Share on Facebook

Main News Page

ਗੁਰੂ ਅਰਜੁਨ ਸਾਹਿਬ ਦੀ ਅਦੁੱਤੀ ਸ਼ਹਾਦਤ 'ਤੇ ਧਿਆਨਯੋਗ ਗੱਲਾਂ: ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ

ਗੁਰੂ ਅਰਜੁਨ ਸਾਹਿਬ ਦੀ ਅਦੁੱਤੀ ਸ਼ਹਾਦਤ ਤੇ ਵਿਚਾਰਨਯੋਗ ਗੱਲਾਂ ਨੂੰ ਜਾਣਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਜਿਸ ਢੰਗ ਨਾਲ ਗੁਰੂ ਅਰਜੁਨ ਪਾਤਸ਼ਾਹ ਨੇ ਗੁਰੂ ਸਾਹਿਬਾਨਾਂ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਸੁਚੱਜੇ ਢੰਗ ਨਾਲ ਸੰਕਲਨ ਤੇ ਸੰਪਾਦਤ ਕੀਤਾ, ਉਹ ਵਾਕਈ ਇਕ ਮਹਾਨ ਕਾਰਜ ਸੀ ।

ਇਸ ਤੋਂ ਇਲਾਵਾ ਗੁਰੂ ਸਾਹਿਬ ਦੁਰਅੰਦੇਸ਼ੀ ਹੋਣ ਦੇ ਨਾਲ ਭਵਿੱਖ ਵਿਚ ਵਾਪਰਨ ਵਾਲੀ ਘਟਨਾਵਾਂ ਨੂੰ ਸਮਝ ਕੇ, ਉਸ ਤਹਿਤ ਨੀਤੀ ਬਣਾਉਣ ਵਿਚ ਮਾਹਰ ਸਨ, ਜਿਸ ਤਹਿਤ ਗੁਰੂ ਸਾਹਿਬ ਨੇ ਬ੍ਰਾਹਮਣਵਾਦੀ ਲੋਕਾਂ ਦੀਆਂ ਚਾਲਾਂ ਨੂੰ ਛੇਤੀ ਸਮਝਦੇ ਹੋਏ, ਸ਼ਬਦ ਗੁਰੂ ਨੂੰ ਸੰਕਲਤ ਤੇ ਸੰਪਾਦਨ ਦਾ ਮਹਾਨ ਕਾਰਜ ਸਿਰੇ ਚਾੜਿਆ ਅਤੇ ਦਰਬਾਰ ਸਾਹਿਬ ਵਿਚ ਸ਼ਬਦ ਗੁਰੂ ਆਦਿ ਬੀੜ (ਧੁਰ ਕੀ ਬਾਣੀ) ਦਾ ਪ੍ਰਕਾਸ਼ ਕਰਕੇ ਇਸ ਦੇ ਸਤਿਕਾਰ ਨੂੰ ਸਦੀਵੀ ਕਾਇਮ ਰੱਖਣ ਲਈ ਲੋਕਾਈ ਨੂੰ ਇਸ ਸੱਚ ਦੇ ਗਿਆਨ ਤੋਂ ਜੀਵਨ ਸੇਧਾਂ ਲੈਣ ਲਈ ਪ੍ਰੇਰਿਆ। ਗੁਰੂ ਸਾਹਿਬ ਇਸ ਪੱਖੋਂ ਵੀ ਸੁਚੇਤ ਸਨ ਕਿ ਗੁਰਮਤਿ ਦੇ ਇਸ ਫਲਸਫੇ ਨੂੰ ਸ਼ੁਧ ਸਰੂਪ ਵਿਚ ਰਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਨਾਲ ਸੱਚ ਦੇ ਗਿਆਨ ਵਿਚ ਕੱਚ ਪਿੱਚ ਰਚਨਾਵਾਂ ਦਾ ਰਲਾ ਨਾ ਪਾਇਆ ਜਾਵੇ, ਇਸੇ ਕਰ ਕੇ ਗੁਰੂ ਦਰਬਾਰ ਵਿਚ ਛੱਜੂ, ਕਾਨਾ, ਪੀਲੂ ਤੇ ਸ਼ਾਹ ਹੂਸੈਨ ਵਰਗਿਆਂ ਦੀ ਕੱਚ ਪਿੱਚ ਰਚਨਾਵਾਂ ਨੂੰ ਕੋਈ ਥਾਂ ਪ੍ਰਾਪਤ ਨਾ ਹੋਈ।

ਗੁਰੂ ਸਾਹਿਬ ਦਾ ਬਾਣੀ ਨੂੰ ਸ਼ੁਧ ਸਰੂਪ ਵਿਚ ਸੁੱਰਖਿਅਤ ਰਖਣਾ ਵੀ ਉਨ੍ਹਾਂ ਦੀ ਸ਼ਹੀਦੀ ਦਾ ਇਕ ਵੱਡਾ ਕਾਰਣ ਬਣਿਆ। ਇਸ ਤੋਂ ਇਲਾਵਾ ਵਕਤ ਦੀ ਹਕੂਮਤ ਨੂੰ ਵੀ ਈਰਖਾਲੂ ਬ੍ਰਾਹਮਣਾਂ ਵੱਲੋਂ ਰੱਜ ਕੇ ਭੜਕਾਇਆ ਗਿਆ। ਸਚ ਨੂੰ ਨਫ਼ਰਤ ਕਰਨ ਵਾਲੇ ਜਾਣਦੇ ਸਨ ਕਿ ਗੁਰੂ ਅਰਜੁਨ ਪਾਤਸ਼ਾਹ ਵੱਲੋਂ ਤਿਆਰ ਗ੍ਰੰਥ ਵਿਚ ਸਮੁੱਚੀ ਮਨੁੱਖਤਾ ਨੂੰ ਇਕ ਸੁਤਰ ਵਿਚ ਪਰੋ ਕੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਦੀ ਗੱਲ ਕੀਤੀ ਗਈ ਹੈ ਜਿਸ ਨਾਲ ਸਮਾਜ ਵਿਚ ਜਾਤ-ਪਾਤ, ਭੇਦ ਭਾਵ ਦੇ ਵਿਤਕਰੇ ਸਦੀਵੀ ਤੌਰ ’ਤੇ ਖਤਮ ਹੋ ਜਾਣਗੇ ਤੇ ਸਮਾਜਕ ਤੌਰ ’ਤੇ ਵੱਡਾ ਰੁਤਬਾ ਪ੍ਰਾਪਤ ਕਰੀ ਬੈਠੇ ਬ੍ਰਾਹਮਣ ਵਰਗ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਵੇਗਾ। ਇਸ ਲਈ ਗੁਰੂ ਪਾਤਸ਼ਾਹ ਦੇ ਖਿਲਾਫ ਹਕੂਮਤ ਨੂੰ ਰੱਜ ਕੇ ਭੜਕਾਇਆ ਗਿਆ, ਜਿਸ ਸਦਕਾ ਗੁਰੂ ਸਾਹਿਬ ਨੂੰ ਯਾਸਾ ਕਾਨੂੰਨ ਤਹਿਤ ਸ਼ਹੀਦ ਕਰਣ ਦਾ ਫੁਰਮਾਨ ਮੁਗਲ ਹਕੂਮਤ ਵੱਲੋਂ ਜਾਰੀ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਸ਼ਹੀਦੀ ਦੇ ਹੋਰ ਵੀ ਕਾਰਣ ਸਨ ਪਰ ਸਭ ਤੋਂ ਵੱਡਾ ਕਾਰਣ “ਸੱਚ ਦੇ ਗਿਆਨ” ਨੂੰ ਸੰਪਾਦਤ ਤੇ ਸੰਕਲਤ ਕਰਨਾ ਸੀ । ਜਿਸ ਸਦਕਾ ਗੁਰੂ ਸਾਹਿਬ ਨੂੰ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ।

ਤੇਰਾ ਕੀਆ ਮੀਠਾ ਲਾਗੈ” ਸਿਧਾਂਤ ਦੇ ਪਹਿਰੇਦਾਰ ਗੁਰੂ ਅਰਜੁਨ ਸਾਹਿਬ ਨੇ ਸ਼ਹੀਦੀ ਤਾਂ ਦੇ ਦਿੱਤੀ ਪਰ ਗੁਰੂ ਸਾਹਿਬ ਇਹ ਵੀ ਜਾਣਦੇ ਸਨ ਕਿ ਇਸ ਨਾਲ ਮਨੁੱਖਤਾ ਅੰਦਰ ਇਕ ਨਵੀਂ ਰੂਹ ਪੈਦਾ ਹੋਵੇਗੀ । ਗੁਰੂ ਸਾਹਿਬ ਦੀ ਇਸ ਅਦੁੱਤੀ ਸ਼ਹਾਦਤ ਦੇ ਸਿੱਟੇ ਵੱਜੋਂ ਸਿੱਖ ਕੌਮ ਵਿਚ ਇਕ ਨਵਾਂ ਇਨਕਲਾਬ ਪੈਦਾ ਹੋਇਆ ਜਿਸ ਰਾਹੀਂ “ਸੱਚ ਦੇ ਧਰਮ” ਨੇ ਸਫਲਤਾ ਦੀਆਂ ਸ਼ਿਖਰਾਂ ਨੂੰ ਛੋਹਂਦੇ ਹੋਏ ਮਾਨਵਤਾ ਦੇ ਕਲਿਆਣ ਵਿਚ ਇਕ ਮਹੱਤਵਪੂਰਨ ਕੰਮ ਕੀਤਾ।

ਪਰ ਮੌਜੂਦਾ ਸਮੇਂ ਵਿਚ ਗੁਰੂ ਸਾਹਿਬ ਦੇ ਪੈਰੋਕਾਰ ਅਖਵਾਉਣ ਵਾਲੀ ਸਿੱਖ ਕੌਮ ਹੀ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਤਿਆਰ ਕੀਤੇ ਸੱਚ ਦੇ ਖਜ਼ਾਨੇ ਤੋਂ ਆਪਣੇ ਆਪ ਨੂੰ ਦੂਰ ਕਰੀ ਬੈਠੀ ਹੈ। ਜਿਨ੍ਹਾਂ ਪੈਰੋਕਾਰਾਂ ਨੇ ਸੱਚ ਦੇ ਗਿਆਨ ਨਾਲ ਆਪਣੇ ਜੀਵਨ ਨੂੰ ਮਹਿਕਾਉਣਾ ਸੀ, ਉਹ ਆਪ ਸੱਚ ਦੇ ਗਿਆਨ ਤੋਂ ਕੋਹਾਂ ਦੂਰ ਹੋ ਕੇ ਕਰਮਕਾਂਡੀ ਜੀਵਨ ਬਤੀਤ ਕਰਦੇ ਹੋਏ ਆਪਣੀ ਜਿੰਦਗੀ ਨੂੰ ਤਬਾਹੀ ਦੇ ਰਾਹ ਪਾਸੇ ਮੁੰਹ ਮੋੜੀ ਬੈਠੀ ਹਨ। ਗੁਰੂ ਸਾਹਿਬ ਵੱਲੋਂ ਸੱਚ ਦੇ ਗਿਆਨ ਲਈ ਦਿੱਤੀ ਸ਼ਹਾਦਤ ਨੂੰ ਅਪਨਾਉਣ ਦੀ ਥਾਂ ਸਿਰਫ ਇਸ ਪੁਰਬ ਮੌਕੇ ਮਿੱਠੇ ਪਾਣੀ ਦੀ ਛੱਬੀਲਾਂ ਲਾ ਕੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਨੂੰ ਰੋੜ੍ਹੀ ਜਾ ਰਿਹਾ ਹੈ ।

ਪਾਤਸ਼ਾਹ ਦੀ ਮਹਾਨ ਸ਼ਹੀਦੀ ਨੂੰ ਸਿੱਖ ਬੀਬੀਆਂ-ਭੈਣਾਂ ਵੱਲੋਂ ਸੁਖਮਨੀ ਸਾਹਿਬ ਦੇ ਚਲੀਹੇ ਕੱਟ ਕੇ, ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਕਰਜ਼ ਉਤਾਰਨ ਦਾ ਹੀਆ ਕੀਤਾ ਜਾ ਰਿਹਾ ਹੈ। ਸਿੱਖ ਕੌਮ ਬਾਣੀ ਨੂੰ ਵਿਚਾਰਨ ਤੋਂ ਸਖਣੀ ਹੁੰਦੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਗੁਰਬਾਣੀ ਨੂੰ ਸਹਿਜ ਰੂਪ ਵਿਚ ਬਿਲੋਵਣ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਹੋਏ “ਗੁਰਬਾਣੀ ਬਣੀਐ” ਦੀ ਗੱਲ ਕੀਤੀ ਗਈ ਹੈ। ਪਰ ਅਸੀਂ ਇਕ ਮਿੱਥੇ ਸਮੇਂ ਅਨੁਸਾਰ ਬਾਣੀ ਨੂੰ ਤੋਤਾ ਰਟਨ ਵਾਂਗ ਪੜ੍ਹੀ ਜਾ ਰਹੇ ਹਾਂ, ਜੋ ਕਿ ਗੁਰਮਤਿ ਅਨੁਸਾਰ ਕਰਮਕਾਂਡ ਹੈ। ਸਾਨੂੰ ਇਸ ਪੱਖੋਂ ਸੁਚੇਤ ਹੋ ਕੇ ਸਿੱਖ ਸੰਗਤਾਂ ਵਿਚ ਇਸ ਗੱਲ ਨੂੰ ਪ੍ਰਚਾਰਨਾ ਚਾਹੀਦਾ ਹੈ ਕਿ ਕੇਵਲ ਬਾਣੀ ਨੂੰ ਪੜ੍ਹਨ ਤੇ ਸੁਣਨ ਤਕ ਹੀ ਸੀਮਤ ਨਾ ਰਖਿਆ ਜਾਵੇ, ਸਗੋਂ ਬਾਣੀ ਨੂੰ ਵਿਚਾਰ ਕੇ ਉਸ ਨੂੰ ਅਮਲੀ ਜੀਵਨ ਵਿਚ ਵੀ ਅਪਨਾਉਣ ਦੀ ਲੋੜ ਹੈ।

ਇਸ ਤੋਂ ਵੀ ਵੱਧ ਸਾਨੂੰ ਇਸ ਗੱਲ ਪੱਖੋਂ ਸੁਚੇਤ ਹੋਣ ਦੀ ਲੋੜ ਹੈ, ਕਿ ਜਿਸ “ਸਚ ਦੇ ਗਿਆਨ” ਨੂੰ ਸ਼ੁੱਧ ਸਰੂਪ ਵਿਚ ਸੁੱਰਖਿਅਤ ਰਖਣ ਲਈ ਆਦਿ ਬੀੜ ਦਾ ਸੰਕਲਨ ਕੀਤਾ ਗਿਆ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਇਸੇ ਆਦਿ ਬੀੜ ਨੂੰ ਸੰਪੂਰਨ ਕਰ ਕੇ ਸਿੱਖਾਂ ਦੇ ਸਦੀਵੀ ਗੁਰੂ ਵੱਜੋਂ ਗਿਆਨ ਲੈਣ ਦੀ ਸਿੱਖਿਆ ਦਿੱਤੀ ਗਈ, ਉਸੇ ਸ਼ਬਦ ਗੁਰੂ ਦੀ ਹੋਂਦ ਨੂੰ ਮਿਟਾਉਣ ਖਾਤਰ ਵਿਰੋਧੀ ਹਰ ਹੀਲੇ ਅਪਨਾ ਰਿਹਾ ਹੈ। ਕਦੇ ਉਹ ਥਾਂ ਥਾਂ ਗਿਆਨ ਗੁਰੂ ਦੇ ਸਾਹਮਣੇ ਅਪਣੇ ਆਪ ਨੂੰ ਮੱਥੇ ਟਿਕਵਾ ਰਿਹਾ ਹੈ, ਕਦੇ ਸ਼ਬਦ ਗੁਰੂ ਦੇ ਨਾਲ ਗੁਰੂ ਸਾਹਿਬਾਨ ਦੇ ਨਾਂ ਦੀ ਝੂਠੀ ਮੋਹਰ ਛਾਪ ਕੇ ਬੱਚਿਤਰ ਨਾਟਕ ਵਰਗੇ ਗ੍ਰੰਥਾਂ ਨੂੰ ਗੁਰੂ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ।

ਸਾਨੂੰ ਇਨ੍ਹਾਂ ਸਭ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਸਾਡੇ ਜੀਵਨ ਨੂੰ ਸੁਖਾਲਾ ਬਣਾਉਣ ਲਈ, ਜਿਸ ਸੱਚ ਦੇ ਗਿਆਨ ਨੂੰ ਬਿਨਾਂ ਕਿਸੇ ਰਲਾਅ ਦੇ ਸਾਡੇ ਤਕ ਸ਼ੁਧ ਸਰੂਪ ਵਿਚ ਸੁੱਰਖਿਅਤ ਪਹੁੰਚਾਉਣ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਅੱਜ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੂਰਬ ਮਨਾਉਂਦਿਆਂ ਸਾਡਾ ਸਭ ਦਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਕੇਵਲ ਤੇ ਕੇਵਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਮਹਿਕਾਉਂਦੇ ਹੋਏ ਆਪਣੀ ਨਵੀਂ ਪੀੜ੍ਹੀ ਤਕ ਇਸ ਕੀਮਤੀ ਖਜ਼ਾਨੇ ਨੂੰ ਉਸ ਦੇ ਸ਼ੁਧ ਸਰੂਪ ਵਿਚ ਪ੍ਰਚਾਰ ਕੇ ਕੱਚ ਪਿੱਚ ਰਚਨਾਵਾਂ ਤੋਂ ਦੂਰ ਰੱਖੀਏ।

ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ 98991 09543


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top