾਂਗੂੰ ਹੈ, ਕਿ ਸਿੱਖਾਂ ਦੀ ਜ਼ਮੀਰ ਮਰ ਚੁੱਕੀ ਹੈ, ਜਿਹੜੀ ਅਜੇ ਵੀ ਭਾਰਤੀ ਅਦਾਲਤਾਂ ਦਾ ਇਨਸਾਫ ਅਤੇ ਭਾਰਤੀ ਜਨਤਾ ਪਾਰਟੀ ਨਾਲ ਅਤੁੱਟ ਰਿਸ਼ਤੇ ਤੇ ਅਤੁੱਟ ਵਿਸ਼ਵਾਸ਼ ਰੱਖੀ ਬੈਠੀ ਹੈ ਅਤੇ ਆਪਣਾ ਧਰਮ, ਧਾਰਮਿਕ ਪਦਵੀਆਂ ਆਪਣੀ ਰਾਜ ਨੀਤੀ ਸਭ ਕੁੱਛ ਇਨ੍ਹਾਂ ਦਾ ਗੁਲਾਮ ਕਰ ਚੁਕੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਿ ਸਾਡੀਆਂ ਰਾਜਨੀਤਕ ਅਤੇ ਅਖੌਤੀ ਧਾਰਮਿਕ ਪਦਵੀਆਂ ਤੇ ਭਾਰਤੀ ਜਨਤਾ ਪਾਰਟੀ ਦਾ ਹੀ ਹੁਕਮ ਚਲਦਾ ਹੈ। ਪਰ ਦੂਜੇ ਪਾਸੇ 1984 ਦੇ ਫੌਜੀ ਹਮਲੇ ਸਮੇਂ ਹਜ਼ਾਰਾਂ ਸਿੱਖਾਂ ਦੇ ਕਾਤਲ, 27 ਸਾਲ ਬਾਅਦ ਅੱਜ ਭੀ ਰਾਜਨੀਤੀ ਵਿੱਚ ਦਨਦਨਾਂਦੇ ਫਿਰ ਰਹੇ ਹਨ। ਉਨ੍ਹਾਂ ਲਈ ਭਾਰਤ ਦੇ ਕਾਨੂੰਨੀ ਕਟਹਿਰੇ ਵਿੱਚ ਕੋਈ ਸਜਾ ਨਹੀਂ, ਪਰ ਪ੍ਰੋ. ਭੁੱਲਰ ਵਰਗਾ ਸਿੱਖ ਨੌਜਵਾਨ, ਜਿਹੜਾ ਉਮਰ ਕੈਦ ਨਾਲੋਂ ਵੱਧ ਕੈਦ ਭੁਗਤ ਚੁਕਾ ਹੈ, ਉਸਨੂੰ ਫਾਂਸੀ ਦੀ ਸਜ਼ਾ ਸੁਣਾਉਣਾ ਅਤੇ ਦੇਸ਼ ਦੇ ਮੁੱਖੀ ਵਲੋਂ ਉਸ ਸਜ਼ਾ ਨੂੰ ਬਹਾਲ ਕਰਨਾ ਕਿਥੋਂ ਦਾ ਇਨਸਾਫ ਹੈ।

ਉਨ੍ਹਾਂ ਗੁਰਬਾਣੀ "ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ॥" ਦੇ ਹਵਾਲੇ ਨਾਲ ਕਿਹਾ ਕਿ ਦੂਜੇ ਪਾਸੇ 1984 ਦੇ ਘੱਲੂਘਾਰੇ ਲਈ ਇੰਦਰਾ ਨੂੰ ਮਜਬੂਰ ਕਰਨ ਵਾਲੇ, ਉਸਨੂੰ ਦੁਰਗਾ ਦੇ ਨਾਮ ਨਾਲ ਸਨਮਾਨਣ ਵਾਲੇ ਅਤੇ ਅੱਜ ਫਿਰ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਹਮਾਇਤ ਕਰਨ ਵਾਲਿਆਂ ਦੇ ਹਿੰਦੀ - ਹਿੰਦੂ - ਹਿੰਦੁਸਤਾਨ ਨੂੰ ਕਿੰਨਾਂ ਕੁ ਹੋਰ ਪਰਖੋਗੇ। ਇਨਸਾਫ ਮੁਰਦਾ ਜ਼ਮੀਰ ਕੌਮਾਂ ਨੂੰ ਕਦੀ ਨਹੀਂ ਮਿਲਦਾ। ਯਾਦ ਰੱਖੋ, ਜੇ ਪ੍ਰੋ. ਭੁੱਲਰ ਦਾ ਜੀਵਨ ਜਿਹੜਾ ਕੌਮੀ ਜ਼ਮੀਰ ਦਾ ਪ੍ਰਤੀਕ ਬਣ ਚੁਕਾ ਹੈ, ਉਸ ਲਈ ਇਨਸਾਫ ਚਾਹੁੰਦੇ ਹੋ, ਤਾਂ ਇਕੱਠੇ ਹੋਕੇ ਜੀਉਂਦੀ, ਜਾਗਦੀ ਆਵਾਜ਼ ਬੁਲੰਦ ਕਰਨੀ ਹੋਵੇਗੀ, ਤਾਂਕਿ ਇਸ ਬੇਇਨਸਾਫੀ ਦੇ ਖਿਲਾਫ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕ ਖੜੇ ਹੋ ਜਾਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top