Share on Facebook

Main News Page

ਅੱਜ ਕੱਲ੍ਹ ਨਾਮ ਨਹੀਂ, ਭੇਖ ਜਪਿਆ ਜਾ ਰਿਹਾ ਹੈ: ਪ੍ਰੋ. ਸਰਬਜੀਤ ਸਿੰਘ ਧੂੰਦਾ

* ਹੈਰਾਨੀ ਦੀ ਗੱਲ ਹੈ ਕਿ ਸਾਡੇ ਅਖੌਤੀ ਸੰਤ ਤੇ ਪ੍ਰਚਾਰਕ ਉਸ ਭੇਖ ਨਾਲ ਤਾਂ ਜੁੜ ਗਏ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਲਾਹ ਕੇ ਸੁੱਟ ਦਿੱਤਾ, ਪਰ ਕ੍ਰਿਤ ਕਰਨ ਤੇ ਉਨ੍ਹਾਂ ਗੁਣਾਂ ਤੋਂ ਸੱਖਣੇ ਹੋ ਰਹੇ ਹਨ, ਜਿਨਾਂ ਨੂੰ ਧਾਰਣ ਕਰਨ ਲਈ ਉਨ੍ਹਾਂ ਨੇ ਉਪਦੇਸ਼ ਦਿੱਤਾ

* ਕਾਸ਼! ਗੁਰੂ ਕਿਆ ਸਿੱਖਾ! ਤੈਨੂੰ ਬਾਣੀ ਪੜ੍ਹਦਿਆਂ ਆਪਣੇ ਅੰਦਰੋਂ ਔਗੁਣ ਦੂਰ ਕਰਨ ਦੀ ਜਾਚ ਆ ਜਾਵੇ, ਪਰ ਤੂੰ ਗੁਣ ਧਾਰਣ ਕਰਨ ਦੀ ਥਾਂ ਉਸ ਭੇਖ ਨਾਲ ਜੁੜ ਗਿਆ ਹੈ, ਜਿਸ ਸਬੰਧੀ ਗੁਰਬਾਣੀ ਵਿਚ ਕਿਧਰੇ ਇੱਕ ਵੀ ਥਾਂ ਅਜੇਹਾ ਕੋਈ ਸੰਕੇਤ ਨਹੀਂ ਮਿਲਦਾ, ਜਿਸ ਦਾ ਇਹ ਭਾਵ ਨਿਕਲ ਸਕਦਾ ਹੋਵੇ ਕਿ ਪ੍ਰਭੂ ਭੇਖ ਨਾਲ ਵੀ ਪਾਇਆ ਜਾ ਸਕਦਾ ਹੈ

ਬਠਿੰਡਾ, 3 ਜੂਨ (ਕਿਰਪਾਲ ਸਿੰਘ): ਅੱਜ ਕੱਲ੍ਹ ਨਾਮ ਨਹੀਂ, ਭੇਖ ਜਪਿਆ ਜਾ ਰਿਹਾ ਹੈ। ਇਹ ਸ਼ਬਦ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 494 ’ਤੇ ਰਾਗੁ ਗੁਜਰੀ ਵਿੱਚ ਚੌਥੇ ਪਾਤਸਾਹ ਗੁਰੂ ਰਾਮ ਦਾਸ ਜੀ ਦੇ ਉਚਾਰਣ ਕੀਤੇ ਸ਼ਬਦ ਦੇ ਬੰਦ ’ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥ ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥3॥’ ਦੀ ਕਥਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਨੇ ਕਹੇ। ਇਸ ਬੰਦ ਦੇ ਅਰਥ ਕਰਦਿਆਂ ਉਨ੍ਹਾਂ ਕਿਹਾ ਰਹਾਉ ਦੇ ਇਸ ਬੰਦ ਵਿੱਚ ਗੁਰੂ ਰਾਮ ਦਾਸ ਜੀ ਸਿਖਿਆ ਦੇ ਰਹੇ ਹਨ, ਹੇ ਭਰਾ! ਪਰਮਾਤਮਾ ਦਾ ਨਾਮ ਮੈਲ ਰਹਿਤ ਹੈ, ਇਸ ਨਾਮ ਵਿਚ ਜੁੜਿਆਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ। ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਜਿਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ ।3।

ਉਨ੍ਹਾਂ ਕਿਹਾ ਅਸੀਂ ਨਾਮ ਜਪਣ ਦੇ ਅਰਥ ਵੀ ਇਹੀ ਸਮਝ ਬੈਠੇ ਹਾਂ ਕਿ ਕਿਸੇ ਇੱਕ ਸ਼ਬਦ ਦੇ ਵਾਰ ਵਾਰ ਰੱਟਣ ਨੂੰ ਗੁਰੂ ਮਹਾਰਾਜ ਨੇ ਨਾਮ ਜਪਣਾ ਕਿਹਾ ਹੈ, ਪਰ ਜੇ ਗੁਰਬਾਣੀ ਤੋਂ ਸੇਧ ਲਈਏ ਤਾਂ ਐਸਾ ਨਹੀਂ ਹੈ। ਗੁਰਬਾਣੀ ਅਨੁਸਾਰ ਗੁਰੂ ਦੇ ਸ਼ਬਦ ਤੋਂ ਗਿਆਨ ਪ੍ਰਾਪਤ ਕਰਕੇ ਉਸ ਦੇ ਗੁਣ ਆਪਣੇ ਅੰਦਰ ਧਾਰਣ ਕਰਨੇ ਹੀ ਨਾਮ ਜਪਣਾ ਹੈ। ਕਾਸ਼! ਗੁਰੂ ਕਿਆ ਸਿੱਖਾ! ਤੈਨੂੰ ਬਾਣੀ ਪੜ੍ਹਦਿਆਂ ਆਪਣੇ ਅੰਦਰੋਂ ਔਗੁਣ ਦੂਰ ਕਰਨ ਦੀ ਜਾਚ ਆ ਜਾਵੇ, ਪਰ ਤੂੰ ਗੁਣ ਧਾਰਣ ਕਰਨ ਦੀ ਥਾਂ ਉਸ ਭੇਖ ਨਾਲ ਜੁੜ ਗਿਆਂ ਹੈ, ਜਿਸ ਸਬੰਧੀ ਗੁਰਬਾਣੀ ਵਿਚ ਕਿਧਰੇ ਇੱਕ ਵੀ ਥਾਂ ਅਜੇਹਾ ਕੋਈ ਸੰਕੇਤ ਨਹੀਂ ਮਿਲਦਾ, ਜਿਸ ਦਾ ਇਹ ਭਾਵ ਨਿਕਲ ਸਕਦਾ ਹੋਵੇ, ਕਿ ਪ੍ਰਭੂ ਭੇਖ ਨਾਲ ਵੀ ਪਾਇਆ ਜਾ ਸਕਦਾ ਹੈ ਜਦੋਂ ਕਿ ਬੇਅੰਤ ਥਾਵਾਂ ’ਤੇ ਇਸ ਵਿਖਾਵੇ ਦੇ ਭੇਖ ਦਾ ਭਰਪੂਰ ਖੰਡਨ ਕੀਤਾ ਹੈ।

ਕਬੀਰ ਸਾਹਿਬ ਅਜੇਹੇ ਭੇਖ ਦਾ ਖੰਡਨ ਕਰਦੇ ਹੋਏ ਲਿਖਦੇ ਹਨ: ’ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥’ (ਪੰਨਾ 1368) ਅਤੇ ’ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥’ (ਪੰਨਾ 476) ਭਾਵ ਉਹ ਮਾਲਾ, ਜਨੇਊ, ਧੋਤੀਆਂ ਅਤੇ ਹੱਥਾਂ ਵਿੱਚ ਗੜਵੇ ਫੜਨ ਨੂੰ ਲੋਕ ਵਿਖਾਵਾ ਦੱਸ ਰਹੇ ਹਨ ਤੇ ਇਨ੍ਹਾਂ ਨੂੰ ਧਾਰਣ ਕਰਨ ਵਾਲੇ ਨੂੰ ਸੰਤ ਨਹੀਂ ਬਨਾਰਸ ਕੇ ਠੱਗ ਦੱਸਦੇ ਹਨ, ਇਸ ਦੇ ਬਾਵਯੂਦ ਅਸੀਂ ਇਸ ਭੇਖ ਨੂੰ ਧਰਮ ਅਤੇ ਨਾਮ ਜਪਣ ਦੇ ਸਾਧਨ ਮੰਨ ਰਹੇ ਹਾਂ, ਪਰ ਗੁਰੂ ਨਾਨਕ ਸਾਹਿਬ ਇਸ ਭੇਖ ਨੂੰ ਛੱਡਣ ਦੀ ਪ੍ਰੇਰਣਾ ਦਿੰਦੇ ਹੋਏ ਫ਼ੁਰਮਾਨ ਕਰਦੇ ਹਨ, ਕਿ ਜਿਸ ਗੁਣਾਂ ਦੇ ਖ਼ਜ਼ਾਨੇ ਦੀ ਪ੍ਰਾਪਤੀ ਲਈ ਤੁਸੀਂ ਇਸ ਜੱਗ ਵਿੱਚ ਆਏ ਹੋ, ਇਹ ਇਸ ਵਿਖਾਵੇ ਦੇ ਪਹਿਰਾਵੇ ਵਿੱਚ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਇਹ ਭੇਖ ਹੈ ਇਸ ਲਈ ਇਸ ਨੂੰ ਛੱਡ ਦਿਓ: ’ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅਮਮ੍ਰਿਤੁ, ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀ ਜੀਉ ॥1॥’ (ਪੰਨਾ 598) ਭਾਈ ਗੁਰਦਾਸ ਜੀ ਆਪਣੀ ਵਾਰ ਦੀ ਇੱਕ ਪਉੜੀ ਵਿੱਚ ਪੰਜ ਉਦਾਹਰਣਾਂ ਦੇ ਕੇ ਲੋਕਾਂ ਵਿੱਚ ਮੰਨੇ ਗਏ ਇਨ੍ਹਾਂ ਹਠਯੋਗ ਦੇ ਇਨ੍ਹਾਂ ਧਾਰਮਿਕ ਕਰਮ ਕਾਂਡਾਂ ਤੇ ਭੇਖ ਨੂੰ ਰੱਦ ਕਰਦੇ ਹੋਏ ਲਿਖਦੇ ਹਨ:

ਸਿਰ ਤਲਵਾਏ ਪਾਈਐ, ਚਮਗਿਦੜ ਜੂਹੈ॥ ਜੇ ਸਿਰ ਹੇਠਾਂ ਕਰਕੇ ਲਟਕਣ ਨਾਲ ਹੀ ਰੱਬ ਮਿਲਦਾ ਹੋਵੇ ਤਾਂ ਚਮਗਿਦੜਾਂ ਨੂੰ ਮਿਲ ਜਾਣਾ ਚਾਹੀਦਾ ਸੀ, ਕਿਉਂਕਿ ਉਹ ਤਾਂ ਹਮੇਸ਼ਾਂ ਪੁਠੇ ਹੀ ਲਟਕਦੇ ਰਹਿੰਦੇ ਹਨ।

ਮੜੀ ਮਸਾਣੀ ਜੇ ਮਿਲੈ, ਵਿਚਿ ਖੁਡਾਂ ਚੂਹੈ॥ ਜੇ ਮੜੀਆਂ ਮਸਾਣਾਂ ਵਿੱਚ ਵਾਸ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਉਥੇ ਖੱਡਾਂ ਵਿਚ ਚੂਹੇ ਰਹਿੰਦੇ ਹਨ, ਉਨ੍ਹਾਂ ਨੂੰ ਮਿਲ ਜਾਣਾ ਚਾਹੀਦਾ ਸੀ।

ਮਿਲੈ ਨ ਵਡੀ ਆਰਜਾ, ਬਿਸੀਅਰੁ ਵਿਹੁ ਲੂਹੈ॥ ਜੇ ਲੰਬੀ ਉਮਰ ਭੋਗ ਕੇ ਰੱਬ ਮਿਲਦਾ ਹੋਵੇ, ਤਾਂ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਉਸ ਨੂੰ ਮਿਲ ਜਾਂਦਾ, ਪਰ ਉਹ ਲੰਬੀ ਉਮਰ ਭੋਗਦਾ ਹੋਇਆ ਵੀ ਸਾਰੀ ਉਮਰ ਵਿਹੁ ਹੀ ਘੋਲਦਾ ਰਹਿੰਦਾ ਹੈ।

ਹੋਇ ਕੁਚੀਲੁ ਵਰਤੀਐ, ਖਰ ਸੂਰ ਭਸੂਹੇ॥ ਜੇ ਮੈਲੇ ਕੁਚੈਲੇ ਕਪੜੇ ਪਹਿਨ ਕੇ ਅਤੇ ਪਿੰਡੇ ’ਤੇ ਸੁਆਹ ਮਲ ਕੇ ਹੀ ਰੱਬ ਮਿਲਦਾ ਹੋਵੇ, ਤਾਂ ਗਧੇ ਤੇ ਸੂਰ ਨੂੰ ਮਿਲ ਜਾਂਦਾ, ਕਿਉਂਕਿ ਉਹ ਤਾਂ ਹਮੇਸ਼ਾਂ ਖੇਹ ਵਿੱਚ ਹੀ ਲਿਟਦੇ ਰਹਿੰਦੇ ਹਨ।

ਕੰਦ ਮੂਲ ਚਿਤ ਲਾਈਐ, ਅਈਅੜ ਵਣੁ ਧੂਹੇ॥ ਜੇ ਕੰਦ ਮੂਲ ਖਾਣ ਨਾਲ ਰੱਬ ਮਿਲਦਾ ਹੋਵੇ ਤਾਂ ਭੇਡਾਂ ਬਕਰੀਆਂ ਨੂੰ ਮਿਲ ਜਾਂਦਾ, ਕਿਉਂਕਿ ਉਹ ਤਾਂ ਹਮੇਸ਼ਾਂ ਘਾਹ ਫੂਸ ਖਾ ਕੇ ਹੀ ਗੁਜਾਰਾ ਕਰਦੀਆਂ ਹਨ।

ਇਹ ਪੰਜ ਉਦਾਹਰਣਾਂ ਦੇਣ ਉਪ੍ਰੰਤ ਅਖੀਰ ’ਤੇ ਲਿਖਦੇ ਹਨ:

ਵਿਣੁ ਗੁਰ ਮੁਕਤਿ ਨ ਹੋਵਈ, ਜਿਉਂ ਘਰੁ, ਵਿਣੁ ਬੂਹੇ॥ ਜਿਵੇਂ ਬੂਹੇ ਤੋਂ ਬਿਨਾਂ ਘਰ ਕਿਸੇ ਕੰਮ ਦਾ ਨਹੀਂ ਉਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਿਨਾਂ ਵਕਾਰਾਂ ਤੋ ਮੁਕਤ ਨਹੀਂ ਹੋਇਆ ਜਾ ਸਕਦਾ ਤੇ ਇਹ ਵਿਖਾਵੇ ਦੇ ਕਰਮ ਕਾਂਡ ਤੇ ਹਠ ਯੋਗ ਕਿਸੇ ਕੰਮ ਨਹੀਂ ਹੈ।

ਪ੍ਰੋ. ਧੂੰਦਾ ਨੇ ਕਿਹਾ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਵੇਖੋ, ਇਹ ਧਾਰਮਕ ਭੇਖ ਗੁਰੂ ਨਾਨਕ ਸਾਹਿਬ ਜੀ ਨੇ ਵੀ ਧਾਰਣ ਕੀਤੇ ਸਨ। ਜੇ ਉਹ ਸਿੱਧਾਂ ਕੋਲ ਗਏ ਤਾਂ ਉਦਾਸੀ ਭੇਖ ਧਾਰਣ ਕੀਤਾ, ਜੇ ਉਹ ਮੱਕੇ ਗਏ ਤਾਂ ਮੌਲਵੀਆਂ ਵਾਲੇ ਨੀਲੇ ਵਸਤਰ ਪਹਿਨੇ। ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥’ ਪਰ ਇਹ ਭੇਖ ਪ੍ਰਮਾਤਮਾ ਨੂੰ ਮਿਲਣ ਲਈ ਨਹੀ, ਧਾਰੇ ਬਲਕਿ ਧਾਰਮਿਕ ਭੇਖੀਆਂ ਨਾਲ ਵੀਚਾਰ ਚਰਚਾ ਕਰਨ ਲਈ ਧਾਰੇ ਸਨ, ਕਿਉਂਕਿ ਉਹ ਆਪਣੇ ਧਰਮੀ ਹੋਣ ਦੇ ਇਤਨੇ ਹੰਕਾਰ ਵਿੱਚ ਸਨ ਕਿ ਆਮ ਦੁਨਿਆਵੀ ਇਨਸਾਨ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਸਨ। ਪਰ ਪ੍ਰਚਾਰ ਫੇਰੀਆਂ ਪੂਰੀਆਂ ਕਰਨ ਉਪ੍ਰੰਤ ਕਰਤਾਰਪੁਰ ਆ ਕੇ ਉਨ੍ਹਾ ਸਾਰੇ ਭੇਖ ਉਤਾਰ ਕੇ ਸੰਸਾਰੀ ਕਪੜੇ ਪਹਿਨ ਕੇ ਕ੍ਰਿਤ ਕਰਨੀ ਸ਼ੁਰੂ ਕਰ ਦਿੱਤੀ।

ਭਾਈ ਗੁਰਦਾਸ ਜੀ ਲਿਖਦੇ ਹਨ: ’ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ॥ ਪਹਿਰ ਸੰਸਾਰੀ ਕਪੜੇ, ਮੰਜੀ ਬੈਠ ਕੀਆ ਅਵਤਾਰਾ॥’ ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਅਖੌਤੀ ਸੰਤ ਤੇ ਪ੍ਰਚਾਰਕ ਉਸ ਭੇਖ ਨਾਲ ਤਾਂ ਜੁੜ ਗਏ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਲਾਹ ਕੇ ਸੁੱਟ ਦਿੱਤਾ, ਪਰ ਕ੍ਰਿਤ ਕਰਨ ਤੇ ਉਨ੍ਹਾਂ ਗੁਣਾਂ ਤੋਂ ਸੱਖਣੇ ਹੋ ਰਹੇ ਹਨ ਜਿਨਾਂ ਨੂੰ ਧਾਰਣ ਕਰਨ ਲਈ ਉਨ੍ਹਾਂ ਨੇ ਉਪਦੇਸ਼ ਦਿੱਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top